ਸ੍ਰ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈ: ਵਿੱਚ ਪਿਤਾ ਸ੍ਰ. ਬਦਰ ਸਿੰਘ ਤੇ ਮਾਤਾ ਜੀਵਨ ਕੌਰ ਜੀ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਆਪ ਪੰਜ ਸਾਲ ਦੀ ਉਮਰ ਵਿੱਚ ਹੀ ਸਨ ਕਿ ਆਪ ਦੇ ਪਿਤਾ ਰੱਬ ਨੂੰ ਪਿਆਰੇ ਹੋ ਗਏ। ਆਪ ਨੂੰ ਆਪ ਜੀ ਦੀ ਮਾਤਾ ਨੇ ਆਪਣੇ ਭਰਾ ਸ੍ਰ. ਭਾਗ ਸਿੰਘ ਦੀ ਸਹਾਇਤਾ ਨਾਲ ਦਿੱਲੀ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਕੋਲ ਆਪ ਰਹਿ ਕੇ ਸੇਵਾ ਸਿਮਰਨ ਕਰਦੇ ਰਹੇ। ਮਾਤਾ ਸੁੰਦਰੀ ਜੀ ਆਪ ਜੀ ਦੀ ਨੇਕ ਨੀਤੀ ਤੋਂ ਬਹੁਤ ਖੁਸ਼ ਹੋਏ ਤੇ ਆਪ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦੇ ਸਨ। ਆਪ ਕਾਫੀ ਸਮਾਂ ਦਿੱਲੀ ਮਾਤਾ ਸੁੰਦਰੀ ਜੀ ਕੋਲ ਰਹੇ। ਇਸ ਦੌਰਾਨ ਆਪ ਜੀ ਨੇ ਕਈ ਭਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਸ਼ਸਤਰ ਵਿਦਿਆ ਵੀ ਆਪ ਜੀ ਨੇ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਵਿੱਚ ਹੀ ਪ੍ਰਾਪਤ ਕੀਤੀ। ਜਦੋਂ ਆਪ ਮਾਤਾ ਸੁੰਦਰੀ ਜੀ ਕੋਲੋਂ ਵਿਦਾ ਹੋਣ ਲੱਗੇ ਤਾਂ ਮਾਤਾ ਜੀ ਨੇ ਆਪ ਜੀ ਦੇ ਸਿੱਖੀ ਸਿੱਦਕ ਅਤੇ ਉ ੱਚੇ-ਸੁੱਚੇ ਜੀਵਨ ਨੂੰ ਦੇਖਦਿਆਂ ਆਪ ਜੀ ਨੂੰ ਢਾਲ, ਕਿਰਪਾਨ, ਗੁਰਜ, ਤੀਰ-ਕਮਾਨ ਤੇ ਇੱਕ ਚਾਂਦੀ ਦੀ ਚੋਬ ਦੇ ਕੇ ਨਵਾਜਿਆ। ਆਪ ਦਿੱਲੀ ਤੋਂ ਸਿੱਧੇ ਪੰਜਾਬ ਦੀ ਧਰਤੀ ਤੇ ਪਹੁੰਚੇ ਤੇ ਪੰਜਾਬ ਆਉਂਦਿਆ ਹੀ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਿਲ ਹੋ ਗਏ। ਜਲਦੀ ਹੀ ਆਪ ਨੇ ਆਪਣੇ ਨੇਕ ਸੁਭਾਉ ਤੇ ਤੇਜ਼ ਬੁੱਧੀ ਸਦਕਾ ਨਵਾਬ ਕਪੂਰ ਸਿੰਘ ਦੇ ਦਿਲ ਵਿੱਚ ਖਾਸ ਥਾਂ ਬਣਾ ਲਈ। 