Headlines News :
Home » » ਜੋਤੀ ਜੋਤ ਦਿਵਸ ‘ਤੇ ਵਿਸ਼ੇਸ਼... ਸਿਮਰੋ ਸ੍ਰੀ ਹਰਿਰਾਇ - ਧਰਮਿੰਦਰ ਸਿੰਘ ਵੜ੍ਹੈਚ

ਜੋਤੀ ਜੋਤ ਦਿਵਸ ‘ਤੇ ਵਿਸ਼ੇਸ਼... ਸਿਮਰੋ ਸ੍ਰੀ ਹਰਿਰਾਇ - ਧਰਮਿੰਦਰ ਸਿੰਘ ਵੜ੍ਹੈਚ

Written By Unknown on Saturday, 19 October 2013 | 06:27

                       ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਾਮੋਦਰੀ ਜੀ, ਮਾਤਾ ਮਹਾਂਦੇਵੀ ਜੀ ਤੇ ਮਾਤਾ ਨਾਨਕੀ ਜੀ। ਬਾਬਾ ਗੁਰਦਿੱਤਾ ਜੀ ਤੇ ਬੀਬੀ ਵੀਰੋ ਜੀ ਮਾਤਾ ਦਾਮੋਦਰੀ ਜੀ ਦੀ ਸੰਤਾਨ ਸਨ। ਸੂਰਜ ਮੱਲ ਜੀ ਮਾਤਾ ਮਹਾਂਦੇਵੀ ਜੀ ਦੀ ਸੰਤਾਨ ਸਨ। ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ ਤੇ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਦੀ ਸੰਤਾਨ ਸਨ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ, ਬਾਬਾ ਧੀਰਮੱਲ ਜੀ ਅਤੇ (ਗੁਰੂ) ਹਰਿ ਰਾਇ ਸਾਹਿਬ ਜੀ। ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ 1630 ਵਿੱਚ ਪਿਤਾ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੇ ਉਦਰ ਤੋਂ ਕੀਰਤਪੁਰ ਸਾਹਬ ਵਿੱਚ ਹੋਇਆ।(ਵੱਖ-ਵੱਖ ਇਤਹਾਸਕਾਰਾਂ ਨੇ ਗੁਰੂ ਹਰਿਰਾਇ ਜੀ ਦੇ ਮਾਤਾ ਜੀ ਦੇ ਨਾਂ ਵੱਖ-ਵੱਖ ਲਿਖੇ ਹਨ, ਜਿਵੇਂ ਮਾਤਾ ਅਨੰਤੀ ਜੀ ,ਮਾਤਾ ਰਾਜ ਕੌਰ ਜੀ ਆਦਿ)ਧੀਰਮੱਲ ਜੀ ਆਪ ਦੇ ਵੱਡੇ ਭਰਾ ਸਨ। ਸ੍ਰੀ ਗੁਰੂ ਹਰਿ ਰਾਇ ਜੀ ਦਾ ਹਿਰਦਾ ਬੜਾ ਕੋਮਲ ਸੀ।ਆਪ ਨਾਮ ਸਿਮਰਨ ਦੀ ਮੂਰਤ ਸਨ। ਆਪ ਸੰਤ ਸੁਭਾਅ, ਦਇਆਵਾਨ, ਨਿਮ੍ਰਤਾ ਦੇ ਪੁੰਜ ਤੇ ਕਰੁਣਾ ਅਰ ਪ੍ਰੇਮ ਦਾ ਮੁਜੱਸਮਾ ਸਨ।  