Headlines News :
Home » » ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਜਾਣ ਵਾਲੇ ਭਗਵਾਨ ਮਹਾਂਵੀਰ ਜੀ - ਰਮੇਸ਼ ਬੱਗਾ ਚੋਹਲਾ

ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਜਾਣ ਵਾਲੇ ਭਗਵਾਨ ਮਹਾਂਵੀਰ ਜੀ - ਰਮੇਸ਼ ਬੱਗਾ ਚੋਹਲਾ

Written By Unknown on Saturday, 9 November 2013 | 00:32

ਸੰਸਾਰ ਵਿਚ ਸਮੇਂ ਸਮੇਂ ਅਜਿਹੇ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ ਰਹਿੰਦਾ ਹੈ ਜਿਹੜੇ ਆਪਣੀ ਨਿਵੇਕਲੀ ਅਤੇ ਸਰਬ-ਕਲਿਆਣੀ ਵਿਚਾਰਧਾਰਾ ਦੀ ਬਾਦੌਲਤ ਨਾ ਸਿਰਫ਼ ਆਮ ਤੋਂ ਖਾਸ ਹੋ ਨਿਬੜਦੇ ਸਗੋਂ ਆਪਣੇ ਲੋਕ-ਹਿਤਕਾਰੀ  ਅਮਲਾਂ ਸਦਕਾ ਲੋਕਾਈ ਦੇ ਸਦੀਵੀ ਸਤਿਕਾਰ ਦਾ ਪਾਤਰ ਵੀ ਬਣੇ ਰਹਿੰਦੇ ਹਨ।ਮੋਹ-ਮਾਇਆ ਤੋਂ ਨਿਰਲੇਪ ਅਤੇ ਹਉਮੈ ਰਹਿਤ ਜੀਵਨ ਇਨ੍ਹਾਂ ਮਹਾਂਪੁਰਸ਼ਾਂ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ।ਇਹ ਸਰਮਾਇਆ ਇਨ੍ਹਾਂ ਮਹਾਂਪੁਰਸ਼ਾਂ ਦੇ ਪ੍ਰਲੋਕ-ਗਮਨ ਤੋਂ ਬਾਅਦ ਵੀ ਇਨ੍ਹਾਂ ਨੂੰ ਲੋਕਾਈ ਦੇ ਚੇਤਿਆਂ ਵਿਚ ਵਸਾਈ ਰੱਖਦਾ ਹੈ।ਇਸ ਵਸੇਬੇ ਕਾਰਣ ਹੀ ਇਨ੍ਹਾਂ ਪਰਮ ਪੁਰਖਾਂ ਨੂੰ ਲੋਕ ਸਮੇਂ-ਸਮੇਂ ਯਾਦ ਕਰਦੇ ਰਹਿੰਦੇ ਹਨ।ਇਨ੍ਹਾਂ ਯਾਦ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿਚ ਹੀ ਸ਼ਾਮਿਲ ਹੈ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਮਹਾਂਵੀਰ ਜੈਨ ਦਾ ਨਾਮ।   
ਸਭ ਧਰਮਾਂ ਤੋਂ ਪੁਰਾਤਨ ਧਰਮ ਕਰਕੇ ਜਾਣੇ ਜਾਂਦੇ ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਮਹਾਂਵੀਰ ਜੈਨ ਦਾ ਜਨਮ 599 ਈਸਵੀ ਪੂਰਵ ਨੂੰ ਇੱਕ ਰਾਜ ਘਰਾਣੇ ਵਿਚ ਪਿਤਾ ਸਿਧਾਰਥ ਅਤੇ ਮਾਤਾ ਤ੍ਰਿਸ਼ਲਾ ਦੇ ਘਰ ਹੋਇਆ।ਇਹ ਘਰਾਣਾ ਭਾਰਤ ਦੇ ਸੂਬੇ ਬਿਹਾਰ ਦੇ ਵੈਸ਼ਾਲੀ (ਹੁਣ ਬਾਸਾੜ) ਸ਼ਹਿਰ ਦੇ ਨੇੜਲੇ ਸਥਾਨ ਕੁੰਡ ਗ੍ਰਾਮ ਵਿਖੇ ਵਸਦਾ ਸੀ।ਮਹਾਂਵੀਰ ਗਯਾਤ੍ਰੀ ਕਬੀਲੇ ਦਾ ਕਸ਼ਤ੍ਰੀ ਸੀ ਅਤੇ ਕਸ਼ਯਪ ਗੋਤ੍ਰ ਨਾਲ ਸੰਬੰਧਤ ਸੀ। ਮਹਾਂਵੀਰ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਤ੍ਰਿਸ਼ਲਾ ਨੂੰ ਚੌਦਾਂ ਸੁਫਨੇ ਆਏ ਸਨ ਜਿਨ੍ਹਾਂ ਸੁਫਨਿਆਂ ਵਿਚ ਇਹ ਭਵਿਖਬਾਣੀ ਕੀਤੀ ਗਈ ਸੀ ਕਿ ਉਨ੍ਹਾਂ ਦੀ ਕੁੱਖ ‘ਚੋਂ ਜਨਮ ਲੈਣ ਵਾਲਾ ਬੱਚਾ (ਮਹਾਂਵੀਰ) ਮਹਾਂ ਮਨੁੱਖ ਹੋਣ ਦੇ ਨਾਲ-ਨਾਲ ਆਪਣੀ ਕਹਿਣੀ ਅਤੇ ਕਰਨੀ ਦਾ ਵੀ ਪੂਰਾ ਹੋਵੇਗਾ।ਇਸ ਪੂਰਨਤਾ ਕਾਰਨ ਹੀ ਉਹ ਅਧਿਆਤਮਕ ਉੱਚਤਾ ਦਾ ਮਾਲਕ ਸਾਬਤ ਹੋਵੇਗਾ।                                                            
    ਆਪਣੇ ਵਿਲੱਖਣ ਅਤੇ ਵਿਸ਼ੇਸ਼ ਗੁਣਾਤਮਿਕ ਪ੍ਰਗਟਾਵੇ ਕਾਰਣ ਮਹਾਂਵੀਰ ਨੂੰ ਜਿਨ,ਸਿਧ ਅਤੇ ਅਰਹਤ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।ਜੇਕਰ ਮਹਾਂਵੀਰ ਦੇ ਸ਼ਬਦੀ ਅਰਥ ਕੀਤੇ ਜਾਣ ਤਾਂ ਇਸ ਦਾ ਅਰਥ ਉਸ ‘ਮਹਾਨ ਨਾਇਕ’ ਤੋਂ ਲਿਆ ਜਾਂਦਾ ਹੈ ਜਿਸ ਨੇ ਲੋਕ ਭਲਾਈ ਦੇ ਕਾਰਜ ਕਰਦਿਆਂ ਲੋਕਾਈ ਦੇ ਦਿਲਾਂ ‘ਤੇ ਗਹਿਰਾ ਅਸਰ ਪਾਇਆ ਹੋਵੇ ਅਤੇ ਇਸ ਅਸਰ ਸਦਕਾ ਲੋਕ ਉਨ੍ਹਾਂ ਦੇ ਪੂਰਨਿਆਂ ‘ਤੇ ਚੱਲਣ ਲਈ ਤਿਆਰ ਹੋਣ।ਜੇਕਰ ਜਿਨ ਸ਼ਬਦ ਦਾ ਭਾਵ-ਅਰਥ ਕੀਤਾ ਜਾਵੇ ਤਾਂ ਇਸ ਦਾ ਅਰਥ ਉਸ ਜੇਤੂ ਤੋਂ ਲਿਆ ਜਾਂਦਾ ਹੈ ਜਿਸ ਨੇ ਆਪਣਾ ਮਨ ਜਿੱਤ ਲਿਆ ਹੋਵੇ।‘ਸਿਧ’ਉਹ ਪੁਰਸ਼ ਹੁੰਦੇ ਹਨ ਜਿਨ੍ਹਾਂ ਨੇ ਅਧਿਆਤਮਕ ਜੀਵਨ ਵਿਚ ਸੰਪੂਰਨਤਾ ਪ੍ਰਾਪਤ ਕਰ ਲਈ ਹੋਵੇ ।‘ਅਰਹਤ’ ਉਹ ਲੋਕ ਹਨ ਜਿਨ੍ਹਾਂ ਨੇ ਸਾਦਾ ਜੀਵਨ ਬਤੀਤ ਕਰਨ ਦੇ ਨਾਲ-ਨਾਲ ਕਸ਼ਾਯਾਂ ‘ਤੇ ਕੰਟਰੋਲ ਕੀਤਾ ਹੂੰਦਾ ਹੈ।
ਮਹਾਂਵੀਰ ਨੂੰ ‘ਵਰਧਮਾਨ’ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦਾ ਅਰਥ ਹੁੰਦਾ ਹੈ ਸੁਭਾਗਸ਼ਾਲੀ।ਇਨ੍ਹਾਂ ਅਰਥਾਂ ਵਿਚ ਹੀ ਮਹਾਂਵੀਰ ਜੈਨ ਨੂੰ ਵਰਧਮਾਨ ਦਾ ਖ਼ਿਤਾਬ ਦਿੱਤਾ ਜਾਂਦਾ ਹੈ।ਕਿਉਂਕਿ ਉਨ੍ਹਾਂ ਦੇ ਆਗਮਨ ਨਾਲ ਪਿਤਾ ਸਿਧਾਰਥ ਦੇ ਰਾਜ-ਭਾਗ ਵਿਚ ਧਨ ਅਤੇ ਅਨਾਜ ਵਿਚ ਭਰਪੂਰ ਵਾਧਾ ਹੋਇਆ ਸੀ।  
  ਮਹਾਂਵੀਰ ਜੈਨ ਦਾ ਬਚਪਨ-ਕਾਲ ਬਹੁਤ ਹੀ ਦਲੇਰੀ ਅਤੇ ਬਹਾਦਰੀ ਭਰਿਆ ਰਿਹਾ ਹੈ।ਇਕ ਵਾਰ ਉਹ ਆਪਣੇ ਸੰਗੀਆਂ ਨਾਲ ਖੇਡ ਰਹੇ ਸਨ ਕਿ ਉਨ੍ਹਾਂ ਨੂੰ ਇਕ ਸੱਪ ਦਿਖਾਈ ਦਿੱਤਾ।ਸੱਪ ਦੀ ਦਹਿਸ਼ਤ ਕਾਰਨ ਉਨ੍ਹਾਂ ਦੇ ਸਾਰੇ ਸੰਗੀ ਭੱਜ ਗਏ ਪਰ ਆਪਣੀ ਦਲੇਰੀ ਦਾ ਸਬੂਤ ਦਿੰਦਿਆਂ ਉਨ੍ਹਾਂ ਨੇ ਸੱਪ ਨੂੰ ਫੜ੍ਹ ਕੇ ਦੂਰ ਸੁੱਟ ਦਿੱਤਾ।
ਉਮਰ ਦੇ ਤੀਜੇ ਦਹਾਕੇ ਦੇ ਅਖੀਰਲੇ ਸਮੇਂ ਮਹਾਂਵੀਰ ਨੇ ਘਰ-ਬਾਰ ਛੱਡ ਕੇ ਤਪੱਸਿਆ ਕਰਨ ਲਈ ਜੰਗਲਾਂ ਵਿਚ ਜਾਣ ਲਈ ਤਿਆਰੀ ਕਰ ਲਈ ਪਰ ਵੱਡੇ ਭਰਾ ਨੰਦੀ ਵਰਧਨ ਨੇ ਕੁੱਝ ਵਕਤ ਹੋਰ ਠਹਿਰਨ ਲਈ ਆਖ ਦਿੱਤਾ।ਇਸ ਸਮੇਂ ਦੌਰਾਨ ਹੀ ਮਹਾਂਵੀਰ ਜੈਨ ਦਾ ਵਿਆਹ ਯਸ਼ੋਧਾ ਨਾਲ ਹੋਇਆ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਬੇਟੀ ਪ੍ਰਿਯਦਰਸ਼ਨਾ ਨੇ ਜਨਮ ਲਿਆ।ਜਦੋਂ ਮਹਾਂਵੀਰ ਤੀਹ ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸੰਸਾਰ ਤੋਂ ਕੂਚ ਕਰ ਗਏ।ਆਪਣੇ ਮਾਪਿਆਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਪਰਮ ਸ਼ਾਂਤੀ ਦੀ ਭਾਲ ਵਿਚ ਜੰਗਲਾਂ ਵਲ ਚਲੇ ਗਏ ਅਤੇ ਕਠਿਨ ਸਾਧਨਾ ਕਰਨ ਲੱਗੇ।