Headlines News :
Home » » ਮੇਰੇ ਪਿੰਡ ਦੇ ਹੌਂਕੇ - ਮਿੰਟੂ ਗੁਰੂਸਰੀਆ

ਮੇਰੇ ਪਿੰਡ ਦੇ ਹੌਂਕੇ - ਮਿੰਟੂ ਗੁਰੂਸਰੀਆ

Written By Unknown on Saturday, 19 October 2013 | 03:44

ਸ਼ਾਹਾਂ ਦੀ ਵਹੀ 'ਚ ਡੁਸਕਣ ਚਾਅ ਮੁਟਿਆਰਾਂ ਦੇ,
ਬੈਂਕਾਂ ਕੋਲੇ ਗਿਰਵੀ ਹੋ ਗਏ ਸ਼ੌਂਕ ਦਿਲਦਾਰਾਂ ਦੇ,
ਉੱਤੋਂ ਖ਼ਤਰਾ ਸ਼ਾਪਿੰਗ ਮਾਲਾਂ ਤੋਂ ਖਾਲੇ ਬੰਨਾਂ ਨੂੰ
ਮੇਰੇ ਪਿੰਡ ਦੇ ਹੌਂਕੇ ਨਹੀਂ ਸੁਣਦੇ ਫ਼ਰੇਬੀ ਕੰਨਾਂ ਨੂੰ

ਸੱਥਾਂ ਹੋਈਆਂ ਸ਼ਮਸ਼ਾਨ ਨਾਲੇ ਤ੍ਰਿੰਝਣਾਂ ਖਾਲੀ ਨੇ,
ਧੀ ਤੋਰਣ ਲਈ ਕੱਲ ਬਲਦ ਵੇਚ'ਤੇ ਕਾਕੇ ਕੇ ਪਾਲੀ ਨੇ,
ਮਕਾਣਾਂ ਵਾਗੂੰ ਵੇਖਣ ਲੋਕੀਂ ਹੁਣ ਆਈਆਂ ਜੰਨਾਂ ਨੂੰ
ਮੇਰੇ ਪਿੰਡ ਦੇ ਹੌਂਕੇ.................................

ਧਰਤੀ 'ਤੇ ਨਰਕ ਹੰਢਾ ਰਹੇ ਨੇ ਵਾਰਸ ਸੁਰਗਾਂ ਦੇ,
ਹੁਣ ਕਿਹੜਾ ਪੂੰਝੇ ਵਗਦੇ ਅੱਥਰੂ ਮੇਰੇ ਬਜ਼ੁਰਗਾਂ ਦੇ,
ਕਿਸ ਕੰਮ 'ਤੇ ਲਾ ਦੇਵਣ, ਵੇਹਲੇ ਫਿਰਦੇ ਚੰਨਾਂ ਨੂੰ
ਮੇਰੇ ਪਿੰਡ ਦੇ ਹੌਂਕੇ...............................

ਪੂਰਬ ਵੱਲੋਂ ਸੂਰਜ ਚੜਦਾ ਸੁਨੇਹਾ ਲੈ ਕੇ ਫਿਕਰਾਂ ਦਾ,
ਹਰ ਰੂਹ ਦਾ ਸਾਹ ਚੁਭਦਾ ਬਣਕੇ ਕੰਡਾ ਕਿੱਕਰਾਂ ਦਾ,
ਹੁਣ ਕਿਹੜਾ ਪੂਰੇ ਖੁਸ਼ੀਆਂ ਨਾਲ ਪੈ'ਗੇ ਸੰਨਾਂ ਨੂੰ

ਮੇਰੇ ਪਿੰਡ ਦੇ ਹੌਂਕੇ................................

ਜੱਟਾਂ ਵਾਂਗੂੰ ਹੀ ਸੋਗ ਪਸਰਿਆ ਘਰ ਵਿਚ ਕੰਮੀਆਂ ਦੇ,
ਝੋਰੇ ਵੀ ਬਹੁਤ ਵੱਡੇ ਨੇ 'ਮਿੰਟੂ' ਇੰਨਾਂ ਧੀਆਂ ਲੰਮੀਆਂ ਦੇ,
ਵੋਟਾਂ ਵੇਲੇ ਗਲ ਲਾ ਲੈਂਦੇ ਲਾਚਾਰ ਜਿਹੇ ਤੰਨਾਂ ਨੂੰ
ਮੇਰੇ ਪਿੰਡ ਦੇ ਹੌਂਕੇ ਨਹੀਂ ਸੁਣਦੇ ਫਰੇਬੀ ਕੰਨਾਂ ਨੂੰ !!

ਮਿੰਟੂ ਗੁਰੂਸਰੀਆ
ਮੋਬਾ. 95921-56307
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template