ਆਪ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਬੇਇੰਤਹਾ ਪਿਆਰ ਕਰਦੇ ਸਨ। ਆਪ ਪਸ਼ੂ, ਪੰਛੀ, ਫੁੱਲ, ਬੂਟਿਆ ਨੂੰ ਵੀ ਮਨੁੱਖਾਂ ਵਾਂਗ ਹੀ ਪਿਆਰ ਕਰਦੇ ਸਨ। ਇਤਹਾਸ ਵਿੱਚ ਆਉਦਾ ਹੈ ਕਿ ਇੱਕ ਵਾਰ ਸ੍ਰੀ ਗੁਰੂ ਹਰਿਰਾਇ ਜੀ ਨਿੱਤਨੇਮ ਅਨੁਸਾਰ ਸਵੇਰ ਦੀ ਸੈਰ ਕਰ ਰਹੇ ਸਨ ਕਿ ਆਪ ਦੇ ਲੰਬੇ ਚੋਲੇ ਨਾਲ ਖਹਿ ਕੇ ਫੁੱਲ ਟੁੱਟ ਕੇ ਪੱਤੀ-ਪੱਤੀ ਹੋ ਗਏ। ਜਦ ਆਪ ਜੀ ਨੇ ਦੇਖਿਆ ਕਿ ਫੁੱਲ ਟੁੱਟ ਗਏ ਹਨ ਤਾਂ ਗਹਿਰੀ ਸੋਚ ਵਿੱਚ ਪੈ ਗਏ ਤੇ ਸੋਚ ਕੇ ਉਦਾਸ ਹੋ ਗਏ ਕਿ ਮੇਰੇ ਕਾਰਨ ਇਹ ਫੁੱਲ ਟੁੱਟ ਗਏ ਹਨ ਤਾਂ ਉਸੇ ਵਕਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਉੱਥੇ ਆ ਗਏ ਤੇ ਪੁੱਛਿਆ ਕਿ ਫੁੱਲ ਕਿਸ ਤਰ੍ਹਾਂ ਟੁੱਟੇ ਹਨ ਤਾਂ ਆਪ ਜੀ ਨੇ ਨਿਮਰਤਾ ਨਾਲ ਹੱਥ ਜੋੜ ਕੇ ਉੱਤਰ ਦਿੱਤਾ ਕਿ ਇਹ ਮੇਰੇ ਲੰਬੇ ਚੋਲੇ ਨਾਲ ਅੜ ਕੇ ਟੁੱਟ ਗਏ ਹਨ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਨੇ ਕਿਹਾ ਕਿ ਜਦ ਦੁਨੀਆਂ ਰੂਪੀ ਬਾਗ ਵਿੱਚ ਵਿਚਰਨਾ ਹੋਵੇ ਤਾਂ ਚੋਲਾ ਸਮੇਟ ਕੇ ਚੱਲੀਦਾ ਹੈ। ਉਸ ਦਿਨ ਤੋਂ ਹੀ ਆਪ ਆਪਣਾ ਚੋਲਾ ਸਮੇਟ ਕੇ ਸੈਰ ਕਰਨ ਲੱਗ ਪਏ। 1644 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪ ਜੀ ਨੂੰ ਸੋਂਪੀ। ਜਦ 8 ਮਾਰਚ 1644 ਨੂੰ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਵਕਤ ਆਪ ਜੀ ਦੀ ਉਮਰ 14 ਸਾਲ ਸੀ। ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਆਵਾਂ ਨੂੰ ਘਰ-ਘਰ ਪਹੁੰਚਾਇਆ। ਗੁਰੂ ਹਰਿਰਾਇ ਜੀ ਸ਼ਾਤ ਸੁਭਾਅ ਦੇ ਮਾਲਕ ਸਨ। ਆਪ ਜੀ ਪਾਸ 2200 ਘੋੜ ਸਵਾਰ ਸਿੰਘਾਂ ਦੀ ਫੌਜ ਸੀ, ਪਰ ਆਪ ਜੀ ਨੇ ਕਦੇ ਵੀ ਕਿਸੇ ਤੇ ਹਮਲਾ ਨਹੀ ਕੀਤਾ ਸੀ। ਜਦ ਮਾਲਵਾ ਇਲਾਕੇ ਵਿੱਚ ਕਾਲ ਪੈ ਗਿਆ ਸੀ ਤਾਂ ਗੁਰੂ ਹਰਿਰਾਇ ਜੀ ਨੇ ਮਾਲਵੇ ਇਲਾਕੇ ਵਿੱਚ ਲੰਗਰ ਲਗਵਾ ਦਿੱਤੇ ਸਨ। ਨਗਾਰਾ ਵਜਾਉਣ ਦੀ ਰੀਤ ਵੀ ਆਪ ਜੀ ਨੇ ਹੀ ਚਲਾਈ ਸੀ ਤਾਂ ਜੋ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਅਵਾਜ਼ ਸੁਣ ਕੇ ਲੰਗਰ ਛੱਕਣ ਲਈ ਆ ਸਕਣ। ਗੁਰੂ ਹਰਿਰਾਇ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ੁਰੂ ਕੀਤੇ ਰੋਗੀਆਂ ਦੇ ਇਲਾਜ ਲਈ ਦਵਾਖਾਨੇ ਨੂੰ ਵੀ ਬਾਦਸਤੂਰ ਜਾਰੀ ਰੱਖਿਆ ਸਗੋਂ ਹੋਰ ਵੱਡੇ ਦਵਾਖਾਨੇ ਦੇ ਰੂਪ ਵਿੱਚ ਵਿਕਸਤ ਕੀਤਾ। ਆਪ ਜੀ ਕੋਲ ਸ਼ਾਹੀ ਵੈਦ ਹਕੀਮਾਂ ਤੋਂ ਵੀ ਵਧੀਆ ਦਵਾਈਆਂ ਸਨ। ਮਿਸਾਲ ਵਜੋਂ ਜਦੋਂ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਤਾਂ ਉਸ ਨੂੰ ਕਿਧਰੋਂ ਵੀ ਅਰਾਮ ਨਹੀ ਸੀ ਆ ਰਿਹਾ। ਸ਼ਾਹ ਜਹਾਨ ਦੇ ਕਿਸੇ ਦਰਬਾਰੀ ਨੇ ਦੱਸਿਆ ਕਿ ਇਹ ਦਵਾਈ ਸਿਰਫ ਤੇ ਸਿਰਫ ਗੁਰੂ ਹਰਿਰਾਇ ਜੀ ਕੋਲ ਹੀ ਮਿਲ ਸਕਦੀ ਹੈ ਤਾਂ ਸ਼ਾਹ ਜਹਾਨ ਨੇ ਨਿਮਰਤਾ ਸਹਿਤ ਦਰਬਾਰੀ ਭੇਜਿਆ ਤਾਂ ਗੁਰੂ ਹਰਿਰਾਇ ਜੀ ਨੇ ਬਿਨ੍ਹਾਂ ਕਿਸੇ ਵੈਰ ਵਿਰੋਧ ਦੇ ਦਵਾਈ ਦੇ ਦਿੱਤੀ ਜਿਸਨੂੰ ਖਾਣ ਉਪਰੰਤ ਦਾਰਾ ਸ਼ਿਕੋਹ ਨੂੰ ਅਰਾਮ ਆ ਗਿਆ ਤਾਂ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ।ਸ਼ਾਹ ਜਹਾਨ ਦੇ ਚਾਰ ਪੁੱਤਰ ਸਨ- ਦਾਰਾ ਸ਼ਿਕੋਹ, ਸ਼ੁਜਾਹ, ਔਰੰਗਜ਼ੇਬ ਤੇ ਮੁਰਾਦ। ਸ਼ਾਹ ਜਹਾਨ ਬੀਮਾਰ ਪੈ ਗਿਆ ਤਾਂ ਉਸਨੇ ਆਪਣੀ ਬਾਦਸ਼ਾਹੀ ਚਾਰ ਹਿੱਸਿਆ ਵਿੱਚ ਵੰਡ ਦਿੱਤੀ।ਜਦੋਂ ਗੁਰੂ ਜੀ ਬਾਬਾ ਬਕਾਲਾ ਤੇ ਗੋਇੰਦਵਾਲ ਸਾਹਬ ਦੇ ਪ੍ਰਚਾਰ ਦੋਰੇ ਤੇ ਗਏ ਤਾਂ ਉਸ ਵਕਤ ਚਲਾਕੀ ਨਾਲ ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਸੀ ਤੇ ਦਾਰਾ ਸ਼ਿਕੋਹ ਜੋ ਸ਼ਾਹ ਜਹਾਨ ਦਾ ਪੁੱਤਰ ਸੀ ਜਾਨ ਬਚਾ ਕੇ ਭੱਜ ਨਿਕਲਿਆ ਸੀ ਤੇ ਉਸ ਵਕਤ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਨਾਲ ਹੀ  ਬੇਨਤੀ ਕੀਤੀ ਕਿ ਆਪ ਔਰੰਗਜ਼ੇਬ ਨੂੰ ਬਿਆਸ ਦਰਿਆ ਤੇ ਕੁਝ ਦੇਰ ਲਈ ਰੋਕ ਦਿਉ ਤਾਂ ਮੈਂ ਲਾਹੌਰ ਪਹੁੰਚ ਸਕਦਾ ਹਾਂ। ਗੁਰੂ ਜੀ ਨੇ ਔਰੰਗਜ਼ੇਬ ਨੂੰ ਬਿਆਸ ਦਰਿਆ ਤੇ ਕੁਝ ਸਮੇਂ ਲਈ ਰੋਕੀ ਰੱਖਿਆ। ਉਨ੍ਹੇ ਟਾਇਮ ਵਿੱਚ ਦਾਰਾ ਸ਼ਿਕੋਹ ਲਾਹੌਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ, ਪਰ ਔਰੰਗਜ਼ੇਬ ਨੇ ਪਿੱਛਾ ਕਰਕੇ ਉਸ  ਨੂੰ ਪੱਕੜ ਲਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ।ਔਰੰਗਜ਼ੇਬ ਨੇ ਆਪਣੇ ਤਿੰਨਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਤੇ ਆਪ ਤਖਤ ਦਾ ਵਾਰਿਸ ਬਣ ਗਿਆ।  ਜਦ ਔਰੰਗਜ਼ੇਬ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਨੇ ਦਾਰਾ ਸ਼ਿਕੋਹ ਨੂੰ ਬਚਾਉਣ ਲਈ ਉਸ ਦੀ ਮਦਦ ਕੀਤੀ ਹੈ। ਇਸੇ ਗੁੱਸੇ ਨੂੰ ਮਨ ਵਿੱਚ ਰੱਖ ਕੇ ਗੁਰੂ ਜੀ ਨੂੰ ਦਿੱਲੀ ਸੱਦਿਆ, ਪਰ ਗੁਰੂ ਜੀ ਨੇ ਉਸ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਦਿੱਤਾ। ਸੰਗਤਾਂ ਦੇ ਬਾਰ-ਬਾਰ ਕਹਿਣ ਤੇ ਕਿ ਹੰਕਾਰੀ ਬਾਦਸ਼ਾਹ ਨੇ ਬਾਣੀ ਤੇ ਜੋ ਉਂਗਲ ਉਠਾਈ ਹੈ, ਉਸ ਦਾ ਜਵਾਬ ਦੇਣ ਲਈ ਜਰੂਰ ਜਾਣਾ ਚਾਹੀਦਾ ਹੈ ਤਾਂ ਆਪ ਜੀ ਨੇ ਆਪਣੇ ਪੁੱਤਰ ਰਾਮਰਾਇ ਜੀ ਨੂੰ ਇਹ ਕਹਿ ਕੇ ਭੇਜਿਆ ਕਿ ਅਕਾਲ ਪੁਰਖ ਤੋਂ ਸਿਵਾ ਕਿਸੇ ਦਾ ਵੀ ਮਨ ਵਿੱਚ ਭੈਅ ਨਹੀ ਰੱਖਣਾ ਤੇ ਹਮੇਸ਼ਾਂ  ਸੱਚਾਈ ਤੇ ਪਹਿਰਾ ਦੇਣਾ, ਪਰ ਰਾਮਰਾਇ ਜੀ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਰਾਮਾਤਾਂ ਕਰ ਕੇ ਵਿਖਾਈਆਂ ਜਿਵੇਂ ਸ਼ੇਰ ਦਾ ਖਾਲੀ ਹੱਥ ਵਾਰ ਰੋਕਣਾ, ਕਲਪ ਬ੍ਰਿਛ ਦੇ ਫਲ ਧਰਤੀ ਤੇ ਲਿਆਉਣੇ, ਕਾਜ਼ੀ ਦੀ ਚਿੱਟੀ ਦਾੜੀ ਨੂੰ ਰੁਮਾਲ ਫੇਰ ਕੇ ਕਾਲਾ ਕਰਨਾ, ਦਿਨੇ ਅਕਾਸ਼ ਵਿੱਚ ਤਾਰੇ ਦਿਖਾਉਣੇ ਆਦਿ ਤੇ ਆਖਰ ਵਿੱਚ ਜਦੋਂ ਕਾਜ਼ੀਆਂ ਦੇ ਕਹਿਣ ਤੇ ਔਰੰਗਜ਼ੇਬ ਨੇ ਪੁੱਛਿਆਂ ਕਿ ਬਾਬੇ ਨਾਨਕ ਨੇ ਇਹ ਲਿਖਿਆ ਹੈ ਇਸ ਦਾ ਕੀ ਮਤਲਬ ਹੈ। 
ਸਲੋਕ ਮਹਲਾ 1 
ਮਿਟੀ ਮੁਸਲਮਾਨ ਕੀ, ਪੇੜੇ ਪਈ ਕੁਮ੍ਹਿਆਰ।।
ਘੜਿ ਭਾਂਡੇ ਇਟਾ ਕੀਆਂ, ਜਲਦੀ ਕਰੇ ਪੁਕਾਰ।।
ਜਲਿ ਜਲਿ ਰੋਵੈ ਬਪੁੜੀ, ਝੜਿ ਝੜਿ ਪਵਹਿ ਅੰਗਿਆਰ।।
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ।। 
ਤਾਂ ਰਾਮਰਾਇ ਜੀ ਡੋਲ ਗਏ ਤੇ ਪਵਿੱਤਰ ਬਾਣੀ ਦੀ ਤੁੱਕ ਬਦਲ ਦਿੱਤੀ ਕਿ ਬਾਦਸ਼ਾਹ ਕਿਧਰੇ ਨਰਾਜ਼ ਨਾ ਹੋ ਜਾਏ। ਕਿਹਾ ਕਿ ‘ਮਿਟੀ ਮੁਸਲਮਾਨ ਕੀ’ ਨਹੀ ਹੈ ‘ਮਿਟੀ ਬੇਈਮਾਨ ਕੀ’ ਠੀਕ ਸ਼ਬਦ ਹੈ।   ਪਤਾ ਲੱਗਣ ਤੇ ਗੁਰੂ ਹਰਿਰਾਇ ਜੀ ਨੇ ਰਾਮਰਾਇ ਜੀ ਨੂੰ ਕਿਹਾ ਕਿ ਤੁਸੀ ਗੁਰੂ ਨਾਨਾਕ ਜੀ ਦੀ ਬਾਣੀ ਦਾ ਨਿਰਾਦਰ ਕੀਤਾ ਹੈ।ਅੱਜ ਤੋਂ ਬਾਅਦ ਮੇਰੇ ਮੱਥੇ ਨਹੀ ਲੱਗਣਾ।ਔਰੰਗਜ਼ੇਬ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ  ਤੇ ਇਸੇ ਗੱਲ ਦਾ ਫਾਇਦਾ ਲੈਣ ਲਈ ਬਾਬਾ ਰਾਮ ਰਾਇ ਜੀ ਨੂੰ ਜਗੀਰ ਬਖਸ਼ ਦਿੱਤੀ। ਗੁਰੂ ਹਰਿਰਾਇ ਜੀ  ਗੁਰਗੱਦੀ ਆਪਣੇ ਛੋਟੇ ਪੁੱਤਰ ਸ੍ਰੀ (ਗੁਰੂ)ਹਰਿਕ੍ਰਿਸ਼ਨ ਜੀ ਨੂੰ ਸੋਂਪ ਕੇ ਆਪ ਜੋਤੀ ਜੋਤ ਸਮਾ ਗਏ।

 

ਧਰਮਿੰਦਰ ਸਿੰਘ ਵੜ੍ਹੈਚ(ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022, 
ਮੋਬਾ:97817-1690
  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template