Headlines News :
Home » » ਸੱਚੇ ਇਸ਼ਕ ਦਾ ਸਾਕਾਰ ਮੁਜੱਸਮਾ ਤਾਜ ਮਹਿਲ - ਜਸਵੰਤ ਭਾਰਤੀ

ਸੱਚੇ ਇਸ਼ਕ ਦਾ ਸਾਕਾਰ ਮੁਜੱਸਮਾ ਤਾਜ ਮਹਿਲ - ਜਸਵੰਤ ਭਾਰਤੀ

Written By Unknown on Saturday, 16 November 2013 | 06:02

ਸਮੁੱਚੇ ਵਿਸ਼ਵ ਵਿਚ ਬਤੌਰ ਅਜੂਬਾ ਜਾਣਿਆ ਜਾਂਦਾ ਚਿੱਟੇ ਸੰਗਮਰਮਰ ਦਾ ਬਣਿਆ ਮੁਗ਼ਲ ਸ਼ਿਲਪ-ਕਲ਼ਾ ਦਾ ਅਜ਼ੀਮ ਸ਼ਾਹਕਾਰ ਤਾਜ ਮਹਿਲ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਦੇ ਦੱਖਣੀ ਪਾਸੇ ਸ਼ਹਿਰੋਂ ਤਕਰੀਬਨ ਡੇਢ ਮੀਲ ਦੇ ਫ਼ਾਸਲੇ ’ਤੇ ਸਥਿਤ ਹੈ। ਆਪਣੀ ਦੂਜੀ ਪਤਨੀ ਮੁਮਤਾਜ ਮਹਿਲ, ਜਿਸਦਾ ਮੁੱਢਲਾ ਨਾਂ ਅੰਜੂਮੰਦ ਬਾਨੋ ਸੀ, ਦੇ ਪ੍ਰਤੀ ਸੱਚੇ ਇਸ਼ਕ ਅਤੇ ਅਕੀਦਤ ਦੇ ਇਜ਼ਹਾਰ ਵਜੋਂ ਮੁਗ਼ਲ ਸਮਰਾਟ ਸ਼ਾਹਜਹਾਂ ਦੁਆਰਾ ਦਸੰਬਰ 1631 ਤੋਂ ਲੈ ਕੇ 1645 ਤੀਕ ਕਰੀਬ 20,000 ਉੱਚਕੋਟੀ ਦੇ ਕਾਰੀਗਰਾਂ ਦੀ ਸਹਾਇਤਾ ਨਾਲ਼ ਸੰਸਾਰ ਦੇ ਇਸ ਸੱਤਵੇਂ ਅਜੂਬੇ ਦੀ ਸਿਰਜਣਾ ਕਰਵਾਈ ਗਈ। ਉਸ ਵੇਲ਼ੇ ਦੇ ਲੱਗਭੱਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ਼ ਉਸਾਰਿਆ ਗਿਆ ਤਾਜ ਮਹਿਲ ਪੂਰੇ ਵਿਸ਼ਵ ’ਚ ਆਪਣੀ ਹੀ ਕਿਸਮ ਦੀ ਵਿਲੱਖਣ ਅਤੇ ਖ਼ੂਬਸੂਰਤ ਇਮਾਰਤ ਹੈ ਜਿਸ ਬਾਰੇ ਸੈਮੁਅਲ ਸਮਿੱਥ ਕਹਿੰਦਾ ਹੈ, “ਕੋਈ ਵੀ ਲਫ਼ਜ਼ ਇਸ ਇਮਾਰਤ ਦਾ ਵਰਣਨ ਕਰਨ ਦੇ ਕਾਬਿਲ ਨਹੀਂ ਹੈ।” ਫ਼ਰਾਂਸੀਸੀ ਯਾਤਰੀ ਬਰਨੀਅਰ ਨੇ ਇਸਨੂੰ ਗ਼ੀਜ਼ਾ ਦੇ ਪਿਰਾਮਿਡਾਂ ਤੋਂ ਵੀ ਵਧੇਰੇ ਸੁੰਦਰ ਅਜੂਬਾ ਕਰਾਰਿਆ ਹੈ। ਸੰਤ ਅਤੇ ਸ਼ਾਇਰ ਤਾਜ ਨੂੰ ਮਨੁੱਖੀ ਹੱਥਾਂ ਦੁਆਰਾ ਕੀਤਾ ਗਿਆ ਸਰਵੋਤਮ ਕੰਮ ਮੰਨਦੇ ਹਨ। ਇਸਨੂੰ ‘ਸੰਗਮਰਮਰ ਵਿਚ ਲਿਖੀ ਸੁੰਦਰ ਕਵਿਤਾ’ ਵੀ ਸਵੀਕਾਰਿਆ ਜਾਂਦਾ ਹੈ। ਦੂਜੇ ਪਾਸੇ ਉਰਦੂ ਦੇ ਸਿਰਮੌਰ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਪ੍ਰੋ. ਮੋਹਨ ਸਿੰਘ ਨੇ ਤਾਜ ਦੀ ਉਸਾਰੀ ਪਿੱਛੇ ਮਾਨਵੀ ਸ਼ਕਤੀ ਦੇ ਸੋਸ਼ਣ ਦਾ ਭਰਪੂਰ ਖ਼ੁਲਾਸਾ ਕੀਤਾ ਹੈ।  
ਇਤਿਹਾਸਕਾਰਾਂ ਮੁਤਾਬਿਕ ਸ਼ਹਿਨਸ਼ਾਹ ਜਹਾਂਗੀਰ ਦੇ ਦਰਬਾਰੀ ਯਾਮਿਨੂਦੀਲਾ ਆਸਿਫ਼ ਖ਼ਾਂ ਘਰੇ 6 ਅਪ੍ਰੈਲ਼ 1593 ਈਸਵੀ ਨੂੰ ਜਨਮੀ ਅੰਜੂਮੰਦ ਬਾਨੋ ਪ੍ਰਤੀ ਸ਼ਾਹਜਹਾਂ ਦੇ ਮਨ ਅੰਦਰ ਪ੍ਰੇਮ-ਭਾਵ ਉਪਜਦਿਆਂ ਹੀ ਅੰਜੂਮੰਦ ਬਾਨੋ ਦੇ ਮਾਪਿਆਂ ਦੁਆਰਾ ਪੂਰਨ ਸਹਿਮਤੀ ਨਾਲ਼ ਪ੍ਰਸ਼ੰਸਾ-ਪੂਰਵਕ 1612 ਈ: ਵਿਚ ਦੋਨਾਂ ਦਾ ਨਿਕਾਹ ਕਰ ਦਿੱਤਾ ਗਿਆ। ਮੁਮਤਾਜ ਦੇ ਸੱਚੇ ਪ੍ਰੇਮ, ਬੁੱਧੀਮਾਨੀ ਅਤੇ ਮਿੱਠੜੇ ਸੁਭਾਅ ਨੇ ਸ਼ਾਹਜਹਾਂ ਨੂੰ ਐਨਾ ਜ਼ਿਆਦਾ ਮੋਹ ਲਿਆ ਕਿ ਦੋਨੋਂ ਇਕ-ਦੂਜੇ ਦੇ ਪਰਛਾਵੇਂ ਵਾਂਗ ਰਹਿਣ ਲੱਗੇ। ਮੁਮਤਾਜ ਨੇ ਜਿੱਥੇ ਆਪਣੀ ਅਕਲਮੰਦੀ, ਸੁਹੱਪਣ ਅਤੇ ਪਿਆਰ ਸਦਕਾ ਸ਼ਾਹਜਹਾਂ ਦੇ ਹੌਸਲ਼ੇ ਬੁਲੰਦ ਰੱਖੇ, ਉਥੇ ਉਸਨੇ ਸ਼ਾਸਨ-ਪ੍ਰਬੰਧ ਅਤੇ ਸਿਆਸਤ ਵਿਚ ਵੀ ਆਪਣੇ ਬਹੁਮੁੱਲੇ ਮਸ਼ਵਰਿਆਂ ਨਾਲ਼ ਸ਼ਾਹਜਹਾਂ ਦੀ ਭਰਪੂਰ ਸਹਾਇਤਾ ਕੀਤੀ। ਸ਼ਾਹਜਹਾਂ ਦੇ ਰਾਜ-ਤਿਲਕ ਦੇ ਦੂਜੇ ਵਰ੍ਹੇ 1631 ਈ: ਵਿਚ ਮੁਗ਼ਲ ਸਲਤਨਤ ਦੇ ਵਿਰੁੱਧ ਦੱਖਣ ਵਿਚ ਖ਼ਾਨ-ਏ-ਜਹਾਂ ਲੋਧੀ ਦੀ ਬਗ਼ਾਵਤ ਠੱਲਣ ਲਈ ਸ਼ਾਹਜਹਾਂ ਨੂੰ ਮੁਮਤਾਜ ਸਮੇਤ ਜਾਣਾ ਪਿਆ। ਬਦਕਿਸਮਤੀ ਨਾਲ਼ ਉਸ ਵੇਲ਼ੇ ਮੁਮਤਾਜ ਆਪਣੀ ਚੌਧਵੀਂ ਸੰਤਾਨ ਜਿਹੜੀ ਕਿ ਇਕ ਲੜਕੀ ਸੀ, ਦੇ ਜਣੇਪੇ ਉਪਰੰਤ ਸਿਹਤ ਵਿਚ ਗੜਬੜੀ ਕਾਰਨ ਪੀੜਾਂ ਦੀ ਤਾਬ ਨਾ ਸਹਾਰਦੀ ਹੋਈ 39 ਵਰ੍ਹਿਆਂ ਦੀ ਉਮਰ ਭੋਗ ਕੇ 17 ਜੂਨ 1631 ਈ: ਨੂੰ ਫ਼ਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਈ। ਆਪਣੀ ਚੌਧਵੀਂ ਸੰਤਾਨ ਜੌਹਰਆਰਾ ਬੇਗ਼ਮ ਦੇ ਜਣੇਪੇ ਵੇਲ਼ੇ ਮਰਨੋਂ ਪਹਿਲਾਂ ਮੁਮਤਾਜ ਨੇ ਸ਼ਾਹਜਹਾਂ ਤੋਂ ਇਹ ਵਚਨ ਲੈ ਲਿਆ ਸੀ ਕਿ ਉਸਦੀ ਮੌਤ ਉਪਰੰਤ ਉਹ ਇਕ ਅਜਿਹੀ ਆਲੀਸ਼ਾਨ ਯਾਦਗਾਰ ਉਸਰਵਾਏਗਾ ਜਿਸਨੂੰ ਸਾਰਾ ਸੰਸਾਰ ਯਾਦ ਕਰੇਗਾ। 
ਮੌਤ ਉਪਰੰਤ ਮੁਮਤਾਜ ਦੀ ਮ੍ਰਿਤਕ ਦੇਹ ਨੂੰ ਕੁਝ ਸਮਾਂ ਬੁਹਰਾਨਪੁਰ ਦੇ ਕੋਲ਼ ਤਾਪਤੀ ਨਦੀ ਦੇ ਦੂਜੇ ਪਾਰ ਜੈਨਾਬਾਦ ਦੇ ਬਗ਼ੀਚੇ ਅੰਦਰਲੀ ਇਕ ਇਮਾਰਤ ਵਿਚ ਰੱਖਿਆ ਗਿਆ। 9 ਦਸੰਬਰ 1631 ਨੂੰ ਇਸਨੂੰ ਆਗਰਾ ਭੇਜਿਆ ਗਿਆ ਜਿੱਥੇ ਕਿ 29 ਦਸੰਬਰ 1631 ਨੂੰ ਪੁੱਜਣ ਤੇ ਇਸਨੂੰ ਜਮੁਨਾ ਨਦੀ ਕਿਨਾਰੇ ਇਕ ਬਗ਼ੀਚੇ ਵਿਚ ਦਫ਼ਨਾ ਦਿੱਤਾ ਗਿਆ। ਮੁਮਤਾਜ ਦੀ ਯਾਦ ’ਚ ਸ਼ਾਹਜਹਾਂ ਨੇ ਆਲੀਸ਼ਾਨ ਇਮਾਰਤ ਦੀ ਉਸਾਰੀ ਲਈ ਜਿਹੜੀ ਜਗ੍ਹਾ ਚੁਣੀ ਉਹ ਜੈਪੁਰ ਦੇ ਰਾਜਾ ਜੈ ਸਿੰਘ ਦੀ ਸੁੰਦਰ ਕੋਠੀ ਸੀ। ਜੈ ਸਿੰਘ ਨੂੰ ਇਸ ਬਦਲੇ ਹੋਰ ਜਗ੍ਹਾ ਦੇ ਦਿੱਤੀ ਗਈ।
ਸ਼ਾਹਜਹਾਂ ਦੇ ਖੁੱਲ੍ਹੇਆਮ ਢੰਡੋਰਾ ਪਿਟਵਾਉਣ ਤੇ ਦੇਸ਼-ਵਿਦੇਸ਼ ਦੇ ਉਸਤਾਦ ਕਾਰੀਗਰਾਂ ਦੁਆਰਾ ਬਣਾਏ ਗਏ ਤਾਜ ਦੇ ਸੈਂਕੜੇ ਨਕਸ਼ੇ ਸ਼ਾਹਜਹਾਂ ਦੇ ਅੱਗੇ ਪਰੋਸੇ ਗਏ। ਆਖ਼ਰ ਤੁਰਕੀ ਦੇ ਉਸਤਾਦ ਈਸਾ ਆਫ਼ਾਦੀ ਦੁਆਰਾ ਬਣਾਇਆ ਗਿਆ ਨਕਸ਼ਾ ਸ਼ਾਹਜਹਾਂ ਨੂੰ ਪਸੰਦ ਆ ਗਿਆ। ਇਤਿਹਾਸਕਾਰਾਂ ਆਰ.ਸੀ. ਟੈਂਪੀਲ ਅਤੇ ਈ.ਬੀ. ਹੈਵੇਲ ਦੇ ਮੁਤਾਬਿਕ ਤਾਜ ਦਾ ਅੰਤਿਮ ਨਕਸ਼ਾ ਸ਼ਾਹਜਾਨੀ ਕਾਰੀਗਰ ਉਸਤਾਦ ਅਹਿਮਦ ਲਾਹੌਰੀ ਦੁਆਰਾ ਤਿਆਰ ਕੀਤਾ ਗਿਆ ਸੀ। ਨਕਸ਼ਾ ਚੁਣਨੋਂ ਬਾਅਦ ਸ਼ਾਹਜਹਾਂ ਨੇ ਇਸਦੇ ਨਿਰਮਾਣ ਦਾ ਕਾਰਜ ਉੱਚਕੋਟੀ ਦੇ ਕਾਰੀਗਰਾਂ ਦੇ ਸਪੁਰਦ ਕਰ ਦਿੱਤਾ। ਤਾਜ ਵਾਸਤੇ ਰਾਜਸਥਾਨ ਦੇ ਨਗੋਰ ਇਲਾਕੇ ’ਚ ਸਥਿਤ ਮਕਰਾਣਾ ਤੋਂ ਚਿੱਟਾ ਸੰਗਮਰਮਰ, ਤੋਲਪੁਰ ਅਤੇ ਫ਼ਤਹਿਪੁਰ ਸੀਕਰੀ ਤੋਂ ਲਾਲ ਪੱਥਰ ਅਤੇ ਨਰਮਦਾ ਅਤੇ ਚਾਰਕਾਂ ਤੋਂ ਪੀਲ਼ਾ ਅਤੇ ਕਾਲ਼ਾ ਪੱਥਰ ਮੰਗਵਾਇਆ ਗਿਆ।
ਤਾਜ ਦੀ ਉਸਾਰੀ ’ਚ ਜਿਨ੍ਹਾਂ ਦੇਸੀ ਅਤੇ ਵਿਦੇਸ਼ੀ ਕਾਰੀਗਰਾਂ ਨੇ ਆਪਣੀ ਕਲ਼ਾ ਦੇ ਜੌਹਰ ਵਿਖਾਏ ਉਨ੍ਹਾਂ ਵਿਚ ਅਨੰਤ ਖ਼ਾਨ, ਅਬਦੁੱਲਾ, ਅਬਦੁਲ ਗ਼ਾਫ਼ਰ, ਅਬਦੁਲ ਰਸਹੀਦ, ਅਰਬ, ਸਿਰਾਜੀ, ਅਮੀਰ ਅਲੀ, ਆਰਾ ਮੁਹੰਮਦ, ਬਲਦੇਵ ਦਾਸ, ਅੱਬੂ ਮੁਹੰਮਦ, ਬਸ਼ਾਰਤ ਅਲੀ, ਅੱਬੂ ਤੁਰਬ ਖ਼ਾਨ, ਭਗਵਾਨ ਦਾਸ, ਬੰਸੀਦਰ ਚਿਰੰਜੀ ਲਾਲ, ਛੋਟੇ ਲਾਲ, ਚਿੰਤਾਮਣੀ, ਹੀਰਾਮਣੀ, ਹਤੀਸ ਇਬਾਦ, ਇਸਮਾਈਲ ਅਫ਼ਾਦੀ, ਜੋਮਰ ਲਾਲ, ਜਮਨਾ ਦਾਸ, ਕਾਦਰ ਜੇਮਨ ਖ਼ਾਂ, ਮੁਹੰਮਦ ਸ਼ਰੀਫ਼, ਮਨੂੰ ਲਾਲ, ਮੁਹੰਮਦ ਯੂਸਫ਼, ਮਨੋਹਰ ਦਾਸ, ਮਾਧੋ ਰਾਮ, ਮਨੋਹਰ ਸਿੰਘ, ਮੋਹਨ ਲਾਲ, ਮੁਹੰਮਦ ਹਨੀਕ, ਮੁਹੰਮਦ ਖ਼ਾਨ, ਮੁਹੰਮਦ ਸੁਲੇਮਾਨ ਸੁਖ, ਮੁਹੰਮਦ ਅਫ਼ਦਲ ਬੁਖ਼ਾਰੀ, ਮੂਲਰਾਜ ਖ਼ਾਸੀਮ ਖ਼ਾਨ, ਸ਼ਮਸੂਦੀਨ ਅਲੀ, ਸੰਤਰ ਖ਼ਾਨ, ਸਿਰਾਜੀ ਲਾਲ, ਉਸਤਾਦ ਈਸਾ, ਅਹਿਮਦ ਲਾਹੌਰੀ, ਬਾਬ ਖ਼ਾਨ ਆਦਿ ਨਾਮ ਵਿਸ਼ੇਸ਼ ਜ਼ਿਕਰਯੋਗ ਹਨ।       
