ਬੇਸ਼ੱਕ ਕੋਈ ਮੁਲਕ ਕਿੰਨਾ ਵੀ ਖ਼ੁਸ਼ਹਾਲ ਅਤੇ ਸਿਰੜੀ ਕਿਉਂ ਨਾ ਹੋਵੇ ਜੇਕਰ ਉਥੋਂ ਦੇ ਨਾਗਰਿਕਾਂ ਦੀ ਬਹੁ-ਗਿਣਤੀ ਨਸ਼ਿਆਂ ਦੀ ਦਲਦਲ ਵਿਚ ਧਸਣ ਲੱਗ ਪਵੇ ਤਾਂ ਉਸ ਦੇਸ਼ ਨੂੰ ਗ਼ਰਕ ਹੋਣ ਤੋਂ ਟਾਲ਼ਣਾ ਬੜਾ ਔਖ਼ਾ ਹੋ ਜਾਂਦਾ ਹੈ ਅਤੇ ਅਜਿਹੇ ਦੇਸ਼ ਦੀ ਅਮੀਰੀ ਅਤੇ ਖ਼ੁਸ਼ਹਾਲੀ ਦੇ ਢਹਿ-ਢੇਰੀ ਹੋਣ ਨੂੰ ਕੋਈ ਬਹੁਤਾ ਚਿਰ ਨਹੀਂ ਲਗਦਾ। ਨਸ਼ਿਆਂ ਦੀ ਅੰਧਾਧੁੰਦ ਵਰਤੋਂ ਜਿੱਥੇ ਟਾਈਫ਼ਾਈਡ, ਕਾਲ਼ੀ ਖ਼ਾਂਸੀ, ਦਮਾ, ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਪੈਦਾ ਕਰਕੇ ਮਨੁੱਖ ਨੂੰ ਜਿਸਮਾਨੀ ਤੌਰ ਤੇ ਤਹਿਸ-ਨਹਿਸ ਕਰ ਸੁੱਟਦੀ ਹੈ, ਉਥੇ ਉਸਦੀ ਮਾਨਸਿਕਤਾ ਉਪਰ ਵੀ ਬੜਾ ਘਾਤਕ ਅਸਰ ਪਾਉਂਦੀ ਹੈ। ਚੌਗ਼ਿਰਦੇ ਝਾਤ ਮਾਰਿਆਂ ਤੰਬਾਕੂ, ਸਿਗਰਟ, ਬੀੜੀ, ਸ਼ਰਾਬ, ਸਮੈਕ, ਅਫ਼ੀਮ, ਭੁੱਕੀ, ਚਰਸ, ਕੁਕੀਨ ਵਰਗੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਬੇ-ਸ਼ੁਮਾਰ ਮਨੁੱਖ ਪਰਮਾਤਮਾ ਦੁਆਰਾ ਦਿੱਤੀਆਂ ਗਈਆਂ ਆਪਣੀਆਂ ਅਨਮੋਲ਼ ਜ਼ਿੰਦਗੀਆਂ ਨੂੰ ਖ਼ਾਕ ਵਿਚ ਰੋਲ਼ੀ ਜਾਂਦੇ ਅਕਸਰ ਹੀ ਦਿਸ ਪੈਂਦੇ ਹਨ। ਮਾਨਵਤਾ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣ ਵਾਸਤੇ ਬੇਸ਼ੱਕ ਹਰ ਜਾਗਰੂਕ ਮੁਲਕ ਦੀਆਂ ਸਰਕਾਰਾਂ ਅਤੇ ਕੁਝ ਕਲਿਆਣਕਾਰੀ ਜੱਥੇਬੰਦੀਆਂ ਪੂਰੀ ਸ਼ਿੱਦਤ ਨਾਲ਼ ਲੋਕਾਂ ਅੰਦਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਚੇਤੰਨਤਾ ਪ੍ਰਦਾਨ ਕਰਨ ਵਿਚ ਜੁਟੀਆਂ ਹੋਈਆਂ ਹਨ ਪਰ ਫਿਰ ਵੀ ਜੰਗਲ ਦੀ ਅੱਗ ਵਾਂਗ ਇਹ ਕੁਚੱਜਾ ਰੁਝਾਨ ਪੂਰੀ ਤੇਜ਼ੀ ਨਾਲ਼ ਵਧਦਾ ਜਾ ਰਿਹਾ ਹੈ। ਨਸ਼ਿਆਂ ਦੀ ਦਲਦਲ ’ਚ ਫਸੇ ਮਨੁੱਖ ਦੀ ਮਾਨਸਿਕਤਾ ਨੂੰ ਸਮਝਦਿਆਂ ਹੋਇਆਂ ਜ਼ਿੰਮੇਵਾਰ ਪ੍ਰਸਥਿਤੀਆਂ ਨੂੰ ਗੰਭੀਰਤਾ ਨਾਲ਼ ਸਮਝਦਿਆਂ ਹੋਇਆਂ ਉਪਚਾਰ ਦੀ ਭਰਵੀਂ ਜ਼ਰੂਰਤ ਹੈ ਤਦੇ ਹੀ ਮਨੁੱਖਤਾ ਨੂੰ ਇਸ ਚਿੱਕੜ ’ਚ ਡਿੱਗਣੋਂ ਬਚਾਇਆ ਜਾ ਸਕਦਾ ਹੈ।
ਅਜੋਕੇ ਭਗਦੜ-ਭਰੇ ਪਦਾਰਥਵਾਦੀ ਦੌਰ ਅੰਦਰ ਹਰ ਮਨੁੱਖ ਵੱਖ-ਵੱਖ ਤਰ੍ਹਾਂ ਦੇ ਦੁੱਖਾਂ, ਫ਼ਿਕਰਾਂ ਅਤੇ ਕਲੇਸ਼ਾਂ ਦੀਆਂ ਗੁੰਝਲਾਂ ਵਿਚ ਉਲਝਿਆ ਪਿਆ ਹੈ। ਸਮਾਜਿਕ ਵਿਤਕਰਿਆਂ, ਅਣਮਨੁੱਖ਼ੀ ਕਦਰਾਂ-ਕੀਮਤਾਂ, ਪੇਟ ਦੀਆਂ ਲੋੜਾਂ ਅਤੇ ਸਵੈ-ਵਿਰੋਧੀ ਹਾਲਾਤਾਂ ਦੀ ਬਦੌਲਤ ਢਾਹੂ ਪ੍ਰਵਿਰਤੀਆਂ ਦਾ ਧਾਰਨੀ ਹੋ ਕੇ ਨਸ਼ਿਆਂ ਵੱਲ ਰੁਚਿਤ ਹੋਣ ਵਾਲ਼ੇ ਮਨੁੱਖ ਦੀ ਬਿਹਤਰੀ ਵਾਸਤੇ ਗਲ਼ੇ-ਸੜੇ ਨਿਜ਼ਾਮ ਦੇ ਸ਼ੁੱਧੀਕਰਣ ਦੀ ਲੋੜ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਾਰਨ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਦਿਨੋ-ਦਿਨ ਵਧ ਰਹੀ ਮਹਿੰਗਾਈ, ਬੇਰੁਜ਼ਗ਼ਾਰੀ ਅਤੇ ਮਨੁੱਖ ਨੂੰ ਐਸ਼ੋ-ਆਰਾਮ ਪ੍ਰਦਾਨ ਕਰਨ ਵਾਲ਼ੇ ਵੱਖ-ਵੱਖ ਉਤਪਾਦਨਾਂ ਦੀ ਪਦਾਰਥਕ ਕ੍ਰਾਂਤੀ ਨੇ ਵਰਤਮਾਨ ਮਨੁੱਖ ਨੂੰ ਨਿਰਾਸ਼ਾਮਈ ਬਣਾ ਕੇ ਨਸ਼ਿਆਂ ਅੰਦਰ ਗ਼ਰਕ ਹੋਣ ਲਈ ਮਜਬੂਰ ਕਰ ਛੱਡਿਆ ਹੈ। ਅਸਮਾਨ ਛੂਹ ਰਹੀ ਮਹਿੰਗਾਈ ਅਤੇ ਬੇਰੁਜ਼ਗ਼ਾਰੀ ਦੀ ਬਦੌਲਤ ਪੈਦਾ ਹੋ ਰਹੇ ਕਲੇਸ਼ਾਂ ਅਤੇ ਨਿਰਾਸ਼ਤਾਵਾਂ ਤੋਂ ਕੁਝ ਸਮੇਂ ਲਈ ਆਪਣੇ-ਆਪ ਨੂੰ ਮੁਕਤ ਕਰਨ ਦੇ ਭਰਮ ਦਾ ਸ਼ਿਕਾਰ ਹੋ ਕੇ ਸਰੀਰਕ ਥਕਾਵਟ ਅਤੇ ਮਾਨਸਿਕ ਝੰਜਟਾਂ ਤੋਂ ਪੱਲਾ ਛੁਡਾਉਣ ਵਾਸਤੇ ਮਨੁੱਖ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਸ਼੍ਰੀ ਗਨੇਸ਼ ਕਰ ਬੈਠਦਾ ਹੈ ਅਤੇ ਬਾਅਦ ਵਿਚ ਹੌਲ਼ੀ-ਹੌਲ਼ੀ ਇਸ ਕੋਝੇ ਰੁਝਾਨ ਦਾ ਸ਼ਿਕੰਜਾ ਐਨਾ ਕੱਸਿਆ ਜਾਂਦਾ ਹੈ ਕਿ ਨਸ਼ਿਆਂ ਦੇ ਸ਼ਿਕਾਰ ਮਨੁੱਖ ਦਾ ਇਸ ਵਿਚੋਂ ਖ਼ੁਦ ਨੂੰ ਆਜ਼ਾਦ ਕਰਵਾਉਣਾ ਤਕਰੀਬਨ ਨਾ-ਮੁਮਕਿਨ ਹੋ ਜਾਂਦਾ ਹੈ।
ਦੋਸਤਾਂ-ਮਿੱਤਰਾਂ ਦੀ ਮਹਿਫ਼ਲ ਅੰਦਰ ਚੌਗ਼ਿਰਦੇ ਦੀਆਂ ਊਣਤਾਈਆਂ ਤੋਂ ਮਾਯੂਸ, ਭਿੰਨ-ਭਿੰਨ ਝੰਜਟਾਂ ’ਚ ਗ੍ਰਸਤ ਅਤੇ ਸ਼ੁਗ਼ਲ-ਸ਼ੁਗ਼ਲ ਵਿਚ ਹੀ ਅਜੋਕੀ ਨੌਜੁਆਨ ਪੀੜ੍ਹੀ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਅਜਿਹੀ ਬਦਸ਼ਗਨੀ-ਭਰੀ ਸ਼ੁਰੂਆਤ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਧੁੰਦਲੇ ਅਤੇ ਨਕਾਰਾ ਭਵਿੱਖ ਦੀ ਤਸਵੀਰ ਨੂੰ ਹਰ ਸੂਝਵਾਨ ਵਿਅਕਤੀ ਆਸਾਨੀ ਨਾਲ਼ ਮਹਿਸੂਸਣ ਉਪਰੰਤ ਪ੍ਰਤੱਖ ਵੇਖ ਸਕਦਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਰਗੇ ਸਿੱਖਿਆ-ਮੰਦਿਰਾਂ ਅੰਦਰ ਤਾਲੀਮ ਹਾਸਿਲ ਕਰ ਰਹੇ ਸਿੱਖਿਆਰਥੀਆਂ ਦੁਆਰਾ ਤਾਂ ਅਜਿਹੇ ਭਿੰਨ-ਭਿੰਨ ਨਸ਼ਿਆਂ ਅਤੇ ਢੰਗਾਂ ਨਾਲ਼ ਖ਼ੁਦ ਨੂੰ ਗ਼ਰਕ ਕੀਤਾ ਜਾ ਰਿਹਾ ਹੈ ਕਿ ਸੁਣ-ਵੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਸਿਗਰਟ, ਬੀੜੀ, ਸ਼ਰਾਬ, ਭੰਗ, ਅਫ਼ੀਮ, ਸਮੈਕ, ਭੁੱਕੀ, ਚਰਸ, ਕੁਕੀਨ, ਬ੍ਰਾਊਨ ਸ਼ੂਗਰ, ਗਾਂਜਾ ਵਰਗੇ ਨਸ਼ੀਲੇ ਪਦਾਰਥਾਂ ਦੇ ਨਾਲ਼-ਨਾਲ਼ ਫ਼ੈਂਸੀਡਾਇਲ, ਕੌਸੀਡਾਇਲ, ਕੋਰੈਕਸ, ਲੋਮੋਟਿਲ, ਡਾੱਰਮਿਨ 10, ਐਸਕੌਰਫ਼ ਆਦਿ ਵਰਗੀਆਂ ਐਲੋਪੈਥਿਕ ਦਵਾਈਆਂ ਨੂੰ ਸਰੂਰ ਹਾਸਿਲ ਕਰਨ ਲਈ ਭਵਿੱਖ ਦੇ ਇਹ ਯੋਧੇ ਸ਼ਰੇਆਮ ਵਰਤ ਰਹੇ ਹਨ। ਖੇਡ ਹੋਵੇ ਜਾਂ ਕਲਾ, ਵਪਾਰ ਹੋਵੇ ਜਾਂ ਕੋਈ ਹੋਰ ਕਾਰੋਬਾਰ ਤਕਰੀਬਨ ਹਰ ਖੇਤਰ ਨਾਲ਼ ਜੁੜੇ ਹੋਏ ਬਹੁ-ਗਿਣਤੀ ਲੋਕ ਅਸਹਿਣਸ਼ੀਲਤਾ, ਬੇ-ਸਬਰੇਪਨ, ਬੇ-ਆਰਾਮੀ ਅਤੇ ਹੀਣ-ਭਾਵਨਾਵਾਂ ਦੇ ਸ਼ਿਕਾਰ ਹੁੰਦਿਆਂ ਹੋਇਆਂ ਧੜਾਧੜ ਨਸ਼ਿਆਂ ਦੀ ਗ੍ਰਿਫ਼ਤ ਅੰਦਰ ਜਕੜੇ ਪਏ ਹਨ। ਕਈ ਗੱਭਰੂ ਤਾਂ ਭਾਂਤ-ਸੁਭਾਂਤੇ ਨਸ਼ੀਲੇ ਅਸਰ ਵਾਲ਼ੇ ਟੀਕਿਆਂ ਦਾ ਸਟਾਕ ਆਪਣੇ ਪਾਸ ਜਮ੍ਹਾਂ ਰੱਖਦੇ ਹਨ ਅਤੇ ਲੋੜ ਵੇਲ਼ੇ ਖ਼ੁਦ ਹੀ ਆਪਣੀ ਕਿਸੇ ਨਾੜੀ ਅੰਦਰ ਇਨ੍ਹਾਂ ਨੂੰ ਬਾਖ਼ੂਬੀ ਲਗਾਉਣ ਦਾ ਹੁਨਰ ਰੱਖਦੇ ਹਨ। ਪੈਟਰੌਲ ਨੂੰ ਲੰਮਾ ਸਮਾਂ ਸੁੰਘਣਾ, ਆਇਓਡੈਕਸ ਨੂੰ ਡਬਲ ਰੋਟੀ ਉਪਰ ਲਗਾ ਕੇ ਖਾਣਾ, ਛਿਪਕਲੀਆਂ ਦੀ ਹੱਤਿਆ ਉਪਰੰਤ ਤਵੇ ਉਪਰ ਉਨ੍ਹਾਂ ਨੂੰ ਰਾੜ੍ਹ ਕੇ ਉਨ੍ਹਾਂ ਦੀ ਸੁਆਹ ਚੱਖਣੀ ਤਾਂ ਪੱਕੇ ਨਸ਼ੱਈਆਂ ਦਾ ਨਿੱਤ ਦਾ ਵਰਤਾਰਾ ਬਣ ਚੁੱਕਿਆ ਹੈ। ਭਵਿੱਖ ਦੇ ਇਨ੍ਹਾਂ ਸੂਰਮਿਆਂ ਨੇ ਆਪਣੀ ਦਿਮਾਗ਼ੀ ਕਾਬਲੀਅਤ ਸਦਕਾ ਨਸ਼ਿਆਂ ਦੇ ਇਸਤੇਮਾਲ਼ ਨਾਲ਼ ਸਬੰਧਿਤ ਢੇਰਾਂ ਆਧੁਨਿਕ ਤਕਨੀਕਾਂ ਖੋਜ ਲਈਆਂ ਹਨ ਅਤੇ ਦਿਨ-ਬ-ਦਿਨ ਖੋਜਾਂ ਦਾ ਇਹ ਸਿਲਸਿਲਾ ਨਿਰੰਤਰ ਆਪਣੀ ਚਰਮ-ਸੀਮਾ ਵੱਲ ਨੂੰ ਵਧ ਰਿਹਾ ਹੈ।
ਨਸ਼ੇ ਮਹਿਜ਼ ਸਰੀਰਕ ਅਤੇ ਮਾਨਸਿਕ ਬਰਬਾਦੀ ਹੀ ਨਹੀਂ ਕਰਦੇ ਸਗੋਂ ਦੇਸ਼ ਦੀ ਆਰਥਿਕਤਾ ਨੂੰ ਵੀ ਬੱਝਵੀਂ ਢਾਹ ਲਾਉਂਦੇ ਹਨ। ਜਦ ਕੋਈ ਨਸ਼ੱਈ ਆਪਣੀ ਹੱਡ-ਭੰਨਵੀਂ ਕਮਾਈ ਦਾ ਵਧੇਰੇ ਹਿੱਸਾ ਇਨ੍ਹਾਂ ਰਾਹੀਂ ਫ਼ੂਕ ਛੱਡਦਾ ਹੈ ਤਾਂ ਉਸ ਦੀ ਪਰਿਵਾਰਕ ਕਲੇਸ਼ ਅਤੇ ਆਰਥਿਕ ਮੰਦਹਾਲੀ ਵਿਚ ਲਗਾਤਾਰ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਇਕ ਕਮਜ਼ੋਰੀ ਕਾਰਨ ਨਸ਼ੱਈਆਂ ਦੇ ਬੱਚੇ ਸੁਚੱਜਾ ਪਹਿਨਣ, ਸੋਹਣੇ ਰਹਿਣ-ਸਹਿਣ ਅਤੇ ਪੜ੍ਹਾਈ ਗ੍ਰਹਿਣ ਕਰਨੋਂ ਵਾਂਝੇ ਰਹਿਣ ਕਾਰਨ ਦੇਸ਼ ਉਪਰ ਵਾਧੂ ਦਾ ਬੋਝ ਪਾਉਣ ਵਾਲ਼ਿਆਂ ਦੀ ਕਤਾਰ ਵਿਚ ਆਣ ਖਲੋਂਦੇ ਹਨ। ਨਸ਼ਿਆਂ ਦੇ ਜੰਜਾਲ ’ਚ ਧਸੇ ਹੋਏ ਲੋਕਾਂ ਕਾਰਨ ਦੇਸ਼ ਦੀ ਦਿਨੋ-ਦਿਨ ਨਿੱਘਰਦੀ ਹਾਲਤ ਨੂੰ ਸੁਧਾਰਨ ਵਾਸਤੇ ਰੌਸ਼ਨ ਦਿਮਾਗ਼ ਅਤੇ ਜਨ-ਕਲਿਆਣਕਾਰੀ ਇਰਾਦਿਆਂ ਵਾਲ਼ੇ ਵਿਅਕਤੀਆਂ ਨੂੰ ਨਸ਼ਿਆਂ ਦੇ ਸ਼ਿਕਾਰ ਮਨੁੱਖਾਂ ਦੇ ਜ਼ਿੰਮੇਵਾਰ ਹਾਲਾਤਾਂ ਨੂੰ ਬਦਲਣ ਦੇ ਸਾਰਥਕ ਉਪਰਾਲੇ ਕਰਦਿਆਂ ਹੋਇਆਂ ਨਸ਼ਿਆਂ ਦੇ ਖ਼ਿਲਾਫ਼ ਘ੍ਰਿਣਾ ਪੈਦਾ ਕਰਨ ਵਾਲ਼ੇ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਦੂਜੇ ਪਾਸੇ ਸਰਕਾਰ ਦੁਆਰਾ ਵੀ ਨਸ਼ੱਈਆਂ ਨੂੰ ਨਸ਼ੀਲੇ ਪਦਾਰਥਾਂ ਵੱਲ ਪ੍ਰੇਰਿਤ ਕਰਨ ਵਾਲ਼ੀਆਂ ਪ੍ਰਸਥਿਤੀਆਂ ਦੇ ਪਰਿਵਰਤਨ ਦੀ ਡਾਹਢੀ ਜ਼ਰੂਰਤ ਹੈ।
ਨਸ਼ੱਈਆਂ ਦੁਆਰਾ ਉਤਲੇ ਮਨੋਂ ਨਹੀਂ ਬਲਕਿ ਧੁਰ ਅੰਦਰੋਂ ਦ੍ਰਿੜ ਆਤਮ-ਵਿਸ਼ਵਾਸ ਅਤੇ ਪੁਖ਼ਤਾ ਸੰਕਲਪ ਦੁਆਰਾ ਹੀ ਨਸ਼ਿਆਂ ਦੇ ਕੋਹੜ ਤੋਂ ਨਜਾਤ ਪਾਈ ਜਾ ਸਕਦੀ ਹੈ। ਨੇਕ ਇਰਾਦਿਆਂ ਵਾਲ਼ੇ ਵਿਅਕਤੀਆਂ, ਸਮਾਜ-ਸੇਵੀ ਸੰਸਥਾਵਾਂ ਅਤੇ ਸਿਹਤ-ਕੇਂਦਰਾਂ ਦੁਆਰਾ ਨਸ਼ੇੜੀਆਂ ਨੂੰ ਮਨੋ-ਵਿਗਿਆਨਕ ਅਤੇ ਸਾਰਥਕ ਤਰੀਕਿਆਂ ਨਾਲ਼ ਸਮਝਾ-ਬੁਝਾ ਕੇ ਇਸ ਕੁ-ਮਾਰਗ ਤੋਂ ਕੰਨੀਂ ਕਤਰਾਉਣ ਲਈ ਪ੍ਰੇਰਿਤ ਕਰਨ ਦੇ ਹੀਲੇ ਕਰਨ ਦੀ ਬੜੀ ਭਖ਼ਵੀਂ ਲੋੜ ਹੈ ਤਾਂ ਜੋ ਇਕ ਸਾਫ਼-ਸੁਥਰੇ, ਤੰਦਰੁਸਤ ਅਤੇ ਆਦਰਸ਼ ਸੰਸਾਰ ਦੀ ਪੁਨਰ-ਉਸਾਰੀ ਹੋ ਸਕੇ।

ਜਸਵੰਤ ਭਾਰਤੀ
ਸਲੇਮਪੁਰਾ,
ਸਿਧਵਾਂ ਬੇਟ (ਲੁਧਿਆਣਾ)
ਫੋਨ: 9872727789

0 comments:
Speak up your mind
Tell us what you're thinking... !