ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਮੁੱਚੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸ਼ਹੀਦੀ ਨਾਲ ਮੁਗਲ ਸਾਮਰਾਜ ਦਾ ਪਤਨ ਆਰੰਭ ਹੋ ਗਿਆ। ਆਪ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਗਰੀਬਾਂ ਦੇ ਖੈਰ ਖਵਾਹ ਤੇ ਦਇਆ ਦੀ ਮੂਰਤ ਸਨ। ਆਪ ਦਾ ਜਨਮ 5 ਵੈਸਾਖ (ਵੈਸਾਖ ਵਦੀ 5) ਸੰਮਤ 1678, 1 ਅਪ੍ਰੈਲ 1621 ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਉੱਦਰ ਤੋਂ ਅੰਮ੍ਰਿਤਸਰ ਵਿੱਚ ਹੋਇਆ। ਆਪ ਪੰਜ ਭਰਾ ਸਨ। ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ ਤੇ ਬਾਬਾ ਅਟੱਲ ਰਾਇ ਜੀ। ਆਪ ਦੀ ਇੱਕ ਭੈਣ ਬੀਬੀ ਵੀਰੋ ਸੀ।ਆਪ ਸਭ ਤੋਂ ਛੋਟੇ ਸਨ।ਆਪ ਦਾ ਬਚਪਨ ਦਾ ਨਾਂ ‘ਤਿਆਗ ਮੱਲ’ ਸੀ।ਜਦ ਆਪ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਹਰਿਗੋਬਿੰਦ ਸਾਹਬ ਜੀ ਨੇ ਆਪ ਦੇ ਚਰਨਾਂ ਤੇ ਸੀਸ ਨਿਵਾਇਆ ਤੇ ਮੱਥਾ ਟੇਕਿਆ। ਭਾਈ ਬਿਧੀ ਚੰਦ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਇਹ ਬਾਲਕ ਸੱਚਾਈ ਦੇ ਰਾਹ ਤੇ ਜ਼ਬਰ ਜੁਲਮ ਨੂੰ ਮਿਟਾਉਣ ਲਈ ਆਖਰੀ ਸਵਾਸਾਂ ਤੱਕ ਲੜੇਗਾ।ਆਪ ਬਚਪਨ ਸਮੇਂ ਤੋਂ ਹੀ ਬੜੀ ਤੀਖਣ ਬੁੱਧੀ ਦੇ ਮਾਲਿਕ ਸਨ। ਆਪ ਦਇਆ ਦੀ ਮੂਰਤ ਸਨ।ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ। ਵਿਆਹ ਸਮੇਂ ਆਪ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਸਾਰੀ ਬਰਾਤ ਜਾਣ ਲਈ ਬਾਹਰ ਦਰਵਾਜੇ ਵਿੱਚ ਖੜੀ ਸੀ। ਆਪ ਵੀ ਨਾਲ ਖੜੇ ਸਨ। ਉ ੱਥੇ ਆਪ ਨੇ ਇੱਕ ਨੰਗਾ ਭਿਖਾਰੀ ਬੱਚਾ ਵੇਖਿਆ ਤਾਂ ਆਪਣੇ ਤਨ ਦੇ ਸਾਰੇ ਕੱਪੜੇ ਉਤਾਰ ਕੇ ਉਸ ਭਿਖਾਰੀ ਨੂੰ ਪਹਿਨਾ ਦਿੱਤੇ। ਆਪ ਵਾਪਸ ਮਹਿਲਾਂ ਵਿੱਚ ਭੱਜ ਗਏ। ਮਾਤਾ ਜੀ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ‘ਮਾਤਾ ਜੀ ਮੈਨੂੰ ਤਾਂ ਹੋਰ ਮਿਲ ਜਾਣਗੇ। ਉਸ ਨੂੰ ਕਿਸ ਨੇ ਦੇਣੇ ਹਨ।’ ਆਪ ਐਸੀ ਦਇਆ ਦੀ ਮੂਰਤ ਸਤਿਗੁਰੂ ਸਨ। ਆਪ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਪੰਜਾਬੀ, ਬ੍ਰਿਜ਼ ਭਾਸ਼ਾ, ਗਣਿਤ ਤੇ ਸੰਗੀਤ ਦੀ ਸਿੱਖਿਆ ਵਿੱਚ ਡੂੰਘਾ ਗਿਆਨ ਪ੍ਰਾਪਤ ਕੀਤਾ।ਆਪ ਨੂੰ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਹਾਸਿਲ ਸੀ।ਆਪ ਬਹੁਤ ਹੀ ਬਹਾਦਰ ਯੋਧੇ ਵੀ ਸਨ।ਕਰਤਾਰਪੁਰ ਦੀ ਲੜਾਈ ਵਿੱਚ ਆਪ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਦਾ ਨਾਂ ‘ਤਿਆਗ ਮੱਲ’ ਤੋਂ ਬਦਲ ਕੇ ‘ਤੇਗ ਬਹਾਦਰ’ ਰੱਖ ਦਿੱਤਾ। ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਜੀ ਦੀ ਪੁੱਤਰੀ ਗੁਜਰੀ ਜੀ ਨਾਲ 15 ਅਸੂ ਸੰਮਤ 1689, 1 ਅਕਤੂਬਰ 1632 ਈ: ਨੂੰ ਹੋਇਆ।22 ਦਸੰਬਰ 1666 ਈ: ਨੂੰ ਆਪ ਦੇ ਘਰ ਇੱਕ ਤੇਜਸਵੀ ਪੁੱਤਰ ਦਾ ਜਨਮ ਹੋਇਆ। ਜਿਸਦਾ ਨਾਂ ‘ਗੋਬਿੰਦ ਰਾਏ’ ਰੱਖਿਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੇ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ 8 ਮਾਰਚ 1644 ਈ: (11 ਚੇਤ, 1701 ਬਿ:) ਨੂੰ ਹੋਈ। ਉਸ ਤੋਂ ਬਾਅਦ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਅਕਤੂਬਰ 1661 ਈ: ਵਿੱਚ ਹੋਈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੂੰ 1665 ਈ: ਵਿੱਚ ਗੁਰਗੱਦੀ ਬਖਸ਼ਿਸ਼ ਹੋਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਗੁਰਗੱਦੀ ਮਿਲਣ ਤੱਕ ਲਗਭਗ 20 ਸਾਲ ਦਾ ਲੰਬਾ ਸਮਾਂ ਆਪ ਪ੍ਰਭੂ ਭਗਤੀ ਵਿੱਚ ਲੀਨ ਰਹੇ। ਗੁਰਗੱਦੀ ਤੇ ਬਿਰਾਜ਼ਮਾਨ ਹੋਣ ਤੋਂ ਬਾਅਦ ਜਲਦੀ ਹੀ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਦੌਰੇ ਆਰੰਭੇ। ਜਿਸ ਵਿੱਚ ਆਪ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਬ (ਰਾਮਰਾਇ ਵੱਲੋਂ ਗੁਰੂ ਤੇਗ ਬਹਾਦਰ ਨੂੰ ਵੇਖ ਕੇ ਹਰਿਮੰਦਰ ਸਾਹਿਬ ਦਾ ਮੁੱਖ ਦਰਵਾਜਾ ਬੰਦ ਕਰ ਲੈਣ ਤੇ ਆਪ ਅਕਾਲ ਤਖਤ ਸਾਹਬ ਦੇ ਲਾਗੇ ਇੱਕ ਥੜੇ ਉ ੱਪਰ ਬੈਠ ਗਏ। ਜਿੱਥੇ ਅੱਜ ਕੱਲ ਗੁ: ਥੜ੍ਹਾ ਸਾਹਿਬ ਸੁਸ਼ੋਭਿਤ ਹੈ) । ਉ ੱਥੋਂ ਆਪ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ, ਖੇਮਕਰਨ, ਕੀਰਤਪੁਰ ਤੇ ਬਿਲਾਸਪੁਰ ਗਏ।ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਆਪ ਸੈਫਾਬਾਦ, ਧਮਧਾਨ, ਦਿੱਲੀ, ਮਥੁਰਾ, ਬਿੰ੍ਰਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਸਸਰਾਮ, ਗਯਾ, ਪਟਨਾ, ਮੁਘੇਰ, ਢਾਕਾ ਤੇ ਅਸਾਮ ਸਿੱਖੀ ਦੇ ਪ੍ਰਚਾਰ ਹਿੱਤ ਗਏ। ਇੰਨ੍ਹਾਂ ਯਾਤਰਾਵਾਂ ਤਹਿਤ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੱਖਾਂ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ। ਇੰਨ੍ਹੀਂ ਦਿਨੀਂ ਹੀ ਔਰੰਗਜ਼ੇਬ ਜਨਤਾ ਤੇ ਖੂਬ ਅੱਤਿਆਚਾਰ ਕਰ ਰਿਹਾ ਸੀ ਗੁਰੂ ਸਾਹਿਬ ਨੇ ਲੋਕਾਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ। ਇਹ ਔਰੰਗਜ਼ੇਬ ਲਈ ਨਾ-ਸਹਿਣਯੋਗ ਸੀ। ਉਧਰ ਰਾਮਰਾਇ (ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਲੜਕਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੱਡਾ ਭਰਾ ਸੀ, ਜਿਸਨੇ ਬਾਣੀ ਦੀ ਤੁਕ ਬਦਲਣ ਦਾ ਹੌਂਸਲਾ ਕੀਤਾ ਸੀ ਤੇ ਗੁਰੂ ਹਰਿਰਾਏ ਸਾਹਬ ਵੱਲੋਂ ਦੁਰਕਾਰਿਆ ਗਿਆ ਸੀ ਤਾਂ ਹੀ ਇਸ ਨੂੰ ਛੱਡ ਕੇ ਗੁਰਗੱਦੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲੀ ਸੀ) ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਤੇ ਵੀ ਇਸ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਧਰ 25 ਮਈ 1675 ਈ: ਨੂੰ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਔਰੰਗਜ਼ੇਬ ਦੇ ਅੱਤਿਅਤਚਾਰਾਂ ਦੀ ਸਾਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ ਤਾਂ ਬਾਲ ਗੋਬਿੰਦ ਰਾਏ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਕਿਸੇ ਸੱਚੇ ਮਹਾਂਪੁਰਸ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਗੋਬਿੰਦ ਰਾਏ ਜੀ ਬੋਲੇ, ‘ਪਿਤਾ ਜੀ, ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ ਹੈ?’ ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ। ਆਪਣੇ ਤਿੰਨ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ।ਤਿੰਨ ਗੁਰਸਿੱਖਾਂ ਨੂੰ 10 ਨਵੰਬਰ ਤੇ ਗੁਰੂ ਜੀ ਨੂੰ 11 ਨਵੰਬਰ 1675 ਈ: ਨੂੰ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਸੀ। ਭਾਈ ਲੱਖੀ ਸ਼ਾਹ ਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਸਾਹਬ ਜੀ ਦੇ ਧੜ੍ਹ ਨੂੰ ਆਪਣੇ ਰੂੰ ਵਾਲੇ ਗੱਡੇ ਵਿੱਚ ਛੁਪਾ ਕੇ ਆਪਣੇ ਘਰ ਲੈ ਆਂਦਾ ਤੇ ਸੰਸਕਾਰ ਘਰ ਨੂੰ ਅੱਗ ਲਗਾ ਦਿੱਤੀ। ਇਸ ਥਾਂ ਹੁਣ ਗੁ; ਰਕਾਬ ਗੰਜ ਸੁਸ਼ੋਭਿਤ ਹੈ।ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਗੁਰੂ ਸਾਹਬ ਜੀ ਦਾ ਸੀਸ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਦਲੇਰੀ ਬਹਾਦਰੀ ਤੇ ਸੂਰਬੀਰਤਾ ਤੋਂ ਖੁਸ਼ ਹੋ ਕੇ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਬਖਸ਼ਿਸ਼ ਕੀਤਾ। 16 ਨਵੰਬਰ 1675 ਈ: ਨੂੰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਬ ਵਿਖੇ ਕੀਤਾ ਗਿਆ। ਇਸ ਜਗ੍ਹਾ ਗੁ:ਸੀਸ ਗੰਜ ਸਾਹਿਬ ਸਥਿੱਤ ਹੈ। ਗੁਰੂ ਗੋਬਿੰਦ ਸਿੰਘ ਜੀ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਬਤ ਬਚਿੱਤਰ ਨਾਟਕ ਵਿੱਚ ਲਿੱਖਦੇ ਹਨ ਕਿ:
ਤੇਗ ਬਹਾਦਰ ਕੇ ਚਲਤ ਭਇਉ ਜਗਤ ਕੋ ਸੋਗ।।ਹੈ ਹੈ ਹੈ ਸਭ ਭਇਉ ਜੈ ਜੈ ਜੈ ਸੁਰਲੋਕ।।

ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022
ਮੋ:97817-51690


0 comments:
Speak up your mind
Tell us what you're thinking... !