ਉਨ੍ਹਾਂ ਨੇ ਕੱਪੜੇ ਪਹਿਨਣੇ ਘਰੋਂ ਤੁਰਨ ਸਮੇਂ ਹੀ ਤਿਆਗ ਦਿੱਤੇ ਸਨ ਅਤੇ ਪ੍ਰਸ਼ਾਦੇ-ਪਾਣੀ ਦਾ ਸੇਵਨ ਜੰਗਲਾਂ ਵਿਚ ਜਾ ਕੇ ਛੱਡ ਦਿੱਤਾ।ਦੇਵਤਿਆਂ ਦੁਆਰਾ ਬਖ਼ਸ਼ਿਸ਼ ਕੀਤੇ ਵਸਤਰ ਪਹਿਨ ਕੇ ਇਸ ਦੈਵੀ ਪੁਰਖ ਨੇ ਬਾਰਾਂ ਸਾਲ ਜੰਗਲ ਵਿਚ ਘੋਰ ਤਪੱਸਿਆ ਕੀਤੀ।ਇਨ੍ਹਾਂ ਬਾਰਾਂ ਸਾਲਾਂ ਵਿਚ ਮਹਾਂਵੀਰ ਦਾ ਮਨ ਸਦਾਚਾਰ ਦੀ ਪ੍ਰਾਪਤੀ ਅਤੇ ਵਾਸ਼ਨਾਵਾਂ ਤੋਂ ਮੁਕਤੀ ਵੱਲ ਲੱਗਾ ਰਿਹਾ।ਇਸ ਘੋਰ ਤਪੱਸਿਆ ਦੇ ਫਲਸਰੂਪ ਉਨ੍ਹਾਂ ਨੂੰ 42 ਸਾਲ ਦੀ ਉਮਰ ਵਿਚ ਰਿਜਪਾਲਿਕਾ ਨਦੀ ਦੇ ਕਿਨਾਰੇ ਉਚਤਮ ਗਿਆਨ/ਨਿਰਵਾਣ ਦੀ ਪ੍ਰਾਪਤੀ ਹੋ ਗਈ।ਜੈਨ ਧਰਮ ਵਿਚ ਗਿਆਨ ਦੀ ਇਸ ਉਚਤਮ ਅਵਸਥਾ ਨੂੰ ‘ਕੇਵਲਯ ਗਿਆਨੋ’ ਦਾ ਨਾਮ ਦਿੱਤਾ ਜਾਂਦਾ ਹੈ ਜਿਸ ਦੀ ਪ੍ਰਾਪਤੀ ਹਰੇਕ ਜੈਨ ਮੁਨੀ ਦੀ ਇੱਛਾ ਅਤੇ ਉਦੇਸ਼ ਹੁੰਦਾ ਹੈ। ਜੈਨ ਸਮਾਜ ਵੱਲੋਂ ਇਸ ਸੁਭਾਗੇ (ਨਿਰਵਾਣ ਪ੍ਰਾਪਤੀ ਦੇ) ਦਿਨ ਨੂੰ ਦੀਵਾਲੀ ਵਾਲੇ ਦਿਨ ਵਿਸ਼ੇਸ਼ ਤੌਰ ‘ਤੇ ਚੇਤੇ ਕੀਤਾ ਜਾਂਦਾ ਹੈ। ਇਸ ਪ੍ਰਾਪਤੀ ਤੋਂ ਬਾਅਦ ਮਹਾਂਵੀਰ ਨੇ ਤੀਹ ਸਾਲ ਤੱਕ ਇਸ ਗਿਆਨ ਦਾ ਪ੍ਰਚਾਰ ਕਰਕੇ ਲੋਕਾਂ(ਵਿਸ਼ੇਸ਼ ਕਰਕੇ ਜੈਨ ਸਮਾਜ) ਨੂੰ ਸੱਚ ਦੇ ਮਾਰਗ ਤੇ ਤੋਰਿਆ ਅਤੇ 72 ਸਾਲ ਦੀ ਆਯੂ ਵਿਚ ਪਾਵਾਪੁਰੀ ਨਾਮਕ ਸਥਾਨ ‘ਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਬੁਲਾ ਗਏ।ਚੌਵੀਵੇਂ ਤੀਰਥੰਕਰ ਦੇ ਰੂਪ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਜੈਨ ਭਾਈਚਾਰੇ ਦਾ ਅਟੁੱਟ ਅੰਗ ਮੰਨੀਆਂ ਜਾਂਦੀਆਂ ਹਨ।
                                       
   

 ਰਮੇਸ਼ ਬੱਗਾ ਚੋਹਲਾ 
#1348/17/1 
ਗਲੀ ਨੰ:8 
ਰਿਸ਼ੀ ਨਗਰ ਐਕਸਟੈਨਸ਼ਨ
( ਹੈਬੋਵਾਲ),ਲੁਧਿਆਣਾ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template