ਮੈਂ ਜ਼ਰਾ ਤੁਰਨਾ ਕੀ ਸਿੱਖਿਆ, ਰਾਹ ਸਮੁੰਦਰ ਹੋ ਗਏਫਿਰ ਪਤਾ ਨਈਂ ਪੈਰ ਮੇਰੇ ਕਿਸ ਤਰਾਂ ਪਰ ਹੋ ਗਏ
ਸੀ ਮੇਰੇ ਸੀਨੇ 'ਚ ਏਨੀ ਪਿਆਰ ਤੇਰੇ ਦੀ ਅਗਨ
ਢਲ ਗਏ ਸਭ ਤੀਰ ਖ਼ੰਜਰ ਢਲ ਕੇ ਬਕਤਰ ਹੋ ਗਏ
ਪਹਿਲਾਂ ਤਾਂ ਮੈਂ ਆਤਮਾ ਤੱਕ ਪਾਰਦਰਸ਼ੀ ਹੀ ਰਹੀ
ਫਿਰ ਤੇਰੇ ਚੁੰਮਣ ਮੇਰੀ ਕਾਇਆ ਦੇ ਬਸਤਰ ਹੋ ਗਏ
ਮੇਰੇ ਦਿਲ ਵਿਚ ਦਰਦ ਦੇ ਲੱਖਾਂ ਪਰਿੰਦੇ ਕੈਦ ਸਨ
ਬਸ ਤੇਰੀ ਇਕ ਛੁਹ ਦੇ ਸਦਕਾ ਸਭ ਸੁਤੰਤਰ ਹੋ ਗਏ
ਉਮਰ ਦੇ ਔਖੇ ਸਫਰ ਵਿਚ ਤੂੰ ਜੋ ਮੈਨੂੰ ਮਿਲ ਪਿਆ
ਰਾਹਾਂ ਦੇ ਅੰਗਿਆਰ ਵੀ ਫੁੱਲਾਂ ਬਰਾਬਰ ਹੋ ਗਏ
"ਸੁਖਵਿੰਦਰ ਅੰਮਿ੍ਤ"

0 comments:
Speak up your mind
Tell us what you're thinking... !