Headlines News :
Home » » ਕਾਹਦੀਆਂ ਨੇ ਲੋਕੋ ਏਥੇ ਰਹਿ ਗਈਆਂ ਦੀਵਾਲੀਆਂ - ਪਰਸ਼ੋਤਮ ਲਾਲ ਸਰੋਏ

ਕਾਹਦੀਆਂ ਨੇ ਲੋਕੋ ਏਥੇ ਰਹਿ ਗਈਆਂ ਦੀਵਾਲੀਆਂ - ਪਰਸ਼ੋਤਮ ਲਾਲ ਸਰੋਏ

Written By Unknown on Saturday, 9 November 2013 | 00:37

ਦੀਵਾਲੀ ਤਿਉਹਾਰ ਇੱਕ ਖ਼ੁਸ਼ੀਆਂ ਦਾ ਤਿਉਹਾਰ ਹੈ। ਇਹ ਹਿੰਦੂਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ
ਹੈ।  ਲੇਕਿਨ ਇਸ ਨੂੰ ਹਰ ਜਾਤੀ ਜਾਂ ਧਰਮ ਦੇ ਲੋਕ ਮਨਾ ਸਕਦੇ ਹਨ। ਇਹ ਤਿਉਹਾਰ ਦੁਸਹਿਰੇ ਤੋਂ ਬਾਅਦ ਆਉਂਦਾ ਹੈ। ਇਸ ਨੂੰ ਰੌਸ਼ਨੀ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।  ਇਸ ਤਿਉਹਾਰ ਵਾਲੇ ਦਿਨ ਨੂੰ ਲੱਛਮੀ ਪੂਜਾ ਦੇ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਲੋਕ ਇਸ ਦਿਨ ਦੇ ਆਉਣ ਤੋਂ ਪਹਿਲਾਂ ਆਪਣੇ ਘਰਾਂ ਦੀ ਸਫਾਈ ਕਰਦੇ ਹਨ। ਅਲਗ ਅਲਗ ਤਰ੍ਹਾ ਦੇ ਰੰਗਾਂ ਨਾਲ ਘਰਾਂ ਦੀ ਸਜ਼ਾਵਟ ਹੁੰਦੀ ਹੈ। ਫਿਰ ਦੀਵਾਲੀ ਆਉਣ ’ਤੇ ਲੋਕ ਆਪਣੇ ਘਰਾਂ ਵਿੱਚ ਦੀਵੇ, ਲੜੀਆਂ ਤੇ ਮੋਮਬੱਤੀਆਂ ਆਦਿ ਨਾਲ ਰੌਸ਼ਨੀ ਕਰਦੇ ਹਨ।  ਪਟਾਖੇ, ਫੁੱਲਝੜੀਆਂ, ਅਲਗ ਅਲਗ ਕਿਸ਼ਮ ਦੀ ਰੌਸ਼ਨੀ ਕਰ ਕੇ ਮਨ ਨੂੰ ਖ਼ੁਸ਼ੀ ਪ੍ਰਦਾਨ ਕਰਦੇ ਹਨ।
