ਤਵਾਰੀਖ਼ ਗੱਵਾਹੀ ਭਰਦੀ ਹੈ ਕਿ ਦੁਨੀਆ ’ਚ ਅਜਿਹੀਆਂ ਵਿਰਲੀਆਂ ਸ਼ਖ਼ਸੀਅਤਾਂ ਹੀ ਜਨਮੀਆਂ ਹਨ ਜਿਨ੍ਹਾਂ ਉਪਰ ਜਿਊਂਦੇ-ਜੀ ਇੱਜ਼ਤ ਅਤੇ ਦੌਲਤ ਦੀ ਦੇਵੀ ਭਰਪੂਰ ਮਿਹਰਬਾਨ ਹੋਈ ਹੈ। ਅਜਿਹੀਆਂ ਹੀ ਚੋਣਵੀਆਂ ਸ਼ਖ਼ਸੀਅਤਾਂ ਵਿਚੋਂ ਇਕ ਸੀ- ਸਾਹਿਰ ਲੁਧਿਆਣਵੀ ਜਿਸਨੇ ਉਰਦੂ ਸ਼ਾਇਰੀ ਦੇ ਮਾਧਿਅਮ ਜ਼ਰੀਏ ਅਦਬੀ ਅਤੇ ਫ਼ਿਲਮੀ ਖੇਤਰ ਵਿਚ ਅਜਿਹਾ ਨਾਮਣਾ ਖੱਟਿਆ ਕਿ ਅੱਜ ਤੀਕਰ ਉਸਦੇ ਰਿਕਾਰਡ ਨੂੰ ਤੋੜਣ ਵਾਲ਼ਾ ਕੋਈ ਦੂਜਾ ਮਨੁੱਖ ਪੈਦਾ ਨਹੀਂ ਹੋ ਸਕਿਆ। ਕਰੋੜਾਂ ਮਨਾਂ ਉਪਰ ਆਪਣੇ ਹੁਨਰ ਸਦਕਾ ਧਾਂਕ ਜਮਾਉਣ ਵਾਲ਼ੇ ਇਸ ਅਜ਼ੀਮ ਸ਼ਾਇਰ ਨੇ ਜਿੱਥੇ ਆਪਣੇ ਜਜ਼ਬਿਆਂ, ਤਜਰਬਿਆਂ, ਮਾਨਵੀ ਸਰੋਕਾਰਾਂ ਅਤੇ ਸਮਕਾਲੀ ਤਲਖ਼ ਹਕੀਕਤਾਂ ਦੀ ਬੇਹੱਦ ਕਾਮਯਾਬੀ ਨਾਲ਼ ਕਲਾਤਮਕ ਤਸਵੀਰਕਸ਼ੀ ਕੀਤੀ ਹੈ, ਉਥੇ ਸਰਮਾਏਦਾਰੀ ਨਿਜ਼ਾਮ ਦੀ ਧੱਕੇਸ਼ਾਹੀ ਅਤੇ ਫ਼ਿਰੰਗੀ ਹਕੂਮਤ ਦੇ ਜ਼ੁਲਮੋ-ਤਸ਼ੱਦੁਦ ਦਾ ਪਾਜ ਉਘੇੜਦਿਆਂ ਹੋਇਆਂ ਬੜੀ ਨਿਡਰਤਾ ਨਾਲ਼ ਉਸਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਜਨਤਾ ਦੇ ਅਧਿਕਾਰਾਂ ਦੇ ਹਿਮਾਇਤੀ ਇਸ ਮਹਾਨ ਸ਼ਾਇਰ ਨੇ ਸਮਾਜਿਕ ਕਾਣੀ-ਵੰਡ ਖ਼ਿਲਾਫ਼ ਆਖ਼ਰੀ ਸਾਹਾਂ ਤੀਕ ਬੇਖ਼ੌਫ਼ ਹੋ ਕੇ ਲਿਖਿਆ ਅਤੇ ਸੰਸਾਰ-ਅਮਨ ਦੇ ਖ਼ੂਬਸੂਰਤ ਨਗ਼ਮੇਂ ਸਿਰਜੇ।
8 ਮਾਰਚ 1921 ਨੂੰ ਸ਼ਾਮੀਂ 3 ਵਜੇ ਲੁਧਿਆਣਾ ਦੇ ਚੌਧਰੀ ਫ਼ਜ਼ਲ ਮੁਹੰਮਦ ਦੇ ਘਰ ਉਨ੍ਹਾਂ ਦੀ 8ਵੀਂ ਪਤਨੀ ਮਾਤਾ ਸਰਦਾਰ ਬੇਗ਼ਮ ਦੀ ਕੁੱਖੋਂ ਜਨਮੇ ਅਬਦੁਲ ਹਈ ਨੇ ਅਜਿਹੇ ਚੌਗ਼ਿਰਦੇ ਵਿਚ ਅੱਖ ਖੋਲ੍ਹੀ ਜਿੱਥੇ ਜਾਗੀਰਦਾਰੀ ਸਮਾਜ ਦੀਆਂ ਬਚੀਆਂ-ਖੁਚੀਆਂ ਨਿਸ਼ਾਨੀਆਂ ਅਤੇ ਅੰਗਰੇਜ਼ੀ ਹਕੂਮਤ ਦੇ ਤਸ਼ੱਦੁਦਾਂ ਦਾ ਬੋਲ਼ਬਾਲ਼ਾ ਸੀ। ਆਰੰਭਿਕ ਤਾਲੀਮ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਹਾਸਿਲ ਕਰਨ ਮਗਰੋਂ ਜੋਬਨ-ਰੁੱਤੇ ਨਿੱਜੀ ਇਸ਼ਕ ਵਿਚ ਅਸਫ਼ਲਤਾ ਅਤੇ ਖ਼ੂਨੀ ਮਾਹੌਲ਼ ਕਾਰਨ ਗੌਰਮਿੰਟ ਕਾਲਜ ਲੁਧਿਆਣਾ ਤੋਂ ਬੀ.ਏ. ਅੱਧ-ਵਿਚਕਾਰ ਛੱਡ ਕੇ ਉਹ ਲਾਹੌਰ ਅਤੇ ਫ਼ਿਰ ਦਿੱਲੀ ਪਹੁੰਚਿਆ। ਆਪਣਾ ਸਾਹਿੱਤਕ ਨਾਂ ‘ਸਾਹਿਰ’ ਰੱਖ ਕੇ ਕੁਝ ਸਮਾਂ ਉਸਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਰਸਾਲੇ ‘ਪ੍ਰੀਤਲੜੀ’ ਅਤੇ ਫ਼ਿਰ ਦਿੱਲੀ ਤੋਂ ਛਪਦੇ ‘ਸ਼ਾਹਰਾਹ’ ਦਾ ਸੰਪਾਦਨ ਕੀਤਾ। ਲਾਹੌਰ ਦੇ ਪ੍ਰਸਿੱਧ ਰਸਾਲੇ ‘ਅਦਬੇ-ਲਤੀਫ਼’ ਅਤੇ ‘ਸਵੇਰਾ’ ਵੀ ਉਸਨੇ ਸੰਪਾਦਿਤ ਕੀਤੇ। ਸੰਪਰਦਾਇਕ ਦੰਗਿਆਂ ਅਤੇ ਮਾਨਵੀ ਖ਼ੂਨ-ਖ਼ਰਾਬੇ ਦੇ ਪ੍ਰਤੀਕਰਮ ਵਜੋਂ 11 ਸਤੰਬਰ 1947 ਨੂੰ ਆੱਲ ਇੰਡੀਆ ਰੇਡੀਉ ਤੋਂ ਬੜੇ ਪ੍ਰਚੰਡ ਸੁਰ ਵਿਚ ਸਾਹਿਰ ਨੇ ‘ਆਜ’ ਨਾਮੀ ਕਵਿਤਾ ਪੜ੍ਹੀ ਜਿਸਨੇ ਪੂਰੇ ਹਿੰਦੁਸਤਾਨ ਵਿਚ ਇਕ ਤਹਿਲਕਾ ਮਚਾ ਦਿੱਤਾ।
ਪਹਿਲਾਂ-ਪਹਿਲ ਬਹੁਤੇ ਫ਼ਿਲਮਕਾਰਾਂ ਦੁਆਰਾ ਸਾਹਿਰ ਦੀ ਸ਼ਾਇਰੀ ਨੂੰ ਇਹ ਕਹਿੰਦਿਆਂ ਅਣਗ਼ੌਲਿਆਂ ਕੀਤਾ ਗਿਆ ਕਿ ਐਨੀ ਉੱਚ ਕਿਸਮ ਦੀ ਤਰੱਕੀਪਸੰਦ ਸ਼ਾਇਰੀ ਫ਼ਿਲਮੀ-ਸੰਸਾਰ ਦੇ ਫ਼ਿੱਟ ਨਹੀਂ ਬੈਠਦੀ। ਜੇਕਰ ਇਥੇ ਪੈਰ ਜਮਾਉਣੇ ਨੇ ਤਾਂ ਹਲਕੇ-ਫ਼ੁਲਕੇ ਅਤੇ ਫ਼ੜਕਦੀ ਕਿਸਮ ਦੇ ਗੀਤ ਲਿਖਣੇ ਪੈਣਗੇ ਨਹੀਂ ਤਾਂ ਤੁਹਾਡੇ ਕਲਾਮ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਪੁੱਛੇਗਾ ਪਰ ਇਸ ਖ਼ੁੱਦਦਾਰ ਸ਼ਾਇਰ ਨੇ ਇਸ ਚੁਨੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਆਖ਼ਿਰ ਆਪਣਾ ਝੰਡਾ ਖ਼ੁਦ ਬੁਲੰਦ ਕਰ ਵਿਖਾਇਆ। ਫ਼ਿਲਮੀ ਸਫ਼ਰ ਦੌਰਾਨ ਉਸਨੇ 1950 ਵਿਚ ਰਿਲੀਜ਼ ਪਹਿਲੀ ਫ਼ਿਲਮ ‘ਬਾਜ਼ੀ’ ਵਿਚ ਲਿਖੇ ਗੀਤਾਂ ਨਾਲ਼ ਹੀ ਜਨਤਾ ਦੇ ਦਿਲਾਂ ਅੰਦਰ ਇਨਸਾਨੀ ਜਜ਼ਬਾਤਾਂ ਦੀ ਚੰਗਿਆੜੀ ਮਘਾ ਦਿੱਤੀ। ਬਾਜ਼ੀ ਮਗਰੋਂ ਸਾਹਿਰ ਨੇ ਜਾਲ਼, ਪਿਆਸਾ, ਅੰਗਾਰੇ, ਆਜ ਔਰ ਕੱਲ੍ਹ, ਆਦਮੀ ਔਰ ਇਨਸਾਨ, ਅਮਾਨਤ, ਗ਼ਜ਼ਲ, ਜਾਗ੍ਰਿਤੀ, ਜ਼ਮੀਰ, ਦਿ ਬਰਨਿੰਗ ਟ੍ਰੇਨ, ਵਾਸਨਾ, ਤਾਜ ਮਹਿਲ, ਗੁੰਮਰਾਹ, ਕਾਜਲ, ਮਿਲਾਪ, ਹਮ ਦੋਨੋਂ, ਧੂਲ਼ ਕਾ ਫੂਲ, ਚਿਤਰਲੇਖਾ, ਬਰਸਾਤ ਕੀ ਰਾਤ, ਆਂਖ਼ੇਂ, ਹਮਰਾਜ਼, ਨੀਲਕਮਲ, ਦਾਗ਼, ਕਭੀ-ਕਭੀ, ਤ੍ਰਿਸ਼ੂਲ ਵਰਗੀਆਂ ਸੈਂਕੜੇ ਫ਼ਿਲਮਾਂ ਲਈ ਹਜ਼ਾਰਾਂ ਅਜਿਹੇ ਵਜ਼ਨਦਾਰ ਗੀਤ ਲਿਖੇ ਜਿਨ੍ਹਾਂ ਨੇ ਲੋਕ-ਮਨਾਂ ਅੰਦਰ ਇਕ ਆਦਰਯੋਗ ਮੁਕਾਮ ਸਥਾਪਿਤ ਕਰ ਲਿਆ। ਬਹੁਤੀਆਂ ਫ਼ਿਲਮਾਂ ਅਤੇ ਗਾਇਕਾਂ ਨੂੰ ਸ਼ੁਹਰਤ ਦੀ ਬੁਲੰਦੀ ਬਖ਼ਸ਼ਣ ਵਿਚ ਸਾਹਿਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਤੀਹ ਸਾਲਾਂ ਦੇ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਉਸਨੇ 30 ਸੰਗੀਤਕਾਰਾਂ ਦੇ ਸੰਗੀਤ ਹੇਠ 100 ਤੋਂ ਵਧੇਰੇ ਫ਼ਿਲਮਾਂ ਲਈ ਦਮਦਾਰ ਨਗ਼ਮੇਂ ਲਿਖੇ।
ਆਪਣੇ ਹੁਨਰ ਅਤੇ ਸ਼ਖ਼ਸੀਅਤ ਦੀ ਧਾਂਕ ਸਦਕਾ ਸਾਹਿਰ ਉਹ ਪਹਿਲਾ ਇਨਕਲਾਬੀ ਸ਼ਾਇਰ ਹੋਇਆ ਹੈ ਜਿਸਨੇ ਫ਼ਿਲਮਾਂ ਅੰਦਰ ਗੀਤਕਾਰਾਂ ਦੇ ਨਾਮ ਜਾਰੀ ਕਰਵਾਉਣ ਦੀ ਰਵਾਇਤ ਸ਼ੁਰੂ ਕਰਵਾਈ। ਉਸਦੀ ਲਾਸਾਨੀ ਸ਼ਖ਼ਸੀਅਤ ਦਾ ਉੱਘਾ ਕਮਾਲ ਇਹ ਸੀ ਕਿ ਫ਼ਿਲਮੀ-ਸੰਸਾਰ ਨਾਲ਼ ਜੁੜੇ ਹੋਣ ਦੇ ਬਾਵਜੂਦ ਉਸਨੇ ਸ਼ਾਇਰੀ ਦੇ ਮਿਆਰ ਨੂੰ ਉਮਰ-ਭਰ ਬੁਲੰਦ ਰੱਖਿਆ। ਹਲਕਾ-ਫ਼ੁਲਕਾ ਸੁਣਨ ਵਾਲਿਆਂ ਲਈ ਉਸਨੇ ਮਨੁੱਖੀ ਸਰੋਕਾਰਾਂ ਅਤੇ ਤਲਖ਼ ਹਕੀਕਤਾਂ ਨਾਲ਼ ਭਰਪੂਰ ਜਾਨਦਾਰ ਅਤੇ ਅਰਥ-ਪੂਰਵਕ ਗੀਤ ਅਜਿਹੇ ਸੁਹਜ-ਸਲੀਕੇ ਨਾਲ਼ ਪਰੋਸੇ ਕਿ ਹਰ ਸਰੋਤਾ ਉਸਦੀ ਕਲਮ ਦੇ ਜਲਵਿਆਂ ਦਾ ਧੁਰ ਤੀਕ ਦੀਵਾਨਾ ਹੋ ਗਿਆ। ਉਸਦੇ ਹੁਨਰ ਦੇ ਪ੍ਰਤਾਪ ਸਦਕਾ ਹੀ ਉਸਨੂੰ ਸ਼ੁਰੂਆਤੀ ਦੌਰ ਵਿਚ ਪ੍ਰਤੀ ਗੀਤ 10 ਹਜ਼ਾਰ ਰੁਪਏ ਸੇਵਾਫ਼ਲ ਹਾਸਿਲ ਹੋਇਆ ਕਰਦਾ ਸੀ। ਬਾਅਦ ’ਚ ਜਦ ਚਰਮ-ਸੀਮਾ ’ਤੇ ਪੁੁੱਜੀ ਸਲੀਮ-ਜਾਵੇਦ ਦੀ ਜੋੜੀ ਨੇ ਕਥਾ, ਪਟਕਥਾ ਅਤੇ ਸੰਵਾਦ ਲਿਖਣ ਲਈ ਇਕ-ਇਕ ਲੱਖ ਰੁਪਏ ਮੁਕੱਰਰ ਕਰ ਲਏ ਤਾਂ ਸਾਹਿਰ ਨੇ ਪ੍ਰਤੀ ਫ਼ਿਲਮ ਗੀਤ ਲਿਖਣ ਲਈ ਇਕ ਲੱਖ ਰੁਪਏ ਨਿਰਧਾਰਤ ਕਰ ਲਏ ਭਾਵੇਂ ਉਸ ਫ਼ਿਲਮ ਵਿਚ ਇਕ ਗੀਤ ਹੋਵੇ ਜਾਂ ਦਸ।
