Headlines News :
Home » » ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੂੰ ਚੇਤੇ ਕਰਦਿਆਂ - ਜਸਵੰਤ ਭਾਰਤੀ

ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੂੰ ਚੇਤੇ ਕਰਦਿਆਂ - ਜਸਵੰਤ ਭਾਰਤੀ

Written By Unknown on Friday, 11 October 2013 | 05:45

ਇਤਿਹਾਸ ਗੱਵਾਹ ਹੈ ਕਿ ਸੰਸਾਰ ਅੰਦਰ ਅਜਿਹੇ ਵਿਰਲੇ ਹੀ ਸ਼ਖ਼ਸ ਜਨਮੇ ਹਨ ਜਿਨ੍ਹਾਂ ਨੇ ਆਪਣੇ ਬੁਲੰਦ ਕਾਰਨਾਮਿਆਂ ਦੀ ਬਦੌਲਤ ਆਪਣੇ ਜੀਵਨ-ਕਾਲ ਦੌਰਾਨ ਖ਼ੂਬ ਇੱਜ਼ਤ ਅਤੇ ਦੌਲਤ ਖੱਟੀ। ਅਜਿਹੇ ਹੀ ਮਹਾਨ ਇਨਸਾਨਾਂ ਵਿੱਚੋਂ ਇਕ ਸੀ-ਸ਼ਿਵ ਕੁਮਾਰ ਬਟਾਲਵੀ।ਨਿੱਕੀ ਉਮਰੇ ਲੰਮੇਰੇ ਪੰਧ ਤੈਅ ਕਰਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨਣ ਅਤੇ ਬਿਰਹਾ ਦੇ ਗੀਤਾਂ ਦਾ ਢੰਡੋਰਾ ਫੇਰਣ ਵਾਲ਼ੇ ਗੱਭਰੂਆਂ ਅਤੇ ਮੁਟਿਆਰਾਂ ਦੇ ਮਹਿਬੂਬ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਬਿਰਹਾ, ਦਰਦ, ਪ੍ਰੇਮ, ਨਿਰਾਸ਼ਾ, ਕਾਮ ਅਤੇ ਮੌਤ ਵਰਗੇ ਵਿਸ਼ਵ-ਵਿਆਪੀ ਵਿਸ਼ਿਆਂ ਉਪਰ ਜਿਸ ਸ਼ਿੱਦਤ ਅਤੇ ਪ੍ਰਚੰਡਤਾ ਨਾਲ਼ ਕਲਮ-ਅਜ਼ਮਾਈ ਕੀਤੀ ਹੈ, ਅੱਜ ਤੀਕ ਪੰਜਾਬੀ ਸਾਹਿਤ ਵਿਚ ਉਸਦਾ ਕੋਈ ਹੋਰ ਸਾਨੀ ਪੈਦਾ ਨਹੀਂ ਹੋ ਸਕਿਆ। ਪੰਜਾਬੀ ਸਾਹਿਤ ਦੇ ਅੰਬਰ ਦਾ ਇਹ ਧਰੂ ਤਾਰਾ 37-ਕੁ ਵਰ੍ਹਿਆਂ ਦੀ ਥੁੜ੍ਹਚਿਰੀ ਹੋਂਦ ਦੇ ਬਾਵਜੂਦ ਵੀ ਆਪਣੀ ਸਰੋਦੀ ਸੁਰ ਅਤੇ ਹੁਨਰ ਸਦਕਾ ਆਪਣੇ ਪੂਰਬਲੇ ਕਵੀਆਂ ਨਾਲ਼ੋਂ ਕਿਤੇ ਵੱਧ ਸ਼ੋਹਰਤ ਦੀਆਂ ਸਿਖ਼ਰਾਂ ਨੂੰ ਛੂਹ ਗਿਆ।
