ਪੰਜਾਬੀ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨਾਲੋਂ ਮਿੱਠੀ ਜ਼ਬਾਨ ਹੈ। ਉਹ ਬੋਲੀ ਜਿਸਨੂੰ ਸਾਡੇ ਗੁਰੂਆਂ ਨੇ ਮਾਣਤਾ ਦਿੱਤੀ ਤੇ ਜਿਸਨੂੰ ਉਹਨਾਂ ਆਪਣੀ ਬਾਣੀ ਰਾਹੀਂ ਮਾਖਿਓਂ ਮਿੱਠੀ ਬਣਾ ਦਿੱਤਾ।ਇਸ ਦੀਆਂ ਅਨੇਕਾਂ ਵਿਸ਼ੇਸ਼ਤਾਈਆਂ ਹਨ, ਜਿਹਨਾਂ ਕਰਕੇ ਇਸਦੀ ਪਛਾਣ ਵੀ ਵੱਖਰੀ ਹੀ ਬਣ ਗਈ ਹੈ। ਇਸਦਾ ਹਾਜ਼ਮਾ ਤੇਜ ਹੈ ਅਤੇ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਪਣਾ ਲੈਂਦੀ ਹੈ।ਪੰਜਾਬੀ ਬੋਲੀ ਜ਼ਬਾਨ ਵਿੱਚੋਂ ਨਿਕਲੀ ਹਰ ਆਵਾਜ਼ ਨੂੰ ਲਿਖਣ ਦੀ ਸਮਰੱਥਾਂ ਰੱਖਦੀ ਹੈ। ਉਦਾਹਰਣ ਲਈ ਦੂਰੀ ਨੂੰ ਦੱਸਣ ਲਈ ਇਸ ਕੋਲ ਕਈ ਸ਼ਬਦ ਹਨ ਜਿਵੇਂ ਆਹ,ਔਹ ਅਤੇ ਹੋਹ ਆਦਿ।ਸਰਲ ਅਤੇ ਸ਼ਪੱਸ਼ਟ ਹੈ,ਕੋਈ ਕੱਟੜਪਣਾ ਨਹੀਂ। ਮਿਠਾਸ ਤੇ ਕੁੜੱਤਣ ਦੋਵਾਂ ਦਾ ਸੁਮੇਲ ਹੈ। ਮਨੁੱਖੀ ਮਨ ਦੇ ਹਾਵ ਭਾਵ ਪ੍ਰਗਟ ਕਰਨ ਦਾ ਸਭ ਤੋਂ ਵੱਧੀਆ ਸਾਧਨ ਹੈ। ਨਖਰੇ -ਨਿਹੋਰ,ੇ ਸਿਠਣੀਆਂ, ਊਜਾਂ, ਚੋਟਾਂ ਅਤੇ ਪੰਜਾਬੀ ਸਭਿਆਚਾਰ ਦੀਆਂ ਪ੍ਰਤੀਕ ਬੋਲੀਆਂ ਪੰਜਾਬੀ ਵਿੱਚ ਹੀ ਪਾਈਆਂ ਜਾ ਸਕਦੀਆਂ ਹਨ।ਹੇਕਾਂ,ਕਲੀਆਂ ਅਤੇ ਕਵੀਸ਼ਰੀ ਪੰਜਾਬੀ ਭਾਸ਼ਾ ਦੇ ਗਹਿਣੇ ਹਨ। ਹੋਰ ਕਿਸੇ ਭਾਸ਼ਾ ਵਿੱਚ ਦੁਖ ਸੁਖ ਵੀ ਸੌਖੇ ਤਰ੍ਹਾਂ ਸਾਂਝਾ ਨਹੀਂ ਕੀਤਾ ਜਾ ਸਕਦਾ। ਅਜਿਹੇ ਅਨੇਕਾਂ ਪੰਜਾਬੀ ਭਾਸ਼ਾ ਦੇ ਗੁਣ ਹਨ ਜੇਕਰ ਅਸੀਂ ਪੰਜਾਬੀ ਭਾਸ਼ਾ ਤੇ ਪਹਿਰਾ ਨਾਂ ਦਿੱਤਾ ਤਾਂ ਅਸੀਂ ਆਪਣੇ ਅਮੀਰ ਵਿਰਸੇ ਤੋਂ ਵਾਂਝੇ ਹੋ ਜਾਵਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਵਿਰਸੇ ਤੋਂ ਕੋਹਾਂ ਦੂਰ ਹੋ ਜਾਣਗੀਆਂ।