ਸਾਡੇ ਵੱਡੇ-ਵਡੇਰਿਆਂ ਨੇ ਮਾਂ ਬੋਲੀ ਨੂੰ ਸਾਂਭ ਕੇ ਸਾਡੇ ’ਤੇ ਉਹ ਉਪਕਾਰ ਕੀਤਾ ਹੈ ਕਿ ਜਿਸ ਦਾ ਰਿਣ ਅਸੀਂ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਦੇ ਲੇਖੇ ਲਾ ਦੇਈਏ ਤਾਂ ਵੀ ਨਹੀਂ ਉਤਾਰ ਸਕਦੇ। ਸਾਨੂੰ ਗਿਆਰਵੇਂ ਗੁਰੂ ਦੇ ਰੂਪ ਵਿਚ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਕੇ ਅਮੋਲਕ ਗੁਣਾਂ ਨਾਲ ਭਰਪੂਰ ਖ਼ਜ਼ਾਨਾ ਸੌਂਪਿਆ।
ਅਜੋਕੇ ਸਮੇਂ ਵਿਚ ਮਾਂ ਬੋਲੀ ਦਾ ਜੋ ਹਸ਼ਰ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਵਿਚ ਪੰਜਾਬੀ ਵਿਚ ਕੰਮ ਕਰਨ ਲਈ ਹੁਕਮ ਦਿਤੇ ਜੋ ਕਿ ਅਧਵਾਟੇ ਹੀ ਹਨ। ਹੁਣ ਵੀ ਕਈ ਸਰਕਾਰੀ ਵਿਭਾਗਾਂ ਵਿਚ ਮਾਂ ਬੋਲੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਵਿਚ ਕੰਮ ਕੀਤਾ ਜਾਂਦਾ ਹੈ।
ਪੰਜਾਬੀ ਫ਼ਿਲਮਾਂ ਰਾਹੀਂ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੌਜੂਦਾ ਸਮੇਂ ਵਿਚ ਜੋ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਉਹ ਕਹਿਣ ਨੂੰ ਹੀ ਪੰਜਾਬੀ ਹਨ। ਜ਼ਰਾ ਸੋਚੋ, ਜਿਨ੍ਹਾਂ ਫ਼ਿਲਮਾਂ ਦਾ ਨਾਂ ਹੀ ਮਾਂ ਬੋਲੀ ਵਿਚ ਨਹੀਂ, ਉਨ੍ਹਾਂ ਵਿਚ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਸੱਭਿਆਚਾਰ ਹੋਵੇਗਾ? ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਂ ’ਤੇ ਪੰਜਾਬੀ ਫ਼ਿਲਮਾਂ ਤੇ ਗੀਤਾਂ ਰਾਹੀਂ ਮਾਂ ਬੋਲੀ ਦਾ ਘਾਣ ਕਰਨ ਲਈ ਲਚਰਤਾ ਅਤੇ ਪਛਮੀ ਸਭਿਆਚਾਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਆਉ ਹੁਣ ਝਾਤੀ ਮਾਰੀਏ ਪੁਰਾਤਨ ਤੇ ਅਜੋਕੀਆਂ ਫ਼ਿਲਮਾਂ ਤੇ ਗੀਤਾਂ ’ਤੇ :
ਪੁਰਾਣੀਆਂ ਪੰਜਾਬੀ ਫ਼ਿਲਮਾਂ : ਉੱਚਾ ਦਰ ਬਾਬੇ ਨਾਨਕ ਦਾ ਸਰਪੰਚ, ਬਦਲਾ ਜੱਟੀ ਦਾ, ਨੈਣ ਪ੍ਰੀਤੋ ਦੇ, ਚੰਨ੍ਹ ਪ੍ਰਦੇਸ਼ੀ, ਭਗਤ ਧੰਨਾ ਜੱਟਾ, ਯਾਰੀ ਜੱਟ ਦੀ, ਸੂਬੇਦਾਰ, ਕਚਹਿਰੀ, ਜਿਉਣਾ ਮੌੜ, ਸੋਹਣੀ-ਮਹੀਵਾਲ, ਪਟੌਲਾ, ਪੁੱਤ ਜੱਟਾਂ ਦੇ, ਜੱਟ ਤੇ ਜ਼ਮੀਨ, ਸਿਕੰਦਰਾ, ਬਲਬੀਰੋ ਭਾਬੀ, ਰਾਣੋ ਆਦਿ ਜ਼ਿਕਰਯੋਗ ਹੈ।
