Headlines News :
Home » » ਆਓ ! ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਯਤਨ ਜੁਟਾਈਏ - ਬਲਵਿੰਦਰ ਸਿੰਘ ਧਾਲੀਵਾਲ

ਆਓ ! ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਯਤਨ ਜੁਟਾਈਏ - ਬਲਵਿੰਦਰ ਸਿੰਘ ਧਾਲੀਵਾਲ

Written By Unknown on Friday, 15 November 2013 | 05:57


ਜਿੰਨਾ ਦੀ ਅਰਦਾਸ ਸੁਣੀ ਜਾਂਦੀ ਹੈ, ਉਹ ਨਨਕਾਣਾ ਸਾਹਿਬ ਪਹੁੰਚ ਜਾਂਦੇ ਹਨ। ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ 1469 ਈ: ਹੋਇਆ ਸੀ, ਇਸੇ ਕਰ ਕੇ ਇਸ ਅਸਥਾਨ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਹੈ। ਗੁਰੂ ਜੀ ਨਾਲ ਬਚਪਨ ’ਚ ਜੁੜੀਆਂ ਨਨਕਾਣੇ ’ਚ ਅਨੇਕਾਂ ਯਾਦਾਂ ਹਨ ਅਤੇ ਇਨ੍ਹਾਂ ਯਾਦਾਂ ਨੂੰ ਹੀ ਜੁੜਵੇਂ ਅੱਧੀ ਦਰਜਨ ਗੁਰਦੁਆਰਾ ਸਾਹਿਬ ਵੀ ਸਥਿਤ ਹਨ ਪ੍ਰੰਤੂ ਬਦਕਿਸਮਤੀ ਕਿ ਨਨਕਾਣਾ ਸਾਹਿਬ ਸਾਥੋਂ ਵਿਛੋੜ ਦਿੱਤਾ ਗਿਆ ਹੈ। ਸਿੱਖ ਹਿਰਦੇ ਵਾਲੇ ਲੋਕਾਂ ਵਿਚ ਨਨਕਾਣਾ ਸਾਹਿਬ ਪਹੁੰਚ ਕੇ ਦੁਨੀਆ ਦੀ ਸਭ ਤੋਂ ਵੱਡੀ ਖ਼ੁਸ਼ੀ ਵੇਖੀ ਜਾ ਸਕਦੀ ਹੈ। ਸਿੱਖ ਪੰਥ ਵੱਲੋਂ ਹਰ ਰੋਜ਼ ਕੀਤੀ

