ਚੜ੍ਹਦੀਕਲਾ ਪੰਜਾਬੀ ਭਾਸ਼ਾ (ਵਿਸ਼ੇਸ਼ ਕਰਕੇ ਬੋਲਚਾਲ ਦੀ) ਦਾ ਇੱਕ ਆਮ ਵਰਤੋਂ ਵਿਚ ਆਉਣ ਵਾਲਾ ਸ਼ਬਦ ਹੈ।ਕਿਸੇ ਮਿਲਣੀ ਦੇ ਮੌਕੇ ਜਦੋਂ ਪੰਜਾਬੀ ਇੱਕ ਦੂਸਰੇ ਦੀ ਖ਼ੈਰ-ਖ਼ਬਰ ਪੁੱਛਦੇ ਹਨ ਤਾਂ ਸੌ ਦੀ ਇੱਕ ਵਰਗਾ ਜਵਾਬ ਹੁੰਦਾ ਹੈ ‘ਚੜ੍ਹਦੀਕਲਾ’। ਚੜ੍ਹਦੀਕਲਾ ਸ਼ਬਦ ਅਸਲ ਵਿਚ ਖਾਲਸਾਈ ਸਮਾਜਿਕ-ਸਭਿਆਚਾਰਕ ਸਰੋਕਾਰਾਂ ਨਾਲ ਜੁੜਿਆ ਹੋਇਆ ਸ਼ਬਦ ਹੈ ਜਿਸ ਦੇ ਪਿਛੋਕੜ ਵਿਚ ਇੱਕ ਫ਼ਖਰ ਕਰਨਯੋਗ ਇਤਿਹਾਸ ਖੜ੍ਹਾ ਹੈ।ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਵਿਸਾਖੀ ਵਾਲੇ ਦਿਨ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਸ ਦਾ ਮਨੋਰਥ ਨਿਸ਼ਚੇ ਕਰ ਆਪਣੀ ਜੀਤ ਕਰਨੀ ਅਤੇ ਇਸ ਜੀਤ (ਜਿੱਤ) ਦਾ ਸਿਹਰਾ ਅਕਾਲ ਪੁਰਖ ਨੂੰ ਦੇ ਕੇ ਉਸ ਦੀ ਖੁਸ਼ੀ ਹਾਸਲ ਕਰਨਾ ਸੀ।ਇਹ ਖੁਸ਼ੀ ਤਨ ਅਤੇ ਮਨ ਨੂੰ ਚੜ੍ਹਦੀਕਲਾ ਵਿਚ ਰੱਖ ਕੇ ਹੀ ਹਾਸਲ ਕੀਤੀ ਜਾ ਸਕਦੀ ਸੀ।ਇਤਹਾਸ ਗਵਾਹ ਹੈ ਕਿ ਗੁਰੂੁ ਸਾਹਿਬ ਦੇ ਵਿਸ਼ੇਸ਼ ਥਾਪੜੇ ਨਾਲ ਜਨਮੇ ਖ਼ਾਲਸੇ ਉਪਰ ਜਦੋਂ ਕਦੇ ਕੋਈ ਭੀੜ ਪੈਂਦੀ ਰਹੀ ਹੈ ਤਾਂ ਉਸ ਨੇ ਕਦੇ ਵੀ ਚੜ੍ਹਦੀਕਲਾ ਦਾ ਪੱਲਾ ਨਹੀਂ ਛੱਡਿਆ।ਇਸ ਦੀ ਇੱਕ ਜੀਵਤ ਮਿਸਾਲ ਹੈ ਸੱਤ ਤੇ ਨੌਂ ਸਾਲ ਦੇ ਬੱਚਿਆਂ ਦਾ ਸਰਹੰਦ ਦੀ ਦੀਵਾਰ ਵਿਚ ਖੜ੍ਹ ਕੇ ਮੌਤ ਨੂੰ ਮਾਖੌਲ ਕਰਨਾ ਅਤੇ ਅੱਸੀ ਸਾਲ ਦੀ ਉਮਰ ਦੇ ਕਰੀਬ ਬਾਬੇ ਦਾ ਮੈਦਾਨ-ਏ-ਜੰਗ ਵਿਚ ਜਾ ਕੇ ਖੰਡਾ ਖੜਕਾਉਣਾ।ਇਥੇ ਹੀ ਬਸ ਨਹੀਂ ਇਸ ਚੜ੍ਹਦੀਕਲਾ ਦੇ ਸਦਕਾ ਹੀ ਚਮਕੌਰ ਦੀ ਕੱਚੀ ਗੜ੍ਹੀ ਵਿਚ ਸਿਰਫ ਚਾਲੀ ਕੁ ਦੀ ਗਿਣਤੀ ਦੇ ਮਰਜੀਵੜਿਆਂ ਨੇ ਲੱਖਾਂ ਦੀ ਤਦਾਦ ਨੂੰ ਪਿਛਲਖ਼ੁਰੀ ਮੁੜਨ ਲਈ ਮਜਬੂਰ ਕਰ ਦਿੱਤਾ ਸੀ।