ਅਜੋਕੀਆਂ ਪੰਜਾਬੀ ਫ਼ਿਲਮਾਂ : ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ, ਲੱਕੀ ਦੀ ਅਨਲੱਕੀ ਸਟੋਰੀ, ਜਸਟ ਡੂ ਇਟ, ਨੌਟੀ ਜੱਟਸ, ਜੱਟ ਏਅਰਵੇਜ਼, ਜੱਟ ਬੋਆਇਜ਼, ‘ਯੰਗ-ਮਲੰਗ’, ਡਬਲ ਦਾ ਟਰਬਲ, ਆਰ.ਐਸ.ਵੀ.ਪੀ., ਜੱਟ ਇਨ ਮੂਡ, ਸਾਡੀ ਲਵ ਸਟੋਰੀ, ਸਟੂਪਿਡ ਸੇਵਨ, ਸਿੰਘ ਵਰਸਿਜ਼ ਕੌਰ, ਡੈਡੀ ਕੂਲ ਮੁੰਡੇ ਫੂਲ, ਬਿੱਕਰ ਬਾਈ ਸੈਂਟੀਮੈਂਟਲ, ਜੱਟ ਇਨ ਗੋਲਮਾਲ, ਆਸ਼ਕੀ ਨੋਟ ਅਲਾਊਡ, ਹੀਰ ਐਂਡ ਹੀਰੋ, ਲਵ ਯੂ ਸੋਨੀਆ, ਭਾਅ ਜੀ ਇਨ ਪ੍ਰਾਬਲਮ, ਡੋਂਟ ਵੈਰੀ ਯਾਰ, ਇਸ਼ਕ ਬਰਾਂਡੀ ਫਲਾਣਾ-ਫਲਾਣੀ।
ਪੁਰਾਤਨ ਪੰਜਾਬੀ ਗੀਤ : ਮਾਂ ਹੁੰਦੀ ਐ, ਮਾਂ ਓ ਦੁਨੀਆਂ ਵਾਲਿਉ, ਪੱਟ ਦਿੱਤੀ ਗੁੱਤ ਮੈਂ ਚੁੜੇਲ ਸੱਸ ਦੀ, ਉਨ੍ਹੇ ਕੱਢੀ ਭਾਈਆਂ ਦੀ ਗ਼ਾਲ੍ਹ, ਮੈਂ ਫੜ ਸੱਸ ਗੋਡਿਆਂ ਥੱਲੇ ਲੈ ਲੀ, ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਸੱਸੀਏ ਨੀ ਤੇਰੇ ਪੁੰਨਣ ਨੂੰ, ਲਾਟੂ ਦਿਉਰ ਦੇ ਚੁਬਾਰੇ ’ਤੇ ਜਗ੍ਹਾ ਦੇ ਭਾਬੀਏ, ਮੇਰੇ ਯਾਰ ਦਾ ਡੋਲਾ ਚੱਲਿਆ, ਨਹੀਉਂ ਭੁੱਲਣਾ ਵਿਛੋੜਾ ਤੇਰਾ, ਮਾਝੇ ਦੀਆਂ ਮੋਮਬੱਤੀਏ, ਪੱਟੂ ਫਿਰਦਾ ਸ਼ਰਾਬ ਨਾਲ ਰੱਜਿਆ, ਬਦਲਾ ਲੈ ਲੀਂ ਜਿਉਣਿਆ, ਤੇਲੂ ਰਾਮ ਦੀ ਹੱਟੀ ਦਾ ਜ਼ਰਦਾ, ਜੋੜਾਂ ਵਿਚ ਬਹਿ ਗਿਆ ਜੱਟ ਦੇ, ਯਾਰੀ ਪ੍ਰਦੇਸੀਆਂ ਦੀ, ਮਿਰਜ਼ਾ, ਹੀਰ, ਦੁਪੱਟਾ ਤੇਰਾ ਸੱਤ ਰੰਗ ਦਾ ਆਦਿ ਜ਼ਿਕਰਯੋਗ ਹਨ।
ਅਜੋਕੇ ਗੀਤ : ਲੱਕ ਟਵੰਟੀ ਏਟ ਕੁੜੀ ਦਾ, ਮੋਟੀ-ਮੋਟੀ ਅੱਖ ਤੇਰੀ ਆਈ ਬਰੋ ਬਲੈਕ, ਸੋਲਡਰ ਚੱਕ-ਚੱਕ ਕੇ, ਪਾਰਟੀ ਗੈਟਿੰਗ ਹੋਟ, ਸਿੰਘ ਇਜ਼ ਕਿੰਗ, ਮੇਰੀ ਬੁੱਗੀ, ਮੇਰੀ ਬੁੱਗੀ, ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ, ਅੱਤ ਨੇ ਬਈ ਅੱਤ ਨੇ, ਬੇਬੋ ਦੀਆਂ ਗੱਲਾਂ ਪਿੰਕ-ਪਿੰਕ, ਕੈਰੀ ਆਨ ਜੱਟਾ, ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ ਬਲੈਕ ਆਦਿ।
ਜੇਕਰ ਉਪਰੋਕਤ ਪੁਰਾਤਨ ਤੇ ਅਜੋਕੀਆਂ ਪੰਜਾਬੀ ਫ਼ਿਲਮਾਂ ਅਤੇ ਪੰਜਾਬੀ ਗੀਤਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ‘ਮਾਂ ਬੋਲੀ’ ਕਿਥੇ ਖੜੋਤੀ ਹੈ?