ਜਾਂਦੀ ਅਰਦਾਸ ਇਹ ਬੜੀ ਰੀਝ, ਤੜਪ ਤੇ ਵਿਸ਼ਵਾਸ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ ਕਿ ਹਰ ਸਿੱਖ ਨੂੰ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦਾ ਖੁੱਲ੍ਹਾ ਮੌਕਾ ਮਿਲੇ, ਜਿਨ੍ਹਾਂ ਨੂੰ ਪੰਥ ਨਾਲੋਂ ਵਿਛੋੜ ਦਿੱਤਾ ਗਿਆ ਹੈ। ਇਹ ਵਿਛੋੜਾ ਭਾਰਤ-ਪਾਕਿ ਦੀ 1947 ਦੀ ਫ਼ਿਰਕੂ ਤੇ ਦੁਖਦਾਈ ਵੰਡ ਨੇ ਦਿੱਤਾ ਸੀ। ਅਰਦਾਸ ’ਚ ਨਨਕਾਣਾ ਸਾਹਿਬ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ। ਪੰਥ ਤੋਂ ਵਿਛੋੜੇ ਗਏ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਮੈਨੂੰ 2 ਵਾਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਜਿੱਥੇ ਇਨ੍ਹਾਂ ਗੁਰੂ ਘਰਾਂ ਦੇ ਇਤਿਹਾਸ ਤੇ ਸਾਂਭ ਸੰਭਾਲ ਬਾਰੇ ਕਾਫ਼ੀ ਕੁਝ ਅਨੁਭਵ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ 175 ਗੁਰਦੁਆਰਾ ਸਾਹਿਬ ਸਥਿਤ ਹਨ ਅਤੇ ਇਤਿਹਾਸਕ ਪੱਖ ਤੋਂ ਇਨ੍ਹਾਂ ਗੁਰਧਾਮਾਂ ਜਿਵੇਂ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਸੱਚਾ ਸੌਦਾ ਫਾਰੂਕਾਬਾਦ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਗੁਰਦੁਆਰਾ ਹੇੜੀ ਸਾਹਿਬ ਏਮਨਾਬਾਦ, ਗੁਰਦੁਆਰਾ ਬਾਲ ਲੀਲਾ ਸਾਹਿਬ ਨਨਕਾਣਾ ਸਾਹਿਬ, ਸ਼ਹੀਦ ਗੰਜ ਸਾਹਿਬ ਲਾਹੌਰ ਆਦਿ ਦੀ ਮਹੱਤਤਾ ਕਿਸੇ ਪੱਖੋਂ ਵੀ ਭਾਰਤ ’ਚ ਪੈਂਦੇ ਗੁਰਧਾਮਾਂ ਨਾਲੋਂ ਘੱਟ ਨਹੀਂ ਹੈ ਪ੍ਰੰਤੂ ਵੰਡ ਸਮੇਂ ਪਾਕਿਸਤਾਨ ਚਲੇ ਜਾਣ ਕਰ ਕੇ ਜਿੱਥੇ ਸਿੱਖ ਨਿਗੂਣੀ ਗਿਣਤੀ ’ਚ ਹਨ ਅਤੇ ਮੁਸਲਿਮ ਬਹੁਲਤਾ ਵਾਲੇ ਪਾਕਿਸਤਾਨ ਵਿਚ ਸਥਿਤ 175 ਗੁਰਦੁਆਰਿਆਂ ’ਚੋਂ ਜ਼ਿਆਦਾਤਰ ਗੁਰਧਾਮਾਂ ਦੀ ਹਾਲਤ ਤਰਸਯੋਗ ਹੈ। ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਨਨਕਾਣਾ ਸਾਹਿਬ ’ਚ ਗੁਰਦੁਆਰਾ ਜਨਮ ਅਸਥਾਨ ਤੋਂ ਇਲਾਵਾ ਨਨਕਾਣੇ ’ਚ ਅੱਧੀ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿਨ੍ਹਾਂ ਵਿਚ ਬਾਲ ਲੀਲਾ ਸਾਹਿਬ, ਕਿਆਰਾ ਸਾਹਿਬ, ਤੰਬੂ ਸਾਹਿਬ, ਪੱਟੀ ਸਾਹਿਬ, ਮਾਲਜੀ ਸਾਹਿਬ ਆਦਿ ਹਨ। ਭਾਵੇਂ ਪਾਕਿਸਤਾਨੀ ਸਰਕਾਰ ਨੇ ਉਕਾਫ ਬੋਰਡ ਕਾਇਮ ਕਰ ਕੇ ਗੁਰਧਾਮਾਂ ਦਾ ਪ੍ਰਬੰਧ ਇਸ ਬੋਰਡ ਅਧੀਨ ਲਿਆਂਦਾ ਹੋਇਆ ਹੈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਬੋਰਡ ਅਧੀਨ ਕਾਰਜ ਕਰਦੀ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਸਾਧਨਾਂ ਦੀ ਕਮੀ ਨਾਲ ਜੂਝ ਰਹੀ ਹੈ ਅਤੇ ਬਹੁਤੇ ਗੁਰਦੁਆਰਿਆਂ ਦੀ ਹਾਲਤ ਖਸਤਾ ਹੋਣ ਦੇ ਨਾਲ ਹੀ ਗੁਰਦੁਆਰਿਆਂ ਵਿਚ ਕਮਾਲ ਦੀ ਮੀਨਾਕਾਰੀ ਵੀ ਬਰਬਾਦੀ ਵੱਲ ਜਾ ਰਹੀ ਹੈ। ਦੱਸਣਯੋਗ ਗੱਲ ਤਾਂ ਇਹ ਹੈ ਕਿ ਵਿਸ਼ੇਸ਼ ਮੌਕਿਆਂ ’ਤੇ ਜਾਂਦੇ ਸਿੱਖ ਜਥਿਆਂ ਮੌਕੇ ਬੇਸ਼ੱਕ ਪ੍ਰਬੰਧ ਵਿਸ਼ੇਸ਼ ਤੌਰ ’ਤੇ ਕੀਤੇ ਜਾਂਦੇ ਹਨ ਪ੍ਰੰਤੂ ਹੋਰ ਮੌਕਿਆਂ ’ਤੇ ਜਦੋਂ ਡੈਲੀਗੇਟ ਇਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦੇ ਹਨ ਤਾਂ ਮਰਿਆਦਾ ਤੇ ਪ੍ਰਬੰਧਾਂ ਦੀਆਂ ਘਾਟਾਂ ਉਦੋਂ ਸਾਹਮਣੇ ਮੂੰਹ ਅੱਡਦੀਆਂ ਹਨ। ਪਾਕਿਸਤਾਨ ਸਥਿਤ ਗੁਰਧਾਮਾਂ ਦੀ ਖਸਤਾ ਹਾਲਤ ਤੇ ਪ੍ਰਬੰਧਾਂ ਦੀਆਂ ਖ਼ਾਮੀਆਂ ਦੂਰ ਕਰਨ ਵਿਚ ਦੋਵੇਂ ਦੇਸ਼ਾਂ ’ਚ ਚੱਲੀ ਦੋਸਤੀ ਵਧਾਉਣ ਲਈ ਪ੍ਰਕਿਰਿਆ ਬੇਹੱਦ ਸਹਾਈ ਹੋ ਸਕਦੀ ਹੈ ਕਿਉਂਕਿ ਜੇਕਰ ਬਾਰਡਰ ਖੁੱਲ੍ਹ ਜਾਂਦਾ ਹੈ ਤਾਂ ਜਿੱਥੇ ਗੁਰਧਾਮਾਂ ਦੇ ਦਰਸ਼ਨਾਂ ਲਈ ਤੜਫ਼ ਰਹੇ ਸਿੱਖਾਂ ਦੇ ਮਨਾਂ ਦੀ ਰੀਝ ਪੂਰੀ ਹੋ ਜਾਵੇਗੀ ਉਥੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਸ਼ਰਧਾ ਨਾਲ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਦੀ ਕਮੀ ਨਹੀਂ ਆ ਸਕੇਗੀ। ਇਸ ਤੋਂ ਵੀ ਵਧ ਕੇ ਬਾਰਡਰ ਖੁੱਲ੍ਹਣ ਨਾਲ ਗੁਰਦੁਆਰਾ ਸਾਹਿਬਾਂ ਦੀ ਆਮਦਨ ਵਿਚ ਵਾਧਾ ਹੋਣ ਦੇ ਨਾਲ ਹੀ ਪਾਕਿਸਤਾਨ ਸਰਕਾਰ ਵਿਦੇਸ਼ੀ ਪੈਸੇ ਤੋਂ ਵਾਫਰ ਹੋ ਜਾਵੇਗੀ ਅਤੇ ਦੋਵੇਂ ਦੇਸ਼ਾਂ ਦੇ ਨਾਲ ਚੜ੍ਹਦੇ-ਲਹਿੰਦੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਵਧਾਉਣ ਦੀ ਲੋੜ ਹੈ ਤਾਂ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਵਿਚ ਗੁਰ ਮਰਿਆਦਾ ਕਾਇਮ ਕਰਨ ਦੇ ਯਤਨ ਕੀਤੇ ਜਾਣ ਅਤੇ ਖ਼ਾਸ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਭਾਰਤੀ ਪੰਜਾਬ ਤੋਂ ਪਾਕਿਸਤਾਨੀ ਪੰਜਾਬ ਵਿਚ ਯੋਗ ਗ੍ਰੰਥੀ ਭੇਜਣ ਦੀ ਲੋੜ ਹੈ ਤਾਂ ਕਿ ਉਥੋਂ ਦੇ ਸਿੱਖਾਂ ਨੂੰ ਗੁਰਬਾਣੀ ਦੇ ਗਿਆਨ ਦੇ ਨਾਲ ਹੀ ਗੁਰ ਮਰਿਆਦਾ ਸਬੰਧੀ ਪਰਪੱਕ ਬਣਾਇਆ ਜਾਵੇ। ਵੀਜ਼ਿਆਂ ਪ੍ਰਤੀ ਦੋਵੇਂ ਦੇਸ਼ਾਂ ਦੀ ਤੰਗ-ਦਿਲੀ ਵੀ ਵੱਡਾ ਅੜਿੱਕਾ ਹੈ। ਭਾਵੇਂ ਕਿ ਬਾਹਰੀ ਤੌਰ ’ਤੇ ਵੱਡੇ ਵੱਡੇ ਦੋਸਤੀ ਦੇ ਦਾਅਵੇ ਕੀਤੇ ਜਾ ਰਹੇ ਹਨ। ਦੋਸਤੀ ਦੇ ਚਲਦੇ ਮਾਹੌਲ ਵਿਚ ਸਾਨੂੰ ਅਰਦਾਸਾਂ ਦੇ ਨਾਲ ਇਹ ਸਾਂਝ ਵਧਾਉਣ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਖੁੱਲ੍ਹੇ ਰੂਪ ਵਿਚ ਹੋ ਸਕਣ। ਅੱਜ ਜਦੋਂ ਅਸੀਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 543ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ ਅਤੇ ਗੁਰੂ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮੁੱਖ ਸਮਾਗਮ ਕੀਤੇ ਜਾ ਰਹੇ ਹਨ। ਇਹ ਬਹੁਤ ਹੀ ਅਹਿਮ ਮੌਕਾ ਹੈ। ਇਸ ਮੌਕੇ ’ਤੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਣੀਆਂ ਸਰਕਾਰਾਂ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਦੋਸਤੀ ਦਾ ਹੱਥ ਵਧਾ ਕੇ ਆਪਣੀ ਸਾਂਝ ਹੋਰ ਪੀਡੀ ਕਰਨ ਤਾਂ ਕਿ ਸੁਖਾਵੇਂ ਮਾਹੌਲ ਵਿਚ ਦੋਵੇਂ ਦੇਸ਼ਾਂ ਦੀ ਆਰਥਿਕਤਾ ਨੂੰ ਹੁਲਾਰਾ ਵੀ ਮਿਲੇ ਅਤੇ ਭਾਈਚਾਰਕ ਸਾਂਝ ਵਧਣ ਦੇ ਨਾਲ ਹੀ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਵੀ ਖੁੱਲ੍ਹੇ ਰੂਪ ’ਚ ਹੋ ਸਕਣ।
                                                                



 ਬਲਵਿੰਦਰ ਸਿੰਘ ਧਾਲੀਵਾਲ,
ਵਿਸ਼ੇਸ਼ ਪ੍ਰਤੀਨਿਧ ‘ਅਜੀਤ’ 
ਉਪ ਦਫ਼ਤਰ, ਮਾਨਸਾ।
ਮੋਬਾਈਲ : 98150-97746

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template