ਸਿਆਣੇ ਕਹਿੰਦੇ ਹਨ ਕਿ ਇੱਕ ਬੁਰਾਈ ਸੌ ਚੰਗਿਆਈਆਂ ਤੇ ਪਾਣੀ ਫੇਰ ਦਿੰਦੀ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬਾਰਨ ਵਿਚ ਤਿੰਨ ਪੰਜਾਬੀ ਨੌਜਵਾਨਾਂ ਨੇ ਇੱਕ ਗੋਰੀ ਨਾਲ ਪਹਿਲਾਂ ਵਟਸਐਪ ਤੇ ਦੋਸਤੀ ਕੀਤੀ ਉਸਨੂੰ ਬਹਾਨੇ ਨਾਲ ਕਿਸੇ ਜਗ੍ਹਾ ਤੇ ਬੁਲਾ ਕੇ ਡਰਾਇਆ ਧਮਕਾਇਆ ਫਿਰ ਉਸ ਨਾਲ ਬਲਾਤਕਾਰ ਕੀਤਾ। ਹੁਣ ਗੋਰੀ ਦੀ ਸ਼ਿਕਾਇਤ ਤੋਂ ਬਾਅਦ ਦੋ ਪੰਜਾਬੀਆਂ ਅਜੀਤਪਾਲ ਸਿੰਘ ਅਤੇ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇੱਕ ਦੀ ਹਾਲੇ ਭਾਲ ਜਾਰੀ ਹੈ। ਇਸ ਘਟਨਾ ਨਾਲ ਸਾਰੇ ਪੰਜਾਬੀ ਜਗਤ ਦਾ ਸਿਰ ਸ਼ਰਮ ਨਾਲ ਝੁਕ ਗਿਆ।
ਇੱਕ ਪਾਸੇ ਆਸਟ੍ਰੇਲੀਆ ਵਿਚ ਪੰਜਾਬੀ ਆਪਣੀ ਮਿਹਨਤ ਮਸ਼ੱਕਤ ਤੋਂ ਬਾਅਦ ਹੌਲੀ ਹੌਲੀ ਤਰੱਕੀਆਂ ਦੀਆਂ ਮੰਜ਼ਿਲਾਂ ਸਰ ਕਰਦੇ ਹੋਏ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ। ਕਈ ਪੰਜਾਬੀ ਇੱਥੋਂ ਦੀ ਰਾਜਨੀਤੀ ਵਿਚ ਸ਼ੁਰੂਆਤ ਕਰ ਰਹੇ ਹਨ, ਕਿਤੇ ਕੋਈ ਖਿਡਾਰੀ ਮੱਲ੍ਹਾਂ ਮਾਰ ਰਿਹਾ ਕੋਈ ਪੰਜਾਬੀ ਪੁਲਿਸ ਵਿਚ ਭਰਤੀ ਹੋ ਰਿਹਾ ਕੋਈ ਹੋਣਹਾਰ ਪੰਜਾਬਣ ਜੇ.ਪੀ. ਬਣ ਰਹੀ ਹੈ ਤੇ ਹੁਣ ਇੱਕ ਪੰਜਾਬੀ ਟੈਕਸੀ ਡਰਾਈਵਰ ਦਵਾਰਾ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਸਵਾਰੀ ਦੇ ਟੈਕਸੀ 'ਚ ਭੁੱਲੇ 1,10,000 ਡਾਲਰ ਵਾਪਸ ਕੀਤੇ। ਭਾਵ ਆਸਟ੍ਰੇਲੀਆ ਵਿਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਚੰਗੇ ਲੋਕ ਚੰਗੀਆਂ ਕੋਸ਼ਿਸ਼ਾਂ ਵਿਚ ਹਮੇਸ਼ਾ ਲੱਗੇ ਹੋਏ ਹਨ। ਪਰ ਦੂਜੇ ਪਾਸੇ ਇਹੋ ਜਿਹੀਆਂ ਗੰਦੀਆਂ ਕਾਂ ਗਿਆਰੀਆਂ ਸਾਡੀਆਂ ਚੰਗੀਆਂ ਕੋਸ਼ਿਸ਼ਾਂ ਅਤੇ ਆਸਟ੍ਰੇਲੀਆ ਵਿਚ ਪੰਜਾਬੀਆਂ ਦੇ ਪਾਏ ਚੰਗੇ ਯੋਗਦਾਨ ਨੂੰ ਹਜ਼ਾਰਾਂ ਮੀਲ ਪਿੱਛੇ ਖਿੱਚ ਕੇ ਲੈ ਜਾ ਰਹੇ ਹਨ। ਕਿਤੇ ਕੋਈ ਪੰਜਾਬੀ ਇੱਥੋਂ ਦੀ ਕੰਪਨੀ ਨਾਲ ਧੋਖਾ ਧੜੀ ਕਰਕੇ ਫ਼ੋਨ ਲੈ ਰਿਹਾ ਕੋਈ ਲੈਪਟਾਪ, ਕੋਈ ਕਰੈਡਿਟ ਕਾਰਡ ਚੋਂ ਗ਼ਲਤ ਪੈਸੇ ਕਢਾ ਰਿਹਾ ਕੋਈ ਟੈਕਸੀ ਦੀ ਜੌਬ ਕਰਦਾ ਆਪਣੀ ਹਵਸ ਪੂਰੀ ਕਰਨ ਲਈ ਗੋਰੀਆਂ ਨੂੰ ਫ਼ਰੀ ਘੁਮਾ ਰਿਹਾ ਹੈ ਤੇ ਹੁਣ ਇਹ ਬਲਾਤਕਾਰ ਜਿਸ ਨਾਲ ਸਾਰੇ ਪੰਜਾਬੀ ਜਗਤ ਦਾ ਸਿਰ ਸ਼ਰਮ ਨਾਲ ਝੁਕ ਗਿਆ। ਇਹ ਸਾਡੇ ਸਭ ਕਾਰਨਾਮੇ ਇੱਥੋਂ ਦੇ ਨੈਸ਼ਨਲ ਮੀਡੀਏ ਦੇ ਜਰੀਏ ਟੀ. ਵੀ., ਅਖ਼ਬਾਰ ,ਰੇਡੀਉ ਰਾਹੀਂ ਘਰੋ ਘਰ ਪਹੁੰਚ ਰਹੇ ਹਨ। ਸੋਚਣ ਅਤੇ ਸ਼ਰਮ ਵਾਲੀ ਗੱਲ ਹੈ ਕੀ ਇੱਜ਼ਤ ਰਹਿ ਜਾਂਦੀ ਹੋਵੇਗੀ ਸਾਡੀ ਇੱਥੋਂ ਦੇ ਨਾਗਰਿਕਾਂ ਵਿਚ। ਉਹ ਭਲੇਮਾਣਸੋ ਜੇ ਖੇਹ ਹੀ ਖਾਣੀ ਹੈ ਤਾਂ ਇਹ ਸੈਕਸ ਫ਼ਰੀ ਕੰਟਰੀ ਹੈ ਸੌ ਅੱਡੇ ਬਣੇ ਨੇ ਕੋਈ ਛੋਟਾ ਵੱਡਾ ਦੇਖਣ ਵਾਲਾ ਵੀ ਨਹੀਂ ਉੱਥੇ ਜਾ ਕੇ ਮੂੰਹ ਮਾਰ ਲਓ ਕਿਉਂ ਪੰਜਾਬੀਆਂ ਦੇ ਮੂੰਹ ਕਾਲਖ ਮਲਦੇ ਹੋ। ਪਹਿਲਾਂ ਹੀ ਅਸੀਂ ਇਥੇ ਪਿਛਲੇ ਸਮਿਆਂ ਵਿਚ ਸ਼ੀਸ਼ੇ ਭੰਨ ਕੇ ਮੁਜ਼ਾਹਰੇ ਕਰਕੇ ਗੱਡੀਆਂ ਟੇਰਨ ਰੋਕ ਕੇ ਬਹੁਤ ਘਾਟੇ ਖਾ ਚੁੱਕੇ ਹਾਂ ਸਾਡੀ ਹਰ ਗਤੀਵਿਧੀ ਹਰ ਚੰਗੇ ਬੁਰੇ ਕੰਮ ਦੀ ਰਿਪੋਰਟ ਇੱਥੋਂ ਦੀ ਸਰਕਾਰ ਤੱਕ ਪਹੁੰਚਦੀ ਹੈ ਉਸ ਤੇ ਵਿਚਾਰਾਂ ਹੁੰਦੀਆਂ ਹਨ ਫਿਰ ਉਸ ਤੇ ਫ਼ੈਸਲੇ ਲਏ ਜਾਂਦੇ ਹਨ (ਆਸਟ੍ਰੇਲੀਅਨ ਸਰਕਾਰ ਦਵਾਰਾ ਭਾਰਤੀ ਵਿਦਿਆਰਥੀਆਂ ਨੂੰ ਪੱਕੇ ਨਾ ਕਰਨ ਪਿੱਛੇ ਕਿਤੇ ਨਾ ਕਿਤੇ ਇਹ ਗੱਲਾਂ ਵੀ ਮੈਟਰ ਕਰਦੀਆਂ ਹਨ)