ਸਦਕੇ ਉਨ੍ਹਾਂ ਗਾਇਕਾਂ ’ਤੇ ਜਿਨ੍ਹਾਂ ਨੇ ਮਾਂ ਬੋਲੀ ਨੂੰ ਸਾਂਭਣ ਦਾ ਯਤਨ ਕੀਤਾ ਜਿਨ੍ਹਾਂ ਵਿਚ ਬਾਬਾ ਬੋਹੜ ਯਮਲਾ ਜੱਟ, ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ, ਮੁਹੰਮਦ ਸਦੀਕ, ਨਰਿੰਦਰ ਬੀਬਾ, ਗੁਰਮੀਤ ਬਾਵਾ, ਆਸਾ ਸਿੰਘ ਮਸਤਾਨਾ ਜ਼ਿਕਰਯੋਗ ਹਨ। ਕਾਬਲੇਗ਼ੌਰ ਹੈ ਕਿ ਬੇਸ਼ੱਕ ਚਮਕੀਲਾ ਅਸ਼ਲੀਲ ਗੀਤ ਗਾਉਂਦਾ ਸੀ ਪਰ ਮੰਨਣਾ ਪਵੇਗਾ ਕਿ ਉਸ ਦੇ ਗੀਤਾਂ ਵਿਚ ਪੰਜਾਬੀ ਮਾਂ ਬੋਲੀ ਦੀ ਖ਼ੁਸ਼ਬੂ ਆਉਂਦੀ ਹੈ ਜਿਸ ਦੀ ਮਹਿਕ ਅੱਜ ਵੀ ਤਾਰੋ-ਤਾਜ਼ਾ ਹੈ।
ਬੀਤੇ ਦਿਨੀਂ ਪੰਚਕੂਲਾ ਵਿਚ ਹੋਏ ਸਮਾਗਮ ਵਿਚ ਪੂਰਨ ਸ਼ਾਹ ਕੋਟੀ ਨੂੰ ‘ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨ ਕੀਤਾ ਗਿਆ ਜੋ ਕਿ ਸਲਾਹੁਣਯੋਗ ਹੈ ਪਰ ‘ਬੈਸਟ ਇੰਟਰਟੇਨਮੈਂਟ ਪਰਫ਼ਾਰਮੈਂਸ ਐਵਾਰਡ’ ਨਾਲ ਗਿੱਪੀ ਗਰੇਵਾਲ ਨੂੰ ਸਨਮਾਨਤ ਕਰਨਾ ਸਮਝ ਤੋਂ ਬਾਹਰ ਹੈ?
