ਬਾਲੀਵੁੱਡ ਦੇ ਉਘੇ ਪਿੱਠਵਰਤੀ ਗਾਇਕ ਮੰਨਾ ਡੇ ਦੇ ਸਦੀਵੀ ਵਿਛੋੜੇ ਨੇ ਸੰਗੀਤ ਪ੍ਰੇਮੀਆਂ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਕਲਾ, ਸੰਗੀਤ ਅਤੇ ਸਾਹਿਤ ਦੇ ਪ੍ਰਮੁੱਖ ਕੇਂਦਰ ਕਲਕੱਤਾ ਵਿਚ ਸੰਨ 1919 ਨੂੰ ਜਨਮੇ ਮੰਨਾ ਡੇ ਨੂੰ ਬਚਪਨ ਵਿਚ ਹੀ ਕ੍ਰਿਸਨਾ ਚੰਦਰਾ ਡੇ ਪਾਸੋਂ ਸੰਗੀਤ ਗੁੜਤੀ ਵਿਚ ਮਿਲਿਆ। ਅਤੇ ਉਨਾਂ ਨਾਲ ਹੀ ਮੁੰਬਈ ਪਹੁੰਚਕੇ 1942 ਈ. ’ਚ ਫ਼ਿਲਮ ਤਮੰਨਾ ਲਈ ਗੀਤ ਗਾ ਕੇ ਫ਼ਿਲਮੀ ਸੰਗੀਤ ਦੇ ਇਤਿਹਾਸ ’ਚ ਇਕ ਨਵੇਂ ਯੁੱਗ ਦਾ ਆਰੰਭ ਕੀਤਾ। ਹਿੰਦੀ, ਪੰਜਾਬੀ, ਬੰਗਾਲੀ ਸਮੇਤ ਉਨਾਂ ਅਨੇਕ ਭਾਸ਼ਾਵਾਂ ’ਚ ਤਿੰਨ ਹਜ਼ਾਰ ਤੋਂ ਵੀ ਵੱਧ ਗੀਤ ਰਿਕਾਰਡ ਕਰਵਾਏ ਅਤੇ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰਾਂ ਦੇ ਪਸੰਦੀਦਾ ਗਾਇਕ ਬਣ ਗਏ। ਉਨਾਂ ਦੇ ਗਾਏ ਕੁਝ ਗੀਤ, ‘ਕਸਮੇ ਵਾਅਦੇ ਪਿਆਰ ਵਫਾ’, ‘ਏਕ ਚਤੁਰ ਨਾਰ’, ‘ਲਾਗਾ ਚੁਨਰੀ ਮੇਂ ਦਾਗ’, ਏ ਮੇਰੀ ਜ਼ੋਹਰ ਜ਼ਬੀਂ’, ‘ਏਹ ਦੋਸਤੀ ਹਮ ਨਹੀਂ ਤੋੜਗੇਂ’, ‘ਯਾਰੀ ਹੈ ਈਮਾਨ ਮੇਰਾ’, ਏਨੇ ਮਕਬੂਲ ਹੋਏ ਕਿ ਅੱਜ ਵੀ ਏਹ ਆਪਣੇ ਆਪ ਵਿਚ ਵਿੱਲਖਣ ਅਤੇ ਸੰਗੀਤ ਪ੍ਰੇਮੀਆਂ ਦੇ ਪਸੰਦੀਦਾ ਗੀਤ ਹਨ।
