Headlines News :
Home » » ਉਠੱ ਮੇਰੀ “ਸਾਂਝੀ” ਪਟੜੇ ਖੋਲ੍ਹ,ਕੁੜੀਆਂ ਆਈਆਂ ਤੇਰੇ ਕੋਲ - ਜਸਵਿੰਦਰ ਸਿੰਘ “ਰੁਪਾਲ”

ਉਠੱ ਮੇਰੀ “ਸਾਂਝੀ” ਪਟੜੇ ਖੋਲ੍ਹ,ਕੁੜੀਆਂ ਆਈਆਂ ਤੇਰੇ ਕੋਲ - ਜਸਵਿੰਦਰ ਸਿੰਘ “ਰੁਪਾਲ”

Written By Unknown on Thursday, 10 October 2013 | 04:59

     ਪਿੰਡਾਂ ਵਿੱਚ ਦੁਸਹਿਰੇ ਦੇ ਨੇੜੇ ਇੱਕ ਰਸਮ ਪ੍ਰਚੱਲਿਤ ਸੀ,ਜਿਹੜੀ ਅੱਜ ਕੱਲ ਲੱਗਭੱਗ ਖਤਮ ਹੀ ਹੋ ਚੁੱਕੀ ਹੈ।ਹੋ ਸਕਦਾ ਏ ਟਾਵੇਂ ਟਾਵੇਂ ਪਛੜੇ ਪਿੰਡਾਂ ਵਿੱਚ ਅਜੇ ਵੀ ਹੋਵੇ।ਇਹ ਰਸਮ ਸੀ “ਸਾਂਝੀ ਲਗਾਉਣਾ”।
ਆਓ ਅੱਜ ਇਸ ਬਾਰੇ ਕੁਝ ਗੱਲਾਂ ਕਰੀਏ।
             ਸਾਂਝੀ ਦੁਸਹਿਰੇ ਤੋਂ 9 ਦਿਨ ਪਹਿਲਾਂ ਲਗਾਈ ਜਾਂਦੀ ਸੀ।ਇਸ ਵਿੱਚ ਗਿੱਲੇ ਗੋਹੇ ਨੂੰ ਚੰਗੀ ਤਰਾਂ ਗੁੰਨ ਕੇ ਇੱਕ ਤਰਾਂ ਮਸਾਲਾ ਜਿਹਾ ਬਣਾ ਲਿਆ ਜਾਂਦਾ ਸੀ।ਫਿਰ ਇਸ ਦੇ ਨਾਲ ਕੰਧ ਤੇ,ਜਿਹੜੀ ਬਹੁਤੀ ਵਾਰ ਕੱਚੀ ਹੀ ਹੁੰਦੀ ਸੀ,ਸਾਂਝੀ ਦਾ ਬਰੋਟਾ ਬਣਾ ਲਿਆ ਜਾਂਦਾ ਸੀ।ਇਹ ਲੱਗਭੱਗ 2-3 ਇੰਚ ਚੌੜਾ ਅਤੇ ਇੱਕ ਇੰਚ ਮੋਟਾ ਹੁੰਦਾ ਸੀ।ਇਸ ਦੀ ਲੰਬਾਈ ਕੰਧ ਦੇ ਮੁਤਾਬਕ ਹੁੰਦੀ ਸੀ।ਅਲੱਗ ਤੌਰ ਤੇ ਗਿੱਲੀ ਮਿੱਟੀ ਦੇ ਕਿੰਗਰਿਆਂ ਵਾਲੇ ਸਿਤਾਰੇ ਬਣਾ ਲਏ ਜਾਂਦੇ ਸਨ,ਜਿਨ੍ਹਾਂ ਦੀ ਗਿਣਤੀ ਕਾਫ਼ੀ ਹੁੰਦੀ ਸੀ।ਸਾਰੇ ਗੋਹੇ ਨੂੰ ਇਨ੍ਹਾਂ ਸਿਤਾਰਿਆਂ ਨਾਲ ਢੱਕ ਦਿੱਤਾ ਜਾਂਦਾ ਸੀ।ਇਨ੍ਹਾਂ ਸਿਤਾਰਿਆਂ ਤੇ ਕਲੀ ਕੀਤੀ ਜਾਂਦੀ ਸੀ ਅਤੇ ਲੋੜ ਅਨੁਸਾਰ ਇਨਾਂ ਨੂੰ ਰੰਗਾ ਨਾਲ ਸਜਾਇਆ ਵੀ ਜਾਂਦਾ ਸੀ।
