| ਅਸ਼ਵਨੀ ਕੁਮਾਰ ‘ਸਾਵਣ’ |
ਜਿਸ ਦਿਨ ਦਾ ‘ਧੀਰੇ’ ਨੇ ਚੁਟਕਲਾ ਸੁਣਿਆ ਸੀ, ਉਸ ਦਿਨ ਤੋਂ ਹੀ ਖੇਤੀਂ ਕੰਮ ਕਰਦੇ ਭਈਆਂ ਨੂੰ ਸੁਣਾ-ਸੁਣਾ ਕੇ ਚਿੜਾਉਂਦਾ ਰਹਿੰਦਾ ਸੀ।ਅੱਜ ਫਿਰ ਉਸਨੇ ਤੋੜ-ਮਰੋੜ ਕੇ ਉਹੋ ਜਿਹੀਆਂ ਸਤਰਾਂ ਦੁਹਰਾਈਆਂ:
“ਕਹੀ ਵੀ ਸਾਡੀ, ਰੰਬੀ ਵੀ ਸਾਡੀ, ਟਰੈਕਟਰ ਵੀ ਸਾਡਾ, ਟਰਾਲੀ ਵੀ ਸਾਡੀ, ਭਈਆ ਵੀ ਸਾਡਾ, ਭਈਅਨ ਵੀ ਸਾਡੀ”।
“ਸਿਰਦਾਰ ਜੀ ਸਭ ਕੁਝ ਤੁਮਾਰ ਰਹੀ, ਬਸ ਭਈਅਨ ਹਮਾਰ ਰਹੀ”.........ਰਾਮ ਆਸਰੇ ਨੇ ਵੀ ਹਰ ਵਾਰ ਵਾਂਗਰਾਂ ਉਹੀ ਉੱਤਰ ਦਿੱਤਾ।
“ਉਇ ਵੇਖੀਂ ਜਦੋਂ ਜੱਟ ਨੇ ਲਲਕਾਰਾ ਮਾਰਿਆ ਤੇ”
.............ਦੁੜੜੜੜਾਅ3ਭਈਅਨਾਂ-ਸ਼ਈਅਨਾਂ ਸਭ ਇਧਰ”..ਧੀਰੇ ਨੇ ਬੜੀ ਤੜ ਨਾਲ ਬੁਲਬੁਲੀ ਮਾਰ ਕੇ ਜਵਾਬ ਦਿੱਤਾ।
“ਸਿਰਦਾਰ ਜੀ ਹਮਰੇ ਪਿਤਾ ਜੀ ਕਹਤ ਰਹੇ ਔਰਤ ਕੇ ਦਿਲ ਕੋ ਕੋਈ ਨਾ ਜਾਣ ਸਕੀ3..ਸਾਥ ਮੇਂ ਯਹ ਭੀ ਕਹੇ ਰਹੇਂ, ਕਿ ਔਰਤ ਸੇ ਬੜਕਰ ਸਬਰ ਭੀ ਕਿਸੀ ਕੋ ਨਹੀਂ”...
ਇਸੇ ਤਰ੍ਹਾਂ ਹਾਸੇ-ਮਜ਼ਾਕ ਵਿਚ ਫਸਲੀ ਚੱਕਰ ਚਲਦਾ ਰਿਹਾ।ਦੋ ਸਾਲਾਂ ਬਾਦ ਧੀਰੇ ਦਾ ਕਨੇਡਾ ਦਾ ਵੀਜ਼ਾ ਲੱਗ ਗਿਆ।ਇੱਕ ਪਾਸੇ ਧੀਰਾ ਜ਼ਹਾਜ਼ ਚੜਨ ਦੀਆਂ ਤਿਆਰੀਆਂ ਕਰ ਰਿਹਾ ਸੀ ਤੇ ਦੂਜੇ ਪਾਸੇ ਧੀਰੇ ਦੀ ਮਾਂ ਸਰਦਾਰਨੀ ਸ਼ਾਮ ਕੌਰ ਪਰਦੇਸ ਜਾਣ ਤੋਂ ਪਹਿਲਾਂ ਪੁੱਤ ਦਾ ਵਿਆਹ ਹੱਥੀਂ ਕਰਨ ਦੀ ਜ਼ਿਦ ਫੜ ਕੇ ਬੈਠ ਗਈ।
ਕਨੇਡਾ ਦਾ ਵੀਜ਼ਾ ਲੱਗੇ ਮੁੰਡੇ ਨੂੰ ਤਕੜੇ ਤੋਂ ਤਕੜੇ ਘਰਾਂ ਦੇ ਰਿਸ਼ਤੇ ਅਉਣ ਲੱਗ ਪਏ।ਇੱਕ ਤੋਂ ਇੱਕ ਪੜੀ-ਲਿਖੀ ਕੁੜੀ ਦਾ ਰੋਜ਼ ਕੋਈ ਨਾ ਕੋਈ ਸਾਕ ਲੈ ਕੇ ਆ ਜਾਂਦਾ।ਕੁਝ ਦਿਨਾਂ ਵਿਚ ਹੀ ਤਕੜੇ ਜ਼ਿੰਮੀਦਾਰਾਂ ਦੀ ਐਮ.ਏ., ਬੀ.ਐਡ. ਪੜੀ ਕੁੜੀ ਨਾਲ ਧੀਰੇ ਦਾ ਵਿਆਹ ਹੋ ਗਿਆ।ਵਿਆਹ ਵੀ ਚੰਗੀ ਧੁਮ-ਧਾਮ ਨਾਲ ਹੋਇਆ।
