Headlines News :
Home » » ਗਰਮੀਆਂ ਦੀਆਂ ਛੁੱਟੀਆਂ ਹੀ ਨਹੀਂ ਹਨ ਤੇਜ਼ ਗਰਮੀ ਤੋਂ ਬਚਾ ਦਾ ਹੱਲ ਸਗੋਂ ਹੋਰ ਵੀ ਕੁੱਝ ਕਰਨਾ ਹੈ ਪਊ ਜਨਾਬ! - ਰਮੇਸ਼ ਬੱਗਾ ਚੋਹਲਾ

ਗਰਮੀਆਂ ਦੀਆਂ ਛੁੱਟੀਆਂ ਹੀ ਨਹੀਂ ਹਨ ਤੇਜ਼ ਗਰਮੀ ਤੋਂ ਬਚਾ ਦਾ ਹੱਲ ਸਗੋਂ ਹੋਰ ਵੀ ਕੁੱਝ ਕਰਨਾ ਹੈ ਪਊ ਜਨਾਬ! - ਰਮੇਸ਼ ਬੱਗਾ ਚੋਹਲਾ

Written By Unknown on Monday, 21 October 2013 | 06:44

 ਸੂਰਜ ਅੱਗ ਵਰ੍ਹਾ ਰਿਹ ਹੈ,ਧਰਤੀ ਲਪਟਾਂ ਛੱਡ ਰਹੀ ਹੈ,ਕੂਲਰਾਂ ਪੱਖਿਆਂ ਦੇ ਹੱਥ ਖੜ੍ਹੇ ਹੋ ਗਏ ਹਨ,ਅਜਿਹੇ ਦੁਖਦਾਈ ਮਾਹੌਲ ਵਿਚ ਰਾਹਤ ਦੇਣ ਵਾਲੀ ਬਿਜਲੀ-ਪਾਣੀ ਦੀ ਸਪਲਾਈ ਵੀ ਲੰਙੇ-ਡੰਗ ਹੋਈ ਪਈ ਹੈ। ਤਾਪਮਾਨ ਦਾ ਦਰਜ਼ਾ ੳਬਾਲ ਦਰਜ਼ੇ ਦੇ ਲਗਭਗ ਅੱਧ ਵਿਚ ਪਹੁੰਚ ਚੁੱਕਾ ਹੈ ਪਰ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਜਿਹੜੇ ਕਿ ਆਮ ਤੌਰ ‘ਤੇ ਦਫਤਰਾਂ ਵਿਚ ਏ.ਸੀ ਅਤੇ ਕੂਲਰ ਦੀ ਠੰਢਕ ਮਾਣ ਕੇ ਵਿਦਿਅਕ ਨੀਤੀਆਂ ਦਾ ਨਿਰਮਾਣ ਕਰਦੇ ਹਨ, ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਤਲਿਬਇਲਮਾਂ ਅਤੇ ਕੌਮ ਦੇ ਨਿਰਮਾਤਿਆਂ ਉਪਰ  ਬਹੁਤਾ ਤਰਸ ਨਹੀਂ ਆ ਰਿਹਾ। ਤੁਸੀਂ ਕਹੋਗੇ ਕਿ ਕਿਉਂ ਨਹੀਂ ਆ ਰਿਹਾ ਅਜੇ ਤਾਂ ਤਾਜਾ-ਤਾਜਾ ਸਾਡੇ ਮਾਣਯੋਗ ਵਜ਼ੀਰ-ਏ-ਤਲੀਮ ਨੇ ਵਿਦਿਆ ਵੀਚਾਰਨ ਦੇ ਨਿਰਧਾਰਿਤ ਛੇ ਘੰਟਿਆਂ ਵਿਚੋਂ ਦੋ ਪੌਣੇ ਦੋ ਘੰਟੇ ਮਾਈਨਸ ਕਰਕੇ ਪੜ੍ਹਣ-ਪੜ੍ਹਾਉਣ ਵਾਲੇ ਵਰਗ ਨੂੰ ਵੱਡੀ ਰਾਹਤ ਬਖਸ਼ੀ ਹੈ। ਇਹ ਕੋਈ ਛੋਟਾ-ਮੋਟਾ ਪਰ ਉਪਕਾਰ ਨਹੀਂ।