 ਬੋਹੜ ਦੇ ਕੇਂਦਰ ਵਿੱਚ ਸੂਰਜ (ਬਿਲਕੁਲ ਗੋਲ ਆਕ੍ਰਿਤੀ) ਬਣਾਇਆ ਜਾਂਦਾ ਸੀ,ਪਰ ਫਿਰ ਇਸ ਦੇ ਅੱਖਾਂ,ਨੱਕ ਆਦਿ ਬਣਾ ਕੇ ਇਸੇ ਨੂੰ ਇੱਕ ਔਰਤ ਦੇ ਮੂੰਹ ਵਿੱਚ ਬਦਲ ਲਿਆ ਜਾਂਦਾ ਸੀ-ਇਹ ਔਰਤ ਹੀ ਸਾਡੀ ਸਾਂਝੀ ਹੈ।ਕਿਤੇ ਕਿਤੇ ਸੂਰਜ ਅਤੇ ਔਰਤ ਦੋਵੇਂ ਬਣਾਏ ਜਾਂਦੇ ਸਨ,ਉਦੋਂ ਸੂਰਜ ਨੂੰ ਬੋਹੜ ਤੋਂ ਬਾਹਰ ਦਿਖਾਇਆ ਜਾਂਦਾ ਸੀ।ਬੋਹੜ ਵਿੱਚ ਢੁਕਵੇਂ ਥਾਵਾਂ ਤੇ,ਟਾਹਣੀਆਂ,ਪੱਤੇ,ਫੁੱਲ,ਅਤੇ ਫਲ਼ ਆਦਿ ਦਿਖਾਏ ਜਾਂਦੇ ਸਨ।ਉੱਪਰਲੇ ਪਾਸੇ ਚੰਨ ਤਾਰੇ ਵੀ ਬਣਾ ਦਿੱਤੇ ਜਾਂਦੇ ਸਨ।ਕਿਤੇ ਕਿਤੇ ਘੁੱਗੀਆਂ,ਮੋਰ,ਧੋਲ ਵਜਾਂਦਾ ਵਿਅਕਤੀ ਆਦਿ ਵੀ ਬਣਾਏ ਜਾਂਦੇ ਸਨ। ਇਹ ਆਪਣੇ ਆਪ ਵਿੱਚ ਇੱਕ ਸੁੰਦਰ ਅਤੇ ਸਾਦਾ ਕਲਾ ਦਾ ਉੱਤਮ ਨਮੂਨਾ ਹੁੰਦਾ ਸੀ।
ਇਸੇ ਸਮੇਂ ਵੱਖਰੇ ਤੌਰ ਤੇ ਹੇਠਾਂ ਮਿੱਟੀ ਵਿਛਾ ਕੇ,ਘੜੇ ਵਿੱਚ,ਕੁੱਜੇ ਵਿੱਚ ਜਾਂ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਜੌਂ ਵੀ ਬੀਜੇ ਜਾਂਦੇ ਸਨਅਸਲ ਵਿੱਚ ਇਹ ਕੁਝ ਮੌਸਮੀ ਜਾਣਕਾਰੀ ਲੈਣ ਲਈ ਹੁੰਦਾ ਸੀ, ਇਸ ਛੋਟੀ ਜਿਹੀ ਕਿਰਿਆ ਵਿੱਚ ਮਿੱਟੀ ਦੀ ਪਰਖ,ਸਮੇਂ ਦਾ ਢੁਕਵਾਂਪਣ,ਅਤੇ ਪਾਣੀ ਦੀ ਲੋੜ ਆਦਿ ਵੀ ਸ਼ਾਮਲ ਸੀ।{ਕਿਉਂਕਿ ਨਵੰਬਰ ਮਹੀਨੇ ਵਿੱਚ ਕਣਕ ਬੀਜੀ ਜਾਣੀ ਹੁੰਦੀ ਸੀ।}
ਹੁਣ ਹਰ ਰੋਜ ਜੌਆਂ ਨੂੰ ਪਾਣੀ ਦੇਣਾ ਹੁੰਦਾ ਸੀ ਅਤੇ ਸਾਂਝੀ ਦੀ ਆਰਤੀ ਉਤਾਰਨੀ ਹੁੰਦੀ ਸੀ।਼ ਪਹਿਲੇ ਦਿਨ ਸਾਂਝੀ ਦਾ ‘ਵਰਤ’ਹੁੰਦਾ ਸੀ।ਸਾਂਝੀ ਲਈ ਘਿਓ,ਆਟਾ ਅਤੇ ਸੱ਼ਕਰ ਦੀ ਖੁਸ਼ਕ ਜਿਹੀ ਪੰਜੀਰੀ ਬਣਾ ਲਈ ਜਾਂਦੀ ਸੀ।ਹਰ ਰੋਜ ਘਰ ਦੀਆਂ ਅਤੇ ਗੁਆਂਢੀਆਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਦੀ ਆਰਤੀ ਉਤਾਰਦੀਆਂ।ਇਸ ਸਮੇਂ ਬਾਕਾਇਦਾ ਥਾਲ ਵਿੱਚ ਦੀਵਾ ਰੱਖ ਕੇ ਆਰਤੀ ਕੀਤੀ ਜਾਂਦੀ ਸੀ ।ਇਹ ਦੀਵਾ ਆਰਤੀ ਤੋਂ ਬਾਅਦ ਸਾਰੀ ਰਾਤ ਚਲਦੇ ਰਹਿਣ ਲਈ ਸਾਂਝੀ ਕੋਲ ਛੱਡ ਦਿੱਤਾ ਜਾਂਦਾ ਸੀ।ਭਾਵੇਂ ਇਸ ਰਸਮ ਦਾ ਸੰਬੰਧ ਖੇਤੀ ਨਾਲ ਸੀ,ਪਰ ਇਸ ਨਾਲ ਸੰਬੰਧਤ ਜੋ ਗੀਤ ਗਾਉਣ,ਆਰਤੀ ਉਤਾਰਨ ਆਦਿ ਜੁੜਿਆ ਹੋਇਆ ਸੀ,ਉਹ ਸਭ ਬੜਾ ਸੁਆਦਲਾ ਸੀ।
                ਸਾਡੇ ਆਪਣੇ ਘਰ ਸਾਂਝੀ ਲਗਾਈ ਜਾਂਦੀ ਸੀ,ਅੱਜ ਤਕਰੀਬਨ 40 ਸਾਲ ਪਿੱਛੇ ਜਾ ਕੇ ਮੈਂ ਉਹ ਸਾਰਾ ਨਜ਼ਾਰਾ ਯਾਦ ਕਰਦਾ ਹਾਂ।ਕੁਝ ਗੀਤ ਮੈਨੂੰ ਆਪ ਨੂੰ ਯਾਦ ਨੇ ਅਤੇ ਕੁਝ ਮੈਂ ਆਪਣੀ ਭੈਣ ਤੋਂ ਪੁੱਛ ਕੇ ਇਕੱਠੇ ਕੀਤੇ ਹਨ।ਜਿੰਨੇ ਕੁ ਹੋ ਸਕੇ ਹਨ,ਪੇਸ਼ ਕਰ ਰਿਹਾ ਹਾਂ:-
ਸਭ ਤੋਂ ਪਹਿਲਾਂ ਸਾਂਝੀ ਨੂੰ ਜਗਾਇਆ ਜਾਂਦਾ ਸੀ-
*“ਉਠ ਮੇਰੀ ਸਾਂਝੀ ਪਟੜੇ ਖੋਲ੍ਹ,
   ਕੁੜੀਆਂ ਆਈਆਂ ਤੇਰੇ ਕੋਲ ।”
*ਨੀ ਤੂੰ ਜਾਗ ਸਾਂਝੀ ਜਾਗ
 ਤੇਰੇ ਮੱਥੇ ਲੱਗਣ ਭਾਗ,
ਤੇਰੇ ਟਿੱਕੇ ਦਾ ਸੁਹਾਗ।”