ਅੱਜ ਦਿਨ ਪੰਜਾਬੀ ਦੇਸ਼ ਵਿਦੇਸ਼ ਵਿੱਚ ਬੋਲੀ ਜਾ ਰਹੀ ਭਾਸ਼ਾ ਹੈ।ਦੁਨੀਆਂ ਦੇ 72 ਦੇਸ਼ਾਂ ਵਿੱਚ ਹਰ ਪੰਜਾਬੀ ਭਾਵੇਂ ਉਹ ਕਿਤੇ ਵੀ ਵਸ ਰਿਹਾ ਹੈ, ਉਹ ਪੰਜਾਬੀ ਬੋਲੀ ਨੂੰ ਆਪਣੇ ਘਰਾਂ ਵਿੱਚ ਆਪਸੀ ਬੋਲ ਚਾਲ ਲਈ ਜਰੂਰ ਮਾਧਿਅਮ ਦੇ ਤੌਰ ਤੇ ਵਰਤਦਾ ਹੈ। ਕਈ ਅਜਿਹੇ ਪੰਜਾਬੀ ਪਰਿਵਾਰ ਵੀ ਹਨ ਜਿਹੜੇ ਆਪਣਾ ਰੋਹਬ ਦਾਹਬ ਪਾਉਣ ਲਈ ਅੰਗਰੇਜੀ ਵਿੱਚ ਗੱਲ ਕਰਦੇ ਹਨ ਪ੍ਰੰਤੂ ਜਦੋਂ ਗੁੱਸੇ ਹੋ ਕੇ ਬੁਰਾ ਭਲਾ ਕਹਿਣਾ ਹੈ ਤਾਂ ਗਾਲ ਪੰਜਾਬੀ ਵਿੱਚ ਹੀ ਕੱਢਦੇ ਹਨ।ਕਈ ਦੇਸ਼ਾਂ ਵਿੱਚ ਖਾਸ ਤੌਰ ਤੇ ਕੈਨੇਡਾ ਅਤੇ ਅਮਰੀਕਾ ਦੇ ਕੈਲੇਫੋਰਨੀਆਂ ਦੇ ਰਾਜ ਵਿੱਚ ਤਾਂ ਪੰਜਾਬੀ ਸਾਈਨ ਬੋਰਡਾਂ ਤੇ ਵੀ ਲਿਖੀ ਹੋਈ ਹੈ। ਕੈਨੇਡਾ ਵਿੱਚ ਤਾਂ ਡਰਾਇਵਿੰਗ ਲਾਇਸੈਂਸ ਦਾ ਲਿਖਤੀ ਟੈਸਟ ਵੀ ਪੰਜਾਬੀ ਵਿੱਚ ਕਈ ਰਾਜਾਂ ਵਿੱਚ ਲਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਕਈ ਵਾਰੀ ਅਖਬਾਰਾਂ ਵਿੱਚ ਖਬਰਾਂ ਆਉਣ ਲੱਗ ਜਾਂਦੀਆਂ ਹਨ ਕਿ ਪੰਜਾਬੀ ਅਗਲੇ 100 ਸਾਲਾਂ ਵਿੱਚ ਖਤਮ ਹੋ ਜਾਵੇਗੀ ,ਉਦੋਂ ਮਨ ਨੂੰ ਦੁੱਖ ਲਗਦਾ ਹੈ।ਹੈਰਾਨੀ ਦੀ ਗੱਲ ਹੈ ਕਿ ਦੇਸ਼ ਅਤੇ ਵਿਦੇਸ਼ ਵਿੱਚ ਤੀਆਂ ਲਗਦੀਆਂ ਹਨ ਅਤੇ ਪੰਜਾਬਣ ਮੁਟਿਆਰਾਂ ਬੋਲੀਆਂ ਪੰਜਾਬੀ ਵਿੱਚ ਪਾਉਂਦੀਆਂ ਹਨ। ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਅਮਰੀਕਾ,ਕੈਨੇਡਾ,ਆਸਟਰੇਲੀਆ,ਫਰਾਂਸ,ਨਿਊੁਜੀਲੈਂਡ ਅਤੇ ਇੰਗਲੈਂਡ ਵਿੱਚ ਲਗਪਗ 250 ਪੰਜਾਬੀ ਦੇ ਅਖਬਾਰ ਅਤੇ ਵੈਬਸਾਈਟਾਂ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਨਾਲ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਦਿੱਲੀ ਯੂਨੀਵਰਸਿਟੀ ਵਲੋਂ ਬਣਾਈ ਗਈ ਨਵੀਂ ਨੀਤੀ ਅਨੁਸਾਰ ਪੰਜਾਬੀ ਦਾ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚੋਂ ਸਫਾਇਆ ਹੋ ਗਿਆ ਹੈ । ਇਸ ਤੋਂ ਪਹਿਲਾਂ ਪੰਜਾਬੀ ਦਿੱਲੀ ਦੇ 15 ਕਾਲਜਾਂ ਵਿੱਚ ਪੜ੍ਹਾਈ ਜਾਂਦੀ ਸੀ ਇਥੋਂ ਤੱਕ ਕਿ ਤੁਸੀਂ ਪੰਜਾਬੀ ਦੀ ਆਨਰ ਵੀ ਕਰ ਸਕਦੇ ਸੀ ਪ੍ਰੰਤੂ ਨਵੀਂ ਨੀਤੀ ਦੇ ਸ਼ੁਰੂ ਹੋਣ ਨਾਲ ਹੁਣ ਸਿਰਫ ਤਿੰਨ ਕਾਲਜਾਂ ਵਿੱਚ ਪੰਜਾਬੀ ਪੜ੍ਹਾਈ ਜਾਇਆ ਕਰੇਗੀ।ਦਿੱਲੀ ਯੂਨੀਵਰਸਿਟੀ ਨੇ ਸਾਲ 2013 ਦੇ ਸ਼ੈਸ਼ਨ ਤੋਂ ਦਿੱਲੀ ਦੇ ਸਾਰੇ ਕਾਲਜਾਂ ਵਿੱਚ ਨਵੀਂ ਸਮੈਸਟਰ ਪ੍ਰਣਾਲੀ ਲਾਗੂ ਕਰ ਦਿੱੰਤੀ ਹੈ,ਜਿਸ ਅਧੀਨ ਚਾਰ ਸਾਲਾ ਬੈਚੂਲਰ ਕੋਰਸ ਵਿੱਚ ਪੰਜਾਬੀ ਦੂਜੇ ਸਾਲ ਤੋਂ ਪੜ੍ਹਨ ਦੀ ਇਜਾਜਤ ਦਿੱਤੀ ਗਈ ਹੈ।ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਆਧੁਨਿਕ ਭਾਰਤੀ ਭਾਸ਼ਾਵਾਂ ਨੂੰ ਦਿੱਲੀ ਵਿੱਚ ਭਾਰੀ ਨੁਕਸਾਨ ਹੋ ਗਿਆ ਹੈ। ਇਸ ਪ੍ਰਣਾਲੀ ਅਨੁਸਾਰ ਹੁਣ ਚਾਰ ਸਾਲਾ ਗ੍ਰੈਜੂਏਸ਼ਨ ਕੋਰਸ ਸਮੈਸਟਰ ਪ੍ਰਣਾਲੀ ਨਾਲ ਮੁਕੰਮਲ ਹੋਵੇਗਾ। ਜਿਹੜਾ ਵਿਦਿਆਰਥੀ ਚਾਰ ਸਾਲਾ ਕੋਰਸ ਵਿੱਚ ਦਾਖਲਾ ਲਵੇਗਾ ,ਜੇਕਰ ਉਹ ਦੋ ਸਾਲ ਬਾਅਦ ਕੋਰਸ ਛੱਡ ਦੇਵੇਗਾ ਤਾਂ ਉਸਨੂੰ ਸਰਟੀਫੀਕੇਟ ਮਿਲੇਗਾ,ਜੇਕਰ ਤਿੰਨ ਸਾਲ ਬਾਅਦ ਪੜ੍ਹਾਈ ਬੰਦ ਕਰੇਗਾ ਤਾਂ ਉਸਨੂੰ ਡਿਪਲੋਮਾ ਮਿਲੇਗਾ ਤੇ ਚਾਰ ਸਾਲ ਬਾਅਦ ਗ੍ਰੈਜੂਏਸ਼ਨ ਦੀ ਡਿਗਰੀ ਮਿਲੇਗੀ।