ਦੀਵਾਲੀ ਨੂੰ ਦੀਪਾਵਲੀ ਭਾਵ ਦੀਵਿਆਂ ਤੇ ਰੌਸ਼ਨੀ ਦਾ ਤਿਉਹਾਰ। ਇਹ ਮੰਨਿਆਂ ਜਾਂਦਾ ਹੈ ਕਿ ਤਿਉਹਾਰ ਮਨੁੱਖੀ ਜੀਵਨ ਵਿੱਚ ਖ਼ੁਸ਼ੀਆਂ ਖੇੜੇ ਭਰ ਦਿੰਦੇ ਹਨ।  ਪਰ ਇਹ ਕਥਨ ਕਿੱਥੋਂ ਤੱਕ ਠੀਕ ਹੈ। ਇਸ ਬਾਰੇ ਸ਼ਾਇਦ ਕੋਈ ਸਹੀ ਤਰੀਕੇ ਨਾਲ ਅੰਦਾਜ਼ਾ ਨਹੀਂ ਲਗਾ ਸਕਿਆ।  ਜਦ ਕਦੇ ਵੀ ਅਸੀਂ ਦੀਵਾਲੀ ਤਿਉਹਾਰ ਬਾਰੇ ਸੋਚਦੇ ਹਾਂ ਤਾਂ ਆਟੋਮੈਟਿਕ ਹੀ ਸਾਡੇ ਜ਼ਹਿਨ ਵਿੱਚ ਇਹ ਧਾਰਨਾ ਆਉਦੀ ਹੈ ਕਿ ਇਹ ਤਿਉਹਾਰ ਸੱਚ ਅਤੇ ਰੌਸ਼ਨੀ ਦਾ ਇੱਕ ਪ੍ਰਤੀਕ ਹੈ।  
ਹੁਣ ਗੱਲ ਇਹ ਵੀ ਧਿਆਨ ਦੇਣ ਯੋਗ ਹੈ, ਕਿ ਮੇਲੇ ਜਾਂ ਤਿਉਹਾਰ ਕਿਹਨਾਂ ਵਾਸਤੇ ਖ਼ੁਸ਼ੀਆਂ ਤੇ ਰੌਸ਼ਨੀ ਦਾ ਤਿਉਹਾਰ ਹੈ।  ਹੁਣ ਇਹ ਅੰਦਾਜ਼ਾ ਲਗਾ ਕੇ ਦੇਖ ਲਓ ਕਿ ਇਸ ਪੂਰੀ ਦੁਨੀਆਂ ਵਿੱਚ ਕਿੰਨੇ ਕੁ ਲੋਕ ਜਿਹਨਾਂ ਕੋਲ ਇੱਕ ਡੰਗ ਲਈ ਖਾਣ ਵਾਸਤੇ ਰੋਟੀ ਵੀ ਨਸੀਬ ਨਹੀਂ ਹੁੰਦੀ। ਰਹਿਣ ਲਈ ਘਰ ਨਹੀਂ ਹੁੰਦਾ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪਟਾਖੇ ਜਾਂ ਆਤਿਸ਼ਬਾਜ਼ੀ ਆਦਿ ਚਲਾਉਂਦੇ ਸਮੇਂ ਵੱਡੇ ਆਪਣੇ ਬੱਚਿਆਂ ਦੇ ਨਾਲ ਨਹੀਂ ਹੁੰਦੇ ਤੇ ਬੱਚੇ ਆਪਣੀ ਲਾਪ੍ਰਵਾਹੀ ਦੇ ਕਰਕੇ ਕਈ ਵਾਰੀ ਹਾਦਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਤਾਂ ਉਹ ਆਪਣੀਆਂ ਅੱਖਾਂ ਜਾਂ ਫਿਰ ਜ਼ਾਨ ਤੱਕ ਤੋਂ ਵੀ ਹੱਥ ਧੋ ਬਹਿੰਦੇ ਹਨ ਤੇ ਮੁੜ ਉਨ੍ਹਾਂ ਨੂੰ ਇਹ ਦੀਵਾਲੀ ਦੇਖਣ ਜਾਂ ਮਨਾਉਣ ਦਾ ਸੁੱਖ ਨਸ਼ੀਬ ਨਹੀਂ ਹੁੰਦਾ।  