ਉੱਚੀ-ਲੰਮੀ ‘ਪ੍ਰੀਤ’ ਧੀਰੇ ਦੀ ਵਹੁਟੀ ਬਣ ਕੇ ਆ ਗਈ।ਪ੍ਰੀਤ ਸੋਹਣੀ ਇੰਨੀ ਸੀ ਕਿ ਹੱਥ ਲਾਇਆਂ ਮੈਲੀ ਹੋ ਜਾਵੇ।ਨੂੰਹ ਵੇਖ ਕੇ ਸਰਦਾਰਨੀ ਦੇ ਕਲੈਜੇ ਵੀ ਠੰਡ ਪੈ ਗਈ ।
“ਹੁਣ ਧੀਰਾ ਜਾਵੇ ਸੌ ਵਾਰੀ ਜਾਵੇ3ਹੱਥੀਂ ਪੁਤ ਵਿਆਹ ਲਿਆ3ਨੂੰਹ ਆ ਗਈ ਵਾਹਿਗੁਰੂ ਤੇਰਾ ਸ਼ੁਕਰ ਹੈ”
ਸਰਦਾਰਨੀ ਸ਼ਾਮ ਕੌਰ ਅਕਸਰ ਹੀ ਆਂਢ-ਗੁਆਂਢ ਦੀਆਂ ਔਰਤਾਂ ਨੂੰ ਆਖਦੀ ਸੁਣਾਈ ਦਿੰਦੀ ਸੀ।ਹਾਲੇ ਪ੍ਰੀਤ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਧੀਰੇ ਨੇ ਸਮਾਨ ਬੰਨਣਾਂ ਸ਼ੁਰੂ ਕਰ ਦਿੱਤਾ।ਧੀਰੇ ਨੂੰ ਸਮਾਨ ਬੰਨਦੇ ਵੇਖ ਕੇ ਪ੍ਰੀਤ ਦੇ ਦਿਲ ਵਿਚ ਹੌਲ ਪੈਣੇ ਸ਼ੁਰੂ ਹੋ ਗਏ।ਰਹਿ-ਰਹਿ ਕੇ ਉਸਦੇ ਮਨ ਵਿਚ ਉਬਾਲੇ ਆਉਂਦੇ।
“ਹਾਲੇ ਤੇ ਮੈਂ ਤੇਰੇ ਨਾਲ ਖੁਲ ਕੇ ਗੱਲਾਂ ਵੀ ਨਹੀਂ ਕੀਤੀਆਂ, ਹਜੇ ਤੇ ਮੇਰੀ ਸੰਗ ਵੀ ਨਹੀਂ ਲੱਥੀ, ਹਾਲੇ ਮੈਂ ਤੇਰੇ ਸੁਬਾੳੇ ਨੂੰ ਵੀ ਨਹੀਂ ਜਾਣਿਆ; ਤੇਰੇ ਦਿਲ ਅੰਦਰ ਝਾਕ ਕੇ ਵੇਖਣਾ ਹਜੇ ਬਾਕੀ ਏ”3. ਦਿਲ ‘ਚ ਉੱਠਦੇ ਅਜਿਹੇ ਕਈ ਸਵਾਲਾਂ ਦੇ ਤੁਫਾਨ ਨੂੰ ਸ਼ਬਦਾਂ ਰਾਹੀਂ ਜ਼ਾਹਿਰ ਕਰਨੋਂ ਸੰਗਦੀ ਹੀ ਰਹਿ ਗਈ, ਤੇ ਇਸੇ ਵਿਚ ਧੀਰਾ ਜਹਾਜ਼ ਚੜ ਕੇ ਔਹ ਗਿਆ।ਪੜੀ-ਲਿਖੀ ਪ੍ਰੀਤ ਦੇ ਪੱਲੇ ਹੁਣ ਖੇਤ, ਡੰਗਰ, ਪਾਲੀ, ਭਈਏ ਤੇ ਸੱਸ-ਸਹੁਰਾ ਰਹਿ ਗਏ ਸਨ।
ਪ੍ਰੀਤ ਦੇ ਮਾਪੇ ਖੁਸ਼ ਸਨ ਕਿ ਧੀ ਕਨੇਡਾ ਵਾਲੇ ਮੁੰਡੇ ਨਾਲ ਵਿਆਹੀ ਗਈ ਹੈ।ਸੱਸ-ਸਹੁਰਾ ਖੁਸ਼ ਸਨ ਕਿ ਪੁੱਤ ਹੱਥੀਂ ਵਿਆਹ ਲਿਆ।ਦੂਜੀ ਖੁਸ਼ੀ ਇਹ ਵੀ ਸੀ ਕਿ ਘਰ ਸਾਂਭਨ ਲਈ ਨੂੰਹ ਆ ਗਈ ਹੈ।ਆਏ-ਗਏ ਦੇ ਰੋਟੀ-ਟੁੱਕ ਦਾ ਫਿਕਰ ਵੀ ਜਾਂਦਾ ਰਿਹਾ ਸੀ।ਪ੍ਰੀਤ ਦਾ ਛੋਟਾ ਭਰਾ ਸਭ ਤੋਂ ਵੱਧ ਖੁਸ਼ ਸੀ ਕਿਉਂਕਿ ਹੁਣ ਉਸਦੇ ਵੀ ਕਨੇਡਾ ਜਾਣ ਦਾ ਰਾਹ ਸੌਖਾ ਹੋ ਗਿਆ ਸੀ।