ਮੁਹੰਮਦ ਰਫ਼ੀ, ਮਹਿੰਦਰ ਕਪੂਰ, ਮੁਕੇਸ਼, ਕਿਸ਼ੋਰ ਕੁਮਾਰ, ਤਲਤ ਮਹਿਮੂਦ, ਮੰਨਾ ਡੇ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਜਿਹੇ ਵਿਸ਼ਵ-ਪ੍ਰਸਿੱਧ ਫ਼ਨਕਾਰਾਂ ਦੀਆਂ ਆਵਾਜ਼ਾਂ ਅਤੇ ਸਦਾਬਹਾਰ ਧੁਨਾਂ ’ਚ ਢਲ਼ਿਆ ਉਸਦਾ ਕਲਾਮ ਉਸਦੇ ਦਿਲੀ-ਪ੍ਰੇਮ, ਵਤਨ-ਪ੍ਰਸਤੀ, ਅਣਖ਼ ਅਤੇ ਦਲੇਰੀ ਦਾ ਠੋਸ ਸਬੂਤ ਹੈ। ਸੱਜਾਦ ਜ਼ਹੀਰ, ਕ੍ਰਿਸ਼ਨ ਅਦੀਬ, ਜਾਂਨਿਸਾਰ ਅਖ਼ਤਰ, ਕਤੀਲ ਸ਼ਿਫ਼ਾਈ, ਮਹਿੰਦਰ ਕਪੂਰ, ਕੈਫ਼ੀ ਆਜ਼ਮੀ, ਸ਼ਿਵ ਬਟਾਲਵੀ, ਅਜਾਇਬ ਚਿਤ੍ਰਕਾਰ ਉਸਦੇ ਬੜੇ ਕਰੀਬੀ ਮਿੱਤਰ ਰਹੇ ਹਨ। ਸਾਹਿਰ ਨੇ 1944 ਈ: ਵਿਚ ‘ਤਲਖ਼ੀਆਂ’, 1955 ’ਚ ‘ਪਰਛਾਈਆਂ’, ਇਸੇ ਸਾਲ ਹੀ ‘ਆਉ ਕਿ ਕੋਈ ਖ਼ਾਬ ਬੁਨੇਂ’ ਅਤੇ 1971 ’ਚ ‘ਗਾਤਾ ਜਾਏ ਬਨਜਾਰਾ’ ਵਰਗੀਆਂ ਅਨਮੋਲ਼ ਪੁਸਤਕਾਂ ਸਾਹਿਤ ਦੀ ਝੋਲ਼ੀ ਪਾਈਆਂ ਹਨ। ਤਲਖ਼ੀਆਂ ਦੀ ਕਾਮਯਾਬੀ ਵੇਖੋ ਕਿ ਹੁਣ ਤੀਕਰ ਇਸਦੇ 27 ਸੰਸਕਰਣ ਉਰਦੂ ਅਤੇ 15 ਹਿੰਦੀ ਵਿਚ ਛਪ ਚੁੱਕੇ ਹਨ। ਉਸਦੀਆਂ ਰਚਨਾਵਾਂ ਅੰਗਰੇਜ਼ੀ, ਰੂਸੀ, ਫ਼ਰਾਂਸੀਸੀ, ਫ਼ਾਰਸੀ, ਪੰਜਾਬੀ ਆਦਿ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦਿਤ ਹੋ ਕੇ ਦੁਨੀਆ ਦੇ ਕੋਨੇ-ਕੋਨੇ ਵਿਚ ਪੁੱਜ ਚੁੱਕੀਆਂ ਹਨ। ਉਸਦੀ ਸ਼ਾਇਰੀ ਲੋਕਾਂ ਨੂੰ ਮਿੱਠੀ ਲੋਰੀ ਦੇ ਕੇ ਸੁਆਉਣ ਵਾਲ਼ੀ ਨਹੀਂ ਬਲਕਿ ਝੰਜੋੜ ਕੇ ਜਗਾਉਣ ਦਾ ਇਨਕਲਾਬੀ ਉਪਰਾਲਾ ਕਰਦੀ ਹੈ। ਜਿਉਂ-ਜਿਉਂ ਗ਼ਫ਼ਲਤ ਦੀ ਨੀਂਦੇ ਸੁੱਤੇ ਲੋਕ ਜਾਗਣਗੇ ਅਤੇ ਜ਼ਮੀਨੀ ਹਕੀਕਤਾਂ ਪਛਾਣਨਗੇ, ਤਿਉਂ-ਤਿਉਂ ਉਸਦੀ ਸ਼ਾਇਰੀ ਦੀ ਮਹਾਨਤਾ ਅਤੇ ਪ੍ਰਸਿੱਧੀ ਦਾ ਘੇਰਾ ਵਿਸ਼ਾਲ ਹੁੰਦਾ ਜਾਏਗਾ। ਮਨੁੱਖ਼ਤਾ ਵਾਸਤੇ ਘਾਤਕ ਜੰਗਾਂ-ਯੁੱਗਾਂ ਬਾਰੇ ਉਹ ਲਿਖਦੈ:
ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਨਸਲੇ-ਆਦਮ ਕਾ ਖ਼ੂਨ ਹੈ ਆਖ਼ਿਰ।
ਜੰਗ ਮਸ਼ਰਿਕ ਮੇਂ ਹੋ ਯਾ ਮਗ਼ਰਿਬ ਮੇਂ
ਅਮਨੇ-ਆਲਮ ਕਾ ਖ਼ੂਨ ਹੈ ਆਖ਼ਿਰ।
ਗੌਰਮਿੰਟ ਕਾਲਜ ਲੁਧਿਆਣਾ ਵੱਲੋਂ 1970 ’ਚ ਗੋਲਡ ਮੈਡਲ਼ ਅਤੇ ਭਾਰਤ ਸਰਕਾਰ ਵੱਲੋਂ 1972 ’ਚ ਪਦਮ ਸ਼੍ਰੀ ਤੋਂ ਇਲਾਵਾ ਸੋਵੀਅਤ ਲੈਂਡ ਨਹਿਰੂ ਐਵਾਰਡ, ਉਰਦੂ ਅਕਾਦਮੀ ਐਵਾਰਡ, ਮਹਾਂਰਾਸ਼ਟਰ ਸਟੇਟ ਲਿਟਰੇਰੀ ਐਵਾਰਡ, ਦੋ ਫ਼ਿਲਮ ਫ਼ੇਅਰ ਐਵਾਰਡ 1964 ਅਤੇ 1977 ’ਚ ਅਤੇ 12 ਸਤੰਬਰ 1977 ’ਚ ਪੰਜਾਬ ਸਟੇਟ ਐਵਾਰਡ ਵਰਗੇ ਸਨਮਾਨ ਪ੍ਰਾਪਤ ਕੀਤੇ। 1972 ਵਿਚ ਮਹਾਂਰਾਸ਼ਟਰ ਸਰਕਾਰ ਨੇ ਉਸਨੂੰ ‘ਜਸਟਿਸ ਆੱਫ਼ ਦਿ ਪੀਸ’ ਅਤੇ ਫ਼ਿਰ ‘ਸਪੈਸ਼ਲ ਐਗ਼ਜ਼ੈਕਟਿਵ ਮੈਜਿਸਟ੍ਰੇਟ’ ਨਿਯੁਕਤ ਕੀਤਾ। ਫ਼ਿਲਮ ਕਭੀ-ਕਭੀ ’ਚ ਸਾਹਿਰ ਦੇ ਲਿਖੇ ਟਾਈਟਲ਼ ਗੀਤ ਦੁਆਰਾ ਸੰਗੀਤ-ਜਗਤ ’ਚ ਰਿਕਾਰਡ-ਤੋੜ ਕਾਮਯਾਬੀ ਹਾਸਿਲ ਕਰਨ ਬਦਲੇ ਐੱਚ.ਐੈੱਮ.ਵੀ. ਨੇ ਉਸਨੂੰ ਸੋਨੇ ਦੇ ਰਿਕਾਰਡ ਨਾਲ ਨਵਾਜ਼ਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਉਸਦੀ ਯਾਦ ’ਚ ‘ਗੁਲ-ਏ-ਸਾਹਿਰ’ ਨਾਮੀ ਗੁਲਦਾਉਦੀ ਦੇ ਇਕ ਖ਼ੂਬਸੂਰਤ ਪੌਦੇ ਦੀ ਖੋਜ ਕੀਤੀ। 