Headlines News :
Home » » ਗੁਰੂ ਨਾਨਕ ਸਾਹਿਬ ਦੇ ਪੱਕਾ ਸਾਥੀ ਭਾਈ ਮਰਦਾਨਾ ਜੀ - ਰਮੇਸ਼ ਬੱਗਾ ਚੋਹਲਾ

ਗੁਰੂ ਨਾਨਕ ਸਾਹਿਬ ਦੇ ਪੱਕਾ ਸਾਥੀ ਭਾਈ ਮਰਦਾਨਾ ਜੀ - ਰਮੇਸ਼ ਬੱਗਾ ਚੋਹਲਾ

Written By Unknown on Friday, 15 November 2013 | 23:57

ਸਿੱਖ ਇਤਿਹਾਸ ਵਿਚ ਜਿਥੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਮ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ ਉਥੇ ਭਾਈ ਮਰਦਾਨਾ ਜੀ ਦਾ ਨਾਂ ਵੀ ਬਹੁਤ ਹੀ ਅਦਬ ਅਤੇ ਪਿਆਰ ਨਾਲ ਲਿਆ ਜਾਂਦਾ ਹੈ। ਧਰਤ ਲੋਕਈ ਨੂੰ ਸੋਧਣ ਹਿੱਤ  ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਕਈ ਮੀਲ ਬਿਖਰਿਆਂ ਪੈਂਡਿਆਂ ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਵਿਚ ਬਾਬੇ ਦਾ ਡੱਟਵਾਂ ਸਾਥ ਦੇਣ ਵਾਲਿਆਂ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਉੱਭਰਵੇਂ ਰੂਪ ਵਿੱਚ ਲਿਆ ਜਾਂਦਾ ਹੈ।  
       ਭਾਈ ਮਰਦਾਨਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ‘ਦਾਨਾ’ ਸੀ, ਦਾ ਜਨਮ 6 ਫਰਵਰੀ 1459 ਈ.ਨੂੰ ਪਿੰਡ ਤਲਵੰਡੀ(ਰਾਏ ਭੋਏ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ। ਉਮਰ ਪੱਖੋਂ ਭਾਈ ਮਰਦਾਨਾ ਜੀ ਗੁਰੂੁ ਨਾਨਕ ਪਾਤਿਸ਼ਾਹ ਨਾਲੋਂ ਲੱਗਭਗ ਸਵਾ 10 ਸਾਲ ਵੱਡੇ ਸਨ।ਮਿਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ।
     ਭਾਈ ਮਰਦਾਨਾ ਜੀ ਦੀ ਜੋਟੀ ਗੁਰੁ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿੱਚ ਪੈ ਗਈ ਸੀ ਜੋ ਗੁਰੁ ਸਾਹਿਬ ਵੱਲੋਂ ਮਿਲੇ ਰੱਜਵੇਂ   ਪਿਆਰ ਅਤੇ ਸਤਿਕਾਰ ਕਾਰਣ ਆਖ਼ਰੀ ਦਮ ਤੱਕ ਨਿਭਦੀ ਰਹੀ।
   ਇਹ ਜੋਟੀ ਜਿੱਥੇ ‘ਨਾਨਕੁ ਤਿਨ ਕੈ ਸੰਗਿ ਸਾਥਿ’ਵਰਗੀ ਭਰਾਤਰੀਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਹੈ,ਉਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖ਼ਸ਼ਦੀ ਹੈ। ਭਾਈ ਸਾਹਿਬ ਜਿਥੇ ਇੱਕ ਉੱਚਕੋਟੀ ਦੇ ਸੰਗੀਤਕਾਰ ਸਨ ਉਥੇ ਗੁਰੁ ਸਾਹਿਬ ਦੇ ਸੱਚੇ ਤੇ ਪੱਕੇ  ਮਿੱਤਰ ਵੀ ਸਨ।              ਸੁੱਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ-ਨਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਵਾਨਿਤ ਪ੍ਰਚਾਰਕ ਵੀ ਸਨ, ਜਿਨ੍ਹਾਂ ਨੂੰ ਗੁਰੂ ਜੀ ਵੱਲੋਂ ਕੁੱਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ।ਇਨ੍ਹਾਂ ਅਧਿਕਾਰਾਂ ਦੀ ਵਰਤੋਂ ਉਹ ਗੁਰੁ ਨਾਨਕ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਰਦੇ ਸਨ। ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ ਸਿੱਖੀ ਦੇ ਲੜ ਲਾਇਆ ਜਿਨ੍ਹਾਂ ਵਿੱਚ ਭਾਈ ਨੀਰੂ ਦਾ ਨਾਮ ਵਰਨਣਯੋਗ ਹੈ।
    ਭਾਈ ਮਰਦਾਨਾ ਜੀ ਦਾ ਇਹ ਵੀ ਇੱਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ (ਲੱਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੈ। ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਦੇਸ-ਵਿਦੇਸ਼ ਦਾ ਲੱਗਭਗ 40000 ਕਿਲੋਮੀਟਰ (ਚਾਰ ਉਦਾਸੀਆਂ) ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਦੌਰਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ ਸੰਬੋਧਿਤ ਹੋ ਕੇ ਆਖਦੇ “ਮਰਦਾਨਿਆ! ਰਬਾਬ ਵਜਾ ਬਾਣੀ ਆਈ ਹੈ”। 
ਤੇ ਭਾਈ ਸਾਹਿਬ  ਗੁਰੂ ਜੀ ਦਾ ਹੁਕਮ ਪਾ ਕੇ ਰਬਾਬ ਦੀਆਂ ਤਾਰਾਂ ਛੇੜ ਦਿੰਦੇ।  ਜਿਥੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ 19 ਰਾਗਾਂ ਵਿਚ ਪਰੋ ਕੇ ਗਾਉਣ ਦਾ ਸ਼ਰਫ ਹਾਸਲ ਹੈ ਉਥੇ ਨਾਲ ਹੀ ਉਨ੍ਹਾਂ ਨੂੰ ਗੁਰੂ ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ। ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਸ ਦੀਆਂ ਕਈ ਪੀੜ੍ਹੀਆਂ ਤੱਕ ਬਣਿਆ ਆ ਰਿਹਾ ਹੈ। ਗੁਰੂੁ ਨਾਨਕ ਸਾਹਿਬ ਦੀ ਪੰਜਵੀਂ (ਸ਼੍ਰੀ ਗੁਰੁ ਅਰਜਨ ਦੇਵ ਜੀ) ਅਤੇ ਛੇਵੀਂ (ਸ੍ਰੀ ਗੁਰੂ ਹਰਗੋਬਿੰਦ ਜੀ) ਜੋਤ ਦੇ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸਬੰਧਤ ਸਨ। ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ।                    
ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਸ਼੍ਰੀ ਗੁਰੁ ਨਾਨਕ ਦੇਵ ਜੀ  (ਆਪਣੀ ਚੌਥੀ ਉਦਾਸੀ ਸਮਂੇ) ਅਫਗਾਨਿਸਤਾਨ ਦੇ ਨਗਰ ਖੁਰਮ ਵਿਖੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਅਕਾਲ-ਪੁਰਖ ਦਾ ਸਦੀਵੀ ਸੱਦਾ ਆ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੱਚੇ ਸਾਥੀ ਸ਼੍ਰੀ ਗੁਰੂੁ ਨਾਨਕ ਦੇਵ ਜੀ ਕੋਲੋਂ ਅਲਵਿਦਾ ਲੈਣੀ ਚਾਹੀ। ਗੁਰੂੁ ਸਾਹਿਬ ਨੇ ਕਰਤਾਰ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਭਾਈ ਸਾਹਿਬ ਨੂੰ ਗਲ ਨਾਲ ਲਿਆ ਅਤੇ ਬਚਨ ਕੀਤਾ ਕਿ, “ਮਰਦਾਨਿਆਂ ਜੇ ਤੇਰਾ ਚਿਤ ਹੋਵੇ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੂ ਪਾਣੀ ਵਿਚ ਸੁਟ ਦਿਆਂ,ਖੱਤਰੀ ਵਾਂਗੂੰ ਸਾੜ ਦਿਆਂ,ਵੈਸ਼ ਵਾਗੂੰ ਹਵਾ ਵਿਚ ਉਡਾ ਦਿਆਂ ਜਾਂ ਫਿਰ ਮੁਸਲਮਾਨਾਂ ਵਾਂਗ ਧਰਤੀ ਦੇ ਹਵਾਲੇ ਕਰ ਦਿਆਂ”।     ਬਾਬੇ ਦੇ ਬਚਨਾਂ ਦਾ ਜਵਾਬ ਦਿੰਦਿਆ ਭਾਈ ਮਰਦਾਨੇ ਨੇ ਕਿਹਾ, “ਵਾਹ, ਬਾਬਾ ਵਾਹ ਅਜੇ ਵੀ ਸਰੀਰਾਂ ਦੇ ਚਕਰਾਂ ਵਿਚ ਹੀ ਪਾਈ ਜਾਨਾ”। 
ਬਾਬਾ ਫਿਰ ਬੋਲਿਆ, “ਭਾਈ ਮਰਦਾਨਿਆਂ ਜੇ ਤੂੰ ਕਹੇ ਤਾਂ ਤੇਰੀ ਸਮਾਧ ਬਣਾ ਦੇਈਏ”।
ਉਸ ਵਕਤ ਭਾਈ ਸਾਹਿਬ ਨੇ ਜੋ ਉੱਤਰ ਦਿੱਤਾ ਉਹ ਬਹੁਤ ਹੀ ਭਾਵਪੂਰਤ ਸੀ, “ ਬਾਬਾ! ਬੜੀ ਮੁਸ਼ਕਿਲ ਨਾਲ ਤਾਂ ਸਰੀਰ ਦੀ ਰੂਪੀ ਸਮਾਧ ਵਿਚੋਂ ਬਹਾਰ ਆਉਣ ਲੱਗਾ ਹਾਂ ਹੁਣ ਫਿਰ ਪੱਥਰਾਂ ਦੀ ਸਮਾਧ ਵਿਚ ਪਾਉਣਾ ਚਾਹੁੰਨਾ”।
ਆਪਣੇ ਸੱਚੇ ਅਤੇ ਪੱਕੇ ਸਾਥੀ ਸ਼੍ਰੀ ਗੁਰੁ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ 12 ਨਵੰਬਰ 1534 ਈ: ਨੂੰ ਭਾਈ ਮਰਦਾਨਾ ਜੀ ਇਸ ਭੋਤਿਕ ਸੰਸਾਰ ਤੋਂ ਰੁਖ਼ਸਾਤ ਪਾ ਗਏ।ਆਪਣੇ ਸੁੱਖ-ਦੁੱਖ ਦੇ ਭਾਈਵਾਲ ਭਾਈ ਮਰਦਾਨਾ ਜੀ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੀ ਹੱਥੀਂ ਦਰਿਆ ਕੁਰਮ ਦੇ ਕਿਨਾਰੇ ਸਪੁਰਦ-ਏ-ਖਾਕ ਕਰ ਦਿੱਤਾ, ਜਿਥੇ ਅੱਜ ਵੀ ਉਨ੍ਹਾਂ (ਭਾਈ ਸਾਹਿਬ) ਦੀ ਔਲਾਦ ਉਨ੍ਹਾਂ ਦੀ ਯਾਦ ਨੂੰ ਸੰਭਾਲੀ ਬੈਠੀ ਹੈ।                                                                    



ਰਮੇਸ਼ ਬੱਗਾ ਚੋਹਲਾ 
    #1348/17/1,ਗਲੀ ਨੰ: 8 
ਰਿਸ਼ੀ ਨਗਰ ਐਕਸਟੈਨਸ਼ਨ
   (ਲੁਧਿਆਣਾ)
ਮੋ: 9463132719
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template