   ਪਿਛਲੇ ਅਰਸੇ ਦੌਰਾਨ ਸਾਡੇ ਸਿੱਖਿਆ ਮੰਤਰੀ ਜੀ ਨੇ ਅਖ਼ਬਾਰੀ ਕਾਗਜ਼ਾਂ ਦਾ ਸ਼ਿੰਗਾਰ ਬਣਨ ਵਾਲੇ ਬਿਆਨਾਂ ਵਿਚ ਇਕ ਬਿਆਨ ਇਹ ਵੀ ਦਿੱਤਾ ਸੀ ਕਿ ਸਕੂਲਾਂ ਵਿਚ ਗਰਮੀ-ਸਰਦੀ ਦੀਆਂ ਛੁੱਟੀਆਂ ਮੌਸਮਾਂ ਦਾ ਮਿਜ਼ਾਜ ਦੇਖ ਹੀ ਕੀਤੀਆਂ ਜਾਇਆ ਕਰਨਗੀਆਂ। ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਕੁੱਝ ਸੂਝਵਾਨ ਹਲਕਿਆਂ ਨੇ ਇਸ ਬਿਆਨ ਦਾ ਭਰਪੂਰ ਸਵਾਗਤ ਕੀਤਾ ਸੀ ਕਿ ਚੱਲੋ ਸਿੱਖਿਆ ਵਿਭਾਗ ਨੂੰ ਵੀ ਥੋੜ੍ਹੀ-ਬਹੁਤੀ ਅਕਲ ਆਉਣ ਲੱਗੀ ਹ ਜਿਸ ਤਹਿਤ ਉਸ ਨੇ ਗਰਮੀ-ਸਰਦੀ ਦੀਆਂ ਛੁੱਟੀਆਂ ਨੂੰ ਲੋੜ ਅਨੁਸਾਰੀ ਅਤੇ ਸਾਰਥਿਕ ਬਣਾਉਣ ਦੀ ਠਾਣੀ ਹੈ। ਪਰ ਜਦੋਂ ਇਸ ਪਰਉਪਕਾਰੀ ਬਿਆਨ ਨੂੰ ਅਮਲ ਦੀ ਕਸਵੱਟੀ ਉਪਰ ਪਰਖਣ ਦਾ ਵਕਤ ਆਇਆ ਤਾਂ ਇਹ ਕੇਵਲ ਇਕ ‘ਸਰਕਾਰੀ’ ਬਿਆਨ ਹੀ ਹੋ ਨਿਬੜਿਆ ਜਿਸ ‘ਤੇ ਆਮ ਲੋਕਾਈ ਬਹੁਤਾ ਯਕੀਨ ਹੀ ਨਹੀਂ ਕਰਦੀ।
   ਜਦੋਂ ਤੋਂ ਪੰਜਾਬ ਵਿਚ ਦੇਸੀ ਮਹੀਨਾ ਜੇਠ ਚੜ੍ਹਿਆ ਹੈ ਉਸ ਦਿਨ ਤੋਂ ਹੀ ਪਾਰਾ ਵੀ ਅਸਮਾਨੀ ਚੜ੍ਹਿਆ ਹੋਇਆ ਹੈ ਭਾਵ ਗਰਮੀ ਨੇ ਉੱਤਰੀ ਭਾਰਤ ਦੇ ਲੋਕਾਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ। ਇਸ ਗਰਮੀ ਦਾ ਅਸਰ ਉਨ੍ਹਾਂ ਲੋਕਾਂ ‘ਤੇ ਹੋਰ ਵੀ ਵਧੇਰੇ ਹੁੰਦਾ ਹੈ ਜੋ ਰੋਜ਼ਾਨਾ ਆਪਣੇ ਕਾਰੋਬਾਰੀ ਸਿਲਸਲੇ ਵਿਚ ਅਕਸਰ ਦੂਰ-ਨੇੜੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਵਰਗ ਵਿਚ ਦਫਤਰੀ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਪ੍ਰਮੁੱਖ ਰੂਪ ਵਿਚ ਆਉਂਦੇ ਹਨ। ਦਫਤਰਾਂ ਦੀ ਛੁੱਟੀ ਦਾ ਸਮਾਂ 5 ਵਜੇ ਹੋਣ ਕਰਕੇ ਕੁੱਝ ਗਰਮੀ ਦੇ ਕਹਿਰ ਵੱਲੋਂ ਰਾਹਤਜਨਕ ਹਲਾਤ ਬਣ ਸਕਦੀ ਹੈ ਪਰ ਪਾੜ੍ਹੇ-ਪਾੜ੍ਹੀਆਂ ਅਤੇ ਮਾਸਟਰ-ਭੈਣਜੀਆਂ ਦੇ ਘਰਾਂ ਨੂੰ ਮੌੜਾ ਪਾਉਣ ਦਾ ਵਕਤ ਆਮ ਤੌਰ ‘ਤੇ ਸਿਖਰ ਦੁਪਿਹਰ ਦਾ ਹੁੰਦਾ ਹੈ। ਇਸ ਸਮੇਂ ਦੌਰਾਨ ਸੂਰਜ ਭਰ ਜੋਬਨ ‘ਤੇ ਹੋਣ ਕਰਕੇ ਅੱਗ ਦਾ ਮੀਂਹ ਵਰਸਾ ਰਿਹਾ ਹੁੰਦਾ ਹੈ। ਇਸ ਤਰ੍ਹਾਂ ਇਸ ਭਾਈਚਾਰੇ   ਦੀ ਘਰ-ਵਾਪਸੀ ਕਾਫੀ ਕਸ਼ਟਦਇਕ ਹੋ ਨਿਬੜਦੀ ਹੈ। ਸੋ ਸਰਕਾਰੀ ਸਕੂਲਾਂ ਵਿਚਲੀਆਂ ਮੌਸਮ (ਸਰਦੀ-ਗਰਮੀ) ਦੀਆਂ ਛੁੱਟੀਆਂ ਰਿਵਾਇਤੀ ਹੋਣ ਦੀ ਬਜਾਏ ਤਰਕਸੰਗਤ(ਲੋੜ ਅਨੁਸਾਰੀ) ਹੋਣੀਆਂ ਚਾਹੀਦੀਆਂ ਹਨ। 
     ਜੂਨ ਮਹੀਨੇ ਨੂੰ ਮੁਕੰਮਲ ਛੁੱਟੀਆਂ ਲਈ ਰਾਖਵਾਂ ਰੱਖ ਕੇ ਬਾਕੀ ਦੇ ਮਹੀਨਿਆਂ ਵਿਚ ਸਿੱਖਿਆ ਵਿਭਾਗ ਅਜਿਹੀ ਕਹਿਰਵਾਨ ਗਰਮੀ ਦਾ ਮੁਕਾਬਲਾ ਸਕੂਲੀ ਸਮੇਂ ਵਿਚ ਥੋੜ੍ਹਾ-ਬਹੁਤਾ ਹੇਰ-ਫੇਰ(ਘੱਟ) ਕਰਕੇ ਕਰਨ ਦੀ ਅਧੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਆਧਾਰ-ਸਰੰਚਨਾ (ਬਿਜਲੀ,ਪਾਣੀ ਅਤੇ ਬੈਠਣ) ਦਾ ਕੱਚਾ-ਪੱਕਾ ਪ੍ਰਬੰਧ ਸਕੂਲਾਂ ਦੀਆਂ ਕਾਰਜੀ-ਘੜੀਆਂ ਨੂੰ ਕੋਈ ਸੰਤੋਖਜਨਕ ਮਾਹੌਲ ਪ੍ਰਦਾਨ ਨਹੀਂ ਕਰਦਾ। ਅਜਿਹੇ ਮਾਹੌਲ ਦੀ ਘਾਟ ਕਾਰਨ ਹੀ ਸਰਕਾਰੀ ਸਕੂਲ ਵੱਡੀ ਗਿਣਤੀ ਲੋਕਾਂ ਦੀ ਤਰਜੀਹ ਦਾ ਕੇਂਦਰ ਨਹੀਂ ਬਣ ਸਕੇ।
