ਜਦੋਂ ਉਸ ਨੂੰ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲੀ ਤਾਂ ਉਸ ਦਾ ਸਕੂਲ, ਉਸ ਦੇ ਘਰ ਤੋਂ 40 ਕਿਲੋਮੀਟਰ ਦੂਰ ਸੀ। ਪਹਿਲਾਂ ਉਹ ਰੇਲ ਗੱਡੀ ਵਿੱਚ 32 ਕਿਲੋਮੀਟਰ ਦਾ ਸਫ਼ਰ ਕਰਦਾ। ਰੇਲਵੇ ਸਟੇਸ਼ਨ ’ਤੇ ਉਤਰ ਕੇ ਸਕੂਲ ਦਾ ਅੱਠ ਕਿਲੋਮੀਟਰ ਦਾ ਪੇਂਡੂ ਰਸਤਾ ਤੈਅ ਕਰਨਾ ਬੜਾ ਔਖਾ ਸੀ ਕਿਉਂਕਿ ਸਵੇਰ ਸਮੇਂ ਉਸ ਰਸਤੇ ’ਤੇ 9 ਵਜੇ ਤਕ ਕੋਈ ਬੱਸ ਜਾਂ ਟੈਂਪੂ ਨਹੀਂ ਸੀ ਚੱਲਦਾ ਜਦੋਂਕਿ ਉਸ ਦਾ ਸਕੂਲ ਅੱਠ ਵਜੇ ਲੱਗਦਾ ਸੀ। ਇਸ ਲਈ ਉਹ ਸਰਦੀਆਂ ਵਿੱਚ ਤਾਂ ਸਾਈਕਲ ਦੀ ਵਰਤੋਂ ਕਰ ਲੈਂਦਾ ਪਰ ਗਰਮੀਆਂ ਵਿੱਚ ਅੱਠ ਕਿਲੋਮੀਟਰ ਸਾਈਕਲ ਚਲਾਉਣ ਨਾਲ ਉਸ ਦੀ ਸਕੂਲ ਪਹੁੰਚਣ ਤਕ ‘ਬਸ’ ਹੋ ਜਾਂਦੀ ਸੀ। ਇਸੇ ਲਈ ਉਸ ਦੀ ਕੋਸ਼ਿਸ਼ ਹੁੰਦੀ ਕਿ ਰੇਲ ਗੱਡੀ ਤੋਂ ਉਤਰ ਕੇ ਪਿੰਡ ਵੱਲ ਜਾਂਦੇ ਰਸਤੇ ’ਤੇ ਖੜ੍ਹ ਕੇ ਕਿਸੇ ਸਕੂਟਰ, ਮੋਟਰਸਾਈਕਲ ਵਾਲੇ ਦਾ ਲਿਫ਼ਟ ਲੈਣ ਲਈ ਇੰਤਜ਼ਾਰ ਕੀਤਾ ਜਾ ਸਕੇ। ਉਹ ਪਿੰਡ ਵੱਲ ਜਾ ਰਹੇ ਸਕੂਟਰਾਂ, ਮੋਟਰਸਾਈਕਲਾਂ ਨੂੰ ਰੁਕਣ ਦਾ ਇਸ਼ਾਰਾ ਕਰਦਾ। ਕਈ ਵਾਰ ਕੁਝ ਲੋਕ ਉਸ ਵੱਲੋਂ ਕੀਤੇ ਰੁਕਣ ਦੇ ਇਸ਼ਾਰੇ ਦੀ ਪ੍ਰਵਾਹ ਕੀਤੇ ਬਿਨਾਂ ਹੀ ਅੱਗੇ ਲੰਘ ਜਾਂਦੇ ਤਾਂ ਉਹ ਸੋਚਦਾ ਕਿ ਜੇ ਇਹ ਸਕੂਟਰ ਰੋਕ ਕੇ ਮੈਨੂੰ ਬਿਠਾ ਲੈਂਦੇ ਤਾਂ ਇਨ੍ਹਾਂ ਦਾ ਕੀ ਜਾਣਾ ਸੀ? ਕਈ ਭਲੇ ਲੋਕ ਸਕੂਟਰ, ਮੋਟਰਸਾਈਕਲ ਜਾਂ ਹੋਰ ਵਾਹਨ ਰੋਕ ਕੇ ਉਸ ਨੂੰ ਬਿਠਾ ਵੀ ਲੈਂਦੇ ਸਨ ਤਾਂ ਉਹ ਉਨ੍ਹਾਂ ਦਾ ਬੜਾ ਸ਼ੁਕਰਗੁਜ਼ਾਰ ਹੁੰਦਾ ਤੇ ਮਨ ਹੀ ਮਨ ਸੋਚਦਾ ਜੇ ਉਸ ਦੀ ਬਦਲੀ ਘਰ ਦੇ ਨੇੜੇ ਹੋ ਜਾਵੇ ਤਾਂ ਉਹ ਹਰ ਲੋੜਵੰਦ ਨੂੰ ਆਪਣੇ ਸਕੂਟਰ ’ਤੇ ਬਿਠਾ ਲਿਆ ਕਰੇਗਾ। ਇੰਜ ਉਹ ਨੌਂ ਸਾਲ ਉਸ ਪਿੰਡ ਵਾਲੇ ਸਕੂਲ ਵਿੱਚ ਨੌਕਰੀ ਕਰਦਾ ਰਿਹਾ।
ਫਿਰ ਬੜੀਆਂ ਕੋਸ਼ਿਸ਼ਾਂ ਨਾਲ ਉਸ ਦੀ ਬਦਲੀ ਉਸ ਦੇ ਘਰ ਦੇ ਨੇੜੇ ਸ਼ਹਿਰ ਵਿੱਚ ਹੋ ਗਈ ਤਾਂ ਹੁਣ ਉਹ ਆਪਣੇ ਸਕੂਟਰ ’ਤੇ ਜਾਣ ਲੱਗ ਪਿਆ। ਸ਼ਹਿਰ ਵਿੱਚ ਨਿੱਤ ਦੀਆਂ ਲੁੱਟਾਂ-ਖੋਹਾਂ ਨੇ ਉਸ ਨੂੰ ਅੰਦਰ ਤਕ ਹਿਲਾ ਦਿੱਤਾ ਸੀ। ਕਈ ਵਾਰ ਅਜਿਹੀਆਂ ਖ਼ਬਰਾਂ ਆਈਆਂ, ਜਿਨ੍ਹਾਂ ਵਿੱਚ ਸਕੂਟਰ, ਕਾਰ ’ਤੇ ਲਿਫ਼ਟ ਮੰਗ ਕੇ ਬੈਠਣ ਵਾਲਿਆਂ ਨੇ ਹੀ ਲੁੱਟ ਨੂੰ ਅੰਜਾਮ ਦਿੱਤਾ ਸੀ। ਹੁਣ ਜਦੋਂ ਉਹ ਆਪਣੇ ਸਕੂਟਰ ’ਤੇ ਸਕੂਲ ਜਾਂਦਾ ਤਾਂ ਕੋਈ ਨਾ ਕੋਈ ਰਾਹਗੀਰ ਉਸ ਨੂੰ ਲਿਫ਼ਟ ਲੈਣ ਲਈ ਰੁਕਣ ਦਾ ਇਸ਼ਾਰਾ ਕਰਦਾ ਪਰ ਨਿੱਤ ਦੀਆਂ ਡਰਾਉਣੀਆਂ ਖ਼ਬਰਾਂ ਨੇ ਉਸ ਦੀ ਸੋਚ ਬਦਲ ਦਿੱਤੀ ਸੀ। ਉਹ ਲੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਮਜਬੂਰੀ ਅਤੇ ਬਦਲਦੇ ਹਾਲਾਤ ਕਾਰਨ ਉਹ ਬਿਨਾਂ ਰੁਕੇ ਹੀ ਅੱਗੇ ਲੰਘ ਜਾਂਦਾ ਸੀ।
ਰਾਜ ਕੌਰ ਕਮਾਲਪੁਰ

0 comments:
Speak up your mind
Tell us what you're thinking... !