ਦਸੀਂ-ਪੰਦਰੀਂ ਦਿਨੀਂ ਪ੍ਰੀਤ ਦੇ ਮਾਪੇ ਸਾਦਿਹਾੜੀ ਮਿਲਣ ਆਉਂਦੇ ਕਨੇਡਾ ਦੀਆਂ ਗੱਲਾਂ ਕਰਦੇ ਤੇ ਚਲੇ ਜਾਂਦੇ।ਉਸਦਾ ਭਰਾ ਬੁਲਟ ਮੋਟਰਸਾਇਕਲ ਤੇ ਡਗ-ਡਗ ਕਰਦਾ ਆਉਂਦਾ ਜੀਜੇ ਦੇ ਪੱਕੇ ਹੋਣ ਦੀਆਂ ਗੱਲਾਂ ਕਰਦਾ ਤੇ ਘਰ ਜਾ ਕੇ ਕਨੇਡਾ ਜਾਣ ਦੇ ਸੁਫਨਿਆਂ ਵਿਚ ਡੁਬ ਜਾਂਦਾ।
ਫਸਲਾਂ ਦੀ ਬਿਜਾਈ, ਕਟਾਈ ਤੇ ਸਾਂਭ-ਸੰਭਾਲ ਵੇਲੇ ਪ੍ਰੀਤ ਨੇ ਧੀਰੇ ਦੀ ਥਾਂ ਲੈ ਕੇ ਸਹੁਰੇ ਦੀ ਮੋਢੇ ਨਾਲ ਮੋਢਾ ਜੋੜ ਕੇ ਮਦਦ ਕੀਤੀ।ਮਾਪਿਆਂ ਦੇ ਘਰ ਜਿਸ ਪ੍ਰੀਤ ਨੇ ਕੇਵਲ ਪੜਾਈ ਹੀ ਕੀਤੀ ਸੀ ਤੇ ਯੁਨੀਵਰਸਿਟੀ ਹੋਸਟਲ ਵਿਚ ਪਕੀ ਪਕਾਈ ਖਾਧੀ ਸੀ।ਹੁਣ ਪਾਲੀਆਂ ਤੇ ਭਈਆਂ ਦੀਆਂ ਰੋਟੀਆਂ ਬਣਾਉਣ ਜੋਗੀ ਰਹਿ ਗਈ।ਹੁਣ ਉਸਦੇ ਦੋਸਤ, ਹਮਦਰਦ ਸਭ ਇਹੋ ਲੋਕ ਹੀ ਬਣ ਗਏ ਸਨ।ਅਧਖੜ ਸੱਸ-ਸਹੁਰੇ ਤੋਂ ਇਲਾਵਾ ਗੱਲਬਾਤ ਕਰਨ ਲਈ ਕੇਵਲ ‘ਰਾਧੇਸ਼ਾਮ’ ਹੀ ਸੀ।ਹਮ-ਉਮਰ ਹੋਣ ਕਰਕੇ ‘ਪ੍ਰੀਤ’ ਦਾ ਰਾਧੇਸ਼ਾਮ ਪ੍ਰਤੀ ਵਿਹਾਰ ਵਾਹਵਾ ਦੋਸਤਾਨਾ ਸੀ।....ਬਜ਼ਾਰੋਂ ਕੁਝ ਮੰਗਵਾਉਣਾ ਤਾਂ ਰਾਧੇਸ਼ਾਮ, ਘਰ ਦਾ ਹਰ ਛੋਟੇ ਤੋਂ ਛੋਟੇ ਕੰਮ ਲਈ ‘ਰਾਧੇਸ਼ਾਮ’।ਖੇਤਾਂ, ਡੰਗਰਾਂ ਤੋਂ ਲੈ ਕੇ ਧਾਰ ਚੋਣ ਤੱਕ ਰਾਧੇਸ਼ਾਮ, ਰਾਤ-ਬਰਾਤੇ ਬੂਹਾ ਖੜਕੇ ਤੇ, ਉੱਠੇ ਤਾਂ ਰਾਧੇਸ਼ਾਮ।
ਦੂਜੇ ਪਾਸੇ ਧੀਰਾ ਕਨੈਡਾ ਵਿਚ ਪੱਕੇ ਹੋਣ ਦੇ ਲਾਲਚ ਵਿਚ ਦੇਸੀ-ਵਲੈਤਣ ਦੇ ਪੱਲੇ ਨਾਲ ਜਾ ਬੱਝਾ।ਵਲੈਤਣ ਨੇ ਪੱਕੇ ਕਰਾਉਣ ਬਦਲੇ ਕਾਗਜ਼ੀ ਵਿਆਹ ਕਰਵਾ ਕੇ ਨਾਲ ਰਹਿਣ ਤੇ ਸਾਰਾ ਖਰਚ ਝੱਲਣ ਦੀ ਸ਼ਰਤ ਰੱਖ ਦਿੱਤੀ।ਸੋਮਵਾਰ ਤੋਂ ਸ਼ਨੀਵਾਰ ਤੱਕ ਧੀਰਾ ਹੱਢ ਭੰਨਵੀਂ ਮਿਹਨਤ ਕਰਕੇ ਜੋ ਵੀ ਕਮਾਉਂਦਾ ਵਲੈਤਣ ਐਤਵਾਰ ਨੂੰ ਸਾਰਾ ਉਡਾ ਦਿੰਦੀ।
ਟੂਰਿਸਟ ਵੀਜ਼ੇ ‘ਤੇ ਗਏ ਧੀਰੇ ਨੂੰ ਪੱਕੇ ਹੋਣ ਨੂੰ ਪੰਜ ਸਾਲ ਲੱਗ ਗਏ।ਪਰ ਵਲੈਤਣ ਤੋਂ ਪਿੱਛਾ ਛੁਡਾਉਣ ਲਈ ਹਾਲੇ ਹੋਰ ਉਜਰ ਕਰਨੀ ਪੈਣੀ ਸੀ।