ਸਾਡੇ ਗੁਰੂ ਸਾਹਿਬਾਨ ਨੇ ਚੜ੍ਹਦੀਕਲਾ ਦੇ ਇਸ ਸੰਕਲਪ ਨੂੰ ਸਰਬਤ ਦੇ ਭਲੇ ਨਾਲ ਜੋੜਿਆ ਹੋਇਆ ਹੈ।ਜਦੋਂ ਵੀ ਗੁਰੂ ਨਾਨਕ ਨਾਮ-ਲੇਵਾ ਸੰਗਤ ਗੁਰੂੁ ਜੀ ਦੇ ਸਨਮੁੱਖ ਹੋ ਕੇ ਕੋਈ ਅਰਦਾਸ-ਬੇਨਤੀ ਕਰਦੀ ਹੈ ਤਾਂ ਅੰਤ ਵਿਚ ‘ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਕਹਿ ਕੇ ਸਾਂਝੀਵਾਲਤਾ ਦੇ ਨਾਅਰੇ ਨੂੰ ਬੁਲੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਚੜ੍ਹਦੀਕਲਾ ਦਾ ਧਾਰਨੀ ਕੇਵਲ ਉਹੀ ਮਨੁੱਖ ਹੋ ਸਕਦਾ ਹੈ ਜਿਸ ਦੀ ਕਥਨੀ ਅਤੇ ਕਰਨੀ ਸਰਬਤ ਦੇ ਭਲੇ ਵਾਲੀ ਅਤੇ ਸੁਭਾਅ ਪਰਉਪਕਾਰ ਵਾਲਾ ਹੋਵੇ।ਸੁਆਰਥੀ ਸੁਭਾਅ ਅਤੇ ਸੌੜੀ ਸੋਚ ਵਾਲਾ ਵਿਅਕਤੀ ਕਦੇ ਵੀ ਸਰਬਤ ਦਾ ਭਲਾ ਨਹੀਂ ਸੋਚ/ਲੋਚ ਸਕਦਾ।
ਉਹ ਤਾਂ ਸਿਰਫ ਆਪਣਾ ਜਾਂ ਆਪਣੇ ਪਿਆਰਿਆਂ-ਸਤਿਕਾਰਿਆਂ ਦਾ ਹੀ ਭਲਾ ਮੰਗਦਾ ਹੈ।ਅਜਿਹਾ ਜੀਊੜਾ ਕਿਸੇ ਦੁਨਿਆਵੀ ਧੰਨ-ਦੌਲਤ ਦਾ ਮਾਲਕ ਤਾਂ ਹੋ ਸਕਦਾ ਹੈ ਪਰ ਚੜ੍ਹਦੀਕਲਾ ਵਰਗੀ ਵੱਡਮੁੱਲੀ ਨਿਆਮਤ ਦਾ ਨਹੀਂ।
ਚੜ੍ਹਦੀਕਲਾ ਅਸਲ ਵਿਚ ਇਕ ਆਸ਼ਾਵਾਦੀ ਨਜ਼ਰੀਏ ਦਾ ਨਾਮ ਹੈ ਅਤੇ ਇਹ ਨਜ਼ਰੀਆ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਸਫ਼ਲਤਾ ਦਾ ਸਬੱਬ ਬਣ ਸਕਦਾ ਹੈ।ਇਸ ਨਜ਼ਰੀਏ ਤੋਂ ਮੂੰਹ ਮੋੜਕੇ ਕੋਈ ਮਨੁੱਖ ਬਹੁਤੀਆਂ ਵਡੇਰੀਆਂ ਪ੍ਰਾਪਤੀਆਂ ਦਾ ਪਾਤਰ ਨਹੀਂ ਬਣ ਸਕਦਾ।
ਚੜ੍ਹਦੀ ਕਲਾ ਦਾ ਧਾਰਨੀ ਮਨੁੱਖ ‘ਵਿਹੜੇ ਦੇ ਵਿੰਗਾ ਹੋਣ ਦੀ ਗੱਲ ਨਹੀਂ ਕਰਦਾ ਸਗੋਂ ਨੱਚਣ ਦਾ ਵਲ ਸਿੱਖਣ ਨੂੰ ਵਧੇਰੇ ਤਰਜ਼ੀਹ ਦਿੰਦਾ ਹੈ।ਉਹ ਆਪਣੀ ਬਦਕਿਸਮਤੀ ਦੀਆਂ ਲਕੀਰਾਂ ਨੂੰ ਕੋਸਣ ਦੀ ਬਜਾਏ ਸਖਤ ਮਿਹਨਤ ਨਾਲ ਨਵੀਂਆਂ ਲਕੀਰਾਂ ਵਹਾਉਣ ਵਿਚ ਵਧੇਰੇ ਵਿਸ਼ਵਾਸ ਰੱਖਦਾ ਹੈ।ਅਤੇ ਆਪਣੇ ਇਸ ਵਿਸ਼ਵਾਸ ਨਾਲ ਹੀ ਉਹ ਅਣਹੋਣੀ ਨੂੰ ਹੋਣੀ ਵਿਚ ਬਦਲ ਦਿੰਦਾ ਹੈ। ਜੇਕਰ ਪੰਜਾਬ ਦੇ ਮਿਜ਼ਾਜੀ ਇਸ਼ਕ ਦੀ ਗੱਲ ਕਰੀਏ ਤਾਂ ਕਈ ਆਸ਼ਕ ਅਜਿਹੇ ਹੋਏ ਹਨ ਜਿਨ੍ਹਾਂ ਚੜ੍ਹਦੀਕਲਾ ਵਿਚ ਰਹਿੰਦੇ ਹੋਏ ਆਪਣੇ ਪਿਆਰਿਆਂ ਨਾਲ ਕੀਤੇ ਹੋਏ ਵਾਦਿਆਂ ਨੂੰ ਨਿਭਾਉਣ ਖਾਤਿਰ ਕੱਚਿਆਂ ਘੜਿਆਂ ਦੀ ਵੀ ਪ੍ਰਵਾਹ ਨਹੀਂ ਕੀਤੀ।ਚੜ੍ਹਦੀਕਲਾ ਵਿਚ ਰਹਿ ਕੇ ਹੀ ਕਈ ਪਹਾੜਾਂ ਨਾਲ ਮੱਥਾ ਲਾਉਂਦੇ ਰਹੇ ਹਨ ਅਤੇ ਅਸੰਭਵ ਨੂੰ ਸੰਭਵ ਬਣਾਉਂਦੇ ਰਹੇ ਹਨ।
ਚੜ੍ਹਦੀਕਲਾ ਵਿਚ ਰਹਿ ਕੇ ਹੀ ਖੇਤਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੁੰਦੇ ਹਨ ਅਤੇ ਧਰਤੀ ਦੀ ਹਿੱਕ ਵਿਚੋਂ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰਦੇ ਹਨ।
ਚੜ੍ਹਦੀਕਲਾ ਵਿਚ ਰਹਿ ਕੇ ਹੀ ਸਾਡੇ ਫੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ਨੂੰ ਸਲਾਮਤ ਰੱਖਦੇ ਹਨ। ਇਸ ਸਲਾਮਤੀ ਲਈ ਕਈ ਵਾਰ ਤਾਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਤੱਕ ਵੀ ਵਾਰਨੀਆਂ ਪੈ ਜਾਂਦੀਆਂ ਹਨ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਗੁਰੂਆਂ-ਪੀਰਾਂ ਵੱਲੋਂ ਬਖ਼ਸ਼ਿਸ਼ ਕੀਤੀ ਗਈ ਚੜ੍ਹਦੀਕਲਾ ਦੀ ਧਾਰਨਾ ਮਨੁੱਖੀ ਮਾਨਸਿਕਤਾ ਦਾ ਗਹਿਣਾ ਹੈ ਜਿਸ ਨੂੰ ਪਹਿਨ ਕੇ ਕੋਈ ਵੀ ਮਨੁੱਖ ਆਪਣੀ ਮੰਜ਼ਿਲ-ਏ-ਮਕਸੂਦ ਵੱਲ ਵਧ ਸਕਦਾ ਹੈ ਅਤੇ ਮਨਇੱਛਤ ਫ਼ਲ ਦੀ ਪ੍ਰਾਪਤੀ ਕਰ ਸਕਦਾ ਹੈ।ਇਸ ਉਲਟ ਢਹਿੰਦੀ ਕਲਾ ਵਾਲੇ ਮਨੁੱਖ ਦਾ ਜੀਵਨ ਨਾ ਤਾਂ ਉਸ ਦੇ ਆਪਣੇ ਆਪ ਲਈ ਹੀ ਲਾਹੇਵੰਦ ਹੁੰਦਾ ਹੈ ਅਤੇ ਨਾ ਹੀ ਕਿਸੇ ਸਮਾਜ ਲਈ।
#1348/17/1
ਗਲੀ ਨੰ: 8
ਰਿਸ਼ੀ ਨਗਰ ਐਕਸਟੈਨਸ਼ਨ
ਹੈਬੋਵਾਲ, ਲੁਧਿਆਣਾ
ਮੋਬ:9463132719


0 comments:
Speak up your mind
Tell us what you're thinking... !