ਸਾਡੇ ਵਿੱਚ ਮਨਾਂ ਵਿੱਚ ਇਹ ਧਾਰਨਾਂ ਬਣੀ ਹੋਈ ਹੈ ਕਿ ਪਟਾਖਿਆਂ ਹੋਰ ਅੱਗ ਕੱਢਣ ਵਾਲੇ ਪਟਾਖਿਆਂ ਤੋਂ ਬਿਨਾਂ ਦੀਵਾਲੀ ਅਰਥਹੀਣ ਹੈ। ਪਰ ਅਜਿਹਾ ਨਹੀਂ ਹੈ।  ਦੀਵਾਲੀ ਦੇ ਤਿਉਹਾਰ ਨੂੰ ਘਰਾਂ ਵਿੱਚ ਵਧੀਆਂ ਕਿਸਮ ਦੇ ਪਕਵਾਨ ਬਣਾ ਕੇ ਜਾਂ ਮਠਿਆਈਆਂ ਆਦਿ ਬਣਾ ਕੇ ਵੀ ਮਨਾਇਆ ਜਾ ਸਕਦਾ ਹੈ।  ਆਮ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਦੀਵਾਲੀ ਵਾਲੇ ਦਿਨ ਕੁਝ ਇੱਕ ਨਾਸਮਝ ਤੇ ਸ਼ਰਾਰਤੀ ਕਿਸਮ ਦੇ ਲੋਕ ਜ਼ੂਆ ਖੇਡਣ ਤੇ ਸ਼ਰਾਬ ਪੀਂਦੇ ਹਨ ਤੇ ਧੰਨ ਦੀ ਬਰਬਾਦੀ ਕਰਦੇ ਹਨ। ਇਹ ਇੱਕ ਧਾਰਨਾ ਹੈ ਕਿ ਦੀਵਾਲੀ ਵਾਲੇ ਦਿਨ ਲੱਛਮੀਂ ਦਾ ਗ੍ਰਹਿ ਪ੍ਰਵੇਸ਼ ਹੁੰਦਾ ਹੈ, ਇਸ ਲਈ ਲੋਕ ਰਾਤ ਨੂੰ ਆਪਣੇ ਘਰਾਂ ਵਿੱਚ ਰੌਸ਼ਨੀ ਕਰਦੇ ਹਨ ਤੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਤਾਂ ਕਿ ਲੱਛਮੀਂ ਉਨ੍ਹਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰ ਜਾਵੇ। ਪਰ ਅਜਿਹੇ ਲੋਕ ਜੋ ਜ਼ੂਆ ਖੇਡਦੇ ਤੇ ਸ਼ਰਾਬਾਂ ਪੀਂਦੇ ਹਨ, ਉਹ ਲੋਕ ਤਾਂ ਅਸਲ ਵਿੱਚ ਲੱਛਮੀਂ ਨੂੰ ਆਪਣੇ ਘਰ ਆਉਣ ਤੋਂ ਵੀ ਰੋਕ ਲੈਂਦੇ ਹਨ। ਅਸਲ ਵਿੱਚ ਉਹ ਧੰਨ ਦਾ ਗ਼ਲਤ ਪ੍ਰਯੋਗ ਕਰ ਰਹੇ ਹੁੰਦੇ ਹਨ, ਇਸ ਗੱਲ ਦੀ ਸਮਝ ਉਨ੍ਹਾਂ ਤੋਂ ਕੋਹਾਂ ਦੂਰ ਹੁੰਦੀ ਹੈ। 
ਸਿਰਫ਼ ਜ਼ੂਆ ਖੇਡਣ ਜਾਂ ਸ਼ਰਾਬਾਂ ਪੀਣ ਤੱਕ ਹੀ ਗੱਲ ਸੀਮਿਤ ਨਹੀਂ ਰਹਿ ਜਾਂਦੀ ਬਲਕਿ ਉਹ ਆਪਸ ਵਿੱਚ ਲੜ੍ਹ ਝਗੜ ਵੀ ਪੈਂਦੇ ਹਨ ਤੇ ਇੱਕ ਦੂਜੇ ਨੂੰ ਸਰੀਰਕ ਚੋਟ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।  