ਇਸ ਦੌਰਾਨ ਉਮਰ ਦੇ ਸਭ ਤੋਂ ਹੁਸੀਨ ਪੰਜ ਸਾਲ ਪ੍ਰੀਤ ਨੇ ਇਕੱਲਿਆਂ ਹੀ ਕੱਟੇ।ਪੰਜ ਸਾਲਾਂ ਬਾਦ ਸਿਰੋਂ ਅੱਧਾ ਗੰਜਾ ਹੋਇਆ ਧੀਰਾ ਦੋ ਮਹੀਨਿਆਂ ਦੀ ਛੁੱਟੀ ਆਇਆ।ਧੀਰੇ ਦੇ ਆਉਣ ਤੇ ਪ੍ਰੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।
ਹਾਲੇ ਪ੍ਰੀਤ ਨੇ ਰੱਜ ਕੇ ਗੱਲਾਂ ਵੀ ਨਹੀਂ ਕੀਤੀਆਂ ਸਨ ਕਿ ਦਿਨ ਮੁਕ ਗਏ।ਪ੍ਰੀਤ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਧੀਰਾ ਹੁਣ ਵਾਪਸ ਨਾ ਜਾਵੇ ਜਾਂ ਉਸ ਨੂੰ ਵੀ ਨਾਲ ਲੈ ਕੇ ਜਾਵੇ ਪਰ ਵਲੈਤਨ ਵਾਲਾ ਭੇਤ ਖੁਲ ਜਾਣ ਦੇ ਡਰੋਂ ਉਸ ਨੇ ਪ੍ਰੀਤ ਨੂੰ ਕੋਈ ਹੱਥ ਪੱਲਾ ਨਾ ਫੜਾਇਆ ਤੇ ਛੇਤੀ ਨਾਲ ਲੈ ਕੇ ਜਾਣ ਦਾ ਲਾਰਾ ਲਾ ਕੇ ਧੀਰਾ ਮੁੜ ਕਨੇਡਾ ਉਡਾਰੀ ਮਾਰ ਗਿਆ।ਧੀਰੇ ਦੇ ਜਾਣ ਤੋਂ ਮਹੀਨੇ ਬਾਦ ਇਧਰੋਂ ਟੈਲੀਫੋਨ ਚਲਾ ਗਿਆ ਕਿ ਧੀਰਾ ਪਿਓ ਬਨਣ ਵਾਲਾ ਹੈ।ਤੇ ਹੋਰ ਅੱਠਾਂ ਮਹੀਨਿਆਂ ਬਾਦ ਪੁੱਤ ਦੇ ਪੈਦਾ ਹੋਣ ਦੀ ਖਬਰ ਵੀ ਮਗਰੇ-ਮਗਰ ਚਲੀ ਗਈ।ਇਧਰ ਪਿੰਡ ਵਿਚ ਵੱਡੇ ਸਰਦਾਰ ਨੇ ਤੇ ਓਧਰ ਕਨੇਡਾ ਵਿਚ ਧੀਰੇ ਨੇ ਪਾਰਟੀਆਂ ਦੀਆਂ ਛਹਿਬਰਾਂ ਲਗਾ ਦਿੱਤੀਆਂ।
ਜਦੋਂ ਮੁੰਡਾ ਤਿੰਨਾਂ ਸਾਲਾਂ ਦਾ ਹੋ ਗਿਆ ਉਦੋਂ ਧੀਰਾ ਪੁੱਤ ਨੂੰ ਵੇਖਣ ਆਇਆ ਪਰ ਸਿਰਫ ਇੱਕ ਮਹੀਨੇ ਵਾਸਤੇ।ਇਸ ਵਾਰੀ ਸਿਰ ਦੇ ਵਾਲ ਪਹਿਲਾਂ ਨਾਲੋਂ ਹੋਰ ਵੀ ਘੱਟ ਹੋ ਗਏ ਹੋਏ ਸਨ।ਕਮਜ਼ੋਰ ਵੀ ਲਗ ਰਿਹਾ ਸੀ।ਪ੍ਰੀਤ ਦੇ ਬਾਰ-ਬਾਰ ਪੁੱਛਣ ਤੇ ਧੀਰੇ ਨੇ ਵਲੈਤਣ ਵਹੁਟੀ ਵਾਲੀ ਗੱਲ ਤੇ ਕੀ ਦੱਸਣੀ ਸੀ ਸਗੌਂ ਵੱਧ ਸ਼ਰਾਬ ਪੀਣ ਵਾਲੀ ਅਸਲੀ ਗੱਲ ਵੀ ਲੁਕਾ ਲਈ ਤੇ ਉਪਰੋਵਲੀ ਪ੍ਰੀਤ ਨੂੰ ਖੁਸ਼ ਕਰਨ ਲਈ ਆਖ ਦਿੱਤਾ ਕਿ “ਉਸਨੂੰ ਕਨੇਡਾ ਲੈ ਕੇ ਜਾਣ ਲਈ ਉਹ ਹਿੰਮਤੋਂ ਵੱਧ ਕੰਮ ਕਰਦਾ ਹੈ ਇਸ ਲਈ ਕਮਜ਼ੋਰ ਹੋ ਗਿਆ ਹੈ”3
ਪਹਿਲਾਂ ਵਾਂਗ ਹੀ ਇਸ ਵਾਰ ਵੀ ਧੀਰੇ ਦੇ ਜਾਣ ਤੋਂ ਮਹੀਨਾ ਕੂ ਬਾਦ ਟੈਲੀਫੋਨ ਚਲਾ ਗਿਆ ਕਿ ਉਹ ਫਿਰ ਤੋਂ ਬਾਪ ਬਨਣ ਵਾਲਾ ਹੈ।ਤੇ ਉਵੇਂ ਹੀ ਹੋਰ ਅੱਠਾਂ ਮਹੀਨਿਆਂ ਬਾਦ ਦੂਜਾ ਪੁੱਤ ਪੈਦਾ ਹੋਣ ਦੀ ਖ਼ਬਰ ਵੀ।ਪਹਿਲਾਂ ਵਾਂਗ ਹੀ ਇਧਰ ਵੀ ਤੇ ਓਧਰ ਵੀ ਪਾਰਟੀਆਂ ਦਾ ਦੌਰ ਚੱਲਿਆ।
ਇਸ ਤੋਂ ਤਿੰਨ ਕੂ ਸਾਲਾਂ ਬਾਦ ਧੀਰਾ ਫਿਰ ਮੁੜਿਆ ਪਰ ਕੇਵਲ ਇੱਕ ਮਹੀਨੇ ਲਈ।ਏਦੂੰ ਬਾਦ ਧੀਰਾ ਤਿੰਨੀ-ਤਿੰਨੀ, ਚਾਰੀਂ-ਚਾਰੀਂ ਸਾਲੀਂ ਆਉਂਦਾ ਤੇ ਛੇਤੀ ਹੀ ਮੁੜ ਜਾਂਦਾ ਰਿਹਾ ਸੀ। ਪਰ ਇਸ ਵਾਰ ਗਿਆ ਤੇ ਪੰਜ ਸਾਲ ਮੁੜਿਆ ਹੀ ਨਾ।ਇੰਨ੍ਹਾਂ ਸਾਲਾਂ ਵਿਚ ਹੀ ਧੀਰੇ ਦਾ ਬਾਪੂ ਗ਼ੁਜ਼ਰ ਗਿਆ।ਵਲੈਤਣ ਦਾ ਚੱਟਿਆ ਧੀਰਾ ਬਾਪੂ ਦੇ ਮਰਨ ਤੇ ਆਇਆ ਤੇ ਫਿਰ ਜਾਣ ਦਾ ਨਾਮ ਨਾ ਲਵੇ।ਇਸ ਵਾਰੀ ਧੀਰਾ ਉਹ ਪਹਿਲਾਂ ਵਾਲਾ ਧੀਰਾ ਲੱਗ ਹੀ ਨਹੀਂ ਰਿਹਾ ਸੀ।ਸਿਰ ਪੂਰਾ ਗੰਜਾ ਤੇ ਚਿਹਰਾ ਪੀਲੀ ਭਾ ਮਾਰਦਾ ਸੀ।
ਇਧਰ ਉਸਦੇ ਵੱਡੇ ਮੁੰਡੇ ਨੇ ਗਰੈਜੁਏਸ਼ਨ ਕਰ ਲਈ ਤੇ ਉਹ ਵੀ ਕਨੇਡਾ ਪਿਓ ਕੋਲ ਜਾ ਕੇ ਰਹਿਣ ਲਈ ਜ਼ੋਰ ਪਾਉਣ ਲੱਗ ਪਿਆ।ਨਾਲ ਲਗਦੇ ਹੀ ਛੋਟਾ ਮੁੰਡਾ ਵੀ ।ਮੁੰਡਿਆਂ ਦੀ ਜ਼ਿਦ ਅੱਗੇ ਧੀਰੇ ਨੂੰ ਝੁਕਣਾ ਪਿਆ ਤੇ ਉਹ ਕਾਗਜ਼-ਪੱਤਰ ਇਕੱਠੇ ਕਰਨ ਦੇ ਮਨ ਨਾਲ ਕਨੇਡਾ ਮੁੜ ਗਿਆ।
ਕਨੇਡਾ ਜਾਂਦੇ ਹੀ ਧੀਰੇ ਦੀ ਸੁਣੀ ਗਈ; ਵਲੈਤਣ ਨੂੰ ਕੋਈ ਹੋਰ ਲੱਭ ਗਿਆ ਸੀ ਤੇ ਉਹ ਕਾਗਜ਼ੀ ਤਲਾਕ ਲੈ ਕੇ ਚਲੀ ਗਈ। ਖੁਸ਼ੀ-ਖੁਸ਼ੀ ਧੀਰੇ ਨੇ ਪ੍ਰੀਤ ਤੇ ਦੋਵਾਂ ਮੁੰਡਿਆਂ ਦੇ ਕਾਗਜ਼ ਤਿਆਰ ਕਰਵਾ ਕੇ ਵੀਜ਼ੇ ਵੀ ਲਗਵਾ ਲਏ ਤੇ ਲੰਮੀਆਂ ਛੁੱਟੀਆਂ ਲੈ ਕੇ ਆਪ ਸਾਰਾ ਕੁਝ ਸਮੇਟਨ ਲਈ ਇੱਥੇ ਆ ਗਿਆ।
