ਅੱਜ ਦੇ ਵਿਗਿਆਨਕ ਯੁੱਗ ਵਿਚ ਇਨਸਾਨ ਨੇ ਅਥਾਹ ਤਰੱਕੀ ਵੱਲ ਕਦਮ ਵਧਾਏ ਹਨ ਪਰ ਵੱਡਿਆ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨ ਵਾਲ ਗਿਆਨ ਖੰਭ ਲਾ ਗਿਆ ਹੈ। ਹਰ ਇਨਸਾਨ ਵੱਡਿਆ ਦੀ ਰੀਸ ਚ ਆ ਕੇ ਉਨ੍ਹਾਂ ਵਾਂਗ ਜੀਣ ਦੀ ਕੋਸਿਸ ਕਰ ਰਿਹਾ ਹੈ। ਅੱਜ ਦੀ ਨੌਜਵਾਨ ਪੀੜੀ ਜਿਆਦਾ ਪੜ੍ਹੀ ਲਿਖੀ ਸਮਝਦੀ ਹੈ ਅਤੇ ਆਪਣੇ ਪਿੰਡਾਂ ਚ ਜੱਦੀ ਘਰਾਂ ਨੂੰ ਛੱਡ ਕੇ ਸੁਖ ਸਹੂਲਤਾਂ ਨੂੰ ਲੱਭਣ ਲਈ ਸ਼ਹਿਰਾਂ ਵੱਲ ਕੂਚ ਕਰ ਰਹੀ ਹੈ। ਇਸ ਫੋਕੀ ਲਾਲਸਾ ਨੇ ਇੱਕ ਛੱਤ ਥੱਲੇ ਰਹਿੰਦੇ ਸਾਂਝੇ ਪਰਿਵਾਰਾਂ ਨੂੰ ਲੀਰੋ ਲੀਰ ਕਰ ਦਿੱਤਾ ਹੈ। ਅਸੀ ਇਹ ਭੁੱਲ ਗਏ ਹਾਂ ਕਿ ਜਿੰਨਾਂ ਸੁਖਾਂ ਲਈ ਅਸੀ ਆਪਣੇ ਜੱਦੀ ਘਰ ਤੇ ਆਪਣੇ ਵਰਗੇ ਗੁਆਂਢੀਆਂ ਨੂੰ ਛੱਡ ਕੇ ਅਜਨਬੀ ਨੂੰ ਗੁਆਂਢੀ ਦਾ ਰੁਤਬਾ ਦਿੰਦੇ ਹਾਂ। ਉਹ ਫੋਕੀ ਜਿੰਦਗੀ ਜੀਣ ਵਿਚ ਸਹਾਈ ਤਾਂ ਹੋ ਸਕਦਾ ਹੈ ਪਰ ਚਾਚੇ, ਤਾਏ ਵਰਗੀ ਠੰਡੀ ਛਾਂ ਨਹੀਂ ਦੇ ਸਕਦਾ। ਸ਼ਹਿਰਾਂ ਵਿਚ ਬਣਾਈਆਂ ਮਾਰਬਲ ਲੱਗੀਆ ਕੋਠੀਆਂ ਨੂੰ ਚਮਕਦੇ ਰੱਖਣ ਲਈ ਬਥੇਰੀ ਰੋਕੜ ਚਾਹੀਦੀ ਹੈ ਅਤੇ ਇਸ ਰੋਕੜ ਦੀ ਪ੍ਰਾਪਤੀ ਲਈ ਇਨਸਾਨ ਆਪਣੀਆਂ ਸਾਰੀਆਂ ਹੱਦਾਂ ਤੋੜ ਕੇ ਕੋਹਲੂ ਦੇ ਬੈਲ ਦਾ ਰੂਪ ਧਾਰਨ ਕਰ ਗਿਆ ਹੈ। ਇਸ ਕੋਲ ਕਿਸੇ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਵਕਤ ਵੀ ਨਹੀਂ ਮਿਲਦਾ। ਸਾਡੇ ਨਾਲੋਂ ਤਾਂ ਹੋਰ ਸੱਭੇ ਜੂਨਾਂ ਚੰਗੀਆਂ ਨੇ, ਜੋ ਸਬਰ, ਸੰਤੋਖ, ਸੰਜਮ ਵਿਚ ਰਹਿਕੇ ਸਮਾਂ ਲੰਘਾਉਂਦੀਆਂ ਹਨ, ਪਰ ਅਸੀ ਤਾਂ ਉਹਨਾਂ ਦਾ ਜੀਣ ਵੀ ਖਰਾਬ ਕਰ ਦਿੱਤਾ ਹੈ। ਵੱਡੀਆਂ ਵੱਡੀਆਂ ਕੋਠੀਆਂ ਉਸਾਰ ਕੇ ਰੁੱਖਾਂ ਦੀ ਬਰਬਾਦੀ, ਚਾਰਾਗਾਹਾਂ ਦੀ ਬਰਬਾਦੀ ਤੇ ਵਾਤਾਵਰਣ ਦੀ ਬਰਬਾਦੀ ਕਰ ਦਿੱਤੀ ਹੈ। ਇੰਨਾਂ ਕੁਝ ਕਰਕੇ ਕਹਿੰਦੇ ਹਾਂ ਅਸੀ ਵਿਗਿਆਨਕ ਯੁੱਗ ਦੇ ਵਾਸੀ ਹਾਂ।
ਅੱਜ ਕਿਸੇ ਵੀ ਬੱਚੇ ਨੂੰ ਕਾਂ ਚਿੜੀ ਦੀ ਕਹਾਣੀ ਨਹੀ ਆਉਂਦੀ, ਪਰ ਕਾਰਟੂਨ ਦੇਖ ਕੇ ਕਾਰਟੂਨ ਬਣੀ ਜਾਂਦੇ ਨੇ। ਉਹ ਕੱਚੀਆਂ ਸਬ੍ਹਾਤਾਂ, ਜਿਥੇ ਦਾਦਾ ਦਾਦੀ ਸੋਣ ਵੇਲੇ ਰਾਜਿਆਂ-ਰਾਣੀਆਂ ਦੀਆਂ ਬਾਤਾ ਸੁਣਾਉਂਦੇ ਸੀ, ਖੰਡਰਾਂ ਦਾ ਰੂਪ ਧਾਰਨ ਕਰੀ ਜਾਂਦੀਆਂ ਨੇ। ਉਨਾਂ ਵਿਚੋ ਮਿਲੀ ਠੰਢਕ ਅੱਜ ਦੇ ਏ.ਸੀ. ਵੀ ਨਹੀਂ ਦੇ ਸਕਦੇ। ਕੀ ਕਰਨੀ ਕੋਈ ਮਾੜੀ ਗੱਲ ਨਹੀ, ਪਰ ਗੀਤ ਦੇ ਬੋਲਾਂ ਵਾਂਗੂੰ ਛੱਡ ਕੇ ਯਾਰ ਪੁਰਾਣੇ ਨਵਿਆਂ ਦੇ ਸੰਗ ਰਲ ਗਈ, ਇਹ ਕਰਨੇ ਮਾੜੇ ਨੇ। ਆਓ ਆਪਾਂ ਆਪਣਾ ਰਹਿਣ ਸਹਿਣ ਖਾਣ ਪੀਣ ਸੰਭਾਲਣ ਦਾ ਹੰਭਲਾ ਮਾਰੀਏ ਤੇ ਇਸ ਜਿੰਦਗੀ ਨੂੰ ਖੁਸ਼ ਰਹਿਕੇ ਮਾਨਣ ਦਾ ਯਤਨ ਕਰੀਏ ਤੇ ਇਹੋ ਟੇਕ ਹੀ ਧਰੀਏ, ਕਿ ਜੀਓ ਅਤੇ ਜੀਣ ਦਿਓ’’।

ਜਗਦੀਸ ਸਿੰਘ ਹੈਲਥ ਇੰਸਪੈਕਟਰ,
ਪਿੰਡ ਤੇ ਡਾਕਖਾਨਾ ਪੱਖੋਂ ਕਲਾਂ,
ਜਿਲ੍ਰਾ ਬਰਨਾਲਾ
ਮੋ: ਨੰ: 98151-07001

0 comments:
Speak up your mind
Tell us what you're thinking... !