ਫਿ਼ਰ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਸੀ। ਪੂਰੀ ਸ਼ਰਧਾ ਨਾਲ,ਸਿਰ ਢਕ ਕੇ ।ਥਾਲ ਘੁਮਾਉਂਦਿਆਂ ਕੁੜੀਆਂ ਰਲ ਕੇ ਗਾਉਂਦੀਆਂ ਸਨ-
*ਆਰਤੀ ਬਈ ਆਰਤੀ,
ਆਰਤੀ ਦੇ ਫੁੱਲ,ਫੁੱਲਾਂ ਸੋਈ ਡੋਰ।
ਸੁਣੋ ਨੀ ਬਹੂਓ,ਕੰਤਾਂ ਦੇ ਬੋਲ ।
ਕੰਤ ਤੁਮਾਰੇ,ਵੀਰ ਹਮਾਰੇ,
ਕੱਤਰੀ ਬਹੱਤਰੀ,
ਲੇਫ਼ ਤਲਾਈ,
ਵਿੱਚ ਬੈਠੀ ਸਾਂਝੀ ਮਾਈ ।”
ਕਈ ਵਾਰ ‘ਸਾਂਝੀ’ਦੇ ਮੂੰਹ ਤੇ ਕੋਈ ਚੁੰਨੀ ਦਾ ਪਰਦਾ ਪਾ ਦਿੱਤਾ ਜਾਂਦਾ ਸੀ,ਜਿਵੇਂ ਬਹੂ ਨੇ ਘੁੰਡ ਕੱਢਿਆ ਹੋਵੇ ।ਆਰਤੀ ਦੇ ਖਤਮ ਹੋਣ ਤੇ ਇਹ ਘੁੰਡ ਚੁੱਕ ਕੇ ਪੰਜੀਰੀ ਦਾ ਇਸ ‘ਸਾਂਝੀ’ ਦੇ ਮੂੰਹ ਨੂੰ ਭੋਗ ਲਵਾ ਦਿੱਤਾ ਜਾਂਦਾ ਸੀ।ਸਮਾਪਤੀ ਤੇ ਸਾਰਿਆਂ ਨੂੰ ਇਹ ਪ੍ਰਸ਼ਾਦ ਵੰਡਿਆ ਜਾਂਦਾ ਸੀ।ਕੁਝ ਹੋਰ ਗੀਤ ਇਸ ਤਰਾਂ ਹਨ-
*ਮੇਰੀ ਸਾਂਝੀ ਤਾਂ ਮੰਗਦੀ,ਹਰਾ ਹਰਾ ਗੋਬਰ,
ਮੈਂ ਕਿੱਥੋਂ ਲਿਆਵਾਂ ,ਹਰਾ ਹਰਾ ਗੋਬਰ,
ਵੀਰਨ ਤਾਂ ਮੇਰਾ,ਮੱਝਾਂ ਦਾ ਪਾਲੀ,
ਮੈਂ ਉਥੋਂ ਲਿਆਵਾਂ, ਹਰਾ ਹਰਾ ਗੋਬਰ,
ਤੂੰ ਲੈ ਮੇਰੀ ਸਾਂਝੀ, ਹਰਾ ਹਰਾ ਗੋਬਰ ।”
ਇਸੇ ਗੀਤ ਨੂੰ ਕਈ ਵਾਰ ਗਾਇਆ ਜਾਂਦਾ ਸੀ,ਮੰਗ ਬਦਲ ਬਦਲ ਕੇ।ਇੱਕ ਵਾਰੀ ਸਾਂਝੀ “ਛੱਜ ਭਰਿਆ ਗਹਿਣਾ” ਮੰਗਦੀ ਹੈ,ਤਾਂ ਵੀਰਾ “ਸੁਨਿਆਰੇ ਦੀ ਹੱਟੀ” ਹੁੰਦਾ ਹੈ।ਜੇ ਉਹ “ਲਾਲ ਲਾਲ ਚੁੰਨੀਆਂ” ਮੰਗੇ,ਤਾਂ ਵੀਰਾ “ਬਜਾਜੇ ਦੀ ਹੱਟੀ”ਹੈ,ਜਿਥੋਂ ਉਹ ਇਹ ਵਸਤ ਲਿਆ ਕੇ ਸਾਂਝੀ ਨੂੰ ਦਿੰਦੀ ਹੈ।....