ਇਸ ਅਜ਼ੀਮ ਸ਼ਾਇਰ ਨੇ ਅੱਜ ਦੇ ਦਿਨ 23 ਅਕਤੂਬਰ 1937 ਨੂੰ ਤਹਿਸੀਲ਼ ਸ਼ੰਕਰਗੜ੍ਹ (ਮੌਜੂਦਾ ਪਾਕਿਸਤਾਨ) ਦੇ ਪਿੰਡ ਲੋਹਟੀਆਂ ਵਿਖੇ ਮਾਂ ਸ਼ਾਂਤੀ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਦੇ ਘਰ ਸਾਰਸਵਤ ਬ੍ਰਾਹਮਣ ਪਰਿਵਾਰ ਵਿਚ ਜਨਮ ਲਿਆ। ਕੁਝ ਸਾਹਿਤਕਾਰਾਂ ਨੇ ਉਨ੍ਹਾਂ ਦੀ ਜਨਮ-ਮਿਤੀ 23 ਜੁਲਾਈ ਲਿਖੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਜਾਪਦੀ। ਮੁੱਢਲੀ ਵਿੱਦਿਆ ਉਸਨੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚੋਂ ਹਾਸਿਲ ਕੀਤੀ। ਪਿੰਡ ਵਿਚ ਕਿਧਰੇ ਨਕਲਚੀਆਂ ਦਾ ਅਖਾੜਾ ਹੁੰਦਾ ਜਾਂ ਕੁੜੀਆਂ ਦਾ ਤ੍ਰਿੰਞਣ, ਕੋਈ ਰਿੱਛ ਨਾਲ਼ ਲੜਣ ਵਾਲ਼ਾ ਮਸਤ ਕਲੰਦਰ ਆਉਂਦਾ ਜਾਂ ਕੋਈ ਮਦਾਰੀ, ਸ਼ਿਵ ਹਰ ਥਾਂ ਮੂਹਰੇ ਹੁੰਦਾ।ਇੰਝ ਲਗਦਾ ਸੀ ਜਿਵੇਂ ਪਿੰਡ ਨੂੰ ਸ਼ਿਵ ਦੇ ਰੂਪ ਵਿਚ ਮਸਤ ਮਲੰਗ ਸ਼ਾਹ ਹੁਸੈਨ ਮਿਲ਼ ਗਿਆ ਹੋਵੇ।
1947 ਦੇ ਕਹਿਰ-ਭਰੇ ਵਰ੍ਹੇ’ਚ ਫ਼ਿਰੰਗੀ ਹਕੂਮਤ ਦੀ ਸ਼ਹਿ ’ਤੇ ਭੜਕੇ ਫ਼ਿਰਕੂ ਫ਼ਸਾਦਾਂ ਮੌਕੇ ਅੱਵਾਮ ਦੀ ਹੋ ਰਹੀ ਵੱਢ-ਟੁੱਕ ਦੌਰਾਨ ਉਸਨੇ ਹਿੰਦੂਆਂ-ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਦੇ ਖ਼ੂਨ ਵਿਚ ਹੱਥ ਰੰਗਦਿਆਂ, ਘੁੱਗ ਵੱਸਦੇ ਘਰਾਂ ਨੂੰ ਪਲ਼ਾਂ ’ਚ ਸੁਆਹ ਹੁੰਦਿਆਂ ਅਤੇ ਸਿਸਕਦੀਆਂ ਜਾਨਾਂ ਨੂੰ ਤਰਲ਼ੇ ਪਾਉਂਦਿਆਂ ਅੱਖੀਂ ਵੇਖਿਆ।