Headlines News :
Home » » ਸਿੰਘ ਸਭਾ ਲਹਿਰ ਨੂੰ ਸਿਰਫ਼ ਚੇਤੇ ਕਰਕੇ ਨਹੀਂ ਸਰਨਾਂ ਸਗੋਂ ਇੱਕ ਨਵੀਂ ਲਹਿਰ ਪੈਦਾ ਕਰਨਾ ਸਮੇਂ ਦੀ ਲੋੜ ਹੈ - ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ

ਸਿੰਘ ਸਭਾ ਲਹਿਰ ਨੂੰ ਸਿਰਫ਼ ਚੇਤੇ ਕਰਕੇ ਨਹੀਂ ਸਰਨਾਂ ਸਗੋਂ ਇੱਕ ਨਵੀਂ ਲਹਿਰ ਪੈਦਾ ਕਰਨਾ ਸਮੇਂ ਦੀ ਲੋੜ ਹੈ - ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ

Written By Unknown on Tuesday, 1 October 2013 | 03:23

                        ਖਾਲਸਾ ਪੰਥ ਇਕ ਸਮੁੰਦਰ ਦੀ ਨਿਆਈ ਹੈ ਤੇ ਸਮੁੰਦਰ ਦੀ ਇਹ ਫ਼ਿਤਰਤ ਹੁੰਦੀ ਹੈ ਕਿ ਉਹ ਅਪਣੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਲਹਿਰਾ ਨੂੰ ਜਨਮ ਦਿੰਦਾ ਹੈ। ਕੋਈ ਸ਼ੱਕ ਨਹੀਂ ਕਿ ਲਹਿਰਾ ਸਾਗਰ ਦੀ ਹੀ ਉਤਪਤੀ ਹੁੰਦੀਆਂ ਹਨ ਪਰ ਇੰਨ੍ਹਾਂ ਤੋਂ ਬਿਨ੍ਹਾਂ ਸਮੁੰਦਰ ਦੀ ਦਿੱਖ ਅਤੇ ਹਰਕਤ ਕਾਇਮ ਨਹੀਂ ਰਹਿੰਦੀ। ਸਿੱਖ ਪੰਥ ਵੀ ਇੱਕ ਕੌਮੀ ਸਮੁੰਦਰ ਹੈ ਤੇ ਜਦੋਂ ਵੀ ਕਦੇ ਖਾਲਸਾ ਪੰਥ ਦੇ ਵਿਹੜੇ ਵਿਚ ਅਣ- ਅਨੁਕੂਲ ਜਾਂ ਬੇਰੁੱਖੀ ਵਾਲਾ ਵਾਤਾਵਰਣ ਬਣ ਜਾਵੇ ਤਾਂ ਲਹਿਰਾਂ ਉਤਪੰਨ ਹੁੰਦੀਆਂ ਹਨ, ਪਰ ਜੇ ਕਿਤੇ ਇਹ ਬੇਵਾਹਰੀਆਂ ਹੋ ਕੇ ਕੰਢਿਆਂ ਉਤੋਂ ਦੀ ਵਹਿ ਜਾਣ ਤਾਂ ਸਾਗਰ ਨਾਲੋਂ ਟੁੱਟ ਕੇ ਅਪਣੀ ਹੋਂਦ ਗਵਾ ਜਾਂਦੀਆਂ ਹਨ। ਕਈਂ ਵਾਰੀ ਮਰਿਆਦਾ ਦਾ ਉਲੰਘਣ ਜਾਂ ਹੁਕਮ ਅਦੂਲੀ ਲਹਿਰਾ ਨੂੰ ਸੁਨਾਮੀ ਦਾ ਰੂਪ ਵੀ ਦੇ ਦਿੰਦੀਆਂ ਹਨ। ਜਿਸ ਨਾਲ ਬੜਾ ਕਹਿਰ ਉਠਦਾ ਹੈ ਤੇ ਭਵਿੱਖ ਵਿਚ ਬਰਬਾਦੀ ਦੇ ਨਿਸ਼ਾਨ ਨਜ਼ਰ ਆਉਂਦੇ ਨੇ। 
            ਸਿੱਖ ਧਰਮ ਜਦੋਂ ਦਾ ਹੋਂਦ ਵਿਚ ਆਇਆ ਹੈ ਅਨੇਕਾਂ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਂਲ ਜੂਝ ਰਿਹਾ ਹੈ। ਗੁਰੂ ਸਾਹਿਬ ਦੇ ਸਮੇਂ ਵਿਚ ਵੀ ਸਿੱਖੀ ਨੂੰ ਮਿਟਾਉਣ ਲਈ ਅਨੇਕਾਂ ਸਾਜ਼ਿਸਾਂ ਹੋਈਆਂ । ਸਮੇਂ ਦੀਆਂ ਮੁਗਲਈ ਹਕੂਮਤਾਂ ਅਤੇ ਸਮਕਾਲੀ ਧਰਮਾਂ ਨੇ ਵੀ ਅਪਣੀ ਪੂਰੀ ਵਾਹ ਲਾਈ, ਪਰ ਸਿੱਖਾਂ ਨੇ ਹਰ ਮੁਸ਼ਕਿਲ ਨੂੰ ਗੁਰੂ ਭੈਅ ਵਿਚ ਰਹਿ ਕੇ ਬੜੀ ਸਿਦਕ ਦਿਲੀ ਨਾਲ ਸ਼ਹਾਦਤਾਂ ਦੇ ਜਾਂਮ ਪੀ ਕੇ ਹੱਲ ਕਰ ਲਿਆ। ਗੁਰੂ ਕਾਲ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਹਿਨੁਮਾਈ ਹੇਠ ਸਿੱਖਾਂ ਨੇ ਅਪਣੀ ਧਾਰਮਿਕ ਰੂਹਾਨੀ ਖ਼ੁਸ਼ਬੂ ਨੂੰ ਵਖੇਰਿਆ ਤਾਂ ਜਿੱਥੇ ਸ਼ਹਾਦਤਾਂ ਦੀ ਗਿਣਤੀ ਵਧੀ ਉਥੇ ਹੌਲੀ ਹੌਲੀ ਸਿੱਖ ਰਾਜ ਵੀ ਕਾਇਮ ਹੋਇਆ। 
                  ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਸਿੱਖ ਰਾਜ ਅਤੇ ਫ਼ਿਰ ਦੂਜੀ ਵਾਰ ਸ਼ੇਰੇ ਪੰਜਾਬ ਦੀ ਅਗਵਾਈ ਵਿਚ ਸਿੱਖ ਰਾਜ ਭਾਗ ਦੇ ਮਾਲਕ ਬਣੇ। ਪਰ ਹਰ ਦਿਨ ਇੱਕ ਨਵੀਂ ਮੁਸੀਬਤ ਨਵੇਂ ਸੂਰਜ ਨਾਲ ਸਿੱਖਾਂ ਦੇ ਮੱਥੇ ਆ ਲਗਦੀ ਸੀ। ਇੱਕ ਪਾਸੇ ਮੁਗਲ ਸਾਮਰਾਜ ਦੂਜੇ ਪਾਸੇ ਹਕੂਮਤ ਦੇ ਵਫ਼ਾਦਰ ਸਰਮਾਏਦਾਰ ਹਿੰਦੂ ਅਤੇ ਇੱਕ ਤੀਜੀ ਬਲਾ ਅੰਗਰੇਜ਼ ਹੋਰ ਸਿੱਖਾਂ ਦੇ ਗਲ੍ਹ ਆ ਪਏ। ਗੋਰੇ ਜਦੋਂ ਹਿੰਦੁਸਤਾਨ ਸਮੇਤ ਸਿੱਖ ਰਾਜ਼ ਤੇ ਵੀ ਪੂਰੀ ਤਰ੍ਹਾਂ ਕਾਬਜ਼ ਹੋ ਗਏ ਤਾਂ ਉਨ੍ਹਾਂ ਨੇ ਅਪਣੇ ਇਸਾਈ ਮੱਤ ਨੂੰ ਫ਼ੈਲਾਉਣ ਲਈ ਯਤਨ ਆਰੰਭ ਕਰ ਦਿੱਤੇ ਤਾਂ ਕਿ ਅੰਗਰੇਜ਼ੀ ਸਾਮਰਾਜ ਸਦੀਵ ਕਾਲ ਲਈ ਹਿੰਦੁਸਤਾਨ ਅਤੇ ਸਿੱਖ ਰਾਜ਼ ਤੇ ਅਪਣਾ ਕਬਜਾ ਰੱਖ ਸਕੇ। ਜਦੋਂ ਵਿਦੇਸ਼ੀ ਪੂਰੀ ਤਰ੍ਹਾਂ ਕਾਬਜ਼ ਹੋ ਗਏ ਤਾਂ ਵੱਡੇ ਸਿੱਖ ਸਰਦਾਰ ਅਤੇ ਰਹੀਸ ਘਰਾਣਿਆਂ ਨੂੰ ਬਹੁਤਾ ਫ਼ਰਕ ਨਾਂ ਪਿਆ ਕਿਉਂਕਿ ਉਨ੍ਹਾਂ ਦੀ ਸਰਦਾਰੀ ਅਤੇ ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਬਰਾਬਰ ਕਾਇਮ ਸੀ ਸਗੋਂ ਉਨ੍ਹਾਂ ਦੇ ਬੱਚਿਆਂ ਨੂੰ ਵਲਾਇਤ ਪੜ੍ਹਨ ਦੇ ਨਵੇਂ ਮੌਕੇ ਮੁਹੱਈਆ ਹੋਣੇ ਸ਼ੁਰੂ ਹੋ ਗਏ ਸਨ। ਗਰੀਬ ਤਬਕਾ ਇਹ ਸੋਚ ਕੇ ਚੁੱਪ ਕਰ ਜਾਂਦਾ ਸੀ ਜਿਵੇਂ ਕਹਾਵਤ ਹੈ ਕਿ ‘‘ ਢੱਗਿਆ ਤੈਨੂੰ ਚੋਰ ਲੈ ਜਾਣ’’ ਤਾਂ ਅੱਗੋ ਜਵਾਬ ਸੀ ‘‘ ਫੇਰ ਕੀ ਹੈ ਯਾਰਾਂ ਨੇ ਤਾਂ ਪੱਠੇ ਖਾਣੇ ਹਨ’’ । 
ਪਰ ਮੱਧਵਰਗੀ ਸਿੱਖ ਪਰਿਵਾਰ ਧਰਮ ਦੀ ਹਾਨੀ ਵੇਖ ਕੇ ਚਿੰਤਾ ਵਿਚ ਸਨ ਤੇ ਇਹ ਵੀ ਇੱਕ ਕੌੜ੍ਹਾ ਸੱਚ ਹੈ ਕਿ ਬਹੁਗਿਣਤੀ ਕੁਰਬਾਨੀਆਂ ਅਤੇ ਸੰਘਰਸ਼ ਮੱਧਵਰਗੀ ਲੋਕ ਹੀ ਕਰਦੇ ਰਹੇ ਹਨ। ਗਰੀਬ ਲੋਕਾਂ ਨੇ ਅਮੀਰਾਂ ਨਾਲੋਂ ਕਈਂ ਗੁਣਾ ਵਧੇਰੇ ਉਸ ਵਿਚ ਅਪਣਾ ਯੋਗਦਾਨ ਪਾਇਆ ਹੈ। ਲੇਕਿਨ ਵੱਡੇ ਲੋਕ ਕਦੇ ਵੀ ਐਸ਼ੋ ਈਸ਼ਰਤ ਦੀ ਜਿੰਦਗੀ ਵਿਚੋਂ ਨਿਕਲ ਕੇ ਹਕੂਮਤਾਂ ਨਾਂਲ ਦਸ਼ਤਪੰਜਾ ਲੈਣ ਵਿਚ ਵਿਸ਼ਵਾਸ ਨਹੀਂ ਰੱਖਦੇ।
        ਅੰਗਰੇਜ਼ੀ ਨਿਜ਼ਾਮ ਨੇ ਸਿੱਖ ਪੰਥ ਦੀ ਨਾਨਕਸ਼ਾਹੀ ਵਿਚਾਰਧਾਰਾ ਨੂੰ ਖੋਰਾ ਲਾਉਣ ਲਈ ਸਿੱਖਾ ਖਿਲਾਫ਼ ਪ੍ਰਚਾਰ ਕਰਨ ਵਾਸਤੇ ਸ਼ਰਧਾ ਰਾਮ ਫ਼ਿਲੌਰੀ ਵਰਗੇ ਲੋਕਾਂ ਨੂੰ ਭਾੜੇ ਦੇ ਟੱਟੂ ਬਣਾ ਕੇ ਵਰਤਿਆ। ਸਿੱਖੀ ਨੂੰ ਈਸਾਈਅਤ ਦਾ ਮਲ੍ਹੱਮਾ ਚੜ੍ਹਾਉਣ ਲਈ ਸਿੱਖੀ ਸਰੂਪ ਵਿਚ ਈਸਾਈ ਪ੍ਰਚਾਰਿਕ ਤਿਆਰ ਕੀਤੇ। ਕੁੱਝ ਕੁ ਵਪਾਰੀ ਜਾਂ ਨੌਕਰ ਬਿਰਤੀ ਦੇ ਲੋਕ  ਚੰਦ ਟਕਿਆ ਬਦਲੇ ਦਾੜ੍ਹੀਆਂ ਰੱਖ ਕੇ ਸਿੱਖ ਹੁੰਦੇ ਹੋਏ ਈਸਾਈਆਂ ਦਾ ਪ੍ਰਚਾਰ ਕਰਨ ਲੱਗ ਪਏ। ਕੁੱਝ ਲੋਕ ਜੈਲਦਾਰੀਆਂ ਅਤੇ ਜਗੀਰਾਂ ਦੇ ਜਾਲ੍ਹ ਵਿਚ ਫ਼ਸਾ ਕੇ ਕਾਬੂ ਕਰ ਲਏ। ਸਿੱਖ ਬੱਚਿਆਂ ਨੂੰ ਬਚਪਨ ਤੋਂ ਹੀ ਇਸਾਈ ਰੰਗਤ ਦੇਣ ਲਈ ਮਿਸ਼ਨ ਸਕੂਲ ਅਥਾਹ ਗਿਣਤੀ ਵਿਚ ਖੋਲ ਦਿੱਤੇ ਗਏ। ਈਸਾਈ ਧਰਮ ਵਿਚਲੀਆਂ ਰਿਆਇਤਾਂ ਅਤੇ ਛੋਟਾਂ ਨੂੰ ਵੱਡੇ ਪੱਧਰ ਤੇ ਪ੍ਰਚਾਰ ਕੇ ਸਿੱਖ ਗੱਭਰੂਆਂ ਨੂੰ ਹੌਲੀ ਹੌਲੀ ਅਸ਼ਲੀਲ ਬਿਰਤੀ ਵਾਲੇ ਬਣਾ ਕੇ ਅਪਣੇ ਵੱਲ ਖਿੱਚਣਾ ਆਰੰਭ ਕਰ ਦਿੱਤਾ ਤੇ ਸਿੱਖ ਬੱਚੇ ਵੀ ਇੰਨ੍ਹਾਂ ਅਲਾਮਤਾਂ ਨੂੰ ਤੋਹਫ਼ੇ ਵਜੋਂ ਸਵੀਕਾਰ ਕਰਕੇ ਈਸਾਈ ਪ੍ਰਭਾਵ ਕਬੂਲਣ ਲੱਗੇ। 
             ਇਹ ਸਮਾਂ ਸਿੱਖਾਂ ਲਈ ਬਹੁਤ ਜ਼ੋਖਮ ਭਰਿਆ ਸੀ ਜਦੋਂ ਸਿੱਖਾਂ ਦਾ ਇਕ ਤਬਕਾ ਬ੍ਰਾਹਮਣਵਾਦੀ ਵਿਚਾਰਧਾਰਾ ਵਿਚ ਗਲਤਾਨ ਹੋ ਕੇ ਸਿੱਖਾ ਨੂੰ ਹਿੰਦੂ ਧਰਮ ਦਾ ਅੰਗ ਸਮਝ ਬੈਠਾ ਸੀ। ਕੁੱਝ ਸਿੱਖ ਸਿੱਖੀ ਦੇ ਭਵਿੱਖ ਨੂੰ ਧੁੰਦਲਾ ਹੋਇਆ ਸਮਝ ਕੇ ਅਪਣੇ ਹੌਂਸਲਿਆਂ ਤੋਂ ਡੋਲਦੇ ਦਿਖਾਈ ਦੇ ਰਹੇ ਸਨ। ਅਮੀਰ ਘਰਾਣੇ ਔਖਿਆਈਆਂ ਨੂੰ ਸਮਝਦੇ ਹੋਏ ਵੀ ਅਪਣੀ ਸ਼ਾਨੋਂ ਸ਼ੌਕਤ ਅਤੇ ਸਰਕਾਰੇ ਦਰਬਾਰੇ ਹੁੰਦੀ ਪੁੱਛ ਪੜ੍ਹਤਾਲ ਨੂੰ ਵੇਖ ਕੇ ਘੇਸਲ ਮਾਰਨ ਵਿਚ ਅਪਣੀ ਭਲਾਈ ਸਮਝ ਬੈਠੇ ਸਨ। ਅਜਿਹੇ ਕਠਿਨਾਈ ਭਰੇ ਸਮੇਂ ਵਿਚ ਕਈਂ ਚੈਲਿੰਜ ਸਨ ਕਿ ਜਿਵੇਂ ਸਮੇਂ ਦੀ ਸਰਕਾਰ ਦੀ ਕਰੋਪੀ ਤੋਂ ਬਚਾਅ ਕਰਨਾਂ, ਆਰੀਆਂ ਸਮਾਜ ਦੀ ਸਿੱਖੀ ਬੂਟੇ ਨੂੰ ਿਪਟ ਰਹੀ ਅਮਰ ਵੇਲ ਨੂੰ ਲਾਹੁਣ ਲਈ ਸਿੱਖਾਂ ਨੂੰ ਸਮੇਂ ਤੇ ਸੂਚੇਤ ਕਰਨਾਂ, ਅਪਣੀ ਬੋਲੀ , ਸੱਭਿਆਚਾਰ ਧਾਰਮਿਕ ਰੀਤੀ ਰਿਵਾਜਾਂ ਨੂੰ ਬਚਾਕੇ ਸਿੱਖੀ ਦੀ ਨਿਰਾਲੀ ਅਤੇ ਨਿਆਰੀ ਸ਼ਾਖ ਨੂੰ ਕਾਇਮ ਰੱਖਣਾ। ਇਕ ਪਾਸੇ ਸ਼ਬਦ ਗੁਰੂ ਨੂੰ ਚੈਲਿੰਜ ਕਰਕੇ ਅੰਧ ਵਿਸ਼ਵਾਸ ਅਤੇ ਬੁੱਤ ਪੂਜਾ ਵਰਗੀਆਂ ਅਲਾਮਤਾਂ ਨੂੰ ਮੁੜ੍ਹ ਸਿੱਖ ਪੰਥ ਵਿੱਚ ਭਾਰੂ ਕਰਨ ਲਈ ਪਨਪ ਰਹੇ ਡੇਰਾਵਾਦ ਨੂੰ ਠੱਲਣਾ ਵੀ ਸਮੇਂ ਦੀ ਲੋੜ੍ਹ ਸੀ। ਇਹ ਕਹਿ ਲਈਏ ਕਿ ਸਿੱਖ ਪੰਥ ਦੀ ਬੇੜ੍ਹੀ  ਉਸ ਸਮੇਂ ਮੰਝਧਾਰ ਵਿਚ ਸੀ। 
                   ਅਜਿਹੇ ਦੁਸ਼ਵਾਰੀਆਂ ਭਰੇ ਮਾਹੌਲ ਵਿਚ ਜਦੋਂ ਪੰਥਕ ਸਾਗਰ ਦੀ ਹੋਂਦ ਖਤਰੇ ਵਿਚ ਸੀ ਤਾਂ ਫ਼ਿਰ ਕੁੱਝ ਕੌਮੀ ਆਗੂਆਂ ਨੇ ਇਸਦੇ ਸੁਧਾਰ ਲਈ  ਇੱਕ ਲਹਿਰ  ਪੈਦਾ ਕੀਤੀ। ਜਿਸ ਨੂੰ ਅੱਜ ਇਤਿਹਾਸ ਸਿੰਘ ਸਭਾ ਲਹਿਰ ਵਜੋਂ ਜਾਣਦਾ ਹੇ। ਇੰਨ੍ਹਾਂ ਮਹਾਨ ਆਗੂਆਂ ਵਿਚ ਪ੍ਰੋ: ਗੁਰਮੁੱਖ ਸਿੰਘ, ਗਿਆਨੀ ਦਿਤ ਸਿੰਘ, ਸ. ਠਾਕਰ ਸਿੰਘ ਸੰਧਾਵਾਲੀਆਂ ਤੇ ਭਾਈ ਜਵਾਹਰ ਸਿੰਘ ਮੁੱਖ ਰੂਪ ਵਿਚ ਇਸ ਲਹਿਰ ਦੇ ਉਸਰਈਏ ਸਨ, ਲੇਕਿਨ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਦੀ ਨਵੀਂ ਸਿੱਖ ਪੀੜ੍ਰੀ ਵਿਚ ਇੰਨ੍ਹਾਂ ਨਾਵਾਂ ਦੀ ਕੋਈ ਜਾਣਕਾਰੀ ਨਹੀਂ। ਇਹ ਸਿੰਘ ਸਭਾ ਲਹਿਰ ਪਹਿਲਾਂ ਅੰਮ੍ਰਿਤਸਰ ਵਿਚੋਂ ਪੈਦਾ ਹੋਈ ਅਤੇ ਫਿਰ ਲਾਹੌਰ ਵਿਚ ਵੀ ਇਸਦੀ ਹੌਂਦ ਬਣੀ। ਉਨ੍ਹਾਂ ਦਿਨਾਂ ਵਿਚ ਆਰੀਆ ਸਮਾਜੀ ਪ੍ਰਚਾਰਕ ਸਵਾਮੀ ਦਇਆਨੰਦ ਥਾਂ ਥਾਂ ਤੇ ਸਿੱਖਾਂ ਵਿਰੁੱਧ ਜ਼ਹਿਰ ਉਘਲਦਾ ਫ਼ਿਰਦਾ ਸੀ, ਲੇਕਿਨ ਗਿਆਨੀ ਦਿਤ ਸਿੰਘ ਨੇ ਇਸ ਸਿੱਖ ਵਿਰੋਧੀ ਅਤੇ ਹੰਕਾਰੀ ਅਚਾਰੀਆਂ ਨੂੰ ਤਿੰਨ ਵਾਰ ਸੰਵਾਦ ਵਿਚ ਸ਼ਿਕਸ਼ਤ ਦੇ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਇੰਨ੍ਹਾਂ ਵਿਦਵਾਨ ਅਤੇ ਮਹਾਨ ਪੰਥਕ ਸ਼ਖ਼ਸੀਅਤਾਂ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ ਅਤੇ ਫਿਰ ਉਸਨੂੰ ਬੁਲੰਦੀਆਂ ਤੱਕ ਲੈ ਕੇ ਗਏ। ਸਿੰਘ ਸਭਾ ਲਹਿਰ ਦੇ ਹੋਂਦ ਵਿਚ ਆਉਣ ਦਾ ਮੁੱਖ ਕਾਰਣ ਅੰਮ੍ਰਿਤਸਰ ਸ਼ਹਿਰ ਵਿਚਲੇ ਮਿਸ਼ਨ ਸਕੂਲ ਵਿਚ ਪੜ੍ਹ ਰਹੇ ਚਾਰ ਸਿੱਖ ਬੱਚਿਆਂ ਅਤਰ ਸਿੰਘ, ਸਾਧੂ ਸਿੰਘ, ਸੰਤੋਖ਼ ਸਿੰਘ ਅਤੇ ਆਇਆ ਸਿੰਘ ਨੇ ਐਲਾਨ ਕੀਤਾ ਕਿ ਉਹ ਈਸਾਈ ਧਰਮ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਇਸਤੋਂ ਪਹਿਲਾਂ ਰਾਜ ਘਰਾਣਿਆਂ ਦੇ ਦੋ ਬੱਚੇ ਦਲੀਪ ਸਿੰਘ ਅਤੇ ਹਰਨਾਮ ਸਿੰਘ ਕਪੂਰਥਲਾ ਈਸਾਈ ਮਤ ਕਬੂਲ ਚੁੱਕੇ ਸਨ, ਪਰ ਹੋਰ ਕੋਈ ਵੀ ਇੰਨ੍ਹਾਂ ਅਮੀਰ ਖਾਨਦਾਨਾਂ ਵਿਚੋਂ ਈਸਾਈ ਨਹੀਂ ਬਣਿਆ ਲੇਕਿਨ ਗਰੀਬ ਤਬਕੇ ਵਿਚੋਂ ਕੁੱਝ ਲੋਕ ਈਸਾਈ ਮਤ ਦੇ ਵੱਡੇ ਪੱਧਰ ਤੇ ਮੁਰੀਦ ਬਨਣੇ ਆਰੰਭ ਹੋ ਗਏ ਸਨ, ਲੇਕਿਨ ਇੰਨ੍ਹਾਂ ਬੱਚਿਆਂ ਨੂੰ ਕੁੱਝ ਸਿੱਖ ਚਿੰਤਕਾਂ ਨੇ ਸਮਝਾ ਬੂਝਾਂ ਕੇ ਈਸਾਈ ਬਨਣ ਤੋਂ ਰੋਕ ਲਿਆ ਸੀ। ਅਸਲ ਵਿਚ ਇਥੋਂ ਹੀ ਸਿੰਘ ਸਭਾ ਲਹਿਰ ਦਾ ਮੁੱਢ ਬੱਝਿਆਂ ਸੀ ਜਿਸਨੇ ਸਿੱਖ ਪੰਥ ਵਿਚ ਆ ਰਹੀ ਪਰਪਕਤਾ ਦੀ ਗਿਰਾਵਟ ਨੂੰ ਦੂਰ ਕਰਕੇ ਮੁੜ ਸਿੱਖ ਬੱਚਿਆਂ ਨੂੰ ਸਿੱਖੀ ਦੇ ਰਸਤੇ ਪਾ ਲਿਆ। 
                 ਇਹ ਬੜ੍ਹੀ ਅਣਹੋਣੀ ਗੱਲ ਹੈ ਤੇ ਅਫ਼ਸੋਸਨਾਕ ਵੀ ਹੈ ਕਿ ਸਿੰਘ ਸਭਾ ਲਹਿਰ ਦੇ ਉਸਰਈਏ ਅਤੇ ਉਦਮੀ ਸਿੱਖਾਂ ਨੂੰ ਉਸ ਸਮੇਂ ਦੇ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਪੰਥ ਵਿਚੋਂ ਛੇਕ ਦਿੱਤਾ ਸੀ ਅਤੇ ਸਿੰਘ ਸਭਾ ਲਹਿਰ ਦੀ ਥਾਂ ਵੱਖਰੇ ਗੁਰਦੁਆਰਿਆਂ ਦੀ ਇਕ ਲੜੀ ਬਣ ਕੇ ਰਹਿ ਗਈ ਸੀ। ਜਿਸ ਨੂੰ ਬਾਅਦ ਵਿਚ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਅਤੇ ਚੀਫ਼ ਖਾਲਸਾ ਦੀਵਾਨ ਵਰਗੇ ਨਾਵਾਂ ਹੇਠ ਵਿਚਰਨਾਂ ਪਿਆ। ਅੱਜ 100 ਸਾਲ ਤੋਂ ਵਧੇਰੇ ਸਮਾ ਬੀਤ ਜਾਣ ਤੇ ਜੇ ਸਿੱਖੀ ਦੀ ਹਾਲਤ ਤੇ ਨਜ਼ਰ ਮਾਰੀਏ ਤਾਂ ਅੱਜ ਫ਼ੇਰ ਸਿੱਖੀ ਉਸ ਪੜਾਅ ਵਿਚੋਂ ਗੁਜ਼ਰ ਰਹੀ ਹੈ ਜਿਸ ਵਿਚੋਂ ਗਿਆਨੀ ਦਿਤ ਸਿੰਘ ਅਤੇ ਪ੍ਰੋ: ਗੁਰਮੁੱਖ ਸਿੰਘ ਵਰਗੇ ਮਹਾਨ ਆਗੂਆਂ ਨੇ ਕਰੜੀ ਘਾਲਣਾ ਨਾਲ ਕੱਢਿਆ ਸੀ। ਪੰਜਾਬ ਵਿਚ ਸਿੱਖ ਬੱਚਿਆਂ ਦੀ ਹਾਲਤ ਵੇਖਿਏ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਬੱਚੇ ਜਿਵੇਂ ਕਿਸੇ ਹੋਰ ਧਰਮ ਦੇ ਹੋਣ, ਸਿਰਫ਼ ਨਾਮ ਪੁੱਛਣ ਤੇ ਹੀ ਪਤਾ ਲਗਦਾ ਹੈ ਕਿ ਇੰਨ੍ਹਾਂ ਦਾ ਜਨਮ ਸਿੱਖ ਪਰਿਵਾਰਾਂ ਵਿਚ ਹੀ ਹੋਇਆ ਹੈ। ਸ਼ਕਲ ਸੂਰਤ ਪੱਖੋਂ ਇਹ ਬੱਚੇ ਸਿੱਖੀ ਦੇ ਨੇੜੇ ਤੇੜੇ ਵਿਚ ਵਿਖਾਈ ਨਹੀਂ ਦਿੰਦੇ। ਇਹ ਗਿਰਾਵਟਾਂ ਤੇ ਅਲਾਮਤਾ ਲਈ ਸਿੱਧੇ ਤੌਰ ਤੇ ਸਿੱਖ ਲੀਡਰਸ਼ਿਪ ਦੀ ਨਲਾਇਕੀ ਨੂੰ ਹੀ ਜਿਮੇਂਵਾਰ ਠਹਿਰਾਇਆ ਜਾ ਸਕਦਾ ਹੈ, ਭਾਵੇਂ ਉਹ ਧਾਰਮਿਕ ਜਾਂ ਰਾਜਨੀਤਿਕ ਲੀਡਰ ਕਿਉਂ ਨਾਂ ਹੋਣ। ਇਹ ਸਿੰਘ ਸਭਾ ਲਹਿਰ ਦਾ ਹੀ ਇਕ ਉਤਸ਼ਾਹ ਸੀ ਜਿਸਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਹੌਂਦ ਵਿਚ ਲਿਆਉਣ ਦਾ ਮੁੱਢ ਬੰਨ੍ਹਿਆਂ ਅਤੇ ਗੁਰਦੁਆਰਾ ਸੁਧਾਰ ਲਹਿਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਨੂੰ ਹੋਂਦ ਵਿਚ ਲਿਆਂਦਾ ਲੇਕਿਨ ਸਮੇਂ ਸਮੇਂ ਲੀਡਰਸ਼ਿਪ ਦੀ ਨਲਾਇਕੀ , ਅਣਗਹਿਲੀ ਅਤੇ ਮੀਸਣੇਪਣ ਨੇ ਇੰਨ੍ਹਾਂ ਸੰਸਥਾਵਾਂ ਦੇ ਤੱਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕਾਜ ਅਤੇ ਕਾਰਗੁਜ਼ਾਰੀ ਸਰਕਾਰ ਦੇ ਕਿਸੇ ਇਕ ਕਾਰਪੋਰੇਸ਼ਨ ਜਾਂ ਬੋਰਡ ਤੋਂ ਵੱਧ ਕੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਅੱਜ ਪੰਜਾਬ ਦੇ ਰਾਜ ਭਾਗ ਤੇ ਕਾਬਜ ਹੈ ਲੇਕਿਨ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਕੇ ਅਪਣੀ ਪੰਥਕ ਦਿਖ ਸਦਾ ਲਈ ਖ਼ਤਮ ਕਰ ਲਈ ਹੈ। ਇਹ ਇਕ ਇਤਫ਼ਾਕ ਸੀ ਜਦੋਂ 1982 ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਯਤਨਾਂ ਨਾਲ ਪੰਜਾਬ ਵਿਚੋਂ ਇਕ ਵਾਰੀ ਪਤਿਤਪੁਣਾ ਖੰਭ ਲਗਾ ਕੇ ਉਡ ਗਿਆ ਸੀ, ਲੇਕਿਨ ਉਪਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਨੇ ਇਸ ਲਹਿਰ ਦੀ ਦਸ਼ਾ ਅਤੇ ਦਿਸ਼ਾ ਨੂੰ ਐਸਾ ਰੂਪ ਦੇ ਦਿੱਤਾ ਕਿ ਜਿਸ ਨਾਲ ਇਹ ਲਹਿਰ ਤਾਂ ਸਮਾਪਤ ਹੋਣ ਦੇ ਕੰਢੇ ਪੁੱਜ ਹੀ ਗਈ ਸਗੋਂ ਪਤਿਤਪੁਣਾ , ਨਸ਼ਾ ਅਤੇ ਹੀਨ ਭਾਵਨਾਂ ਸਿੱਖਾਂ ਵਿਚ ਫ਼ਿਰ ਤੋਂ ਪ੍ਰਵੇਸ਼ ਕਰ ਗਈ। ਅਜੌਕੇ ਯੁੱਗ ਵਿੱਚ ਹਰ ਜਾਗਦੇ ਸਿਰ ਵਾਲਾ ਸਿੱਖ, ਸਿੱਖ ਮਸਲਿਆਂ ਨੂੰ ਲੈ ਕੇ ਜਾਂ ਪੰਥ ਦੀ ਹੌਂਦ ਨੂੰ ਲੈ ਕੇ ਚਿੰਤਾ ਵਿਚ ਬੈਠਾ ਕਿਸੇ ਸਿੰਘ ਸਭਾ ਲਹਿਰ ਵਰਗੀ ਇਕ ਨਵੀਂ ਲਹਿਰ ਦੀ ਆਸ ਕਰਦਾ ਹੈ, ਲੇਕਿਨ ਅੱਜ ਦੇ ਯੁੱਗ ਵਿਚ ਸੰਨ ਉਨੀਸੋਵਿਆਂ ਵਾਲੀ ਹਾਲਤ ਵਿਚ ਕੌਮ ਅਨੇਕਾਂ ਧੜ੍ਹਿਆਂ ਵਿਚ ਵੰਡੀ ਹੋਈ ਹੈ ਅਤੇ ਕਿਸੇ ਇਕ  ਮੁੱਦੇ ਤੇ ਕੌਮ ਨੂੰ ਇਕੱਠਾ ਕਰਨਾਂ ਜਾਂ ਏਕਤਾ ਲਿਆਊਣੀ ਬੜਾ ਹੀ ਮੁਸ਼ਕਿਲ ਜਾਪਦਾ ਹੈ। ਕੁੱਝ ਲੋਕੀ ਰਾਜ ਗੱਦੀਆਂ ਲੈ ਕੇ ਇਹ ਦੁਹਾਈ ਦੇ ਰਹੇ ਹਨ ਕਿ ਅਸੀ ਕੌਮ ਲਈ ਸਭ ਕੁੱਝ ਕਰ ਰਹੇ ਹਾਂ, ਕੁੱਝ ਲੋਕੀ ਇਹ ਦੁਹਾਈ ਦੇ ਰਹੇ ਹਨ ਕਿ ਇਹ ਰਾਜ ਪ੍ਰਬੰਧ ਸਿੱਖੀ ਦੀ ਕਬਰ ਖੋਦ ਰਿਹਾ ਹੈ। ਇਸ ਲਈ ਇਸ ਨੂੰ ਬਦਲਣ ਵਿਚ ਹੀ ਭਲਾਈ ਹੈ ਲੇਕਿਨ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਇਕ ਲੋਕਰਾਜੀ ਲਹਿਰ ਖੜ੍ਹੀ ਕਰਕੇ ਮੁੜ੍ਹ ਪੰਥਕ ਮੁੱਦਿਆਂ ਨੂੰ ਉਭਾਰਨਾਂ ਚਾਹੁੰਦੇ ਹਨ। ਪਰ ਉਨ੍ਹਾਂ ਦੇ ਬਚਨਾਂ ਤੇ ਵੀ ਕੌਮ ਤਸੱਲੀ ਕਿਵੇਂ ਕਰੇ ਕਿਉਂਕਿ ਬੀਤੇ ਤਿੰਨ ਦਹਾਕਿਆਂ ਨੇ ਕੌਮ ਨੂੰ ਬੜੇ ਤਲਖ ਤਜ਼ਰਬੇ ਕਰਵਾਏ ਹਨ। ਇਕ ਤੀਜੀ ਧਿਰ ਹੋਰ ਵੀ ਹੈ ਜਿਹੜੇ ਭਾਰਤੀ ਸੰਵਿਧਾਨ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਗੋਂ ਸਿੱਖਾਂ ਲਈ ਇਕ ਸੰਪੂਰਨ ਪ੍ਰਭੂ ਸਤਾ ਰਾਜ ਦੀ ਪ੍ਰਾਪਤੀ ਕਰਨ ਵਿਚ ਸਿੱਖਾਂ ਦੀ ਚੰਗੇ ਭਵਿੱਖ ਦਾ ਇਲਾਜ ਦਸਦੇ ਹਨ। ਲੇਕਿਨ ਸਮਾਂ ਆਉਣ ਤੇ ਉਹ ਭਾਰਤੀ ਸੰਵਿਧਾਨ ਅਧੀਨ ਚੋਣਾ ਵੀ ਲੜ੍ਹਦੇ ਹਨ ਤਾਂ ਕਿ ਲੋਕਾਂ ਨੂੰ ਭਰੋਸਾ ਹੋ ਸਕੇ ਕਿ ਉਹ ਮਾਰਧਾੜ੍ਹ ਵਾਲੇ ਨਹੀਂ ਸਗੋਂ ਵੋਟ ਨੀਤੀ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ। ਲੇਕਿਨ ਉਨ੍ਹਾਂ ਦੀ ਵੀ ਬਦਕਿਸਮਤੀ ਹੈ ਕਿ ਉਹ ਸਿਰਫ਼ ਆਪਣੀ ਪਾਰਟੀ ਜਾਂ ਅਪਣੇ ਹਮਖਿਆਲੀਆਂ ਨੂੰ ਸਾਹਮਣੇ ਬਿਠਾ ਕੇ ਲੰਮੀਆਂ ਅਤੇ ਇਕੋ ਜਿਹੀਆਂ ਤਕਰੀਰਾਂ ਕਰਕੇ ਡੰਗ ਟਪਾ ਲੈਂਦੇ ਹਨ। ਪਰ ਅੱਜ ਤੱਕ ਇਸ ਮੁੱਦੇ ਨੂੰ  ਅੰਤਰਰਾਸ਼ਟਰੀ ਬਹਿਸ ਦਾ ਵਿਸ਼ਾ ਬਨਾਉਣ ਵਿਚ ਨਾਕਾਮਯਾਬ ਰਹੇ ਹਨ। ਕੁੱਝ ਪੋਟਿਆਂ ਤੇ ਗਿਣੇ ਜਾਣ ਵਾਲੇ ਲੋਕਾਂ ਤੋਂ ਬਿਨ੍ਹਾਂ ਉਨ੍ਹਾਂ ਵਲੋਂ ਉਭਾਰੇ ਗਏ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੇ ਮਸਲੇ ਦੀ ਕਿਸੇ ਨੂੰ ਸਮਝ ਨਹੀਂ ਹੈ। ਇਸ ਕਰਕੇ ਅੱਜ ਸਿੱਖ ਕੌਮ ਫ਼ਿਰ ਭੰਬਲਭੁਸੇ ਵਿਚ ਹੈ ਕਿ ਕੌਮ ਦੀ ਤ੍ਰਾਸਦੀ ਨੂੰ ਸਮਝ ਕੇ ਕੁੱਝ ਸਿਆਣੇ ਆਗੂ ਗਿਆਨੀ ਦਿੱਤ ਸਿੰਘ ਜਾਂ ਪ੍ਰੋ: ਗੁਰਮੁਖ ਸਿੰਘ ਬਣਕੇ ਫ਼ਿਰ ਅੱਗੇ ਆਉਣ ਤਾਂ ਕਿ ਇਕ ਵਾਰ ਫਿਰ ਤੋਂ ਇਕ ਦੂਜੀ ਸਿੰਘ ਸਭਾ ਲਹਿਰ ਆਰੰਭ ਕੀਤੀ ਜਾਵੇ ਜਿਹੜੀ ਕਿ ਖਾਲਸਾ ਪੰਥ ਦੀ ਨਿਰਾਲੀ ਨਿਆਰੀ ਹਸਤੀ ਅਤੇ ਪੰਥਕ ਸੰਸਥਾਵਾਂ ਦੀ ਬਜੁਰਗਾਂ ਵਲੋਂ ਤੈਅ ਮੁੱਢਲੀ ਮਰਿਆਦਾ ਨੂੰ ਮੁੜ੍ਹ ਤੋਂ ਬਹਾਲ ਕਰਕੇ ਸਿੱਖੀ ਨੂੰ ਫ਼ਿਰ ਉਨ੍ਹਾਂ ਲੀਹਾਂ ਤੇ ਲੈ ਕੇ ਆਵੇ। ਅੱਜ ਦੇ ਦਿਨ ਗੁਰੂ ਪਿਆਰ ਵਿਚ ਰੰਗੀਆਂ ਉਨ੍ਹਾਂ ਮਹਾਨ ਰੂਹਾਂ ਗਿਆਨੀ ਗੁਰਦਿਤ ਸਿੰਘ ਪ੍ਰੋ: ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਅਤੇ ਸ. ਠਾਕਰ ਸਿੰਘ ਸੰਧਾਵਾਲੀਆ ਨੂੰ ਯਾਦ ਕਰਦਿਆਂ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਇੱਕ ਵਾਰ ਫ਼ਿਰ ਨਸ਼ਿਆਂ ਦੀ ਦਲਦਲ ਵਿਚ ਖੁੱਭੇ ਪੰਜਾਬ ਅਤੇ ਸਿੱਖ ਨੌਜਵਾਨ ਪੀੜੀ ਨੂੰ ਪਤਿਤਪੁਣੇ ਅਤੇ ਧਰਮ ਤੋਂ ਦੂਰੀ ਵਰਗੀਆਂ ਅਲ੍ਹਮਤਾ ਵਿਚੋਂ ਸਦੀਵੀਂ ਕਾਲ ਵਾਸਤੇ ਕੱਢਣ ਲਈ ਫ਼ਿਰ ਤੋਂ ਇਕ ਸਿੰਘ ਸਭਾ ਲਹਿਰ ਉਸਾਰਨ ਦਾ ਯਤਨ ਕੀਤਾ ਜਾਵੇ।
 ਜਥੇਦਾਰ
 ਗੁਰਿੰਦਰਪਾਲ ਸਿੰਘ
 ਧਨੌਲਾ
9316176519 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template