ਹੋਰ ਗੀਤ ਹੈ-
*”ਮੇਰੀ ਸਾਂਝੀ ਦੇ ਆਲ਼ੇ ਦਾਲੇ਼ ਹਰੀ ਓ ਚਲ਼ਾਈ ,
ਮੈਂ ਤੈਨੂੰ ਪੁੱਛਾਂ ਸਾਂਝੀ ਕੈ ਤੇਰੇ ਭਾਈ ?
ਸੱਤ ਭਤੀਜੇ ਭੈਣਾਂ, ਸੋਲਾਂ ਮੇਰੇ ਭਾਈ,
ਸੱਤਾਂ ਦਾ ਮੈਂ ਵਿਆਹ ਰਚਾਵਾਂ,ਸੋਲਾਂ ਦੀ ਕੁੜਮਾਈ।”
ਜਿਵੇਂ ਕਿ ਇਨਾਂ ਗੀਤਾਂ ਦੇ ਬੋਲਾਂ ਤੋਂ ਵੀ ਸਪਸ਼ਟ ਹੈ ਕਿ ਇੱਥੇ ਮਰਦ ਦੀ ਸਰਦਾਰੀ ਨੂੰ ਕਬੂਲਿਆ ਗਿਆ ਹੈ।ਆਰਥਿਕ ਹਾਲਤ ਕਿਸੇ ਵੀ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ,ਉਸ ਸਮੇਂ ਖੇਤੀ ਬਾੜੀ ਹੀ ਮੁੱਖ ਕਿੱਤਾ ਸੀ,ਜਿਸ ਤੇ ਸਾਰਾ ਸਮਾਜ ਟਿਕਿਆ ਹੋਇਆ ਸੀ।ਅਤੇ ਖੇਤੀ ਮਰਦ ਕਰਿਆ ਕਰਦੇ ਸਨ।ਇਸੇ ਲਈ ਉਸ ਸਮਾਜ ਵਿੱਚ “ਪੁੱਤਰ ਦੀ ਮੰਗ”, “ਵੀਰੇ ਦੀ ਤਾਂਘ” ਅਤੇ “ਪਤੀ ਦੀ ਲੰਮੀ ਉਮਰ” ਦੀ ਕਾਮਨਾ ਕੀਤੀ ਜਾਂਦੀ ਸੀ,ਤਾਂ ਕਿ ਖੇਤਾਂ ਦਾ ਰਾਖਾ,ਕਾਮਾ,ਸਭ ਦੇ ਢਿੱਡ ਭਰਨ ਵਾਲਾ ਲੰਮੀ ਉਮਰ ਜਿਉਂਦਾ ਰਵੇ।.........