1949’ਚ ਆਪਣੇ ਤਹਿਸੀਲਦਾਰ ਪਿਤਾ ਦੀ ਬਦਲੀ ਹੋਣ ਕਾਰਨ ਉਹ ਆਪਣੇ ਜੱਦੀ ਪਿੰਡ ਤੋਂ ਸ਼ਰਨਾਰਥੀ ਹੋ ਕੇ ਬਟਾਲੇ ਆਣ ਵੱਸਿਆ ਅਤੇ ਇਥੋਂ ਦੇ ਸਾਲਵੇਸ਼ਨ ਆਰਮੀ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਨ ਪਿੱਛੋਂ ਇਥੋਂ ਦੇ ਹੀ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਚ ਐੱਫ਼.ਐੱਸ.ਸੀ. ਕਰਨ ਵਾਸਤੇ ਦਾਖ਼ਲ ਹੋ ਗਿਆ। ਦੂਜੇ ਹੀ ਵਰ੍ਹੇ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਸ਼ਿਵ ਨੇ ਬੈਜਨਾਥ ਵਿਖੇ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ ਪਰ ਛੇਤੀ ਹੀ ਇਸ ਕੋਰਸ ਨੂੰ ਵੀ ਅਧੂਰਿਆਂ ਛੱਡ ਕੇ ਉਸਨੇ ਪਿਤਾ-ਪੁਰਖ਼ੀ ਕਿੱਤੇ ਪਟਵਾਰੀ ਦਾ ਕੰਮ ਸ਼ੁਰੂ ਕਰ ਦਿੱਤਾ। 
ਬਚਪਨ ਦੇ ਭੋਲ਼ੇ-ਭਾਲ਼ੇ ਦੌਰ ਸਮੇਂ ਕਿੱਛੀ, ਬੰਸੀ, ਵੀਰੋ, ਸ਼ੀਸ਼ੋ ਆਦਿ ਕੰਜਕਾਂ ਨੇ ਖ਼ੂਬਸੂਰਤੀ ਦੇ ਇਸ ਪੈਗ਼ੰਬਰ ਅੰਦਰ ਸੁੱਤੇ ਇਸ਼ਕ ਦੇ ਜਜ਼ਬਿਆਂ ਨੂੰ ਜਗਾਉਣ ਦਾ ਯਤਨ ਕੀਤਾ। ਬੇਸ਼ੱਕ ਸ਼ਿਵ ਦੀ ਜ਼ਿੰਦਗੀ ’ਚ ਕਈ ਲੜਕੀਆਂ ਆਈਆਂ ਜਿਹੜੀਆਂ ਉਸ ਪਾਸੋਂ ਕਈ ਖ਼ੂਬਸੂਰਤ ਰਚਨਾਵਾਂ ਦੀ ਸਿਰਜਣਾ ਕਰਵਾ ਗਈਆਂ ਪਰ ਉਸਨੂੰ ਧੁਰੋਂ ਸਭ ਤੋਂ ਵੱਧ ਝੰਜੋੜਣ ਵਾਲ਼ੀ ਕੁੜੀ ਸੀ-ਮੀਨਾ। ਮੀਨਾ ਦੇ ਸ਼ੋਖ਼ ਹੁਸਨ ਦੀ ਤਾਰੀਫ਼ ਕਰਦਿਆਂ ਅੰਮ੍ਰਿਤਾ ਪ੍ਰੀਤਮ ਲਿਖਦੀ ਹੈ, “ਮੀਨਾ ਸ਼ਿਵ ਦੀ ਜ਼ਿੰਦਗੀ ਵਿਚ ਉਹ ਪਹਿਲੀ ਕੁੜੀ ਸੀ ਜਿਸ ਨੂੰ ਉਸਨੇ ਬੈਜਨਾਥ ਮੇਲੇ ਵਿਚ ਵੇਖਿਆ ਅਤੇ ਵੇਖਦਾ ਹੀ ਰਹਿ ਗਿਆ।