ਉਹ ਬੁੱਢੇ ਹੋ ਗਏ ਲੋਕਾਂ ਨੂੰ ਸ਼ੀਸ਼ੇ ਵੇਚਦੇ ਹੋਏ
ਨਹੀਂ ਪਰ ਖੁਦ ਕਦੇ ਵੀ ਸ਼ੀਸ਼ਿਆਂ ਦੇ ਸਾਹਮਣੇ ਹੋਏ
ਸੁਲਗਦੀ ਪਿਆਸ ਲੈ ਕੇ ਪੱਤਣਾਂ ਨੂੰ ਛਾਣਦੇ ਹੋਏ
ਅਸੀਂ ਜਾਵਾਂਗੇ ਬੱਦਲਾਂ ਤੱਕ ਵੀ ਪਾਣੀ ਭਾਲਦੇ ਹੋਏ
ਅਜੇ ਕਲ੍ਹ ਦੀ ਤਾਂ ਗੱਲ ਹੈ ਢੂੰਡਦੇ ਰੋਟੀ ਸੀ ਸਾਡੇ ਵਾਂਗ
ਬੜੀ ਛੇਤੀ ਤੁਸੀਂ ਪਰਤੇ ਹੋ ਕਿੱਥੋਂ, ਆਫਰੇ ਹੋਏ
ਬਿਨਾਂ ਦੇਖੇ ਉਹ ਲੰਘੇ ਮਸਲ ਕੇ ਪੈਰਾਂ ਤਲੇ ਸਾਨੂੰ
ਮੁਸਾਫਰ ਤੋਂ ਅਸੀਂ ਰਸਤੇ ਸੀ ਜਿੰਨ੍ਹਾਂ ਵਾਸਤੇ ਹੋਏ
ਇਹ ਲੋਕੀਂ ਹੋਣਗੇ ਮੂਰਖ ਜਾਂ ਫਿਰ ਸ਼ਾਤਰ ਬੜੇ ਹੋਣੇ
ਜੋ ਨਿੰਦਾ ਅੱਗ ਦੀ ਕਰਦੇ ਨੇ ਧੂਣੀ ਸੇਕਦੇ ਹੋਏ
ਮਸਲਦੇ ਰੋਜ਼ ਉਹ ਕਲੀਆਂ ਤਾਂ ਸਭ ਕੁਝ ਆਮ ਵਾਂਗਰ ਹੈ
ਤੇ ਆਪਾਂ ਫੁੱਲ ਵੀ ਛੋਹੇ ਤਾਂ ਵੱਡੇ ਹਾਦਸੇ ਹੋਏ
ਦਿਖਾਈਂ ਅਕਸ ਉਹ ਸਾਡਾ ਜੋ ਸੋਹਣਾ ਹੈ ਲੁਭਾਊ ਹੈ
ਉਹ ਸ਼ੀਸ਼ੇ ਨੂੰ ਹੁਕਮ ਦਿੰਦੇ ਨੇ ਸ਼ੀਸ਼ਾ ਦੇਖਦੇ ਹੋਏ
ਮੇਰੇ ਹੱਥਾਂ ਜੇ ਅੱਜ ਤੇਗ਼ ਹੈ ਤਾਂ ਗ਼ਲਤ ਕੀ ਹੋਇਆਬੜਾ ਹੀ ਵਕਤ ਹੈ ਕੱਟਿਆ ਮੈਂ ਯੁੱਧ ਨੂੰ ਟਾਲਦੇ ਹੋਏ
ਕੁਲਵਿੰਦਰ ਬੱਛੋਆਣਾ
84277-17867

0 comments:
Speak up your mind
Tell us what you're thinking... !