ਦੁਸਹਿਰੇ ਤੱਕ ਬੀਜੇ ਹੋਏ ਜੌਂ ਵੀ ਉਗ ਆਉਂਦੇ ਸਨਅਤੇ ਇਹ ਜੌਂ ਉਸ ਦਿਨ ਪੁੱਟ ਲਏ ਜਾਂਦੇ ਸਨ।ਇਨਾਂ ਨੂੰ ਵੀਰੇ ਦੇ ਸਿਰ ਦੇ ਜੂੜੈ ਵਿੱਚ ਟੰਗ ਕੇ ਭੈਣ “ਜੌਂ ਟੰਗਾਈ” ਹਾਸਲ ਕਰਦੀ ਸੀ।ਇਹ ‘ਜੌਂ ਟੰਗਾਈ’ਅੱਜ ਦੀ ਭਾਸ਼ਾ ਵਿੱਚ ਭੈਣ ਵੱਲੋਂ ਆਪਣੇ ਹਿੱਸੇ ਦੀ ਅਚੱਲ ਜਾਇਦਾਦ ਵੀਰ ਨੂੰ ਦੇਣ ਕਾਰਨ ਵੀਰ ਵੱਲੋਂ ਦਿੱਤਾ ਛੋਟਾ ਜਿਹਾ ਤੋਹਫ਼ਾ ਹੁੰਦਾ ਸੀ।ਇਸੇ ਦਿਨ ਸ਼ਾਮ ਨੂੰ ਸਾਂਝੀ ਨੂੰ ਕੰਧ ਤੋਂ ਉਤਾਰ ਲਿਆ ਜਾਂਦਾ ਸੀ ਅਤੇ ਆਦਰ ਨਾਲ ‘ਜਲ-ਪ੍ਰਵਾਹ’ ਕਰ ਦਿੱਤਾ ਜਾਂਦਾ ਸੀ।
ਅੱਜ ਇਹ ਸਭ ਨਹੀਂ ਹੈ ।ਸ਼ਾਇਦ ਇਸ ਦੀ ਲੋੜ ਵੀ ਨਹੀਂ ਹੈ।ਕਈ ਕਾਹਲੇ ਅਤੇ ਜਿਆਦਾ “ਬੁਧੀਮਾਨ ਪਾਠਕ” ਹੋ ਸਕਦੈ ਇਸ ਨੂੰ ਫ਼ਜੂਲ,ਬੇਕਾਰ ਲਿਖਤ ਵੀ ਕਹਿਣ।ਠੀਕ ਹਨ ਉਹ ਵੀ,ਪਰ ਦੋਸਤੋ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਕਿਉਂ ਅਸੀਂ ਪੜ੍ਹਨ ਅਤੇ ਪੜ੍ਹਾਉਣ ਤੋਂ ਛੱਡ ਜਾਈਏ ??ਵਿਰਸੇ ਦੇ ਇਸ ਅੰਗ ਬਾਰੇ ਤੁਸੀਂ ਜਿੰਨਾ ਵੀ ਹੋਰ ਦੱਸ ਸਕਦੇ ਹੋ,ਜਰੁਰ ਦੱਸੋ ।ਮੈਨੂੰ ਉਡੀਕ ਰਹੇਗੀ,ਤੁਹਾਡੇ ਹੁੰਗਾਰੇ ਦੀ।
                   ਅੱਜ ‘ਸਾਂਝੀ’ ਭਾਵੇਂ ਨਾ ਲਗਾਓ,ਪਰ ਯਾਰੋ,ਆਓ,ਆਪਣੇ ਦਿਲਾਂ ਉਤੇ ਇੱਕ ‘ਸਾਂਝੀ ਦਾ ਬੋਹੜ’ ਜਰੂਰ ਲਗਾਈਏ,ਉਸ ਨੂੰ ਰੰਗਾਂ ਨਾਲ ਸਜਾਈਏ ਵੀ,ਉਸ ਦੀ ਆਰਤੀ ਵੀ ਉਤਾਰੀਏ ,ਤਾਂਕਿ ਦਿਲਾਂ ਵਿੱਚ ਪਿਆਰ ਦੀ ਧੜਕਣ ਕਾਇਮ ਰਹੇ ਅਤੇ ਜਿੰਦਗੀ ਦ ੀਨਦ ਿਵਿੱਦ ਰਵਾਨਗੀ ਆ ਜਾਵੇ।

                                      
 ਜਸਵਿੰਦਰ ਸਿੰਘ  “ਰੁਪਾਲ”
                                                                                    9814715796                                                                                   ਲੈਕਚਰਰ ਅਰਥ-ਸ਼ਾਸ਼ਤਰ,
                                               ਸਰਕਾਰੀ ਸੀਨੀ. ਸੈਕੰ. ਸਕੂਲ,
                                               ਭੈਣੀ ਸਾਹਿਬ (ਲੁਧਿਆਣਾ)-141126




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template