ਭੈਣਾ ਨਾਲ ਜ਼ਮੀਨ ਦੀ ਵੰਡ-ਵੰਡੌਤ ਤੇ ਫਿਰ ਫਸਲ ਸਾਂਭਨ ਤੋਂ ਬਾਦ ਆਪਣੇ ਹਿੱਸੇ ਦੀ ਜ਼ਮੀਨ ਠੇਕੇ ਤੇ ਦੇਣ ਲਈ ਕਾਫੀ ਸਮਾਂ ਲੱਗ ਗਿਆ। ਇਸ ਦੌਰਾਨ ਪਿੰਡ ਵਿਚਲੇ ਪੁਰਾਣੇ ਯਾਰ-ਬੇਲੀਆਂ ਤੇ ਨਵੇਂ ਬਣੇ ਦੋਸਤਾਂ ਨਾਲ ਸ਼ਰਾਬ ਦੇ ਖੂਭ ਜਸ਼ਨ ਚੱਲਦੇ ਰਹੇ।
ਧੀਰਾ ਸਰੀਰਕ ਤੌਰ ਤੇ ਕਮਜ਼ੋਰ ਤੇ ਪਹਿਲਾਂ ਹੀ ਹੋ ਚੁਕਿਆ ਸੀ; ਉੱਤੋਂ ਬਹੁਤੀ ਸ਼ਰਾਬ ਪੀਣ ਨਾਲ ਉਸਦੀ ਸਿਹਤ ਖਰਾਬ ਰਹਿਣੀ ਸ਼ੁਰੂ ਹੋ ਗਈ।ਪਹਿਲਾਂ-ਪਹਿਲ ਤੇ ਸਾਰੇ ਇਸ ਨੂੰ ਪੌਣ-ਪਾਣੀ ਦਾ ਬਦਲਾਓ ਸਮਝਦੇ ਰਹੇ।ਕਈ ਬਹੁਤੇ ਸਾਲਾਂ ਤੋਂ ਹੱਡ-ਭੰਨਵਾਂ ਕੰਮ ਕਰਨ ਤੇ ਵੇਲਿਓਂ-ਕੁਵੇਲੇ ਖਾਣ ਨੂੰ ਦੋਸ਼ ਦਿੰਦੇ ਰਹੇ। ਕਈ ਯਾਰ ਇਸ ਨੂੰ ਪਰਦੇਸਾਂ ਦਾ ਠੰਡਾ ਤੇ ਬਾਸਾ ਖਾਣਾ ਖਾਣ ਦੀ ਰੀਤ ਨੂੰ ਦੋਸ਼ ਦਿੰਦੇ ਰਹੇ ਪਰ ਧੀਰੇ ਦਾ ਚੰਗਾ ਇਲਾਜ਼ ਕਰਵਾਉਣ ਵੱਲ ਕਿਸੇ ਧਿਆਨ ਨਾ ਦਿੱਤਾ।
ਬਹੁਤੇ ਤੇ ਇਹੋ ਆਖ ਕੇ ਸਾਰ ਦਿੰਦੇ ਕਿ “ਚਾਰ ਦਿਨ ਪੁੱਤਾਂ ਕੋਲੋਂ ਸੇਵਾ ਕਰਵਾਏਂਗਾ, ਪਿੰਡ ਦਾ ਦੁੱਧ ਦਹੀਂ ਖਾਏਂਗਾ ਤੇ ਆਪੇ ਤਕੜਾ ਹੋ ਜਾਏਂਗਾ”..।
ਦਿਨ ਬੀਤਦੇ ਗਏ ਤੇ ਧੀਰੇ ਦੀ ਹਾਲਤ ਹੋਰ ਖਰਾਬ ਹੁੰਦੀ ਗਈ। ਅੰਤ ਜਦੋਂ ਪਿੰਡ ਦੇ ਡਾਕਟਰ ਕੋਲੋਂ ਅਰਾਮ ਨਾ ਆਇਆ ਤੇ ਸ਼ਹਿਰ ਦੇ ਵੱਡੇ ਹਸਪਤਾਲ ਇਲਾਜ਼ ਸ਼ੁਰੂ ਕਰਵਾ ਲਿਆ। ਡਾਕਟਰ ਨੇ ਸਾਰੇ ਟੈਸਟ ਕਰਵਾਉਣ ਤੋਂ ਬਾਦ ਦੱਸ ਦਿੱਤਾ ਕਿ ਬਹੁਤੀ ਸ਼ਰਾਬ ਪੀਣ ਕਰਕੇ ਧੀਰੇ ਦੇ ਦੋਵੇਂ ਗੁਰਦੇ ਕੰਮ ਕਰਨਾ ਬੰਦ ਕਰ ਚੁੱਕੇ ਹਨ ਤੇ ਜੇਕਰ ਜੀਣਾ ਹੈ ਤੇ ਗੁਰਦਾ ਬਦਲਣਾ ਪਵੇਗਾ।ਨਾਲ ਇਹ ਸਲਾਹ ਵੀ ਦੇ ਦਿੱਤੀ ਕਿ ਚੰਗਾ ਰਵੇਗਾ ਕਿ ਜੇਕਰ ਗੁਰਦਾ ਦੇਣ ਵਾਲਾ ਉਸਦਾ ਆਪਣਾ ਪਰਿਵਾਰ ਦਾ ਮੈਂਬਰ ਹੋਵੇ ਤੇ।
ਧੀਰੇ ਨੇ ਬੜੀ ਤੜ ਨਾਲ ਡਾਕਟਰ ਨੂੰ ਆਖ ਦਿੱਤਾ ਕਿ “ਉਸਦੇ ਦੋਵੇਂ ਪੁੱਤਰ ਜਵਾਨ ਨੇ ਕੋਈ ਵੀ ਗੁਰਦਾ ਦੇ ਦੇਵੇਗਾ”।
