‘ਦੇਖ ਕੇ ਸਵੇਰੇ ਜੀਜਾ ਖ਼ਾਲੀ ਹੋਏ ਬਟੂਏ ਨੂੰ ਤੋਰੀ ਵਾਂਗੂੰ ਮੂੰਹ ਲਮਕਾ ਕੇ ਬਹਿ ਜਾਈ ਨਾ’ ਇਹ ਦੋਗਾਣਾ ਭਾਵੇਂ ਕਿਸੇ ਗੀਤਕਾਰ ਨੇ ਕਿਸੇ ਜੀਜੇ-ਸਾਲੀ ਦੀ ਆਪਸੀ ਨੋਕ-ਝੋਂਕ ਨੂੰ ਮੱਦੇ ਨਜ਼ਰ ਰੱਖ ਕੇ ਲਿਖਿਆ ਹੋਇਆ ਹੈ ਪਰ ਸਾਡੇ ਸਮਾਜਿਕ-ਸਭਿੳਾਚਾਰਕ ਪ੍ਰਸੰਗ ਵਿਚ ਇਸ ਦੋਗਾਣੇ (ਵਿਸ਼ੇਸ਼ ਕਰਕੇ ਮੁਹਾਵਰੇ ਤੋਰੀ ਵਾਗੂੰ ਮੂੰਹ ਲਮਕਾ ਕੇ......) ਦੇ ਹੋਰ ਵੀ ਡੂੰਘੇਰੇ ਅਰਥ ਹਨ। ਆਓ! ਇਸ ਦੋਗਾਣੇ ਦਾ ਪਿੱਛਾ ਕਰਕੇ ਦੇਖੀਏ ਕਿ ਇਸ ਦੇ ਗਾਇਕ/ਲੇਖਕ ਵਲੋਂ ਵਰਤਿਆ ਗਿਆ ਉਪਰੋਕਤ ਮੁਹਾਵਰਾ ਆਪਣੀ ਬੁੱਕਲ ਵਿਚ ਕੀ ਕੁੱਝ ਸਮੋਈ ਬੈਠਾ ਹੈ।
ਦੋਗਾਣੇ ਵਿਚ ਇਸ ਮੁਹਾਵਰੇ ਦੀ ਵਰਤੋਂ ਇਕ ਨਖ਼ਰੀਲੀ ਸਾਲੀ ਆਪਣੇ ਉਸ ਮਨਚਲੇ ਜੀਜੇ ਲਈ ਕਰ ਰਹ ਹੈ, ਜੋ ਕੁੱਝ ਤਾਂ ਘਰ ਦੀ ਕੱਢੀ ਹੋਈ ਸ਼ਰਾਬ ਕਾਰਨ ਅਤੇ ਕੁੱਝ ਉਸ (ਸਾਲੀ) ਦੇ ਸ਼ਬਾਬ ਕਾਰ ਆਪਣੀ ਕਿਰਤ ਕਮਾਈ ਵਿਚੋਂ ਖੋਤੇ ਦੇ ਕੰਨ’ ਵਰਗੇ ਨੋਟ ਆਪਣੀ ਸਾਲੀ ਦੇ ਲੱਕ ਦੇ ਹੁਲਾਰਿਆਂ ਤੋਂ ਵਾਰ-ਵਾਰ ਸੁੱਟੀ ਜਾ ਰਿਹਾ ਹੈ। ਪਰ ਸਾਡੇ ਆਲੇ-ਦੁਆਲੇ ਹੋਰ ਵੀ ਬਹੁਤ ਸਾਰੇ ਅਜਿਹੇ ਮਹਾਂਪੁਰਖ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹ ਸਦਕਾ ਅਕਸਰ ਹੀ ‘ਤੋਰੀ ਵਾਂਗੂੰ ਮੂੰਹ ਲਮਕਾਈ ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ ‘ਗਲ ਪਿਆ ਢੋਲ ਵਜਾਉਣ’ ਦੀ ਦੀ ਤਰਜ਼ ’ਤੇ ਲੈਂਦੇ ਹਨ।
ਇਹ ਮੁਹਾਵਰਾ ਦੇਸ਼ ਦਾ ਭਵਿੱਖ ਸਮਝੇ ਜਾਂਦੇ ਉਨ੍ਹਾਂ ਤਾਲਬਇਲਮਾਂ ’ਤੇ ਵੀ ਅਸਰ ਅੰਦਾਜ਼ ਹੁੰਦਾ ਹੈ ਜੋ ਸਾਰਾ ਸਾਲ ਵਿਦਿਆ ਨੂੰ ਵਿਚਾਰਨ ਦੀ ਬਜਾਏ ਆਪਣੇ ਮਾਪਿਆਂ ਦੀ ਮਾਪਿਆਂ ਨੂੰ ਮਨੋਰਥ ਰਹਿਤ ਹੀ ਵਗਾਈ ਜਾਂਦੇ ਹਨ। ਉਹ ਆਪਣਾ ਬੇਸ਼ਕੀਮਤੀ ਵਕਤ ਭਲਵਾਨੀ ਗੇੜੀਆ ਜਾਂ ਸਮੋਸਿਆਂ ਦੀਆਂ ਰੇੜੀਆਂ ’ਤੇ ਖਰਚ ਕਰ ਦਿੰਦੇ ਹਨ ਅਤੇ ਜਦੋਂ ਪਰਖ ਦੀਆਂ ਘੜੀਆਂ ਭਾਵ ਇਮਤਿਹਾਨ ਆਉਂਦੇ ਹਨ ਤਾਂ ਉਸ ਵਕਤ ਬੰਜਰ ਹੋ ਚੁੱਕੇ ਅਕਲ ਦੇ ਖੇਤ ’ਚੋਂ ਕੋਈ ਸ਼ਬਦ ਨਹੀਂ ਉਪਜਦਾ। ਇਸ ਉਪਜ ਦੀ ਘਾਟ ਕਾਰਨ ਜਦੋਂ ਨਤੀਜ਼ਾ ਨਿਕਲਦਾ ਹੈ ਤਾਂ ਉਸ ਨਤੀਜ਼ੇ ਦੀ ਵਜ੍ਹਾ ਕਾਰਨ ਉਹ ਵਿਚਾਰੇ ਤੋਰੀ ਵਾਗੂੰ ਮੂੰਹ ਮਲਕਾਈ ਫਿਰਦੇ ਹਨ।
ਸਰਕਾਰੀ, ਅਰਧ-ਸਰਕਾਰ ਦਫ਼ਤਰਾਂ ਵਿਚ ਕੰਮ ਕਰਦੇ ਕਈ ਕੰਮਚੋਰ ਕਰਮਚਾਰੀ ਸੇਵਾ-ਭਾਵਨਾ ਤੋਂ ਸੱਖਣੇ ਹੁੰਦੇ ਹਨ। ਇਸ ਸੱਖਣਤਾ ਦੇ ਸਬੱਬ ਵਜੋਂ ਉਹ ਲੇਟ-ਲਤੀਫ਼ੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਕ ਦਿਨ ਸਾਧ ਦਾ ਆਉਣ ਕਰਕੇ ਸੌ ਦਿਨ ਵਾਲੇ ਇਹ ਚੋਰ ਜਦੋਂ ਆਪਣੇ ਕਿਸੇ ਆਲਾ- ਅਧਿਕਾਰੀ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਨੌਬਤ ‘ਤੋਰੀ ਵਾਂਗੂੰ ਮੂੰਹ ਲਮਕਾਉਣ’ ਤੱਕ ਆ ਜਾਂਦੀ ਹੈ।
ਕਈ ਬੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ ਵਕਤ ਦੀ ਕਦਰ ਹੀ ਨਹੀਂ ਕਰਦੇ। ਜਦੋਂ ਵਕਤ ਦਾ ਪਹੀਆ ਘੁੰਮਦਾ-ਘੁੰਮਦਾ ਉਨ੍ਹਾਂ ਬੰਦਿਆਂ ਨੂੰ ਪਛਾੜ ਦਿੰਦਾ ਹੈ ਤਾਂ ਉਨ੍ਹਾਂ ਦੇ ਕਈ ਬਹੁਤ ਹੀ ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹ ਨ। ਕੰਮ ਦਾ ਸਹੀ ਸਮੇਂ ’ਤੇ ਨਾ ਹੋਣਾ ਕਈ ਵਾਰੀ ਅਤਿ ਨਿਰਾਸ਼ਾ ਦਾ ਬਾਇਸ ਬਣ ਜਾਂਦਾ ਹੈ। ਇਸ ਨਿਰਾਸ਼ਾ ਕਾਰਨ ਕਈ ਵਾਰੀ ਉਨ੍ਹਾਂ ਭਾਈਆ/ਬੀਬੀਆਂ ਦਾ ਮੂੰਹ ਵੀ ‘ਤੋਰੀ ਵਾਂਗ ਹੀ ਲਮਕ’ ਜਾਂਦਾ ਹੈ।
ਸਿਆਣੇ ਬੰਦਿਆਂ ਦੀ ਸਲਾਹ ਹੈ ਕਿ ਸਿਹਤ ਹੀ ਜੀਵਨ ਦਾ ਅਸਲੀ ਧਨ ਹੁੰਦੀ ਹੈ। ਪਰ ਕਈ ਆਲਸ ਦੇ ਡੰਗੇ ਇਸ ਧਨ ਦੀ ਸ਼ਾਭ-ਸੰਭਾਲ ਤੋਂ ਪਾਸਾ ਵੱਟ ਜਾਂਦੇ ਹਨ। ਸਿੱਟੇ ਵਜੋਂ ਕਈ ਵਾਰ ਉਹਹ ਕਈ ਨਾਮੁਰਾਦ ਬਿਮਾਰੀਆਂ ਦੀ ਘੇਰਾਬੰਦੀ ਵਿਚ ਵੀ ਆ ਜਾਂਦੇ ਹਨ। ਜਦੋਂ ਡਾਕਟਰੀ ਦਾਅ ਅਤੇ ਦਵਾਈਆਂ ਦਾ ਅਸਰ ਫ਼ੇਲ ਹੋ ਜਾਂਦਾ ਹੈ ਤਾਂ ਉਨ੍ਹ ਪ੍ਰਭਾਵੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਮੂੰਹ ਵੀ ਤੋਰੀ ਵਾਗੂੰ ਲਮਕ ਜਾਂਦਾ ਹੈ।