ਫ਼ਿਲਮ ਨਗਰੀ ਮੁੰਬਈ ਆਉਣ ਤੋਂ ਪਹਿਲਾਂ ਉਹ, ਆਪਣੀ ਨਵੀਂ ਉਮਰੇਂ ਸਕੂਲਾਂ, ਕਾਲਿਜਾਂ ਦੀਆਂ ਸਟੇਜਾਂ ਤੇ ਆਪਣੀ ਸੰਗੀਤ ਕਲਾਂ ਨੂੰ ਚੰਗੀ ਤਰ੍ਹਾਂ ਚੁੱਕੇ ਸਨ।ਸੰਗੀਤ ਦਾ ਸੰਬੰਧ ਮਨੁੱਖ ਨਾਲ ਆਦਿ ਕਾਲ ਤੋਂ ਚਲਦਾ ਆ ਰਿਹਾ ਹੈ। ਮੰਨਾ ਡੇ ਨੇ ਹਰ ਗੀਤ ਨੂੰ ਪੂਰੀ ਰੂਹਦਾਰੀ ਨਾਲ ਗਾਇਆ, ਕਿਉਂਕਿ ਗਾਇਕੀ ਦੇ ਪਿੱੜ ਵਿਚ ਕੁੱਦਣ ਤੋਂ ਪਹਿਲਾਂ ਉਨ੍ਹਾਂ ਸ਼ਾਸਤਰੀ ਸੰਗੀਤ ਚੰਗੀ ਤਰ੍ਹਾਂ ਸਿੱਖ ਲਿਆ ਸੀ। ਇਹੋ ਕਾਰਣ ਹੈ ਕਿ ਰਾਗਾਂ ਉਪਰ ਅਧਾਰਿਤ ਉਨਾਂ ਦੇ ਗਾਏ ਗੀਤ ਵਿਸ਼ੇਸ਼ ਆਨੰਦ ਅਤੇ ਕੰਨ-ਰਸ ਪੈਦਾ ਕਰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ 24 ਅਕਤੂਬਰ ਦੇ ਦਿਨ ਉਨਾਂ ਦੇ ਸਦੀਵੀ ਵਿਛੋੜੇ ਨਾਲ ਫ਼ਿਲਮੀ ਸੰਗੀਤ ਦੇ ਇਕ ਯੁੱਗ ਦਾ ਅੰਤ ਹੋ ਗਿਆ। ਉਨਾਂ ਦੁਆਰਾ ਚੁਣੇ ਗਏ ਗੀਤ ਵੀ ਆਪਣੇ ਆਪ ’ਚ ਅਹਿਮ ਹਨ। ਸਾਹਿਤਕ ਪੱਖੋਂ ਵੀ ਇਹ ਗੀਤ ਉØੱਚ ਕੋਟੀ ਦੇ ਹਨ। ਉਨ੍ਹਾਂ ਗੀਤਾਂ ਦੀ ਚੋਣ ਬੜੇ ਹੀ ਸੁਚੇਤ ਹੋ ਕੇ ਕੀਤੀ। ਦਰਅਸਲ ਜੋ ਗੀਤ ਉਨਾਂ ਦੀ ਆਤਮਾ ਨੂੰ ਟੁੰਬਦਾ ਸੀ ਉਸੇ ਗੀਤ ਨੂੰ ਹੀ ਉਹ ਮਧੁਰ ਬੋਲਾਂ ਵਿਚ ਬੰਨਦੇ ਸਨ। ਉਨਾਂ ਦੇ ਕੁਝ ਪ੍ਰਸਿੱਧ ਗੀਤਾਂ ਵਿਚੋਂ ਜੀਵਨ ਫ਼ਲਸਫ਼ਾ ਬੜੇ ਹੀ ਸੋਹਣੇ ਰੂਪ ਵਿਚ ਸਾਹਮਣੇ ਆਉਂਦਾ ਹੈ। ਦਾਰਸ਼ਨਿਕ ਅਤੇ ਅਧਿਆਤਮਵਾਦੀਆਂ ਦੀ ਹਮੇਸ਼ਾਂ ਇਹ ਇੱਛਾ ਰਹੀ ਹੈ ਕਿ ਜੀਵਨ ਨੂੰ ਸਮਝਿਆ ਜਾਵੇ, ਕਿ ਜੀਵਨ ਕੀ ਹੈ? ਇਸਦਾ ਪ੍ਰਯੋਜਨ ਕੀ ਹੈ? ਫ਼ਿਲਮ ‘ਉਪਕਾਰ’ ਦਾ ਇੰਦੀਵਰ ਵਲੋਂ ਲਿਖਿਆ ਅਤੇ ਕਲਿਆਣ ਜੀ ਆਨੰਦ ਜੀ ਵਲੋਂ ਸੰਗੀਤ ਦੀਆਂ ਮਧੁਰ ਸੁਰਾਂ ਨਾਲ ਸਜਾਇਆ ਮੰਨਾ ਡੇ ਵਲੋਂ ਗਾਇਆ ਗੀਤ ‘ਕਸਮੇਂ ਵਾਅਦੇ ਪਿਆਰ ਵਫਾ ਸਭ ਬਾਤੇਂ ਹੈ, ਬਾਤੋਂ ਕਾ ਕਯਾ’, ਜੀਵਨ ਦੀ ਨਾਸ਼ਵਾਨਤਾ ਵੱਲ ਇਸ਼ਾਰਾ ਕਰਦਾ ਹੈ, ਕਿ ਮੈਂ ਮੇਰੀ ਵਿਚ ਫਸੇ ਮਨੁੱਖ ਦੇ ਸਭ ਰਿਸ਼ਤੇ ਨਾਤੇ ਝੂਠੇ ਹਨ। ਅਸਲ ਵਿਚ ਸਭ ਰਿਸ਼ਤੇ ਸਵਾਰਥ ਉਪਰ ਟਿੱਕੇ ਹਨ। ਆਖਰੀ ਸਮੇਂ ਜੇਕਰ ਕੋਈ ਮਸੀਹਾ ਵੀ ਮਨੁੱਖ ਦੇ ਸਾਹਮਣੇ ਖੜਾ ਹੋਵੇ ਉਹ ਮੌਤ ਨੂੰ ਨਹੀਂ ਟਾਲ ਸਕਦਾ। ਆਖਰੀ ਸਮੇਂ ਮਨੁੱਖ ਇਕੱਲਾ ਦੁਨੀਆ ਨੂੰ ਛਡਕੇ ਚਲਾ ਜਾਂਦਾ ਹੈ। ਸਕੇ ਸਬੰਧੀ ਧੀਆਂ-ਪੁੱਤਰ ਉਸਨੂੰ ਅਗਲੀ ਸਪੁਰਦ ਕਰ ਦਿੰਦੇ ਹਨ। ਹਊਮੈ ਵਸ ਹੋ ਕੇ ਅਸਮਾਨ ਤੇ ਉਡਾਰੀਆ ਲਾਉਣ ਵਾਲਾ ਇਨਸਾਨ ਆਖਿਰ ਮਿੱਟੀ ਵਿਚ ਮਿਲ ਮਿੱਟੀ ਹੋ ਜਾਂਦਾ ਹੈ ਇਹ ਗੀਤ ਜਿਤਨਾ ਵਿਚਾਰਾਂ ਪੱਖੋਂ ਉØੱਤਮ ਹੈ, ਉਨਾਂ ਹੀ ਏਹ ਗਾਇਕੀ ਪੱਖੋਂ ਕਲਾਤਮਕ ਹੈ। ਕਿਉਂਕਿ ਜੇਕਰ ਮੰਨਾ ਡੇ ਵਲੋਂ ਇਹ ਗੀਤ ਹਿਰਦੇ ਦੇ ਵੈਰਾਗਮਈ ਕੋਮਲ ਭਾਵਾਂ ਨਾਲ ਨਾ ਗਾਇਆ ਗਿਆ ਹੁੰਦਾ, ਤਾਂ ਇਹ ਗੀਤ ਫ਼ਿਲਮੀ ਸੰਗੀਤ ਦੇ ਇਤਿਹਾਸ ਦਾ ਹਿੱਸਾ ਨਾ ਬਣਦਾ।
ਉਨਾਂ ਵਲੋਂ ਗਾਇਆ ਗੀਤ ‘ਜ਼ਿਦੰਗੀ ਕੈਸੀ ਹੈ ਪਹੇਲੀ’ ਵੀ ਇਥੇ ਵਿਚਾਰਨ ਯੋਗ ਹੈ, ਜੋ ਜੀਵਨ ਫਲਸਫੇ ਨੂੰ ਇਕ ਅਨੋਖੇ ਰੂਪ ਵਿਚ ਸਾਹਮਣੇ ਲਿਆਉਂਦਾ ਹੇ। ਸਲਿਲ ਚੌਧਰੀ ਦੇ ਸੰਗੀਤ ਵਿਚ ਤਿਆਰ ਹੋਇਆ ਅਤੇ ਯੋਗੇਸ਼ ਦਾ ਲਿਖਿਆ ਫ਼ਿਲਮ ‘‘ਆਨੰਦ” ਦਾ ਕੁਝ ਪੰਗਤੀਆਂ ’ਚ ਕਲਮ ਬੰਦ ਗੀਤ ਮੰਨਾ ਡੇ ਨੇ ਬੜੇ ਅਨੋਖੇ ਅੰਦਾਜ਼ ਵਿਚ ਗਾਇਆ। ਗੀਤ ਦੀ ਅਸਥਾਈ ਦੇ ਬੋਲ ਹਨ- ‘ਜ਼ਿੰਦਗੀ ਕੈਸੀ ਹੈ ਪਹੇਲੀ ਹਾਏ! ਕਭੀ ਤੋਂ ਹੰਸਾਏ ਕਭੀ ਯੇਹ ਰੁਲਾਏ!’ ਬਿਨਾਂ ਸ਼ੱਕ ਜਿੰਦਗੀ ਇਕ ਅਜਿਹੀ ਪਹੇਲੀ ਜਾਂ ਬੁਝਾਰਤ ਹੈ, ਜਿਸਦਾ ਭੇਦ ਕੋਈ ਨਹੀਂ ਜਾਣ ਸਕਿਆ। ਇਹ ਵੀ ਸਚਾਈ ਹੈ ਕਿ ਸੰਸਾਰ ’ਚ ਹੱਸਣਾ-ਰੋਣਾ ਭਾਵ ਸੁੱਖ-ਦੁੱਖ ਹਰ ਵਿਅਕਤੀ ਦੇ ਨਾਲ ਹਨ। ਮੰਨਾ ਡੇ ਵਲੋਂ ਗਾਏ ਇਸ ਪ੍ਰਸਿੱਧ ਗੀਤ ਦੇ ਪਹਿਲੇ ਅੰਤਰੇ ਦੇ ਭਾਵ- ਅਰਥ ਹਨ ਕਿ ‘ਵਿਅਕਤੀ ਦਾ ਮਨ ਹਮੇਸ਼ਾ ਸੁਪਨਿਆਂ ਪਿਛੇ ਦੌੜਦਾ ਹੈ, ਪਰ ਸੁਪਨਿਆ ਦਾ ਰਾਹੀਂ (ਜੀਵ) ਇਕ ਦਿਨ ਸਭ ਸੁਪਨੇ ਛੱਡ ਸੁਪਨਿਆਂ ਤੋਂ ਵੀ ਅੱਗੇ ਚਲਾ ਜਾਂਦਾ ਹੈ। ਸੰਸਾਰ ਵਿਚ ਫੋਕੀ ਸੁਹਰਤ ਦੇ ਮੇਲੇ ਸਜਾਉਣ ਵਾਲੇ ਇਕ ਦਿਨ ਖਾਮੋਸ਼ੀ ਚੁਣਕੇ ਇੱਕਲੇ ਕਿਸੇ ਅਗਲੀ ਦੁਨੀਆਂ ਵੱਲ ਚਾਲੇ ਪਾ ਜਾਂਦੇ ਹਨ।’
ਮੰਨਾ ਡੇ ਵਲੋਂ ਰਾਗ ਦਰਬਾਰੀ ’ਚ ਗਾਇਆ ਗੀਤ ‘ਝਨਕ ਝਨਕ ਤੋਰੀ ਬਾਜੇ ਪਾਯਲੀਆ’ ਰਾਗ ਅਹੀਰ-ਭੈਰਵ ’ਚ ਗਇਆ ‘ਪੂਛੋ ਨਾ ਮੈਨੇ ਕੈਸੇ ਰੱਨ ਬਿਤਾਈ’ ਵੀ ਮਨੁੱਖੀ ਮਨ ਦੀ ਕਿਸੇ ਵਿਸ਼ੇਸ਼ ਅਵਸਥਾ ਦਾ ਵਰਨਣ ਕਰਦੇ ਹਨ। ਜੇਕਰ ਸੰਗੀਤ ਦੇ ਸ਼ਾਸਤਰੀ ਪੱਖ ਤੋਂ ਇਹ ਦੋਵੇਂ ਗੀਤ ਖੋਜੇ-ਪੜਤਾਲੇ ਜਾਣ ਤਾਂ ਕਲਾਤਮਿਕ ਦ੍ਰਿਸ਼ਟੀ ਤੋਂ ਇਹ ਗੀਤ, ਏਨੇ ਉØੱਤਮ ਹਨ ਕਿ ਅੱਜ ਦੇ ਦੌਰ ’ਚ ਅਜਿਹੇ ਗੀਤ ਲੱਖ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਵੀ ਨਹੀਂ ਤਿਆਰ ਕੀਤੇ ਜਾ ਸਕਦੇ।
