ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਦਿੱਲੀ ਔਰੰਗਜ਼ੇਬ ਕੋਲ ਗੁਰੂ ਸਾਹਬ ਨਾਲ ਤਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ ਨੂੰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਸਾਹਮਣੇ ਇਸ ਲਈ ਬੜੀ ਬੇਦਰਦੀ ਤੇ ਕਾਇਰਤਾ ਨਾਲ ਸ਼ਹੀਦ ਕੀਤਾ ਗਿਆ ਕਿ ਗੁਰੂ ਸਾਹਿਬ ਇਸ ਕਤਲੋਗਾਰਤ ਨੂੰ ਵੇਖ ਕੇ ਦਹਿਲ ਜਾਣ ਤੇ ਡਰਦੇ ਇਸਲਾਮ ਕਬੂਲ ਕਰ ਲੈਣ, ਜਿਸ ਨਾਲ ਔਰੰਗਜ਼ੇਬ ਦਾ ਮਿੱਥਿਆ ਹੋਇਆ ਟੀਚਾ (ਪੂਰੀ ਦੁਨੀਆਂ ਵਿੱਚ ਇਸਲਾਮ ਕਾਇਮ ਕਰਨਾ) ਬੜੀ ਅਸਾਨੀ ਨਾਲ ਪੂਰਾ ਹੋ ਸਕੇ, ਪਰ ਸ਼ਾਇਦ ਇਹ ਇੰਨ੍ਹਾਂ ਸੋਖਾ ਕੰਮ ਨਹੀ ਸੀ। ਇੰਨ੍ਹਾਂ ਤਿੰਨ ਗੁਰਸਿੱਖਾਂ ਨੇ ਆਪਣੀ ਸ਼ਹੀਦੀ ਸਮੇਂ ਆਖਰੀ ਖਵਾਹਿਸ਼ ਇਹ ਦੱਸੀ ਕਿ ਸ਼ਹੀਦੀ ਸਮੇਂ ਸਾਡਾ ਮੂੰਹ ਗੁਰੂ ਤੇਗ ਬਹਾਦਰ ਜੀ ਵੱਲ ਰਹਿਣ ਦਿੱਤਾ ਜਾਵੇ ਤਾਂ ਜੋ ਅੰਤਲੇ ਸਵਾਸ ਗੁਰੂ ਸਾਹਬ ਦੇ ਦਰਸ਼ਨ ਹੁੰਦੇ ਰਹਿਣ।ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਦਾ ਜਨਮ ਪਿੰਡ ਕਰਿਆਲਾ ਜਿਲ੍ਹਾ ਜੇਹਲਮ ਵਿੱਚ ਛਿੱਬਰ ਗੋਤ ਦੇ ਬ੍ਰਹਮਣਾਂ ਦੇ ਘਰ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਹੀਰਾ ਨੰਦ ਸੀ, ਦਾਦਾ ਲੱਖੀ ਦਾਸ ਤੇ ਪੜਦਾਦਾ ਭਾਈ ਪਰਾਗਾ ਜੀ ਸਨ। ਭਾਈ ਪਰਾਗਾ ਜੀ ਗੁਰੂ ਹਰਿਗੋਬਿੰਦ ਸਾਹਬ ਜੀ ਦੀ ਫੋਜ ਵਿੱਚ ਭਰਤੀ ਸਨ। ਸਿੱਖ ਧਰਮ ਦੀ ਪਹਿਲੀ ਜੰਗ 1628 ਈ: ਵਿੱਚ ਹੋਈ ਸੀ। ਅੰਮ੍ਰਿਤਸਰ ਸ਼ਹਿਰ ਗੁਮਟਾਲਾ ਤੋਂ ਬਾਜ਼ ਤੋਂ ਸ਼ੁਰੂ ਹੋਈ ਲੜਾਈ ਪਿੰਡ ਚੱਬੇ ਦੇ ਮੈਦਾਨੇ-ਏ-ਜੰਗ ਵਿੱਚ ਸਮਾਪਤ ਹੋਈ। ਇਸ ਲੜਾਈ ਵਿੱਚ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੇ ਪੜਦਾਦਾ ਭਾਈ ਪਰਾਗਾ ਜੀ ਮੁਗਲ ਕਮਾਂਡਰ ਮੁਖਲਿਸ ਖਾਨ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ।ਇਹਨਾਂ ਤਿੰਨਾਂ ਗੁਰਸਿੱਖਾਂ ਦੀ ਬੰਸ ਦਾ ਵੇਰਵਾ ‘ਭਟ ਵਹੀ ਮੁਲਤਾਨੀ ਸਿੰਧੀ’ ਵਿੱਚ ਇਉਂ ਅੰਕਿਤ ਹੈ:
ਦਿਆਲ ਦਾਸ ਬੇਟਾ ਮਾਈ ਦਾਸ ਕਾ,ਪੋਤਾ ਬਾਲੂ ਕਾ,
ਪੜਪੋਤਾ ਮੂਲੇ ਕਾ, ਗੁਰੂ ਗੈਲ ਮਘਰ ਸੁਦੀ ਪੰਚਮੀ
ਸੰਬਤ 1732 ਦਿੱਲੀ ਚਾਂਦਨੀ ਚੌਂਕ ਕੇ ਮਹਾਨ, ਸ਼ਾਹੀ
ਹੁਕਮ ਗੈਲ ਮਾਰਾ ਗਯਾ। ਗੋਲੋ ਮਤੀ ਦਾਸ,
ਸਤੀ ਦਾਸ ਬੇਟੇ ਹਰਿ ਨੰਦ ਕੇ, ਪੋਤੇ ਲਖੀ ਦਾਸ ਕੇ
ਪੜਪੋਤੇ ਪਰਾਗਾ ਕੇ, ਬੰਸ ਗੋਤਮ ਕਾ, ਸਰਸਵਤੀ