ਜੇਕਰ ਗੱਲ ਕਰੀਏ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਰਾਵਾਂ ਦੀ, ਤਾਂ ਉਹ ਪੰਜਾਬ ’ਚ ਰਹਿੰਦੇ ਪੰਜਾਬੀਆਂ ਨਾਲ ਕਿਤੇ ਚੰਗੇ ਹਨ ਜੋ ਵਿਦੇਸ਼ ਰਹਿੰਦੇ ਹੋਏ ਵੀ ਅਪਣੇ ਵਿਰਸੇ, ਕੌਮ ਤੇ ਸਭਿਆਚਾਰ ਨੂੰ ਸਾਂਭੀ ਬੈਠੇ ਹਨ। ਕਈ ਮੇਰੇ ਵੀਰਾਂ ਨੇ ‘ਮਾਂ ਬੋਲੀ’ ਨੂੰ ਵਿਕਸਿਤ ਕਰਨ ਲਈ ਰੇਡੀਉ ਚੈਨਲ ਜਿਵੇਂ ਹਰਮਨ ਰੇਡੀਉ, ਰੇਡੀਉ ਪੰਜਾਬ ਚਲਾਏ ਹੋਏ ਹਨ ਤੇ ਕਈ ਪੰਜਾਬੀ ਹਫ਼ਤਾਵਾਰੀ ਅਖ਼ਬਾਰ ਕੱਢ ਕੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕਰ ਰਹੇ ਹਨ। ਪ੍ਰਵਾਸੀ ਵੀਰ ਸਮੇਂ-ਸਮੇਂ ’ਤੇ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ ਜਿਨ੍ਹਾਂ ਵਿਚ ਪੰਜਾਬ ਤੋਂ ਪੰਜਾਬੀ ਗਾਇਕਾਂ ਨੂੰ ਸੱਦ ਕੇ ਆਪਣੀ ਮਿੱਟੀ ਤੇ ਵਤਨ ਨਾਲ ਜੁੜੇ ਰਹਿਣ ਲਈ ਗੀਤ-ਸੰਗੀਤ ਰਾਹੀਂ ਆਪਣੇ ਅੰਦਰ ਸਮੋਈ ਬੈਠੇ ਮੋਹ ਨੂੰ ਉਜਾਗਰ ਕਰਦੇ ਹਨ।
ਮੰਨਿਆ ਕਿ ਅੰਗਰੇਜ਼ੀ ਅੰਤਰਰਾਸ਼ਟਰੀ ਤੇ ਹਿੰਦੀ ਰਾਸ਼ਟਰੀ ਭਾਸ਼ਾ ਹੈ ਜਿਨ੍ਹਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਇਨ੍ਹਾਂ ਭਾਸ਼ਾਵਾਂ ਦਾ ਮਿਸ਼ਰਣ ਕਰ ਕੇ ਘਾਣ ਕਰੀ ਜਾਈਏ। ਅੱਜ ਅਸੀਂ ਅਪਣੀਆਂ ਜੜ੍ਹਾਂ ਨੂੰ ਖ਼ੋਰਾ ਆਪ ਲਾ ਰਹੇ ਹਾਂ ਜੋ ਸਾਡੇ ਲਈ ਘਾਤਕ ਸਿੱਧ ਹੋਵੇਗਾ। ਅਸੀਂ ਅਪਣੇ ਬੱਚਿਆਂ ਅੰਗਰੇਜ਼ੀ ਸਿਖਾਉਂਦੇ-ਸਿਖਾਉਂਦੇ ਕਿਤੇ ਪੰਜਾਬੀ ਹੀ ਨਾ ਮਨੋ ਵਿਸਾਰ ਦੇਈਏ। ਇਹ ਨਾ ਹੋਵੇ ਕਿ ਅਜੋਕੇ ਸਮੇਂ ਵਿਚ ਵਰਤੀ ਜਾਂਦੀ ਸ਼ਬਦਾਵਲੀ ਸਾਡੀ ਮਾਂ ਬੋਲੀ ਪੰਜਾਬੀ ਦਾ ਹੌਲੀ ਹੌਲੀ ਨਾਮੋ-ਨਿਸ਼ਾਨ ਮਿਟਾ ਦੇਵੇ। ਕਿਤੇ ਅਜਿਹਾ ਨਾ ਹੋਵੇ ਕਿ ਅੰਗਰੇਜ਼ੀ ਤੇ ਹਿੰਦੀ ਦਾ ਰਲੇਵਾਂ ਸਾਡੇ ਬੱਚਿਆਂ ਨੂੰ ਮਾਂ ਬੋਲੀ ਤੋਂ ਕੋਹਾਂ ਦੂਰ ਲੈ ਜਾਵੇ ਤੇ ਸਾਨੂੰ ਮਾਂ ਬੋਲੀ ਦੇ ਕੁੱਝ ਕੁ ਵਰਤੇ ਜਾਂਦੇ ਲਫ਼ਜ਼ਾਂ ਦੇ ਅਰਥ ਪੁੱਛਣ? ਆਉ ਮਾਂ ਬੋਲੀ ਦੇ ਰਖਵਾਲਿਉ, ਇਕਜੁਟ ਹੋਈਏ। ਪੰਜਾਬੀ ਮਾਂ ਬੋਲੀ ਦਾ ਘਾਣ ਕਰਨ ਵਾਲੀਆਂ ਅਲਾਮਤਾਂ ਤੋਂ ਬਚਾ ਕੇ ਸੱਚੇ ਪੰਜਾਬੀ ਹੋਣ ਦਾ ਫ਼ਰਜ਼ ਨਿਭਾਈਏ।
ਸੋਹਣ ਸਿੰਘ ਸੋਨੀ,
ਪਟਿਆਲਾ
ਮੋਬਾ: 99156-28853

0 comments:
Speak up your mind
Tell us what you're thinking... !