ਮੰਨਾ ਡੇ ਨੇ ਫ਼ਿਲਮਾਂ ਤੋਂ ਬਿਨਾਂ ਵੀ ਗੀਤ ਗਾਏ ਹਨ। ਅਜਿਹੇ ਹੀ ਇਕ ਗੈਰ ਫ਼ਿਲਮੀ ਮੰਨਾ ਡੇ ਵਲੋਂ ਗਾਏ ਗੀਤ ਦੇ ਬੋਲ ਹਨ ‘ਜਿਤਨਾ ਹਸੀਂ ਹੈ ਆਦਮੀ, ਉਤਨਾ ਕਠਿਨ ਸੰਸਾਰ ਹੈ-ਇਸੀ ਲੀਏ ਤੋਂ ‘ਆਦਮੀ ਕੋ ਆਦਮੀ ਸੇ ਪਿਆਰ ਹੈ’ ਮਹਾਤਮਾ ਬੁੱਧ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਦੱਸਿਆ ਹੈ ਅਤੇ ਇਨਾਂ ਦੁੱਖਾਂ ਤੋਂ ਛੁਟਕਾਰੇ ਲਈ ਅਸਟਾਂਗ ਮਾਰਗ ਦਾ ਰਾਹ ਦਰਸਾਇਆ ਹੈ। ਮੰਨਾ ਡੇ ਵਲੋਂ ਗਾਏ ਗੀਤ ਵਿਚ ਵੀ ਸੰਸਾਰ ਨੂੰ ਕਠਿਨ ਦੱਸਿਆ ਹੈ, ਅਤੇ ਇਸੇ ਕਠਿਨਾਈ ਤੋਂ ਭੈਅ-ਮੁਕਤ ਹੋਣ ਲਈ ਹੀ ਇਨਸਾਨ, ਇਨਸਾਨ ਨੂੰ ਪਿਆਰ ਕਰਦਾ ਹੈ। ਆਪਣੀਆਂ ਪ੍ਰਾਪਤੀਆਂ ਸਦਕਾ ਭਾਰਤ ਦੇ ਇਸ ਮਹਾਨ ਗਾਇਕ ਨੇ ਪਦਮ ਸ਼੍ਰੀ ਪਦਮ ਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਵਰਗੇ ਕਈ ਵੱਡੇ ਸਨਮਾਨ ਵਾਲੇ ਐਵਾਰਡ ਹਾਸਿਲ ਕੀਤੇ। ਕਲਾ ਪ੍ਰੇਮੀ ਉਨਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਚਰਨਜੀਤ ਕੌਰ ਚੰਨੀ
ਸੰਪਰਕ
charnjeetkaurchani@gmail.com


0 comments:
Speak up your mind
Tell us what you're thinking... !