ਜਦੋਂ ਕਿਸੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਕਿਸੇ ਕੁਦਰਤੀ ਕਰੋਪੀ ਜਾਂ ਉਸ ਦੀ ਆਪਣੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਕੀਤੀ ਮਿਹਨਤ ਘੱਟੇ ਵਿਚ ਰੁੱਲ ਜਾਂਦੀ ਹੈ। ਉਧਰ ਜਦੋਂ ਆੜ੍ਹਤੀ ਵੀ ਉਸ ਦੇ ਪੱਲੇ ਕੁਝ ਪਾਉਂਦਾ ਤਾਂ ਉਸ ਕਿਸਾਨ ਦਾ ਮੂੰਹ ਵੀ……।
ਜਦੋਂ ਕਿਸੇ ਨੌਜਵਾਨ ਨੇ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਕਿਤੇ ਦੂਰ-ਦੁਰਾਡੇ ਇੰਟਰਵਿਊ ਦੇਣ ਲਈ ਪਹੁੰਚਣਾ ਹੋਵੇ ਤਾਂ ਉਸ ਨੂੰ ਸਹੀ ਸਮੇਂ ’ਤੇ ਸਹੀ ਸਥਾਨ ’ਤੇ ਪਹੁੰਚਾਉਣ ਵਾਲੀ ਲਾਰੀ ਜਾਂ ਟ੍ਰੇਨ ਮਿਸ ਹੋ ਜਾਵੇ ਤਾਂ ਉਸ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।
ਅਜਿਹਾ ਨਿਰਾਸ਼ਾਜਨਕ ਘਟਨਾਕ੍ਰਮ ਆਸ਼ਕ ਦੀ ਦੁਨੀਆ ਵਿਚ ਤਾਂ ਅਕਸਰ ਹੀ ਵਾਪਰਦਾ ਰਹਿੰਦਾ ਹੈ। ਬਾਬਾ-ਏ-ਆਸ਼ਕ ਭਾਈਆ ਧਦਿੋ ਉਰਫ਼ ਰਾਂਝਾ ਤਖ਼ਤ ਹਜਾਰੇ ਦੀ ਚੌਧਰ ਛੱਡ ਕੇ ਬੇਬੇ ਹੀਰ ਦੀਆਂ ਮੈਸਾਂ ਦੇ ਪੂਰੇ ਬਾਰਾਂ ਸਾਲ ਮੌੜੇ ਲਗਾਉਂਦਾ ਰਿਹਾ, ਪਰ ਮਾਈ ਹੀਰ ਨੇ ਭਾਗ ਖੇੜਿਆਂ ਦੇ ਘਰ ਨੂੰ ਲਗਾ (ਦਿੱਤੇ) ਅਜਿਹੀ ਸੁਰਤ-ਏ-ਹਾਲ ਵਿਚ ਬਾਪੂ ਰਾਂਝੇ ਨੂੰ ਤੋਰੀ ਵਾਂਗੂੰ ਮੂੰਹ ਲਮਕਾ ਕੇ ਨਾਥ-ਜੋਗੀਆਂ ਦੀਆਂ ਧੂਣੀਆਂ ਸੇਕਣੀਆਂ ਪੈ ਗਈਆਂ ਸਨ ਅਤੇ ਗੋਰੇ ਪਿੰਡ ਉਪਰ ਸਵਾ ਮਲਣੀ ਪੈ ਗਈ ਸੀ।
ਤੋਰੀ ਵਾਂਗੂੰ ਮੂੰਹ ਲਮਕਾਉਣ ਦੀ ਅਵਸਥਾ ਕਈ ਵਾਰ ਆਧੁਨਿਕ ਆਸ਼ਕ-ਸੰਸਾਰ ਵਿਚ ਵੀ ਦੇਖ। ਸੁਣਨ ਨੂੰ ਮਿਲ ਜਾਂਦੀ ਹੈ। ਇਸ਼ਕ ਦਾ ਰੋਗ ਅੱਖ ਵਿਚ ਦੀ ਹੋ ਕੇ ਦਿਲਾਂ (ਭਾਵਨਾਵਾਂ) ’ਤੇ ਅਸਰ ਕਰਦਾ ਹੈ। ਜਦੋਂ ਇਹ ੳਸਰ ਆਪਣਾ ਰੰਗ ਦਿਖਾਉਂਦਾ ਹੈ ਤਾਂ ਉਸ ਵੇਲੇ ਇਹ ਗੀਤ ਆਪ ਮੁਹਾਰੇ ਹੀ ਬੁੱਲਾਂ ’ਤੇ ਆ ਜਾਂਦਾ ਹੈ ਕਿ ਬੈਠ ਮੇਰੇ ਪਾਸ ਤੁਝੇ ਦੇਖਤਾ ਰਹੂੰ ਦੇਖਤਾ ਰਹੂੰ ਮੁੰਹੋ ਕੁਝ ਨਾ ਕਹੂੰ’ ਜਾਂ ਫਿਰ ‘ਚੰਨਾ ਤੇਰਾ ਘੁੱਟ ਭਰ ਲਾਂ ਤੈਨੂੰ ਦੇਖਿਆ ਸਬਰ ਨਾ ਆਵੇ।