ਸ਼ਿਵ-ਮੀਨਾ ਦੇ ਇਸ਼ਕ ਦੇ ਰਾਹ ਉੱਤੇ ਤੁਰਦਿਆਂ ਦੋ ਵਰ੍ਹੇ ਹੀ ਬੀਤੇ ਸਨ ਕਿ ਅਚਨਚੇਤ ਮੀਨਾ ਮਿਆਦੀ ਬੁਖ਼ਾਰ ਦੀ ਸ਼ਿਕਾਰ ਹੋ ਕੇ ਸ਼ਿਵ ਨੂੰ ਸਾਰੀ ਉਮਰ ਵਾਸਤੇ ਬਿਰਹਾ ਦੀ ਰੜਕ ਦੇ ਗਈ। ਮੀਨਾ ਦੀ ਅਚਾਨਕ ਮੌਤ ਦੇ ਸਦਮੇ ਦਾ ਸ਼ਿਕਾਰ ਸ਼ਿਵ ਸ਼ੁਦਾਈਆਂ ਵਾਂਗ ਝੱਲਾ ਹੋ ਕੇ ਅਕਸਰ ਭਟਕਦਾ ਰਹਿੰਦਾ।”
ਮੀਨਾ ਮਗਰੋਂ ਇਕ ਹੋਰ ਬੇਨਾਮ ਲੜਕੀ ਸ਼ਿਵ ਦੇ ਹਨੇਰੇ ਜੀਵਨ ਵਿਚ ਰਿਸ਼ਮ ਬਣ ਕੇ ਆਈ ਅਤੇ ਉਸਦੀ ਭਟਕਦੀ ਜ਼ਿੰਦਗੀ ਨੂੰ ਫ਼ਿਰ ਤੋਂ ਇਸ਼ਕ ਦੀ ਸੂਲੀ ਚੜ੍ਹਾ ਕੇ ਪਰਦੇਸ ਟੁਰ ਗਈ।ਉਮਰ-ਭਰ ਸ਼ਰਾਬ ਅਤੇ ਸ਼ਾਇਰੀ ਦੇ ਇਸ ਹਮਸਫ਼ਰ ਨੇ ਭਾਸ਼ਾ ਵਿਭਾਗ ਪੰਜਾਬ ਦੇ ਮੰਚਾਂ ਉਪਰ ‘ਕੰਡਿਆਲ਼ੀ ਥੋਹਰ’ ਵਰਗੀਆਂ ਰਚਨਾਵਾਂ ਰਾਹੀਂ ਧੁੰਮਾਂ ਮਚਾਉਣ ਪਿੱਛੋਂ ਆਪਣੇ ਗੀਤਾਂ ਦੀ ਮੈਨਾ ਭਾਵ ਮੀਨਾ ਨੂੰ ਸਮਰਪਿਤ 1960 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਪੀੜਾਂ ਦਾ ਪਰਾਗ਼ਾ’ ਰਾਹੀਂ ਪ੍ਰਵੇਸ਼ ਕੀਤਾ।‘ਪੀੜਾਂ ਦਾ ਪਰਾਗ਼ਾ’ ਜ਼ਰੀਏ ਸ਼ਿਵ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਪਲੇਠੀ ਕਿਰਤ ਸਦਕਾ ਹੀ ਉਹ ਨੌਜੁਆਨਾਂ ਅਤੇ ਮੁਟਿਆਰਾਂ ਦਾ ਮਹਿਬੂਬ ਸ਼ਾਇਰ ਬਣ ਗਿਆ। ਹਰ ਵਰ੍ਹੇ ਪੰਜਾਬੀ ਸਾਹਿਤ ਦੀ ਝੋਲ਼ੀ ’ਚ ਇਕ ਪੁਸਤਕ ਪਾਉਣ ਵਾਲ਼ੇ ਸ਼ਿਵ ਨੇ ਅਗਲੇ ਵਰ੍ਹੇ ‘ਲਾਜਵੰਤੀ’ ਨੂੰ ਪਾਠਕਾਂ ਦੇ ਸਨਮੁਖ਼ ਰੱਖਿਆ। ਹੁਣ ਉਸਦੀ ਕਾਵਿਕ ਸ਼ੋਹਰਤ ਇੰਨੀ ਜ਼ਿਆਦਾ ਫ਼ੈਲ ਚੁੱਕੀ ਸੀ ਕਿ ਸਰਕਾਰ ਨੇ ਉਸਨੂੰ ਸਟੇਟ ਬੈਂਕ ਆੱਫ਼ ਇੰਡੀਆ ਦੀ ਬਟਾਲਾ ਸ਼ਾਖ਼ਾ ਵਿਚ ਨੌਕਰੀ ਦੇ ਦਿੱਤੀ।