ਦੀਵਾਲੀ ਦੇ ਮੌਕੇ ਹੋਣ ਵਾਲੇ ਅੰਤਾਂ ਦੇ ਧਮਾਕੇ ਨੂੰ ਡਾਕਟਰ ਵੀ ਧਵਨੀ ਪ੍ਰਦੂਸ਼ਣ ਦਾ ਨਾਮ ਦਿੰਦੇ ਹਨ ਜੋ ਕਿ ਮਨੁੱਖ ਦੀ ਸਿਹਤ ਤੇ ਉਸ ਦੇ ਕੰਨਾਂ ਤੇ ਬੁਰਾ ਪ੍ਰਵਾਹ ਪਾ ਸਕਦੇ ਹਨ।  ਇਨ੍ਹਾਂ ਪਟਾਖਿਆ ’ਚੋਂ ਨਿਕਲਣ ਵਾਲਾ ਧੂਆ ਵਾਤਾਵਰਨ ਨੂੰ ਦੂਸ਼ਿਤ ਕਰ ਦਿੰਦਾ ਹੈ ਜੋ ਕਿ ਮਨੁੱਖੀ ਬੀਮਾਰੀਆਂ ਦਾ ਵੀ ਕਾਰਨ ਬਣਦਾ ਹੈ। 
ਦੀਵਾਲੀ ਵਾਲੇ ਦਿਨ ਪਟਾਖਿਆ ਆਦਿ ਦੇ ਧਮਾਕਿਆਂ ਦੀ ਹੋੜ ਵਿੱਚ ਕਈ ਵਾਰ ਸ਼ਰਾਰਤੀ ਅਨਸਰ ਬੰਬ ਧਮਾਕੇ ਵੀ ਕਰਦੇ ਹਨ ਤੇ ਜੋ ਬਹੁਤ ਸਾਰੇ ਮਨੁੱਖਾਂ ਨੂੰ ਜ਼ਾਨੀ ਤੇ ਮਾਲੀ ਨੁਕਸਾਨ ਵੀ ਪਹੁੰਚਾਉਂਦੇ ਹਨ।  ਮੀਡੀਆ ਵਾਲੇ ਦੀਵਾਲੀ ਵਾਲੇ ਦਿਨ ਤੋਂ ਕਾਫੀ ਸਮਾਂ ਪਹਿਲਾਂ ਹੀ ਲੋਕਾਂ ਨੂੰ ਪਟਾਖੇ ਨਾ ਚਲਾਉਣ ’ਤੇ ਪਾਬੰਦੀ ਲਗਾਉਣ ਦਾ ਪ੍ਰਚਾਰ ਵੀ ਕਰਦੇ ਹਨ ਪਰ ਇਸ ਗੱਲ ’ਤੇ ਅਮਲ ਨਹੀਂ ਕੀਤਾ ਜਾਂਦਾ ਜਿਸ ਦਾ ਕਾਰਨ ਕਈ ਤਰ੍ਹਾਂ ਦੇ ਹਾਦਸ਼ੇ ਬਣਦੇ ਹਨ। ਜਿਸ ਦਾ ਕਾਰਨ ਮਨੁੱਖ ਖੁੱਦ ਹੀ ਹੁੰਦਾ ਹੈ। 
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਆਪਣੀ ਦੀਵਾਲੀ ਦੇ ਚਾਅ ਨੂੰ ਦੁਗਣਾਂ ਕਰਨ ਲਈ ਦੂਸਰੇ ਦੀ ਖ਼ੁਸ਼ੀ ਨੂੰ ਵੀ ਉਹ ਆਪਣੀ ਖ਼ੁਸ਼ੀ ਤੋਂ ਨਿਛਾਵਰ ਕਰ ਦਿੰਦੇ ਹਾਂ। ਕਈ ਗਰੀਬ ਪਰਿਵਾਰ ਅਜਿਹੇ ਹਨ ਕਿ ਬੱਚੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਪਣੇ ਪਿਤਾ ਤੋਂ ਪੈਸੇ ਆਦਿ ਦੀ ਮੰਗ ਕਰਦੇ ਹਨ ਪਰ ਉਹ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਖ਼ੁਸ਼ੀ ਤੇ ਚਾਅ ਨੂੰ ਆਪਣੇ ਪੈਰਾਂ ’ਚ ਕੁਚਲ ਕੇ ਪੈਸਿਆਂ ਦੀ ਬਰਬਾਦੀ ਆਪਣੀ ਸ਼ਰਾਬ ਦੀ ਲਟ ਨੂੰ ਪੂਰਾ ਕਰਨ ਤੇ ਜ਼ੂਆ ਖੇਡਣ ਵਿੱਚ ਕਰਦੇ ਹਨ। 