‘
ਅਜਿਹਾ ਸਭ ਕੁੱਝ ਕਰਨ ਲਈ ਆਸ਼ਕ ਲੋਕ ਮੁਲਾਕਾਤਾਂ ਦੀਆਂ ਲੰਮੀਆਂ ਤੰਦਾਂ ਪਾਉਂਦੇ ਹਨ ਪਰ ਜੇਕਰ ਕਿਸੇ ਕਾਰਨ ਵੱਸ ਇਹ ਤੰਦਾਂ ਢਿੱਲੀਆਂ ਪੈ ਜਾਣ ਜਾਂ ਟੁੱਟਣ ਲੱਗ ਪੈਣ ਤਾਂ ਉਸ ਵਕਤ ਕਿਸੇ ਪਿਆਰੇ ਜਾਂ ਪਿਆਰੀ ਦੀ ਮੂੰਹ ਵੀ ਤੋਰੀ ਵਾਂਗ ਲਮਕ ਜਾਂਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਸਰਕਾਰੀ ਦਫ਼ਤਰ ਵਿਚ ਜਾਵੇ ਤਾਂ ਅੱਗਿਉਂ ਸੰਬੰਧਤ ਬਾਬੂ ਜਾਂ ਉੱਚ-ਅਧਿਕਾਰੀ ਆਪਣੀ ਸੀਟ ’ਤੇ ਬਿਰਾਜ਼ਮਾਨ ਹੀ ਨਾ ਹੋਵੇ ਤਾਂ ਉਸ ਵੇਲੇ ਉਸ ਵਿਅਕਤੀ ਦਾ ਮੂੰਹ ਵੀ ਤੋਰੀ ਵਾਂਗ ਲਮਕ ਜਾਂਦਾ ਹੈ।
ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ‘ਤੋਰੀ ਵਾਗੂੰ ਮੂੰਹ ਲਮਕਾਉਣ’ ਦੀ ਅਵਸਥਾ ਲਈ ਕਈ ਵਾਰੀ ਤਾਂ ਅਸੀਂ ਖੁਦ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ, ਕਈ ਵਾਰੀ ਕਿੇ ਮਾਹੌਲ ਦਾ ਸਾਜ਼ਗਾਰ ਨਾ ਹੋਣਾ ਅਤੇ ਕਈ ਵਾਰੀ ਉਸ ਕਰਤੇ ਦੀ ਕਾਰਗੁਜ਼ਾਰੀ ਵੀ ਹੋ ਸਕਦੀ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਤੇ ਸਮਰੱਥਾ ਵਿਚਲੇ ਸਮਤੋਲ ਨੂੰ ਬਣਾਈ ਰੱਖੀਏ ਅਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਹੀ ਨਾ ਹੋਣ ਦੇਈਏ ਜਿਸ ਕਾਰਨ ਸਾਨੂੰ ਆਪਣਾ ਮੂੰਹ ਤੋਰੀ ਵਾਂਗੂੰ ਲਮਕਾਉਣਾ ਪੈ ਜਾਵੇ।
ਮਕਾਨ ਨੰ: 1348/17/1,
ਗਲੀ ਨੰ.8,
ਹੈਬੋਵਾਲ ਖੁਰਦ (ਲੁਧਿ:)
ਮੋਬਾਇਲ : 9463132719


0 comments:
Speak up your mind
Tell us what you're thinking... !