ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ 11 ਨਵੰਬਰ 1675 ਈ: ਨੂੰ (ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਲੇ ਦਿਨ) 9 ਸਾਲ ਦੀ ਉਮਰ ਵਿੱਚ ਹੋਈ। ਬਾਬਾ ਬੁੱਢਾ ਜੀ ਦੀ ਅੰਸ ਵਿੱਚੋਂ ਬਾਬਾ ਰਾਮ ਕੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਕਲਗੀ ਸਜਾ ਕੇ ਤੇ ਗੁਰਗੱਦੀ ਦਾ ਤਿਲਕ ਲਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ।ਉਸ ਸਮੇਂ ਉਹਨਾਂ ਸਾਹਮਣੇ ਪਹਾੜ ਜਿੱਡੀਆਂ ਔਕੜਾਂ ਮੂੰਹ ਅੱਡੀ ਖੜੀਆਂ ਸਨ।ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਹ ਬਹੁਤ ਹੀ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਨੂੰ ਤਿਆਰ ਨਹੀ ਸੀ। ਇਸੇ ਲਈ ਤਾਂ ਉਸਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਔਰੰਗਜ਼ੇਬ ਦੇ ਵੱਧਦੇ ਹੋਏ ਜ਼ੁਲਮਾ ਨੂੰ ਰੋਕਣਾ ਬਹੁਤ ਹੀ ਜਰੂਰੀ ਹੋ ਗਿਆ ਸੀ। ਪਹਾੜੀ ਰਾਜੇ ਵੀ ਗੁਰੂ ਘਰ ਦੇ ਵਿਰੋਧੀ ਸਨ। ਤੀਜੇ ਧੀਰਮੱਲੀਏ, ਰਾਮਰਈਏ ਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਘਰ ਵਿਰੁੱਧ ਸਾਜਿਸ਼ਾਂ ਰਚ ਰਹੇ ਸਨ। ਚੌਥਾ ਮਸੰਦ ਪ੍ਰਣਾਲੀ ਵਿੱਚ ਦੋਸ਼ ਆ ਗਏ ਸਨ। ਉਸ ਸਮੇਂ ਹਿੰਦੂ ਵੀ ਸਦੀਆਂ ਦੀ ਗੁਲਾਮੀ ਕਾਰਨ ਉਤਸ਼ਾਹਹੀਨ ਸਨ। ਸਿੱਖਾਂ ਨੂੰ ਮੁੜ ਤੋਂ ਸੰਗਠਿਤ ਕਰਨ ਅਤੇ ਉਹਨਾਂ ਵਿੱਚ ਨਵੀਂ ਰੂਹ ਫੂਕਣ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚੋਂ ਜ਼ੁਲਮ ਦਾ ਨਾਸ਼ ਕਰਨਾ ਸੀ। ਆਪਣੇ ਇਸੇ ਉਦੇਸ਼ ਦੀ ਪੂਰਤੀ ਲਈ ਖਾਲਸੇ ਦੀ ਸਿਰਜਣਾ ਕਰਨੀ ਪਈ। 30 ਮਾਰਚ 1699 ਈ: ਨੂੰ ਗੁਰੂ ਸਾਹਬ ਨੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਜਦ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਡਾਲ ਵਿੱਚ ਸੰਨਾਟਾ ਛਾ ਗਿਆ। ਇਸ ਤਰ੍ਹਾਂ ‘ਖਾਲਸਾ ਪੰਥ’ ਦੀ ਸਿਰਜਨਾ ਕੀਤੀ।ਐਸਾ ਅੰਮ੍ਰਿਤਧਾਰੀ ਖਾਲਸਾ ਸਾਜਿਆ, ਜਿਹੜਾ ਲੱਖਾਂ ਦੀ ਭੀੜ ਵਿੱਚੋਂ ਵੀ ਪਛਾਣਿਆ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਸਾਹਬ ਨੇ ਆਪ ਉਹਨਾਂ ਕੋਲੋਂ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ‘ਆਪੇ ਗੁਰ ਚੇਲਾ’ ਅਖਵਾਏ। ਖਾਲਸਾ ਪੰਥ ਦੀ ਸਿਰਜਨਾ ਸਿੱਖ ਇਤਹਾਸ ਦੀ ਇੱਕ ਅਤਿਅੰਤ ਘਟਨਾ ਮੰਨੀ ਜਾਂਦੀ ਹੈ। ਇਸ ਨਾਲ ਨਾ ਸਿਰਫ ਪੰਜਾਬ ਦੇ ਇਤਹਾਸ ਸਗੋਂ ਭਾਰਤ ਦੇ ਇਤਹਾਸ ਵਿੱਚ ਵੀ ਨਵਾਂ ਮੋੜ ਆਇਆ। ਅਸਲ ਵਿੱਚ ਖਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ਕਿਉਂਕਿ ਜਾਤ-ਪਾਤ ਦੀ ਪ੍ਰਥਾ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਕਮਜੋਰੀ ਰਹੀ ਹੈ। ਗੁਰੂ ਸਾਹਬ ਨੇ ਜਿਸ ਕਮਾਲ ਨਾਲ ਇਸ ਬੁਰਾਈ ਦਾ ਅੰਤ ਕੀਤਾ, ਉਹ ਭਾਰਤੀ ਇਤਹਾਸ ਵਿੱਚ ਲਾਮਿਸਾਲ ਹੈ, ਕਿਉਂਕਿ ਇੱਕੋਂ ਬਾਟੇ ਵਿੱਚੋਂ ਛੀਬਿਆਂ, ਨਾਈਆਂ ਅਤੇ ਝੀਰਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਅਥਵਾ ਅਕਾਲ ਪੁਰਖ ਦੀ ਫੌਜ ਦੇ ਨਿਡਰ ਸਿਪਾਹੀਆਂ ਦਾ ਰੂਪ ਦੇ ਦਿੱਤਾ। ਸਦੀਆਂ ਤੋਂ ਲਿਤਾੜੀ ਜਾ ਰਹੀ ਔਰਤ ਨੂੰ ਵੀ ਅੰਮ੍ਰਿਤ ਛਕਾ ਕੇ ਸਮਾਜ ਵਿੱਚ ਬਰਾਬਰੀ ਦਾ ਅਧਿਕਾਰ ਦਿੱਤਾ। ਇਹ ਸਭ ਕੁਝ ਵੇਖ ਕੇ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਹੋ ਗਈ। ਕਹਿਨੂਰ ਦੇ ਰਾਜੇ ਭੀਮ ਚੰਦ ਦੀ ਰਿਆਸਤ ਵਿੱਚ ਅਨੰਦਪੁਰ ਸਥਿੱਤ ਸੀ। ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਕਿਹਾ ਗਿਆ।(ਇਹ ਜਮੀਨ ਗੁਰੂ ਤੇਗ ਬਹਾਦਰ ਜੀ ਨੇ ਪੈਸੇ ਦੇ ਕੇ ਮੁੱਲ ਖਰੀਦੀ ਸੀ)। 1701 ਈ: ਵਿੱਚ ਰਾਜਾ ਭੀਮ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਗੁਰੂ ਸਾਹਿਬ ਤੇ ਅਨੰਦਪੁਰ ਵਿੱਚ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਸਫਲਤਾ ਨਾ ਮਿਲਣ ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਬ ਨਾਲ ਸੰਧੀ ਕਰ ਲਈ ਜੋ ਇੱਕ ਚਾਲ ਸੀ। ਇਸ ਤੋਂ ਬਾਅਦ ਕੀਰਤਪੁਰ ਦੇ ਨੇੜੇ ਨਿਰਮੋਹ ਪਿੰਡ ਦੀ ਲੜਾਈ 1702 ਈ: ਵਿੱਚ ਹੋਈ। ਜਿਸ ਵਿੱਚ ਖਾਲਸਾ ਜੇਤੂ ਰਿਹਾ। ਫਿਰ 1704 ਈ: ਵਿੱਚ ਅਨੰਦਪੁਰ ਸਾਹਿਬ ਦੀ ਦੂਸਰੀ ਲੜਾਈ ਹੋਈ। ਜੋ ਕਾਫੀ ਲੰਬੀ ਚਲੀ। ਜਿਸ ਵਿੱਚ 40 ਸਿੰਘ ਬੇਦਾਵਾ ਦੇ ਕੇ ਗੁਰੂ ਤੋਂ ਬੇਮੁੱਖ ਹੋ ਕੇ ਚਲੇ ਗਏ ਸਨ। ਗੁਰੂ ਜੀ ਡਟੇ ਰਹੇ, ਪਰ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦੇ ਕਹਿਣ ਤੇ ਆਪ ਨੇ ਅਨੰਦਪੁਰ ਦੇ ਕਿਲੇ ਨੂੰ ਛੱਡ ਦਿੱਤਾ। ਕਿਲੇ ਨੂੰ ਖਾਲੀ ਕਰਨ ਦੀ ਦੇਰ ਸੀ ਕਿ ਸ਼ਾਹੀ ਫੌਜਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਤੇ ਡੱਟ ਕੇ ਲੜਾਈ ਹੋਈ।ਇਸ ਲੜਾਈ ਦੌਰਾਨ ਹੀ ਅਣਮੋਲ ਸਾਹਿਤ ਰੁੜ ਗਿਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਵਿੱਛੜ ਗਏ। ਉਧਰ ਗੁਰੂ ਜੀ ਦਸੰਬਰ ਦੇ ਅਖੀਰਲੇ ਦਿਨਾਂ ਵਿੱਚ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ। ਮੁਗਲ ਫੌਜ ਉੱਪਰ ਚੜ੍ਹੀ ਆ ਰਹੀ ਸੀ।