1748 ਈ: ਨੂੰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲ ਸਲਾਬਤ ਖਾਨ ਨੂੰ ਹਰਾਇਆ ਤੇ ਵਿਸਾਖੀ ਤੇ ਸ੍ਰੀ ਅਕਾਲ ਤਖਤ ਸਾਹਿਬ 65 ਜਥਿਆਂ ਨੂੰ 11 ਮਿਸਲਾਂ (ਬਾਰ੍ਹਵੀਂ ਮਿਸਲ ਫੂਲਕੀਆ ਪਾ ਕੇ) ਵਿੱਚ ਵੰਡਿਆ ਤੇ ਦਲ ਖਾਲਸਾ ਦੀ ਸਥਾਪਨਾ ਕੀਤੀ। ਇਹ ਮਿਸਲਾ ਸਨ:- ਮਿਸਲ ਸਿੰਘ ਪੁਰੀਆ ਜਾਂ ਫੈਜ਼ਲਪੁਰੀਆਂ- ਜਥੇਦਾਰ ਨਵਾਬ ਕਪੂਰ ਸਿੰਘ, ਮਿਸਲ ਆਹਲੂਵਾਲੀਆ- ਸ੍ਰ. ਜੱਸਾ ਸਿੰਘ ਆਹਲੂਵਾਲੀਆ, ਮਿਸਲ ਭੰਗੀਆਂ- ਜਥੇਦਾਰ ਹਰੀ ਸਿੰਘ ਭੰਗੀ, ਮਿਸਲ ਸ਼ੁੱਕਰਚੱਕੀਆ- ਸ੍ਰ. ਚੜ੍ਹਤ ਸਿੰਘ, ਮਿਸਲ ਨਿਸ਼ਾਨਾਂ ਵਾਲੀ- ਸ੍ਰ. ਦੁਸੰਧਾ ਸਿੰਘ, ਮਿਸਲ ਰਾਮਗੜ੍ਹੀਆ- ਸ੍ਰ. ਜੱਸਾ ਸਿੰਘ ਰਾਮਗੜ੍ਹੀਆ, ਮਿਸਲ ਸ਼ਹੀਦਾਂ- ਬਾਬਾ ਦੀਪ ਸਿੰਘ ਜੀ ਸ਼ਹੀਦ, ਮਿਸਲ ਕਨ੍ਹਈਆ- ਸ੍ਰ. ਜੈ ਸਿੰਘ ਕਾਨ੍ਹਾ, ਮਿਸਲ ਡੱਲੇਵਾਲੀਆ- ਸ੍ਰ. ਤਾਰਾ ਸਿੰਘ, ਮਿਸਲ ਨਕਈਆਂ- ਸ੍ਰ. ਹੀਰਾ ਸਿੰਘ ਲਾਹੌਰ, ਮਿਸਲ ਕਰੋੜਾਸਿੰਘੀਆ- ਕਰੋੜਾ ਸਿੰਘ ਪੰਜਗੜ੍ਹ, ਗੁਰਦਾਸਪੁਰ, ਮਿਸਲ ਫੂਲਕੀਆਂ- ਇਹ ਮਿਸਲ ਬਾਰਹਵੀਂ ਪਟਿਆਲਾ, ਨਾਭਾ, ਜੀਂਦ, ਫੂਲਕੀਆ ਤੇ ਫ਼ਰੀਗਕੋਟ ਦੇ ਰਾਜਿਆਂ ਦੀ ਕਾਇਮ ਹੋਈ ਸੀ। ਇਹਨਾਂ ਮਿਸਲਾਂ ਦੇ ਸਰਦਾਰਾਂ ਨੇ ਮਿਲ ਕੇ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਇਲਾਕੇ ਵੰਡ ਲਏ ਤੇ ਆਪਣੀ- ਆਪਣੀ ਸ਼ਕਤੀ ਨਾਲ ਕਬਜ਼ੇ ਕਰ ਲਏ। ਅਹਿਮਦ ਸ਼ਾਹ ਅਬਦਾਲੀ ਹੜ੍ਹ ਵਾਂਗ ਲਾਹੌਰ ਤੋਂ ਵਧਿਆ ਤੇ ਦਿੱਲੀ ਪਹੁੰਚ ਗਿਆ। ਲੁੱਟ ਮਾਰ ਸ਼ੁਰੂ ਕਰ ਦਿੱਤੀ , ਬਹੂ ਬੇਟੀਆਂ ਦੀ ਇੱਜ਼ਤ ਲੁੱਟੀ। ਬਾਦਸ਼ਾਹ ਆਲਮਗੀਰ ਦੀ ਖੂਬਸੂਰਤ ਤੇ ਜੁਆਨ ਬੇਟੀ ਜੂਹਰਾ ਬੇਗਮ ਦਾ ਨਿਕਾਹ ਜਬਰਦਸਤੀ ਆਪਣੇ ਪੁੱਤਰ ਤੈਮੂਰ ਸ਼ਾਹ ਨਾਲ ਕਰ ਦਿੱਤਾ। ਦਿੱਲੀ ਤੋਂ ਬਾਅਦ ਆਗਰਾ ਵੀ ਲੁੱਟਿਆ ਗਿਆ। ਹੋਲੀਆਂ ਦੇ ਦਿਨਾਂ ਵਿੱਚ ਮੱਥੁਰਾ ਬਿੰਦਰਾਬਨ ਪਹੁੰਚ ਕੇ ਹਿੰਦੂਆਂ ਦੇ ਮੰਦਰ ਲੁੱਟੇ। ਸੋਨੇ ਚਾਂਦੀ ਦੀਆਂ ਮੂਰਤੀਆਂ ਲੁੱਟ ਲਈਆਂ। ਖੂਬਸੂਰਤ ਨੌਜਵਾਨ ਲੜਕੀਆਂ ਦੀ ਬੇਪਤੀ ਕੀਤੀ। ਕਿਸੇ ਹਿੰਦੂ ਨੇ ਹਿੰਮਤ ਨਾ ਕੀਤੀ ਜੋ ਇਸ ਬੇਇੱਜ਼ਤੀ ਨੂੰ ਰੋਕ ਸਕਦਾ। ਲੁੱਟ ਮਾਰ ਕਰਕੇ ਅਬਦਾਲੀ ਫਿਰ ਦਿੱਲੀ ਪਹੁੰਚ ਗਿਆ। ਕੁੱਝ ਦਿਨ ਦਿੱਲੀ ਰਹਿ ਕੇ ਬਜ਼ੁਰਗ ਪੀਰ ਦੀ ਲੜਕੀ ਜੈਨਾ ਨੂੰ ਫੜਿਆ। ਮੁਹੰਮਦ ਸ਼ਾਹ ਦੀ 16 ਸਾਲ ਦੀ ਲੜਕੀ ਨਾਲ ਆਪਣੀ ਕਾਮਵਾਸ਼ਨਾ ਪੂਰੀ ਕਰਦਾ ਰਿਹਾ। ਸ਼ਾਹੀ ਖਾਨਦਾਨ ਦੀਆਂ 17 ਜਵਾਨ ਸ਼ਹਿਜ਼ਾਦੀਆਂ, 20,000 ਹਿੰਦੂ ਲੜਕੀਆਂ, ਔਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਰੋੜਾਂ ਰੁਪਿਆਂ ਦਾ ਲੁੱਟਿਆ ਮਾਲ, ਮੱਝਾਂ-ਗਾਂਵਾਂ, ਬਹੂ-ਬੇਟੀਆਂ ਦੇ ਹੱਥ ਪੈਰ ਬੰਨ੍ਹ ਕੇ ਗੱਡਿਆ ਤੇ ਬਿਠਾ ਕੇ, ਚਾਰੇ ਪਾਸੇ ਸ਼ਾਹੀ ਫੌਜ ਦਾ ਪਹਿਰਾ ਲਗਾ ਕੇ ਅਪ੍ਰੈਲ 1757 ਈ: ਨੂੰ ਦਿੱਲੀ ਤੋਂ ਕਾਬਲ ਵੱਲ ਚੱਲ ਪਿਆ। ਜਦੋ ਇਸ ਸਭ ਦਾ ਪਤਾ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਲੱਗਾ ਤਾਂ ਉਸਨੂੰ ਬਹੁਤ ਗੁੱਸਾ ਆਇਆ ਕਿ ਹਿੰਦੂਆਂ ਦੀ ਗੈਰਤ ਮਰ ਗਈ ਹੈ, ਕਿਸੇ ਦੀ ਹਿੰਮਤ ਨਹੀ ਪਈ ਕਿ ਉਸ ਜਾਲਮ ਨੂੰ ਰੋਕ ਸਕਦੇ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਲਲਕਾਰਿਆ ਤੇ ਜਿੱਥੇ-ਜਿੱਥੇ ਵੀ ਸਿੰਘ ਸਨ ਸੁਨੇਹੇ ਭੇਜੇ ਕਿ ਜੇ ਅਬਦਾਲੀ ਪੰਜਾਬ ਵਿੱਚੋਂ ਦੀ ਸਾਰਾ ਲੁੱਟ ਦਾ ਮਾਲ ਤੇ ਬਹੂ ਬੇਟੀਆਂ ਲੈ ਗਿਆ ਤਾਂ ਅਸੀ ਕਲਗੀਧਰ ਪਾਤਸ਼ਾਹ ਜੀ ਨੂੰ ਕੀ ਮੂੰਹ ਦਿਖਾਵਾਂਗੇ। ਅਬਦਾਲੀ ਦੇ ਦੰਦ ਖੱਟੇ ਕਰਨੇ ਹਨ। ਸੁਨੇਹੇ ਮਿਲਦਿਆਂ ਹੀ ਖਾਲਸਾ ਤਿਆਰ ਹੋ ਗਿਆ।
ਖਾਲਸਾ ਸੋਇ ਜੋ ਚੜ੍ਹਹਿ ਤੁਰੰਗ।
ਖਾਲਸਾ ਸੋ ਜੋ ਕਰੈ ਨਿਤ ਜੰਗ।
ਅਬਦਾਲੀ ਨੇ ਭਾਰਤ ਤੇ 1747 ਤੋਂ ਲੈ ਕੇ 1769 ਤੱਕ ਟੋਟਲ ਦਸ ਹਮਲੇ ਕੀਤੇ ਜੋ ਇਸ ਤਰ੍ਹਾਂ ਹਨ:- ਪਹਿਲਾ ਹਮਲਾ- 1747 ਈ:, ਦੂਜਾ ਹਮਲਾ- 1749 ਈ:, ਤੀਜਾ ਹਮਲਾ-1751 ਤੇ 1752 ਈ:, ਚੌਥਾ ਹਮਲਾ-1756 ਤੇ 1757 ਈ:, ਪੰਜਵਾਂ ਹਮਲਾ- 1759 ਤੇ 1761 ਈ:, ਛੇਵਾਂ ਹਮਲਾ- 1762 ਈ:, ਸੱਤਵਾਂ ਹਮਲਾ-1764 ਤੇ 1765 ਈ:, ਅੱਠਵਾਂ ਹਮਲਾ-1767 ਈ:, ਨੌਵਾਂ ਹਮਲਾ-1768 ਈ:, ਦੱਸਵਾਂ ਹਮਲਾ- 1769 ਈ: ਆਦਿ ਹਨ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਬਾਬਾ ਦੀਪ ਸਿੰਘ ਜੀ ਨਾਲ ਮਿਲ ਕੇ ਅਬਦਾਲੀ ਦੀ ਲੁੱਟ ਦਾ ਮਾਲ ਲੁੱਟ ਕੇ , ਬਹੂ ਬੇਟੀਆਂ ਨੂੰ ਛੁਡਾ ਕੇ ਉਸਦੀ ਕਾਫੀ ਫੌਜ ਮਾਰ ਦਿੱਤੀ ਤੇ ਅਬਦਾਲੀ ਮੁਸ਼ਕਿਲ ਨਾਲ ਜਾਨ ਬਚਾ ਕੇ ਦੌੜ ਗਿਆ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਨੇ ‘ਸੁਲਤਾਨੁਲ ਕੌਮ’ ਦਾ ਰੁਤਬਾ ਦਿੱਤਾ। 1762 ਈ: ਨੂੰ ਅਬਦਾਲੀ ਨੇ ਫਿਰ ਭਾਰਤ ਤੇ ਹਮਲਾ ਕੀਤਾ। ਅਬਦਾਲੀ ਨੇ 20,000 ਹਜਾਰ ਦੇ ਕਰੀਬ ਬੱਚੇ, ਬੁੱਢੇ,ਔਰਤਾਂ ਤੇ ਜੁਆਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਿੱਖ ਇਤਹਾਸ ਵਿੱਚ ‘ਵੱਡਾ ਘੱਲੂਘਾਰਾ’ ਕਰਕੇ ਜਾਣਿਆ ਜਾਦਾ ਹੈ। ਇਸ ਲੜਾਈ ਵਿੱਚ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੇ 22 ਫੱਟ ਸਰੀਰ ਤੇ ਲੱਗੇ ਸਨ। ਵਾਪਸ ਮੁੜਦਿਆਂ ਅਬਦਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਬਾਰੂਦ ਨਾਲ ਉਡਾ ਦਿੱਤਾ ਤੇ ਸਰੋਵਰ ਮਿੱਟੀ ਨਾਲ ਭਰ ਦਿੱਤਾ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ‘ਦਲ ਖਾਲਸਾ’ ਸੁਰਜੀਤ ਕੀਤਾ ਤੇ 1764 ਈ: ਨੂੰ ਸਰਹੰਦ ਤੇ ਹਮਲਾ ਕਰਕੇ ਫੋਜ਼ਦਾਰ ਜੈਨ ਖਾਂ ਨੂੰ ਮਾਰ ਦਿੱਤਾ ਤੇ ਸਾਰਾ ਸ਼ਹਿਰ ਮਿੱਟੀ ਵਿੱਚ ਮਿਲਾ ਦਿੱਤਾ।1765 ਈ: ਵਿੱਚ ਅਬਦਾਲੀ ਨੇ ਫਿਰ ਹਮਲਾ ਕੀਤਾ। ਇਸ ਹਮਲੇ ਦੌਰਾਨ ਅਬਦਾਲੀ ਨੇ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਵੇਖਦਿਆਂ ਸਮਝੌਤਾ ਕਰਨ ਦਾ ਯਤਨ ਕੀਤਾ ਤਾਂ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਨੂੰ ਠੁੱਕਰਾ ਦਿੱਤਾ। 1774 ਈ: ਨੂੰ ਕਪੂਰਥਲਾ ਨੂੰ ਰਾਜਧਾਨੀ ਬਣਾਇਆ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਇੱਕ ਮਹਾਨ ਜਰਨੈਲ ਤੇ ਧਰਮੀ ਪੁਰਖ ਸਨ। ਜਿੰਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਕੇ ਸਿੱਖਾਂ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ। ਅੰਤ 20 ਅਕਤੂਬਰ 1783 ਈ: ਨੂੰ ਮਹਾਨ ਜਰਨੈਲ ਸਦਾ ਲਈ ਸਾਡੇ ਕੋਲੋ ਵਿੱਛੜ ਗਿਆ। ਅੰਮ੍ਰਿਤਸਰ ਸਾਹਿਬ ਵਿੱਚ ਬਾਬਾ ਅਟੱਲ ਰਾਏ ਜੀ ਲਾਗੇ ਉਨ੍ਹਾਂ ਦੀ ਸਮਾਧ ਸਥਿੱਤ ਹੈ।ਸਿੱਖ ਕੌਮ ਦੇ ਇਸ ਮਹਾਨ ਜਰਨੈਲ ਨੂੰ ਕੋਟਿਨ-ਕੋਟਿ ਪ੍ਰਣਾਮ।
ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022
ਮੋਬਾ:97817-51690


0 comments:
Speak up your mind
Tell us what you're thinking... !