1972 ਦੀ ਭਾਰਤ-ਪਾਕਿ ਜੰਗ ਵੇਲ਼ੇ ਭਾਰਤ ਸਰਕਾਰ ਦੀ ਫ਼ੁਰਮਾਇਸ਼ ਉਪਰ ਸਾਹਿਰ ਨੇ ਫ਼ੌਜ ਲਈ ‘ਫ਼ੌਜੀ ਤਰਾਨਾ’ ਲਿਖਿਆ। ਗੌਰਮਿੰਟ ਕਾਲਜ ਲੁਧਿਆਣਾ ਵੱਲੋਂ ਉਸ ਪ੍ਰਤੀ ਸਨੇਹ ਪ੍ਰਗਟਾਉਂਦਿਆਂ ਹੋਇਆਂ ‘ਗੁਲਿਸਤਾਨੇ-ਸਾਹਿਰ’ ਦਾ ਨਿਰਮਾਣ ਕਰਨ ਦੇ ਨਾਲ਼-ਨਾਲ਼ ਫ਼ੁਹਾਰਾ ਚੌਂਕ ਤੋਂ ਨਹਿਰੂ ਗਾਰਡਨ ਨੂੰ ਜਾਂਦੀ ਸੜਕ ਦਾ ਨਾਂ ‘ਸਾਹਿਰ ਲੁਧਿਆਣਵੀ ਮਾਰਗ’ ਰੱਖਿਆ ਗਿਆ ਹੈ। ਕਰਨਾਲ ਦੇ ਸਿਟੀ ਪਾਰਕ ’ਚ ਪੰਡਿਤ ਨਹਿਰੂ ਦੇ ਬੁੱਤ ਹੇਠਾਂ ਸਾਹਿਰ ਦੁਆਰਾ ਰਚਿਤ ਨਜ਼ਮ ਨੂੰ ਖ਼ੁਦਵਾਇਆ ਗਿਆ ਹੈ।
ਦੋਸਤਾਂ ਦੇ ਨਿੱਘੇ ਦੋਸਤ ਅਤੇ ਬੇਹੱਦ ਮਿਲਾਪੜੇ ਸਾਹਿਰ ਦੇ ਪ੍ਰੇਮ-ਪ੍ਰਸੰਗਾਂ ਅੰਦਰ ਮਹਿੰਦਰ ਚੌਧਰੀ, ਅੰਮ੍ਰਿਤਾ ਪ੍ਰੀਤਮ, ਲਤਾ ਮੰਗੇਸ਼ਕਰ ਆਦਿ ਕਈ ਨਾਂਵਾਂ ਦਾ ਸਮੇਂ-ਸਮੇਂ ਜ਼ਿਕਰ ਛਿੜਦਾ ਰਿਹਾ ਪਰ ਇਹ ਖ਼ੁੱਦਦਾਰ ਇਨਸਾਨ ਖ਼ੁਦ ਨੂੰ ਵਿਆਹ ਦੇ ਬੰਧਨ ਵਿਚ ਨਾ ਬੰਨ੍ਹ ਸਕਿਆ। ਸੰਸਾਰ-ਅਮਨ ਦੇ ਵਿਆਖ਼ਿਆਕਾਰ, ਜਨਤਾ ਦੇ ਪ੍ਰਤੀਨਿਧ ਅਤੇ ਜ਼ੁਲਮੋ-ਤਸ਼ੱਦੁਦ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲ਼ੇ 20ਵੀਂ ਸਦੀ ਦੇ ਇਸ ਮਹਾਨ ਸ਼ਾਇਰ ਨੇ 59 ਵਰ੍ਹੇ, 7 ਮਹੀਨੇ ਅਤੇ 17 ਦਿਨ ਦੀ ਅਉਧ ਭੋਗ ਕੇ 25 ਅਕਤੂਬਰ 1980 ਨੂੰ ਰਾਤੀਂ 10 ਵਜੇ ਬੰਬਈ ਵਿਖੇ ਆਪਣਾ ਆਖ਼ਰੀ ਸਾਹ ਲਿਆ। ਸਾਰੀ ਉਮਰ ਅਣਖ਼ ਅਤੇ ਸ਼ਾਨ ਨਾਲ਼ ਸਿਰ ਉੱਚਾ ਰੱਖਣ ਵਾਲ਼ੇ ਪੰਜਾਬ ਦੀ ਮਿੱਟੀ ਦੇ ਇਸ ਪੁੱਤਰ ਨੇ ਸੱਚ ਹੀ ਲਿਖਿਐ:
ਨ ਮੂੰਹ ਛੁਪਾ ਕੇ ਜੀਏ ਔਰ ਨ ਸਰ ਝੁਕਾ ਕੇ ਜੀਏ।
ਸਿਤਮਗਰੋਂ ਕੀ ਨਜ਼ਰ ਸੇ ਨਜ਼ਰ ਮਿਲਾ ਕੇ ਜੀਏ।
ਅਬ ਅਗਰ ਏਕ ਰਾਤ ਕਮ ਜੀਏ ਤੋ ਕਮ ਹੀ ਸਹੀ,