ਉਹਨਾਂ ਗੜੀ ਨੂੰ ਘੇਰਾ ਪਾ ਲਿਆ। ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਆਪ ਦੇ ਦੋਵੇਂ ਵੱਡੇ ਸਾਹਿਬਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਕਈ ਜਾਨ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ। ਗੁਰੂ ਜੀ ਸਿੱਖਾਂ ਦੇ ਕਹਿਣ ਤੇ ਤਾੜੀ ਮਾਰ ਗੜੀ ਵਿੱਚੋਂ ਬਾਹਰ ਨਿਕਲ ਗਏ। ਉੱਥੋਂ ਹੀ ਆਪ ਮਾਛੀਵਾੜੇ ਦੇ ਜੰਗਲਾਂ ਵਿੱਚ ਚਲੇ ਗਏ, ਜਿੱਥੇ ਆਪ ‘ਉ ੱਚ ਦਾ ਪੀਰ’ ਬਣੇ। ਆਖਰੀ ਲੜਾਈ 1705 ਈ: ਵਿੱਚ ‘ਖਿਦਰਾਣੇ ਦੀ ਢਾਬ’ ਤੇ ਹੋਈ। ਸਿੱਖ ਬੜੀ ਬਹਾਦਰੀ ਨਾਲ ਲੜੇ। ਸਿੱਖਾਂ ਦੀ ਜਿੱਤ ਹੋਈ। ਇਸ ਲੜਾਈ ਵਿੱਚ ਗੁਰੂ ਤੋਂ ਬੇਮੁੱਖ ਹੋ ਕੇ ਗਏ 40 ਸਿੰਘ ਵੀ ਆ ਰਲੇ। ਗੁਰੂ ਜੀ ਤੋਂ ਮਾਫੀ ਮੰਗੀ ਤੇ ਬੇਦਾਵਾ’ ਪੜਵਾ ਕੇ ਭੁੱਲ ਬਖਸ਼ਾਈ। ਇਸ ਜਗ੍ਹਾ ਦਾ ਨਾਂ ‘ਮੁਕਤਸਰ’ ਸਾਹਬ’ ਪੈ ਗਿਆ।ਇਸ ਤੋਂ ਬਾਅਦ ਗੁਰੂ ਸਾਹਬ ਤਲਵੰਡੀ ਸਾਬੋ ਜਾ ਪਹੁੰਚੇ। ਇੱਥੇ ਗੁਰੂ ਜੀ ਨੇ 9 ਮਹੀਨੇ ਵਿਸ਼ਰਾਮ ਕੀਤਾ। ਕਮਰਕੱਸਾ ਖੋਲ ਕੇ ਦਮ ਲਿਆ ਤਾਂ ਇਸ ਜਗਾ ਦਾ ਨਾਂ ‘ਦਮਦਮਾ ਸਾਹਿਬ’ ਪੈ ਗਿਆ। ਅਖੀਰ ਸਤੰਬਰ 1708 ਈ: ਨੂੰ ਗੁਰੂ ਸਾਹਬ ਦੱਖਣ ਵਾਲੇ ਪਾਸੇ ਪਹੁੰਚੇ। ਜਿੱਥੇ ਉਹਨਾਂ ਦੀ ਮੁਲਾਕਾਤ ‘ਮਾਧੋਦਾਸ’ ਨਾਲ ਹੋਈ, ਜਿਸਨੂੰ ਅੰਮ੍ਰਿਤ ਛਕਾ ਕੇ ‘ਬੰਦਾ ਬਹਾਦਰ’ ਬਣਾ ਪੰਜਾਬ ਵੱਲ ਤੋਰਿਆ। ਗੁਰੂ ਸਾਹਬ ਇੱਕ ਉ ੱਚ ਕੋਟੀ ਦੇ ਕਵੀ ਤੇ ਸਾਹਿਤਕਾਰ ਵੀ ਸਨ। ਆਪ ਦੁਆਰਾ ਰਚਿਆ ਬਹੁਤ ਸਾਰਾ ਸਾਹਿਤ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਗੁਰੂ ਸਾਹਬ ਨੇ ਅਰਬੀ, ਫਾਰਸੀ, ਪੰਜਾਬੀ ਹਿੰਦੀ, ਸੰਸਕ੍ਰਿਤ ਆਦਿ ਭਸ਼ਾਵਾਂ ਦੀ ਵਰਤੋਂ ਕਰਕੇ ਸਾਹਿਤ ਰਚਿਆ, ਜਿਸ ਵਿੱਚ ‘ਜਾਪੁ ਸਾਹਿਬ’ , ‘ਬਚਿੱਤਰ ਨਾਟਕ’ , ‘ਜ਼ਫਰਨਾਮਾ’ , ‘ਛੰਡੀ ਦੀ ਵਾਰ’ , ‘ਅਕਾਲ ਉਸਤਿਤ’ , ‘ਤ੍ਵਪ੍ਰਸਾਦਿ ਸਵੱਯੇ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ। ਆਪ ਦੇ ਦਰਬਾਰ ਵਿੱਚ 52 ਉ ੱਚਕੋਟੀ ਦੇ ਕਵੀ ਸਨ। ਅੰਤ ਆਪ 7 ਅਕਤੂਬਰ 1708 ਈ: ਨੂੰ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਜੋਤੀ ਜੋਤ ਸਮਾ ਗਏ।

ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022
ਮੋ:97817-51690


0 comments:
Speak up your mind
Tell us what you're thinking... !