ਦੋਵੇਂ ਮੁੰਡੇ ਪਿਓ ਦੀ ਜਾਨ ਬਚਾਉਣ ਲਈ ਗੁਰਦਾ ਦੇਣ ਲਈ ਤਿਆਰ ਵੀ ਸਨ। ਪਰ ਜਦੋਂ ਉਹਨ੍ਹਾਂ ਦੇ ਟੈਸਟ ਹੋਏ ਤੇ ਦੋਵਾਂ ਵਿਚੋਂ ਕਿਸੇ ਦੇ ਵੀ ਖੁੂਨ ਦਾ ਗਰੁੱਪ ਧੀਰੇ ਨਾਲ ਨਾ ਮਿਲਿਆ। ਅੰਤ ਪ੍ਰੀਤ ਨੇ ਆਪਣਾ ਗੁਰਦਾ ਦੇ ਕੇ ਧੀਰੇ ਨੂੰ ਬਚਾ ਲਿਆ।
ਜਿਸ ਦਿਨ ਦਾ ਹਸਪਤਾਲੋਂ ਮੁੜਿਆ ਸੀ ਉਸੇ ਦਿਨ ਤੋਂ ਧੀਰੇ ਦੇ ਅੰਦਰ ਕੁਝ ਉਬਲ ਰਿਹਾ ਸੀ।ਕੋਈ ਅਨਜਾਣ ਜਿਹਾ ਝੋਰਾ ਉਸਨੂੰ ਅੰਦਰੋ-ਅੰਦਰੀ ਖਾਈ ਜਾ ਰਿਹਾ ਸੀ।ਪ੍ਰੀਤ ਪ੍ਰਤੀ ਦਿਨੋਂ ਦਿਨ ਉਸਦਾ ਰਵਈਆ ਕੁਝ ਅਜ਼ੀਬ ਜਿਹਾ ਹੁੰਦਾ ਜਾ ਰਿਹਾ ਸੀ।ਤੇ ਅੰਤ ਉਸਨੇ ਚੁਪ ਤੋੜ ਕੇ ਇੱਕ ਦਿਨ ਪ੍ਰੀਤ ਨੂੰ ਪੁੱਛ ਲਿਆ:-
“ਦੋਵਾਂ ਮੁੰਡਿਆਂ ਦਾ ਖੂਨ ਮੇਰੇ ਨਾਲ ਕਿਓਂ ਨਹੀਂ ਰਲਦਾ”?
“ਮੈਂਨੂੰ ਕੀ ਪਤਾ? ਡਾਕਟਰ ਨੂੰ ਪੁੱਛ!”3ਪ੍ਰੀਤ ਹੱਸਕੇ ਟਾਲ ਗਈ।
ਇਸ ਤੋਂ ਬਾਦ ਇਹ ਸਵਾਲ ਰੋਜ਼ ਹੀ ਪੁੱਛਿਆ ਜਾਣ ਲੱਗ ਪਿਆ।ਕਈ ਦਿਨਾਂ ਤੱਕ ਪ੍ਰੀਤ ਟਾਲਦੀ ਰਹੀ ਤੇ ਧੀਰੇ ਦਾ ਸ਼ੱਕ ਯਕੀਨ ਵਿਚ ਬਦਲਦਾ ਗਿਆ। ਫਿਰ ਇਹੋ ਸਵਾਲ ਬੁਰੇ-ਭਲੇ ਲਫਜ਼ਾਂ ਤੋਂ ਹੁੰਦਾ ਹੋਇਆ ਗਾਲੀ-ਗਲੋਚ ਤੱਕ ਪੁੱਜ ਗਿਆ।ਤੇ ਅੰਤ ਜਿਸ ਦਿਨ ਧੀਰੇ ਨੇ ਪ੍ਰੀਤ ਦੇ ਮੂੰਹ ਤੇ ਆਪਣੇ ਦੋਵਾਂ ਪੁੱਤਰਾਂ ਨੂੰ ਹਰਾਮ ਦੇ ਆਖਿਆ ਤਾਂ ਇਹ ਲਫਜ਼ ਸੁਣ ਕੇ ਪ੍ਰੀਤ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਬੋਲ ਪਈ।
“ਹਾਂ ਇਹ ਸੱਚ ਹੈ ਕਿ ਇਹ ਦੋਵੇਂ ਪੁੱਤਰ ਤੇਰਾ ਖੁਨ ਨਹੀਂ ਹਨ, ਪਰ ਇਹ ਹਰਾਮ ਦੀ ਔਲਾਦ ਨਹੀਂ ਹਨ ਕਿਉਂਕਿ ਇਹ ਮੇਰੇ ਪੁੱਤਰ ਹਨ”।
ਇੰਨ੍ਹਾਂ ਸੁਣ ਕੇ ਧੀਰਾ ਜਿਵੇਂ ਥਾਏਂ ਹੀ ਮੁੱਕ ਗਿਆ ਹੋਵੇ3.ਹੁਣ ਉਸ ਵਿਚ ਇੰਨੀ ਹਿੰਮਤ ਵੀ ਨਹੀਂ ਬਚੀ ਸੀ ਕਿ ਪ੍ਰੀਤ ਨੂੰ ਪੁੱਛ ਸਕੇ ਕਿ ਜੇ ਉਸਦਾ ਨਹੀਂ ਤੇ ਫਿਰ ਕਿਸਦਾ?