    ਪੜ੍ਹਣ-ਪੜ੍ਹਾਉਣ ਦੀ ਪ੍ਰਕ੍ਰਿਆ ਇਕ ਅਜਿਹੀ ਪ੍ਰਕ੍ਰਿਆ ਹੈ ਜਿਸ ਨੂੰ ਅਰਥ ਭਰਪੂਰ ਬਣਾਉਣ ਲਈ ਸਾਫ-ਸੁਥਰਾ ਅਤੇ ਸੁਖਾਵਾਂ ਵਾਤਾਵਰਣ ਬਹੁਤ ਹੀ ਲਾਜ਼ਮੀ ਹੈ। ਸਰਕਾਰੀ ਘੇਰੇ ਵਿਚ ਪੈਂਦੇ ਬਹੁਤ ਸਾਰੇ ਸਰਕਾਰੀ ਸਕੂਲ ਅਜੇ ਵੀ ਅਜਿਹਾ ਵਾਤਾਵਰਣ ਸਿਰਜਣ ਵਿਚ ਅਸਮਰੱਥ ਹਨ। ਅਜਿਹੀ ਅਸਮਰੱਥਾ ਦੇ ਕਾਰਨ ਹੀ ਇਹ ਸਕੂਲ ਅਤਿ ਗਰਮੀ/ਸਰਦੀ ਦੇ ਮੌਸਮ ਦਾ ਟਾਕਰਾ ਸਹੀ ਅਤੇ ਸੰਤੋਖਜਨਕ ਪਹੁੰਚ ਨਾਲ ਨਹੀਂ ਕਰ ਸਕਦੇ। ਇਕ ਹ/ਤੇ ਜਾਂ ਮਹੀਨੇ ਲਈ ਸਕੂਲ ਬੰਦ ਕਰਨ ਨਾਲ ਕੁੱਝ ਵਕਤੀ ਰਾਹਤ ਤਾਂ ਜ਼ਰੂਰ ਮਿਲ ਜਾਂਦੀ ਹੈ ਪਰ ਮੌਸਮੀ ਸਮੱਸਿਆਵਾਂ ਦਾ ਸਥਾਈ ਹੱਲ ਇਨ੍ਹਾਂ (ਸਰਕਾਰੀ) ਸਕੂਲਾਂ ਦੇ ਬੁਨਿਆਦੀ-ਢਾਂਚੇ ਨੂੰ ਸਮੇਂ ਦਾ ਹਾਣੀ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਅਜਿਹੇ ਹੱਲ ਜਿਥੇ ਸਿੱਕੇਬੰਦ ਸੋਚ ਦੀ ਮੰਗ ਕਰਦੇ ਹਨ ਉੱਥੇ ਇਮਾਨਦਾਰਾਨਾ ਅਮਲ ਦੀ ਆਸ ਵੀ ਰੱਖਦੇ ਹਨ ਜੋ ਕਿ ਨੇੜੇ ਭਵਿੱਖ ਘੱਟ ਹੀ ਪੂਰੀ ਹੋਣ ਦੀ ਆਸ ਹੈ। ਇਸ ਆਸ ਨੂੰ ਪੂਰਾ ਕਰਨ ਤੋਂ ਬਗ਼ੈਰ (ਕੇਵਲ ਛੁੱਟੀਆਂ ਨਾਲ ਹੀ) ਮੌਸਮ ਦੇ ਕਹਿਰਵਾਨ ਸੁਭਾਅ ਤੋਂ ਨਹੀਂ ਬਚਿਆ ਜਾ ਸਕਦਾ। 
         
ਰਮੇਸ਼ ਬੱਗਾ ਚੋਹਲਾ
            #1348/17/1,
 ਗਲੀ ਨੰ:8 
ਰਿਸ਼ੀ ਨਗਰ ਐਕਸਟੈਨਸ਼ਨ
ਹੈਬੋਵਾਲ, ਲੁਧਿਆਣਾ
  ਮੋਬ:9463132719

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template