‘ਪੀੜਾਂ ਦਾ ਪਰਾਗ਼ਾ’ ਉਪਰ ਸਾਹਿਤ ਸਮੀਖ਼ਿਆ ਬੋਰਡ ਪੰਜਾਬ ਵੱਲੋਂ ਇਨਾਮ ਜਿੱਤਣ ਉਪਰੰਤ 1962’ਚ ਉਸਨੇ ਫ਼ਿਲਮੀ ਅਦਾਕਾਰ ਬਲਰਾਜ ਸਾਹਨੀ ਨੂੰ ਸਮਰਪਿਤ ਕਾਵਿ-ਸੰਗ੍ਰਹਿ ‘ਆਟੇ ਦੀਆਂ ਚਿੜੀਆਂ’ ਪ੍ਰਕਾਸ਼ਿਤ ਕਰਵਾ ਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ ਦੀ ਸਰਵੋਤਮ ਰਚਨਾ ਦਾ ਪੁਰਸਕਾਰ ਝੋਲ਼ੀ ’ਚ ਪੁਆਇਆ। ਫ਼ਿਰ 1963’ਚ ਬਲਵੰਤ ਗਾਰਗੀ ਨੂੰ ਅਰਪਿਤ ‘ਮੈਨੂੰ ਵਿਦਾ ਕਰੋ’ ਰਾਹੀਂ ਉਸਨੇ ਜੋਬਨ ਰੁੱਤੇ ਮਰਨ ਦੀ ਆਪਣੀ ਭਵਿੱਖਬਾਣੀ ਜਾਰੀ ਕੀਤੀ।
ਅਦਬੀ ਸਫ਼ਰ ਦੌਰਾਨ ਉਸਨੇ 1964’ਚ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਬਿਰਹਾ ਤੂ ਸੁਲਤਾਨ’ ਰਾਹੀਂ ਅੱਗੇ ਕਦਮ ਪੁੱਟਦਿਆਂ ਇਸਦੀ ਆਰੰਭਿਕ ਭੂਮਿਕਾ ਵਿਚ ਆਪਣੇ ਨਿੰਦਕਾਂ ਨੂੰ ਬਾਗ਼ੀ ਸੁਰ ਵਿਚ ਮੂੰਹ-ਤੋੜਵਾਂ ਜੁਆਬ ਦਿੱਤਾ। ਇਕ ਸੰਗ੍ਰਹਿ ‘ਦਰਦਮੰਦਾਂ ਦੀਆਂ ਆਹੀਂ’1964’ਚ ਉਸਨੇ ਆਪਣੇ ਮਿੱਤਰ ਦਲੀਪ ਸਿੰਘ ਦੀ ਦੋਸਤੀ ਨੂੰ ਸਮਰਪਿਤ ਕੀਤਾ। ਇਸ ਮਗਰੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਪਿਤ ਮਹਾਂਕਾਵਿ ‘ਲੂਣਾ’ ਦੇ ਰੂਪ ਵਿਚ ਉਸਨੇ ਅਜਿਹੀ ਸ਼ਾਹਕਾਰ ਕਿਰਤ ਦੀ ਰਚਨਾ ਕੀਤੀ ਕਿ ਇਸ ਉਪਰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪੱਲੇ ਪੁਆਉਣ ਵਾਲ਼ਾ ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ ਸਾਹਿਤਕਾਰ ਹੋ ਨਿੱਬੜਿਆ।