ਪਰ ਪ੍ਰੀਤ ਅੱਜ ਸਭ ਕੁਝ ਸਾਫ ਕਰ ਦੇਣਾ ਚਹੁੰਦੀ ਸੀ।
“ਮੈਂ ਜਦੋਂ ਵਿਆਹੀ ਆਈ ਸਾਂ ਨਾਂ ਉਸ ਦਿਨ ਮੈਂ ਬਦਚਲਨ ਨਹੀਂ ਸਾਂ, ਤੇ ਉਸ ਦਿਨ ਵੀ ਨਹੀਂ ਸਾਂ ਜਿਸ ਦਿਨ ਤੂੰ ਮੇਰੀਆਂ ਅੱਖਾਂ ਵਿਚ ਵੱਸ ਜਾਣ ਦਾ ਇੰਤਜ਼ਾਰ ਕੀਤੇ ਬਗੈਰ ਹੀ ਡਾਲਰ ਕਮਾਉਣ ਭੱਜ ਗਿਆ ਸੈਂ”।
“ਜਵਾਨ ਉਮਰ ਤੇ ਠਾਠਾਂ ਮਾਰਦੀ ਜਵਾਨੀ। ਉੱਤੋਂ ਕੋਈ ਕੰਮ ਪਵੇ ਤੇ ਪਾਲੀ, ਕੋਈ ਲੋੜ ਪਵੇ ਤੇ ਰਾਧੇਸ਼ਾਮ3.ਦੁਖ ਹੋਵੇ ਤੇ ਰਾਧੇਸ਼ਾਮ3ਖੁਸ਼ੀ ਹੋਵੇ ਤੇ ਰਾਧੇਸ਼ਾਮ3ਸਵੇਰੇ ਉਠਾਂ ਤੇ ਅੱਗੇ ਰਾਧੇਸ਼ਾਮ3ਸੌਣ ਵੇਲੇ ਰਾਧੇਸ਼ਾਮ3ਤੂੰ ਕਿੱਥੇ ਸੈਂ ਜਦੋਂ ਮੈਂ ਬਿਮਾਰ ਸਾਂ..ਕਿੱਥੇ ਸਓ ਜਦੋਂ ਮੈਂ ਜਨੇਪੇ ਦੀਆਂ ਪੀੜਾਂ ਝੱਲੀਆਂ3ਕਿੱਥੇ ਸਓ ਜਦੋਂ ਸਉਣ ਦੀਆਂ ਬਰਸਾਤਾਂ ਮੈਂ ਤਾਕੀ ਚੋਂ ਬਾਹਰ ਤੱਕਦਿਆਂ ਲੰਘਾਈਆਂ3ਕਿੱਥੇ ਸਓ ਜਦੋਂ ਸਰਦੀਆਂ ਦੀਆਂ ਰਾਤਾਂ ਨੂੰ ਕੋਈ ਓਪਰਾ ਬੂਹਾ ਖੜਕਾਉਂਦਾ ਸੀ?..ਉਸ ਵੇਲੇ ਮੇਰੇ ਆਸ-ਪਾਸ ਕੋਈ ਸੀ ਤੇ ਕੇਵਲ ਰਾਧੇਸ਼ਾਮ3”।
ਇਸ ਤੋਂ ਅੱਗੇ ਕੁਝ ਬੋਲਦੀ ਰਾਧੇਸ਼ਾਮ, ਵੱਡੇ ਮੁੰਡੇ ਨੂੰ ਜੱਫਾ ਪਾਈ ਮੋਟਰਸਾਈਕਲ ਤੇ ਬੈਠਾ ਧੀਰੇ ਲਈ ਦਵਾਈਆਂ ਖਰੀਦ ਕੇ ਮੁੜ ਆਇਆ।
ਰਾਧੇਸ਼ਾਮ ਨੂੰ ਵੇਖ ਕੇ ਧੀਰੇ ਦੀ ਉਸ ਨਾਲ ਅੱਖ ਮਿਲਾਉਣ ਦੀ ਹਿੰਮਤ ਨਾ ਹੋਈ।ਰਹਿ-ਰਹਿ ਕੇ ਉਸਦੇ ਕੰਨਾਂ ਵਿਚ ਉਹੋ ਬੋਲ ਗੂੰਜਨ ਲੱਗ ਪਏ3ਭਈਆ ਵੀ ਸਾਡਾ3ਭਈਯਨ ਵੀ ਸਾਡੀ3ਨਾ ਸਿਰਦਾਰ ਜੀ ਭਈਯਨ ਤੋ ਹਮਾਰ ਹੀ ਰਹੀ....ਨਮੋਸ਼ੀ ਦੇ ਮਾਰੇ ਧੀਰੇ ਨੇ ਅੱਖਾਂ ਬੰਦ ਕਰ ਲਈਆਂ ਤੇ ਮੂੰਹ ਲਪੇਟ ਕੇ ਪੈ ਗਿਆ।

0 comments:
Speak up your mind
Tell us what you're thinking... !