Headlines News :
Home » » ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਔਰਤ ਨੂੰ ਹੀ ਖ਼ੁਦ ਅੱਗੇ ਆਉਣਾ ਪਵੇਗਾ - ਕੰਵਲਜੀਤ ਕੌਰ ਢਿੱਲੋਂ

ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਔਰਤ ਨੂੰ ਹੀ ਖ਼ੁਦ ਅੱਗੇ ਆਉਣਾ ਪਵੇਗਾ - ਕੰਵਲਜੀਤ ਕੌਰ ਢਿੱਲੋਂ

Written By Unknown on Tuesday, 22 October 2013 | 06:29

ਔਰਤ ਅੱਜ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਦੁਖਾਂਤ ਇਥੋਂ ਤੱਕ ਹੈ ਕਿ ਜਨਮ ਤੋਂ ਪਹਿਲਾਂ ਹੀ ਗਰਭ ਵਿਚ ਲੜਕੀ ਹੋਣ ਦਾ ਪਤਾ ਚਲਦਿਆਂ ਹੀ ਉਸ ਨੂੰ ਮਾਰਨ ਦੀ ਸਾਜ਼ਿਸ਼ ਸ਼ੁਰੂ ਹੋ ਜਾਂਦੀ ਹੈ ਜਦਕਿ ਨਾ ਚਾਹੁੰਦਿਆਂ ਹੋਇਆਂ ਵੀ ਗਰਭਵਤੀ ਮਾਂ ਨੂੰ ਇਸ ਕਾਰਜ ਲਈ ਹਾਮੀ ਭਰਨੀ ਪੈਂਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਔਰਤ ਹੋਣ ਦੀ ਜੋ ਸਜ਼ਾ ਉਸ ਨੂੰ ਸਹਿਣੀ ਪਈ ਹੈ, ਉਹ ਉਸ ਦੀ ਬਾਲੜੀ ਨੂੰ ਵੀ ਸਹਿਣੀ ਪਵੇ। ਜੇ ਕੋਈ ਮਾਂ ਹਿੰਮਤ ਕਰ ਕੇ ਆਪਣੀ ਬੱਚੀ ਨੂੰ ਇਸ ਦੁਨੀਆ ਵਿਚ ਲੈ ਵੀ ਆਉਂਦੀ ਹੈ ਤਾਂ ਉਸ ਬੱਚੀ ਨੂੰ ਕਦਮ-ਕਦਮ ’ਤੇ ਸਮਾਜ ਵਿਚ ਵਿਚਰਦਿਆਂ ਆਪਣੀ ਇੱਜ਼ਤ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਔਰਤ ਅੱਜ ਕਿਤੇ ਵੀ ਮਹਿਫ਼ੂਜ਼ ਨਹੀਂ ਚਾਹੇ ਉਹ ਬੱਚੀ ਦੇ ਰੂਪ ਵਿਚ ਸਕੂਲ ਜਾ ਰਹੀ ਹੋਵੇ, ਮੁਟਿਆਰ ਦੇ ਰੂਪ ਵਿਚ ਕਾਲਜ ਜਾਂ ਫਿਰ ਨੌਕਰੀ-ਪੇਸ਼ਾ ਜਾਂ ਘਰੇਲੂ। ਕਦੀ ਉਸ ਨੂੰ ਦਾਜ ਦੀ ਬਲੀ ਚੜ੍ਹਨਾ ਪੈਂਦਾ ਹੈ ਤੇ ਕਦੀ ਆਪਣੀ ਆਬਰੂ ਬਚਾਉਂਦਿਆਂ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਅਜੋਕੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਮੈਂ ਸਮਝਦੀ ਹਾਂ ਕਿ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਔਰਤ ਨੂੰ ਹੀ ਖ਼ੁਦ ਅੱਗੇ ਆਉਣਾ ਪਵੇਗਾ। ਔਰਤ ਮਾਂ ਦੇ ਰੂਪ ਵਿਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਿਆਂ ਉਨ੍ਹਾਂ ਦੇ ਮਨ ਵਿਚੋਂ ਔਰਤ ਮਰਦ ਦੇ ਭੇਦਭਾਵ ਨੂੰ ਖ਼ਤਮ ਕਰ ਸਕਦੀ ਹੈ। ਜੇ ਜੀਜਾ ਬਾਈ ਵਰਗੀ ਮਾਂ ਆਪਣੇ ਬੇਟੇ ਨੂੰ ਵੀਰਾਂ ਦੀਆਂ ਕਹਾਣੀਆਂ ਸੁਣਾ ਕੇ ਇੱਕ ਵੀਰ ਯੋਧਾ ਬਣਾ ਸਕਦੀ ਸੀ ਤਾਂ ਕੀ ਅੱਜ ਕੱਲ੍ਹ ਦੀ ਮਾਂ ਆਪਣੇ ਬੱਚਿਆਂ ਦੀ ਸੋਚ ਬਦਲ ਕੇ ਸਮਾਜ ਨੂੰ ਨਹੀਂ ਬਦਲ ਸਕਦੀ। ਕੁੜੀਆਂ ਨੂੰ ਵੀ ਆਪਣੀ ਤੇ ਅਧਿਕਾਰਾਂ ਦੀ ਰਾਖੀ ਖ਼ੁਦ ਕਰਨੀ ਪਵੇਗੀ ਅਤੇ ਝਾਂਸੀ ਦੀ ਰਾਣੀ ਦੀ ਤਰ੍ਹਾਂ ਦਰਿੰਦਗੀ ਭਰੇ ਸਮਾਜ ਨਾਲ ਲੜਨਾ ਪਵੇਗਾ। ਜੇ ਝਾਂਸੀ ਦੀ ਰਾਣੀ ਦੇਸ਼ ਨੂੰ ਬਚਾਉਣ ਲਈ ਅੰਗਰੇਜ਼ਾਂ ਨਾਲ ਲੜ ਸਕਦੀ ਹੈ ਤਾਂ ਕੀ ਅੱਜ ਦੀ ਔਰਤ ਆਪਣੀ ਇੱਜ਼ਤ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਇਸ ਸਮਾਜ ਨਾਲ ਨਹੀਂ ਲੜ ਸਕਦੀ? ਸਾਡੀਆਂ ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾਉਣ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਵੀ ਕੁੜੀ ਕਿਸੇ ਦੀ ਹਵਸ ਦਾ ਸ਼ਿਕਾਰ ਨਾ ਬਣੇ ਅਤੇ ਕੋਈ ਨਵਵਿਆਹੁਤਾ ਦਾਜ ਦੀ ਬਲੀ ਨਾ ਚੜ੍ਹੇ।  ਲੋੜ ਹੈ ਅੱਜ ਕੁੱਖਾਂ ਤੇ ਰੁੱਖਾਂ ਨੂੰ ਬਚਾਉਣ ਦੀ। ਜੇ ਇਹ ਬਚਣਗੇ ਤਾਂ ਹੀ ਸਾਡਾ ਸਮਾਜ ਅੱਗੇ ਵਧੇਗਾ ਤੇ ਤਰੱਕੀ ਕਰੇਗਾ। ਔਰਤ ਅਤੇ ਮਰਦ ਦੋਵਾਂ ਨੂੰ ਮਿਲ ਕੇ ਅਜਿਹਾ ਸਮਾਜ ਸਿਰਜਣਾ ਚਾਹੀਦਾ ਹੈ, ਜਿਸ ਵਿਚ ਧੀਆਂ ਅਤੇ ਭੈਣਾਂ ਬਿਨਾਂ ਕਿਸੇ ਸਹਿਮ ਅਤੇ ਡਰ ਦੇ ਆਪਣੀ ਜ਼ਿੰਦਗੀ ਨਿਡਰ ਤੇ ਆਜ਼ਾਦ ਹੋ ਕੇ ਜਿਉਣ। 
 



ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
94787-93231


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template