ਭਾਗਵਤ ਗੋਤਰ ਬ੍ਰਾਹਮਣ ਛਿਬਰ ਮਾਰੇ ਗਏ।।
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੇ ਪਿਤਾ ਭਾਈ ਹੀਰਾ ਨੰਦ ਜੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸੱਚੇ ਸਿੱਖ ਸ਼ਰਧਾਲੂ ਸਨ। ਸੰਨ 1657 ਈ: ਵਿੱਚ ਹੀਰਾ ਨੰਦ ਜੀ ਨੇ ਸਵਰਗਵਾਸ ਹੋਣ ਤੋਂ ਪਹਿਲਾਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਗੁਰੂ ਸਾਹਬ ਜੀ ਦੇ ਚਰਨੀਂ ਲਾਇਆ। ਗੁਰੂ ਹਰਿਰਾਏ ਤੇ ਗੁਰੂ ਹਰਿ ਕ੍ਰਿਸ਼ਨ ਜੀ ਦੇ ਦੀਵਾਨ ਭਾਈ ਦੁਰਗਾ ਮੱਲ ਦੇ ਆਪ ਦੋਨੋਂ ਭਤੀਜੇ ਸਨ। ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਦੁਰਗਾ ਮੱਲ ਦੀ ਭਾਈ ਮਤੀ ਦਾਸ ਨੂੰ ਗੁਰੂ ਘਰ ਦਾ ‘ਦੀਵਾਨ’ ਤੇ ਸਤੀ ਦਾਸ ਨੂੰ ‘ਵਜੀਰ’ ਬਣਾਉਣ ਦੀ ਬੇਨਤੀ ਨੂੰ ਗੁਰੂ ਸਾਹਬ ਨੇ ਪ੍ਰਵਾਨ ਕੀਤਾ।
ਭਾਈ ਦਿਆਲ ਦਾਸ ਦਾ ਜਨਮ ਅਲੀਪੁਰ ਮੁਲਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਮਾਈ ਦਾਸ, ਦਾਦਾ ਭਾਈ ਖਾਨੁ ਜੀ ਤੇ ਪੜਦਾਦੇ ਦਾ ਨਾਂ ਭਾਈ ਮੂਲਾ ਸੀ। ਭਾਈ ਦਿਆਲ ਦਾਸ ਦੇ ਪੜਦਾਦਾ ਭਾਈ ਮੂਲਾ ਜੀ ਦੇ ਪਿਤਾ ਭਾਈ ਬਾਲੂ ਜੀ, ਭਾਈ ਮਤੀ ਦਾਸ ਤੇ ਸਤੀ ਦਾਸ ਦੇ ਪੜਦਾਦਾ ਭਾਈ ਪਰਾਗਾ ਜੀ ਨਾਲ ਗੁਰੂ ਹਰਿਗੋਬਿੰਦ ਸਾਹਬ ਜੀ ਦੀ ਫੌਜ ਵਿੱਚ ਭਰਤੀ ਸਨ ਤੇ ਇਹ ਵੀ ਪਹਿਲੀ ਜੰਗ ਸਮੇਂ ਚੱਬੇ ਸੰਗਰਾਣਾ ਸਾਹਬ ਵਿਖੇ ਸ਼ਹੀਦ ਹੋ ਗਏ ਸਨ।ਭਾਈ ਦਿਆਲ ਦਾਸ ਗਿਆਰਾਂ ਭਰਾ ਸਨ, ਜਿੰਨ੍ਹਾਂ ਦੇ ਨਾਂਅ ਹਨ: ਭਾਈ ਲਹਿਣਾ ਸਿੰਘ, ਭਾਈ ਹਠੀ ਚੰਦ, ਭਾਈ ਮੋਹਣ ਚੰਦ, ਭਾਈ ਦਾਨ ਸਿੰਘ, ਭਾਈ ਰਾਏ ਸਿੰਘ, ਭਾਈ ਮਾਨ ਸਿੰਘ, ਭਾਈ ਮਨੀ ਸਿੰਘ, ਭਾਈ ਜੇਠਾ ਸਿੰਘ, ਭਾਈ ਰੂਪ ਸਿੰਘ ਤੇ ਭਾਈ ਜਗਤ ਸਿੰਘ ਆਦਿ ਸਨ। ਜਦੋ ਭਾਈ ਦੁਰਗਾ ਮੱਲ ਦੇ ਕਹਿਣ ਤੇ ‘ਦੀਵਾਨ’ ਤੇ ‘ਵਜ਼ੀਰ’ ਦੀ ਸੇਵਾ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਮਿਲੀ ਤਾਂ ਉ ੱਥੇ ਨਾਲ ਹੀ ‘ਘਰਬਾਰਗੀ’ ਦੀ ਸੇਵਾ ਭਾਈ ਦਿਆਲ ਦਾਸ ਜੀ ਨੂੰ ਵੀ ਸੌਂਪੀ ਸੀ।ਸਮਾਂ ਆਪਣੀ ਚਾਲੇ ਚੱਲਦਾ ਗਿਆ। ਪਾਪੀ ਬਾਦਸ਼ਾਹ ਔਰੰਗਜ਼ੇਬ ਨੇ ਸਾਰੀ ਦੁਨੀਆਂ ਨੂੰ ਮੁਸਲਮਾਨ ਬਣਾਉਣ ਦੇ ਮਨਸੂਬੇ ਨਾਲ ਕਸ਼ਮੀਰ ਦੇ ਬ੍ਰਹਮਣਾਂ ਨੂੰ ਮੁਸਲਮਾਨ ਬਣਾਉਣ ਲਈ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ।ਜਦ ਸ਼ੇਰ ਅਫਗਾਨ ਨੇ ਕਸ਼ਮੀਰ ਦੇ ਪੰਡਿਤਾਂ ਨੂੰ ਹਰ ਹੀਲੇ ਮੁਸਲਮਾਨ ਬਣਨ ਲਈ ਮਜ਼ਬੂਰ ਕੀਤਾ ਤਾਂ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ 25 ਮਈ 1675 ਈ: ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਪਹੁੰਚੇ। ਜਦ ਗੁਰੂ ਜੀ ਨੇ ਉਹਨਾਂ ਦੀ ਦਰਦ ਭਰੀ ਵਿਥਿਆ ਸੁਣੀ ਤਾਂ ਗੁਰੂ ਸਾਹਬ ਕਸ਼ਮੀਰੀ ਪੰਡਿਤਾਂ ਦੀ ਪੱਤ ਬਚਾਉਣ ਲਈ ਆਪਣਾ ਬਲੀਦਾਨ ਦੇਣ ਲਈ ਤਿਆਰ ਹੋ ਗਏ।ਅੰਤ 11 ਜੁਲਾਈ 1675 ਈ: ਨੂੰ ਗੁਰੂ ਸਾਹਬ ਆਪਣੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਵੱਲ ਤੁਰ ਪਏ। ਜਦ ਇਹ ਰੋਪੜ ਪਹੁੰਚੇ ਤਾਂ ਉ ੱਥੋਂ ਦੇ ਦਰੋਗਾ ਮਿਰਜ਼ਾ ਨੂਰ ਮੁਹੰਮਦ ਨੇ ਗ੍ਰਿਫਤਾਰ ਕਰ ਲਿਆ ਤੇ ਦਿੱਲੀ ਲੈ ਗਿਆ। ਇੰਨ੍ਹਾਂ ਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਤਾਂ ਇਹਨਾਂ ਦੇ ਨਾਂਹ ਕਰਨ ਤੇ ਕਾਜ਼ੀ ਉਲ-ਕਜ਼ਾਤ ਅਬੂਲ ਵਹਾਰ ਸ਼ੇਰਾ ਨੇ ਤਿੰਨ ਗੁਰਸਿੱਖਾਂ ਨੂੰ ਕਤਲ ਕਰਨ ਦਾ ਫਤਵਾ ਸੁਣਾ ਦਿੱਤਾ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਲੱਕੜ ਦੇ ਦੋ ਫੱਟਿਆਂ ਵਿੱਚ ਕੱਸ ਕੇ ਆਰੇ ਨਾਲ ਚੀਰ ਕੇ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ। ਫਿਰ ਦੂਜੀ ਵਾਰੀ ਭਾਈ ਦਿਆਲ ਦਾਸ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ।ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਤਿੰਨਾਂ ਗੁਰਸਿੱਖਾਂ ਨੇ ਧਰਮ ਦੀ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ ਤੇ ਸ਼ਹੀਦ ਦਾ ਰੁਤਬਾ ਹਾਸਿਲ ਕੀਤਾ। ਇਹ ਘਟਨਾ 10 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਾਪਰੀ। ਉਸ ਤੋਂ ਅਗਲੇ ਦਿਨ 11 ਨਵੰਬਰ 1675 ਈ: ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਧੜ੍ਹ ਤੋਂ ਜ਼ੁਦਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹੀਦੀਆਂ ਮੁਗਲ ਸਾਮਰਾਜ ਦੇ ਖਾਤਮੇ ਦੀ ਸ਼ੁਰੂਆਤ ਦੀਆਂ ਨਿਸ਼ਾਨੀਆਂ ਸਨ।

ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ: ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022
ਮੋ: 97817-51690

0 comments:
Speak up your mind
Tell us what you're thinking... !