ਯਹੀ ਬਹੁਤ ਹੈ ਕਿ ਹਮ ਮਸ਼ਅਲੇਂ ਜਲਾ ਕੇ ਜੀਏ।
ਇਸ ਅਜ਼ੀਮ ਸ਼ਾਇਰ ਦੇ 92ਵੇਂ ਜਨਮ-ਦਿਹਾੜੇ ਮੌਕੇ ਨਮਨ ਕਰਦਿਆਂ ਹੋਇਆਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖ਼ਰਜੀ ਦੁਆਰਾ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ 8 ਮਾਰਚ 2013 ਨੂੰ ਡਾਕ-ਟਿਕਟ ਜਾਰੀ ਕਰਕੇ ਰਾਸ਼ਟਰ ਨੂੰ ਸਮਰਪਿਤ ਕੀਤੀ ਜਾ ਚੁੱਕੀ ਹੈ। ਹਰ ਵਰ੍ਹੇ ‘ਸਾਹਿਰ ਲੁਧਿਆਣਵੀ ਕਲਚਰਲ਼ ਸੈਂਟਰ, ਲੁਧਿਆਣਾ’ ਵੱਲੋਂ ਹਿੰਦ-ਪਾਕਿ ਮੁਸ਼ਾਇਰਾ ਆਯੋਜਿਤ ਕਰਵਾ ਕੇ ਸਾਹਿਰ ਨੂੰ ਸ਼ਰਧਾ-ਸੁਮਨ ਭੇਂਟ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ 25 ਮਾਰਚ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਹੱਥੋਂ ਸਾਹਿਰ ਨੂੰ ਸਮਰਪਿਤ ਕਲਚਰਲ਼ ਸੈਂਟਰ ਦਾ ਨੀਂਹ-ਪੱਥਰ ਰੱਖਿਆ ਗਿਆ ਸੀ ਪਰ ਤ੍ਰਾਸਦੀ ਇਹ ਹੈ ਕਿ ਅਜੇ ਵੀ ਉਸਦੀ ਉਸਾਰੀ ਹਕੀਕੀ ਰੂਪ ਧਾਰਨ ਨਹੀਂ ਕਰ ਸਕੀ। ਖ਼ੈਰ ਇਸ ਮਹਾਨ ਸ਼ਖ਼ਸੀਅਤ ਬਾਬਤ ਪੰਜਾਬ ਸਰਕਾਰ ਜਦੋਂ ਮਰਜ਼ੀ ਸੋਚੇ ਪਰ ਸਾਹਿਤ ਅਤੇ ਫ਼ਿਲਮ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਇਸ ਸਿਰਮੌਰ ਸ਼ਾਇਰ ਨੂੰ ਸਦਾ ਅਕੀਦਤ ਨਾਲ਼ ਯਾਦ ਕੀਤਾ ਜਾਂਦਾ ਰਹੇਗਾ।

ਜਸਵੰਤ ਭਾਰਤੀ
ਸਲੇਮਪੁਰਾ,
ਸਿਧਵਾਂ ਬੇਟ-142 033
(ਲੁਧਿਆਣਾ) ਫੋਨ: 9872727789

0 comments:
Speak up your mind
Tell us what you're thinking... !