ਇਸ ਪ੍ਰਣਾਲੀ ਵਿੱਚ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਸ ਵਿੱਚ ਪਹਿਲੇ ਸਾਲ ਤੁਸੀ ਆਧੁਨਿਕ ਭਾਰਤੀ ਭਾਸ਼ਾਵਾਂ ਜਿਵੇਂ ਪੰਜਾਬੀ,ਉਰਦੂ ,ਬੰਗਾਲੀ ਆਦਿ ਨੂੰ ਇਲੈਕਟਿਵ ਸਬਜੈਕਟ ਦੇ ਤੌਰ ਤੇ ਨਹੀਂ ਲੈ ਸਕਦੇ ।ਮੁੱਖ ਤੌਰ ਤੇ ਨਵੀਂ ਪ੍ਰਣਾਲੀ ਵਿੱਚ ਚਾਰ ਸਾਲਾ ਡਿਗਰੀ ਲਈ ਆਧੁਨਿਕ ਭਾਰਤੀ ਭਾਸ਼ਾਵਾਂ ਨੂੰ ਮੁੱਖ ਭਾਸ਼ਾਵਾਂ ਤੋਂ ਮਾਈਨਰ ਬਣਾ ਦਿੱਤਾ ਹੈ,ਸਭ ਤੋਂ ਵੱਡਾ ਧੱਕਾ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ ਨੂੰ ਮਾਈਨਰ ਬਣਾਕੇ ਕੀੱਤਾ ਹੈ ਜਦੋਂ ਕਿ ਪੰਜਾਬੀ ਦਿੱਲੀ ਵਿੱਚ ਦੂਜੀ ਭਾਸ਼ਾ ਦਾ ਦਰਜਾ ਰੱਖਦੀ ਹੈ।ਦੂਜਾ ਗਲਤ ਫੈਸਲਾ ਇਸਨੂੰ ਕੰਪਲਸਰੀ ਤੋਂ ਆਪਸ਼ਨਲ ਬਣਾਕੇ ਦਿੱਤਾ ਹੈ। ਹੁਣ ਦਿੱਲੀ ਵਿੱਚ ਪੰਜਾਬੀ ਪੜ੍ਹਨਾ ਜਰੂਰੀ ਵਿਸ਼ਾ ਨਹੀ ਹੋਵੇਗੀ। ਤੀਜੇ ਇਹਨਾ ਭਾਸ਼ਾਵਾਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਹਿਲੀ ਪ੍ਰਣਾਲੀ ਅਧੀਨ ਬੀ ਕਾਮ ,ਬੀ ਐਸ ਸੀ ਆਦਿ ਵਿੱਚ ਦਾਖਲਾ ਦੇਣ ਸਮੇਂ 10 ਜਾਂ20 ਫੀ ਸਦੀ ਨੰਬਰਾਂ ਦੀ ਰਿਆਇਤ ਦੇ ਦਿੱਤੀ ਜਾਂਦੀ ਸੀ ,ਹੁਣ ਇਹ ਰਿਆਇਤ ਦੇਣੀ ਬੰਦ ਕਰ ਦਿੱਤੀ ਗਈ ਹੈ।ਹੁਣ ਇਹ ਭਾਸ਼ਾਵਾਂ ਦੂਜੇ ਸਮੈਸਟਰ ਤੋਂ ਸ਼ਰੂ ਹੋਣਗੀਆਂ।ਜਦੋਂ ਪਹਿਲੇ ਸਮੈਸਟਰ ਵਿੱਚ ਇਹ ਭਾਸ਼ਾਵਾਂ ਹੈ ਹੀ ਨਹੀ,ਂ ਫਿਰ ਦੂਜੇ ਵਿੱੰਚ ਪੰਜਾਬੀ ਦੇ ਵਿਦਿਆਰਥੀ ਕਿਵੇਂ ਦਾਖਲਾ ਲੈ ਸਕਣਗੇ।ਅਜ਼ਾਦ ਭਾਰਤ ਵਿੱੰਚ ਵੀ ਪੰਜਾਬੀ ਬਾਰੇ ਅਫਲਾਤੂਨੀ ਫੈਸਲੇ ਸੁਣਾਏ ਜਾ ਰਹੇ ਹਨ ਜਦੋਂ ਕਿ ਵਿਦੇਸ਼ਾਂ ਕੈਨੇਡਾ ਆਦਿ ਵਿੱਚ ਤੁਸੀਂ ਪੰਜਾਬੀ ਪੜ੍ਹ ਸਕਦੇ ਹੋ ਪ੍ਰੰਤੂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਹੀਂ।ਸਾਡੇ ਪੰਜਾਬੀ ਬੋਲਣ ਵਾਲਿਆਂ ਨੂੰ ਘੱਟ ਗਿਣਤੀ ਭਾਸ਼ਾਵਾਂ ਦੇ ਸੰਵਿਧਾਨਕ ਹੱਕ ਤੋਂ ਸਾਨੂੰ ਵਾਂਝਿਆਂ ਕੀਤਾ ਗਿਆ ਹੈ।ਪੰਜਾਬੀ ਦੀ ਪੜ੍ਹਾਈ ਮੁੱਢਲੀ ਸਟੇਜ ਤੋਂ ਹੀ ਬੰਦ ਕਰ ਦਿੱੰਤੀ ਹੈ। ਦਿੱਲੀ ਯੂਨੀਵਰਸਿਟੀ ਦਾ ਇਹ ਫੈਸਲਾ ਪੰਜਾਬੀ ਵਿਰੋਧੀਆਂ ਦਾ ਡੂੰਘੀ,ਗੁੱਝੀ ਅਤੇ ਸੋਚ ਸਮਝਕੇ ਕੀਤੀ ਸ਼ਾਜਸ਼ ਦਾ ਨਤੀਜਾ ਹੈ, ਛੇਤੀ ਕੀਤਿਆਂ ਤੁਸੀਂ ਇਸ ਚਾਲ ਨੂੰ ਸਮਝ ਹੀ ਨਹੀਂ ਸਕਦੇ , ਉਹ ਕਹਿੰਦੇ ਹਨ ਕਿ ਪੰਜਾਬੀ ਪੜ੍ਹਾਉਣੀ ਬੰਦ ਨਹੀਂ ਕੀਤੀ ਕਿਉਂਕਿ ਕਾਗਜਾਂ ਵਿੱੰਚ ਦੂਜੇ ਸਾਲ ਵਿੱਚ ਤੁਸੀਂ ਪੰਜਾਬੀ ਪੜ੍ਹ ਸਕਦੇ ਹੋ। ਜਦੋਂ ਕਿਸੇ ਭਾਸ਼ਾ ਦਾ ਆਧਾਰ ਹੀ ਨਹੀਂ ਬਣਨ ਦਿੱਤਾ ਤਾਂ ਉਸਨੂੰ ਪੜ੍ਹੇਗਾ ਕੌਣ।ਦਿੱਲੀ ਯੂਨੀਵਰਸਿਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੰਜਾਬੀ ਉੋਸ ਕਾਲਜ ਵਿੱਚ ਹੀ ਪੜ੍ਹਾਈ ਜਾ ਸਕੇਗੀ ਜਿਸ ਕਾਲਜ ਵਿੱਚ ਪੰਜਾਬੀ ਦੇ ਘੱਟੋ ਘੱਟ ਚਾਰ ਅਧਿਆਪਕ ਹੋਣਗੇ। ਬਹੁਤੇ ਕਾਲਜਾਂ ਵਿੱਚ ਦੋ ਤੋਂ ਵੱਧ ਅਧਿਆਪਕਾਂ ਦੀਆਂ ਪੰਜਾਬੀ ਦੀਆਂ ਅਸਾਮੀਆਂ ਹੀ ਨਹੀਂ ਹਨ, ਜਿਹੜੀਆਂ ਹਨ ਉਹਨਾਂ ਨੂੰ ਭਰਨ ਦੀ ਇਜਾਜਤ ਨਹੀਂ ਦਿੱਤੀ ਜਾਂਦੀ। ਇਸ ਪ੍ਰਕਾਰ ਗਿਣੀ ਮਿਥੀ ਸ਼ਾਜਸ਼ ਦੇ ਸਿੱਟੇ ਵਜੋਂ ਇੱਕ ਕਿਸਮ ਨਾਲ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਚਾਹਵਾਨਾਂ ਨੂੰ ਆਪਣੇ ਬੱਚੇ ਪੜ੍ਹਾਉਣ ਲਈ ਦਿੱਲੀ ਤੋਂ ਬਾਹਰ ਜਾਣਾ ਪਵੇਗਾ। ਘੱਟ ਗਿਣਤੀ ਭਾਸ਼ਾਵਾਂ ਨਾਲ ਸ਼ਰੇਆਮ ਜਿਆਦਤੀ ਹੋ ਰਹੀ ਹੈ,ਦਿੱਲੀ ਦੀ ਸਰਕਾਰ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਜਦੋਂ ਕਿ ਕਪੂਰਥਲੇ ਦੇ ਇੱਕ ਪੰਜਾਬੀ ਪਰਿਵਾਰ ਦੀ ਜੰਮਪਲ ਪੰਜਾਬਣ ਦਿੱਲੀ ਦੀ ਮੁੱਖ ਮੰਤਰੀ ਹੈ।ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਜਾਦੀ ਤੋਂ ਬਾਅਦ ਦੇਸ਼ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਹੈ।ਦੇਸ਼ ਦੀਆਂ ਸਰਹੱਦਾਂ ਤੇ ਲੜਨਾ ਹੋਵੇ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ ਪ੍ਰੰਤੂ ਪੰਜਾਬੀਆਂ ਨਾਲ ਆਜਾਦ ਦੇਸ਼ ਵਿੱਚ ਅਜਿਹੇ ਹੁੰਦੇ ਧੱਕਿਆਂ ਨੂੰ ਉਹ ਹੋਰ ਕਿੰਨੀ ਦੇਰ ਬਰਦਾਸ਼ਤ ਕਰਦੇ ਰਹਿਣਗੇ,ਇਹ ਤਾਂ ਸਮਾਂ ਹੀ ਦੱਸੇਗਾ ਕਿ ਪੰਜਾਬੀ ਹੁਣ ਕੀ ਕਦਮ ਚੁਕਣਗੇ ਜੇਕਰ ਸਰਕਾਰਾਂ ਨੇ ਪੰਜਾਬੀਆਂ ਨਾਲ ਇਹ ਵਿਤਕਰੇ ਦਾ ਵਿਵਹਾਰ ਬੰਦ ਨਾਂ ਕੀਤਾ।ਚੰਡੀਗੜ੍ਹ ਪ੍ਰਸ਼ਾਸ਼ਨ ਦੀ ਗੱਲ ਸੁਣੋ ਜੇ ਕੰਡਕਟਰ ਜਾਂ ਡਰਾਇਵਰ ਭਰਤੀ ਹੋਣਾ ਹੈ ਤਾਂ ਹਿੰਦੀ ਦਾ ਦਸਵੀਂ ਤੱਕ ਪਾਸ ਕਰਨ ਦਾ ਸਰਟੀਫੀਕੇਟ ਜਰੂਰੀ ਹੈ।ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇਥੇ ਜੇ ਇਹ ਹਾਲ ਹੋ ਰਿਹਾ ਹੈ ਤਾਂ ਦਿੱਲੀ ਵਿੱਚ ਤਾਂ ਹੋਣਾ ਹੀ ਹੈ। ਚੰਡੀਗੜ੍ਹ ਪੰਜਾਬ ਦੇ 28 ਪਿੰਡ ਉਜਾੜਕੇ ਬਣਾਇਆ ਗਿਆ ਸੀ। ਇਹ ਸਾਰੇ ਪਿੰਡਾਂ ਦੇ ਲੋਕ ਪੰਜਾਬੀ ਬੋਲਦੇ ਸਨ। ਹੁਣ ਪੰਜਾਬੀ ਨਾਲ ਏਥੇ ਵੀ ਵਿਤਕਰਾ ਹੋ ਰਿਹਾ ਹੈ। ਚੰਡੀਗੜ੍ਹ ਦੇ ਲੋਕਾਂ ਨੇ ਮਰਦਮਸ਼ੁਮਾਰੀ ਵਿੱਚ ਆਪਣੀ ਮਾਤ ਭਾਸ਼ਾ ਪੰਜਾਬੀ ਜਾਂ ਹਿੰਦੀ ਲਿਖਾਈ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਚੰਡੀਗੜ੍ਹ ਦੀ ਮਾਤ ਭਾਸ਼ਾ ਅੰਗਰੇਜੀ ਬਣਾ ਦਿੱਤੀ ਹੈ ਜਦੋਂ ਕਿ ਕਿਸੇ ਇੱਕ ਵੀ ਪਰਿਵਾਰ ਨੇ ਅੰਗਰੇਜੀ ਮਾਤ ਭਾਸ਼ਾ ਨਹੀਂ ਲਿਖਾਈ ਸੀ। ਅੰਗਰੇਜਾਂ ਦੇ ਰਾਜ ਵਿੱਚ ਵੀ ਕਦੀ ਏਨਾ ਧੱਕਾ ਨਹੀਂ ਹੋਇਆ ਸੀ ਜਿੰਨਾ ਵਰਤਮਾਨ ਸਾਡੇ ਆਪਣੇ ਰਾਜ ਵਿੱਚ ਹੋ ਰਿਹਾ ਹੈ। ਪੰਜਾਬੀ ਸਾਹਿਤ ਸਭਾਵਾਂ ਨੇ ਚੰਡੀਗੜ੍ਹ ਵਿੱਚ ਧਰਨੇ ਅਤੇ ਵਿਰੋਧ ਮਾਰਚ ਤਾਂ ਕੀਤੇ ਹਨ।ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ।ਲੋਕ ਸਭਾ ਵਿੱਚ ਵੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿਟੂ ਨੇ ਇਹ ਮਸਲਾ ਉਠਾਇਆ ਹੈ ਪ੍ਰੰਤੂ ਦੁਖ ਦੀ ਗੱਲ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਖਿਲਾਫ ਨੇਤਾ ਲੋਕ ਚੁੱਪ ਵੱਟੀ ਬੈਠੇ ਹਨ। ਅਸੀਂ ਸਮਝਦੇ ਹਾਂ ਕਿ ਪੰਜਾਬੀਆਂ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਹਮੇਸ਼ਾ ਹੀ ਜਦੋਜਹਿਦ ਕਰਨੀ ਪੈਂਦੀ ਹੈ ਤੇ ਇਹ ਕਦਮ ਵੀ ਹੁਣ ਚੁਕਣਾ ਪਵੇਗਾ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀ ਪੱਧਰ ਤੋਂ ਉਪਰ ਉਠਕੇ ਪੰਜਾਬੀ ਦੇ ਬਚਾਅ ਲਈ ਅੱਗੇ ਆਉਣਾ ਚਾਹੀਦਾ ਹੈ।ਜੇ ਏਸੇ ਤਰ੍ਹਾਂ ਘੁੰਗਣੀਆਂ ਪਾਕੇ ਬੈਠੇ ਰਹੇ ਤਾਂ ਮਾਤ ਭਾਸ਼ਾ ਦੀ ਹੁੰਦੀ ਨਿਰਾਦਰੀ ਤੁਹਾਨੂੰ ਬਰਦਾਸ਼ਤ ਕਰਨੀ ਔਖੀ ਹੋ ਜਾਵੇਗੀ ਅਤੇ ਆਉਣ ਵਾਲੀਆਂ ਨਸਲਾਂ ਪੰਜਾਬੀ ਤੋਂ ਮੁੱਖ ਮੋੜ ਲੈਣਗੀਆਂ।
ਉਜਾਗਰ ਸਿੰਘ
94178-13072
ਸਾਬਕਾ ਜਿਲਾ ਲੋਕ ਸੰਪਰਕ ਅਫਸਰ,
ਪਟਿਆਲਾ

0 comments:
Speak up your mind
Tell us what you're thinking... !