1967’ਚ ਮੰਗਿਆਲ (ਮਾਧੋ ਬੇਟ) ਦੀ ਇਕ ਸੁੰਦਰ ਕੰਨਿਆ ਅਰੁਣ ਨਾਲ਼ ਵਿਆਹੇ ਸ਼ਿਵ ਦੇ ਘਰ ਦੋ ਬੱਚਿਆਂ ਬੇਟਾ ਮਿਹਰਬਾਨ ਅਤੇ ਬੇਟੀ ਪੂਜਾ ਨੇ ਜਨਮ ਲਿਆ ਪਰ ਆਪਣੇ ਅਤੀਤ’ਚ ਵਾਪਰੇ ਤ੍ਰਾਸਦਿਕ ਹਾਦਸਿਆਂ ਦੀ ਬਦੌਲਤ ਉਸਨੂੰ ਮਾਨਸਿਕ ਸੰਤਾਪ ਤੋਂ ਅੰਤਿਮ ਸਾਹਾਂ ਤੀਕ ਵੀ ਮੁਕਤੀ ਨਾ ਮਿਲ਼ ਸਕੀ। ਅਚੇਤ ਮਨ ਵਿਚ ਧੁਖ਼ਦੇ ਗ਼ਮਾਂ ਤੋਂ ਨਜਾਤ ਹਾਸਿਲ ਕਰਨ ਦੀ ਲਾਲਸਾ ਕਾਰਨ ਉਹ ਸ਼ਰਾਬ ਦੇ ਪਿਆਲਿਆਂ ਵਿਚ ਰੁੱਝ ਕੇ ਆਪਣੀ ਦਿਨੋ-ਦਿਨ ਨਿੱਘਰਦੀ ਸਿਹਤ ਪੱਖ਼ੋਂ ਵੀ ਅਵੇਸਲਾ ਰਹਿਣ ਲੱਗ ਪਿਆ।1968’ਚ ਉਸਨੇ ਚੰਡੀਗੜ੍ਹ ਬਦਲੀ ਕਰਵਾ ਲਈ ਪਰ ਏਸ਼ੀਆ ਦੇ ਸਭ ਤੋਂ ਸੁੰਦਰ ਸ਼ਹਿਰ’ਚ ਆਣ ਕੇ ਵੀ ਉਹ ਚਿੰਤਾ-ਮੁਕਤ ਨਾ ਹੋ ਸਕਿਆ। 24 ਟੁਕੜਿਆਂ ਦੇ ਰੂਪ ਵਿਚ ਬਿਨ੍ਹਾਂ ਸਿਰਲੇਖ ਤੋਂ ਇਕ ਲੰਮੀ ਨਜ਼ਮ ਰਚ ਕੇ ਉਸਨੇ ‘ਮੈਂ ਤੇ ਮੈਂ’ ਨਾਮੀ ਪੁਸਤਕ ਛਪਵਾਈ ਅਤੇ ਫ਼ਿਰ 1971 ਵਿਚ ਆਪਣੀ ਪਿਆਰੀ ਪਤਨੀ ਅਰੁਣ ਦੇ ਨਾਂ ਆਪਣਾ ਅੰਤਿਮ ਕਾਵਿ-ਸੰਗ੍ਰਹਿ ‘ਆਰਤੀ’ ਪ੍ਰਕਾਸ਼ਿਤ ਕਰਵਾਇਆ। 
ਪੰਜਾਬੀ ਸਾਹਿਤ ਦਾ ਇਹ ਅਜ਼ੀਮ ਸ਼ਾਇਰ 6 ਮਈ 1973 ਦੀ ਰਾਤ ਨੂੰ ਤਕਰੀਬਨ 9 ਵਜੇ ਆਪਣੇ ਸਹੁਰੇ ਪਿੰਡ ਪਤਨੀ ਅਰੁਣ ਦੀਆਂ ਬਾਹਾਂ ’ਚ ਦਮ ਤੋੜ ਗਿਆ।ਔਰਤ ਦੇ ਜਾਇਜ਼ ਹੱਕਾਂ ਦੀ ਤਰਜੁਮਾਨੀ ਕਰਨ, ਰੱਬ ਕੋਲ਼ੋਂ ਬਿਰਹਾ ਦੀ ਭੀਖ਼ ਮੰਗਣ ਅਤੇ ਮੌਤ ਨੂੰ ਦਰੋਂ ਖ਼ਾਲੀ ਨਾ ਮੋੜਣ ਵਾਲ਼ੇ ਇਸ ਸਰਬੁਲੰਦ ਸ਼ਾਇਰ ਦੀਆਂ ਮੌਤ ਮਗਰੋਂ ਕੁਝ ਅਣ-ਪ੍ਰਕਾਸ਼ਿਤ ਰਚਨਾਵਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ‘ਅਲਵਿਦਾ’ ਪੁਸਤਕ ਦੇ ਰੂਪ ’ਚ ਜਾਰੀ ਕਰਕੇ ਸ਼ਰਧਾ ਪ੍ਰਗਟਾਈ। ਸ਼੍ਰੀਮਤੀ ਅਰੁਣ ਨੇ ਉਸਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਪਾਦਿਤ ਕਰਕੇ 1973’ਚ ‘ਬਿਰਹੜਾ’ ਅਤੇ 1975’ਚ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਆਪਣੇ ਪਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅਰੁਣ ਨੇ ਹੀ ਬਾਅਦ ਵਿਚ ‘ਸੋਗ’ ਅਤੇ ‘ਸਾਗਰ ਤੇ ਕਣੀਆਂ’ ਦੁਆਰਾ ਸ਼ਿਵ ਪ੍ਰਤੀ ਆਪਣੇ ਸਨੇਹ ਅਤੇ ਮੁਹੱਬਤ ਦਾ ਫ਼ਿਰ ਇਜ਼ਹਾਰ ਕੀਤਾ। ਮਹਿੰਦਰ ਕਪੂਰ, ਨੁਸਰਤ ਫ਼ਤਹਿ ਅਲੀ ਖ਼ਾਂ, ਗ਼ੁਲਾਮ ਅਲੀ, ਜਗਜੀਤ ਸਿੰਘ, ਸੁਰਿੰਦਰ ਕੌਰ ਆਦਿ ਫ਼ਨਕਾਰਾਂ ਦੀਆਂ ਮਧੁਰ ਆਵਾਜ਼ਾਂ ਜ਼ਰੀਏ ਸ਼ਿਵ ਦਾ ਕਲਾਮ ਦੁਨੀਆ ਦੇ ਕੋਨੇ-ਕੋਨੇ ’ਚ ਗੂੰਜ ਰਿਹਾ ਹੈ। ਮੌਤ ਦੇ 40 ਵਰ੍ਹੇ ਬੀਤਣ ਦੇ ਬਾਵਜੂਦ ਅੱਜ ਵੀ ਸ਼ਿਵ ਦੇ ਦੀਵਾਨਿਆਂ ਦੀ ਗਿਣਤੀ’ਚ ਕੋਈ ਘਾਟ ਨਜ਼ਰੀਂ ਨਹੀਂ ਪੈਂਦੀ। ਪੰਜਾਬੀ ਸਾਹਿਤ-ਖੇਤਰ’ਚ ਪਾਏ ਵਡਮੁੱਲੇ ਯੋਗਦਾਨ ਬਦਲੇ ਉਸਨੂੰ ਰਹਿੰਦੀ ਦੁਨੀਆ ਤੀਕਰ ਯਾਦ ਕੀਤਾ ਜਾਂਦਾ ਰਹੇਗਾ। 



ਜਸਵੰਤ ਭਾਰਤੀ
ਸਲੇਮਪੁਰਾ, 
ਸਿਧਵਾਂ ਬੇਟ-142 033
 (ਲੁਧਿਆਣਾ)  
ਫੋਨ: 9872727789  


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template