ਜਦ ਉਹੀ ਆਦਮੀਂ ਸ਼ਰਾਬ ਪੀ ਕੇ ਆਪਣੇ ਹੀ ਘਰ ਦੇ ਮਾਹੌਲ ਨੂੰ ਖ਼ਰਾਬ ਕਰ ਦਿੰਦਾ ਹੈ ,ਤੇ ਆਪਣੇ ਬੱਚਿਆਂ ਤੇ ਪਤਨੀ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੰਦਾ ਹੈ, ਕਈ ਵਾਰੀ ਤਾਂ ਅਜਿਹਾ ਵੀ ਹੁੰਦਾ ਹੈ ਕਿ ਗੱਲ ਇੰਨੀ ਵੱਧ ਜਾਂਦੀ ਹੈ ਕਿ ਮਰਨ ਮਰਾਉਣ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਇੱਕ ਅੱਧੇ ਦੀ ਜ਼ਾਨ ਵੀ ਚਲੀ ਜਾਂਦੀ ਹੈ। ਇਹ ਸਾਰਾ ਦੀਵਾਲੀ ਵਾਲਾ ਖ਼ੁਸ਼ੀ ਦਾ ਮਾਹੌਲ ਗ਼ਮੀ ਵਿੱਚ ਤਬਦੀਲ ਹੋ ਜਾਂਦਾ ਹੈ, ਤਾਂ ਉਸ ਘਰ ਲਈ ਉਹ ਦੀਵਾਲੀ ਕਿਸ ਕਿਸਮ ਦੀ ਖ਼ੁਸ਼ੀ ਹੋਈ ਭਲਾ।  
ਉਸ ਘਰ ਫਿਰ ਲੋਕੋ ਕਾਹਦੀਆਂ ਦੀਵਾਲੀਆਂ,
ਜਿਸ ਘਰ ਦਿਨ ਕਾਲੇ ਵਾਂਗ ਰਾਤਾਂ ਕਾਲੀਆਂ। 
ਕੀ ਅਜਿਹਾ ਨਹੀਂ ਹੋ ਸਕਦਾ ਕਿ ਅਸੀਂ ਸਾਰੇ ਜਣੇ ਰਲ ਕੇ ਇਸ ਖ਼ੁਸ਼ੀਆਂ ਦੇ ਤਿਉਹਾਰ ਨੂੰ ਖ਼ੁਸ਼ੀਆਂ ਦਾ ਤਿਉਹਾਰ ਹੀ ਰਹਿਣ ਦੇਈਏ ਅਤੇ ਇਸ ਨੂੰ ਗ਼ਮੀਆਂ ਵਿੱਚ ਨਾ ਬਦਲ ਸਕੀਏ। 
ਲੋਕੋ ਕਦੇ ਕਾਲੀਆਂ ਇਹ ਹੋਣ ਨਾ ਦੀਵਾਲੀਆਂ,
ਖ਼ਸ਼ੀਆਂ ਵੀ ਹੋਣ ਏਥੇ ਹੱਦ ਨਾਲੋਂ ਵਾਲ੍ਹੀਆਂ। 

ਪਰਸ਼ੋਤਮ ਲਾਲ ਸਰੋਏ ,
ਪਿੰਡ:= ਧਾਲੀਵਾਲ=ਕਾਦੀਆਂ,
ਡਾਕਘਰ:= ਬਸਤੀ=ਗੁਜ਼ਾਂ, ਜਲੰਧਰ। 
ਮੋਬਾਇਲ:= 92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template