ਆਸਟ੍ਰੇਲੀਆ ਵਿਚ ਜੇ ਕੋਈ ਸਿਰ-ਫਿਰਿਆ ਸਾਨੂੰ ਗਾਲ੍ਹਾਂ ਕੱਢਦਾ ਜਾਂ ਘੂਰ ਜਾਂਦਾ ਹੈ ਤਾਂ ਦੂਜੇ ਦਿਨ ਪੰਜਾਬ ਵਿਚ ਮੁਜ਼ਾਹਰੇ ਹੋਣ ਲੱਗ ਜਾਂਦੇ ਨੇ ਪੰਥ ਖ਼ਤਰੇ 'ਚ ਆ ਜਾਂਦਾ ਆਸਟ੍ਰੇਲੀਆ ਦੇ ਝੰਡੇ ਸਾੜੇ ਜਾਂਦੇ ਨੇ। ਸੋਚੋ ਜੇ ਇਹ ਘਟਨਾ ਰੱਬ ਨਾ ਕਰੇ ਸਾਡੇ ਨਾਲ ਵਾਪਰੀ ਹੁੰਦੀ ਤਾਂ ਹੁਣ ਨੂੰ ਅਸੀਂ ਦੁਨੀਆ ਵਿਚ ਆਸਟ੍ਰੇਲੀਆ ਦੀ ਥੂ ਥੂ ਕਰਵਾ ਦੇਣੀ ਸੀ ਫੇਸਬੁੱਕ ਤੇ ਇਨਕਲਾਬ ਆ ਜਾਣਾ ਸੀ। ਇਹ ਗੱਲ ਸਾਡੇ ਪ੍ਰਧਾਨ ਮੰਤਰੀ ਤੱਕ ਪਹੁੰਚਣੀ ਸੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਡੀ ਹਰ ਕੋਸ਼ਿਸ਼ ਹੋਣੀ ਸੀ ਬਦਲਾ ਲੈਣ ਦੀ। ਪਰ ਸਾਨੂੰ ਇਸ ਘਿਨੌਣੀ ਘਟਨਾ ਦਾ ਅਫ਼ਸੋਸ ਹੁਣ ਵੀ ਹੈ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸਾਨੂੰ ਤਾਂ ਸਾਡੇ ਗੁਰੂਆਂ ਮਾਂ-ਬਾਪ ਨੇ ਇਹੀ ਸਿਖਾਇਆ ਬਈ ਧੀਆਂ ਭੈਣਾਂ ਗਊ ਗ਼ਰੀਬ ਦੀ ਰੱਖਿਆ ਕਰਨੀ ਹੈ। ਜੇ ਅਸੀਂ ਆਪਣਾ ਸਭ ਕੁਝ ਛੱਡ ਛਡਾ ਕੇ ਬੇਗਾਨੇ ਮੁਲਕ ਆਏ ਹਾਂ ਤਾਂ ਇਥੇ ਚੰਗੇ ਬਣ ਕੇ ਰਹਿਣਾ ਚਾਹੀਦਾ ਹੈ। ਇੱਥੋਂ ਦੀ ਤਰੱਕੀ ਵਿਚ ਵੱਖ ਵੱਖ ਤਰੀਕਿਆਂ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਅਸੀਂ ਮਾੜੇ ਕੰਮ ਕਰਦਿਆਂ ਸੋਚੀਏ ਕਿ ਸਾਡੀ ਇੱਕ ਗ਼ਲਤੀ ਦੂਜੇ ਹਜ਼ਾਰਾਂ ਲੋਕਾਂ ਲਈ ਮੁਸੀਬਤ ਨਾ ਬਣ ਜਾਵੇ। ਸਾਡੇ ਭੈਣ ਭਰਾਵਾਂ ਧੀਆਂ ਭੈਣਾਂ ਨੇ ਇਥੇ ਰਹਿਣਾ ਪੱਕੇ ਹੋਣਾ ਹੈ ਜਾਂ ਪੱਕੇ ਹੋਇਆਂ ਨੇ ਆਪਣੇ ਪੈਰ ਜਮਾਉਣੇ ਹਨ ਉਨ੍ਹਾਂ ਲਈ ਕੰਡੇ ਨਾ ਬੀਜੀਏ। ਰੱਬ ਤੋਂ ਡਰੀਏ ਕਿਤੇ ਇਹ ਨਾ ਹੋਵੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਨਾਲ ਵੀ ਵਾਪਰਨ ਲੱਗ ਜਾਣ। ਜੇ ਇੱਕ ਹੱਥ ਕਰਾਂਗੇ ਤਾਂ ਦੂਜੇ ਹੱਥ ਭਰਨਾ ਵੀ ਪੈਣਾ। ਸਾਡੇ ਸਾਰਿਆਂ ਦਾ ਵੀ ਇਹੀ ਫ਼ਰਜ਼ ਬਣਦਾ ਕਿ ਸਾਡੇ ਆਸ ਪਾਸ ਗ਼ਲਤ ਕੰਮ ਕਰ ਰਹੇ ਇਹੋ ਜਿਹੇ ਗ਼ਲਤ ਅਨਸਰਾਂ ਦਾ ਵਿਰੋਧ ਕਰੀਏ ਇਹਨਾਂ ਨੂੰ ਸਮਝਾਈਏ ਕਿ ਭਰਾਵੋ ਤੁਸੀਂ ਇਥੇ ਇੱਕ ਕੌਮ ਇੱਕ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹੋ ਮਾੜੇ ਕੰਮ ਕਰਦਿਆਂ ਕੁਝ ਤਾਂ ਸੋਚੋ ਪੰਜਾਬੀ ਤਾਂ ਇੱਜਤਾਂ ਦੀ ਰਾਖੀ ਕਰਦੇ ਮਰ ਮਿਟ ਜਾਂਦੇ ਹਨ ਤੁਸੀਂ ਤਾਂ ਪੰਜਾਬੀ ਕੌਮ ਨੂੰ ਹੀ ਮਾਰਨ ਮਿਟਾਉਣ ਤੇ ਤੁਲੇ ਹੋਏ ਹੋ। ਇਸ ਦੌਰਾਨ ਸਾਰੀਆਂ ਐਸੋਸੀਏਸ਼ਨਾਂ, ਕਲੱਬਾਂ, ਮੀਡੀਆ, ਬੁੱਧੀ-ਜੀਵੀ ਵਰਗ ਦਾ ਫ਼ਰਜ਼ ਬਣਦਾ ਕਿ ਇਸ ਘਿਨੌਣੀ ਘਟਨਾ ਦਾ ਪੁਰਜ਼ੋਰ ਵਿਰੋਧ ਕਰਨ ਤਾਂ ਜੋ ਇਸ ਤਰ੍ਹਾਂ ਦੇ ਘਟੀਆ ਵਰਤਾਰੇ ਨਾ ਵਾਪਰਨ। ਇੱਥੋਂ ਦੀ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਕੁਝ ਇੱਕ ਸਿਰ-ਫਿਰਿਆਂ ਨੂੰ ਛੱਡ ਕੇ ਅਸੀਂ ਸਾਰੇ ਇਸ ਤਰ੍ਹਾਂ ਦੇ ਨਹੀਂ ਹਾਂ।
ਕਰਨ ਬਰਾੜ (ਐਡੀਲੇਡ)
+61430850045


0 comments:
Speak up your mind
Tell us what you're thinking... !