ਚਿੱਟੇ, ਲਾਲ, ਪੀਲ਼ੇ ਅਤੇ ਕਾਲ਼ੇ ਪੱਥਰਾਂ ਤੋਂ ਇਲਾਵਾ ਤਾਜ ਵਾਸਤੇ ਜਿਹੜੇ ਬੇਸ਼ਕੀਮਤੀ ਜਵਾਹਰਾਤ ਵਰਤੇ ਗਏ ਉਨ੍ਹਾਂ ’ਚ 232 ਪੀਸ ਜਾਮਨੀ, 1075 ਪੀਸ ਮੋਸਾ, 427 ਪੀਸ ਅਰਬੀ, 540 ਪੀਸ ਅਗੀਗ, 50 ਪੀਸ ਤਾਮੜਾ, 74 ਪੀਸ ਬੀਲੂਰ, 44 ਪੀਸ ਸੰਖ਼, 65 ਪੀਸ ਬਾਦਲ, 142 ਪੀਸ ਮੂੰਗਾ, 625 ਪੀਸ ਹੀਰਾ, 42 ਪੀਸ ਪੰਨਾ, 1600 ਪੀਸ ਗੋਦਰ, 76 ਪੀਸ ਗ਼ੁਲਾਬੀ, 95 ਪੀਸ ਜਦਵਾਰ, 54 ਪੀਸ ਯਾਸ਼ਾਹ, 340 ਪੀਸ ਖਾਟੂ, 677 ਪੀਸ ਖ਼ਾਰਾ, 243 ਪੀਸ ਲਾਜਵਦ, 77 ਪੀਸ ਮਕਾਨਤੀਸ, 619 ਪੀਸ ਦਾਹੁਤ ਫਰਾਗ਼, 82 ਪੀਸ ਨਕਦ, 5509 ਪੀਸ ਸੁਲੇਮਾਨੀ, 50 ਪੀਸ ਮੋਤੀ, 616 ਪੀਸ ਪੇਜਹਾਰ, 4579 ਪੀਸ ਪੁਟਨੀਆ, 17 ਪੀਸ ਪੋਖੜੀ, 27 ਪੀਸ ਰੇਗ,27 ਪੀਸ ਮਣੀ, 142 ਪੀਸ ਸੁਕੂਰਤ, 34 ਪੀਸ ਬੰਸੀ, 74 ਪੀਸ ਨੀਲਮ, 575 ਪੀਸ ਸੁਮਗ, 670 ਪੀਸ ਫ਼ਿਰੋਜ਼ਾ, 97 ਪੀਸ ਸਤੂਰਖ਼ਰ ਆਦਿ ਸ਼ਾਮਿਲ ਹਨ।
ਤਾਜ ਮਹਿਲ ਲਾਲ ਪੱਥਰ ਦੀ ਇਕ ਬੇਹੱਦ ਮਜ਼ਬੂਤ ਅਤੇ ਵਿਸ਼ਾਲ ਦੀਵਾਰ ਨਾਲ਼ ਘਿਰਿਆ ਹੋਇਆ ਹੈ। ਇਸ ਦੀਵਾਰ ’ਚ ਪੂਰਬ, ਪੱਛਮ ਅਤੇ ਦੱਖਣ ਵਾਲ਼ੇ ਪਾਸੇ ਪੂਰਬੀ, ਪੱਛਮੀ ਅਤੇ ਦੱਖਣੀ ਦਰਵਾਜ਼ੇ ਸਥਿਤ ਹਨ। ਇਨ੍ਹਾਂ ਲੰਮੇ ਅਤੇ ਵਿਸ਼ਾਲ ਲਾਲ ਪੱਥਰ ਤੋਂ ਬਣੇ ਦਰਵਾਜ਼ਿਆਂ ਦੀ ਖ਼ੂਬਸੂਰਤੀ ਵੇਖਣਯੋਗ ਹੈ। ਪੂਰਬੀ ਦਰਵਾਜ਼ਾ ਫ਼ਤਹਿਬਾਦ ਵਾਲ਼ੇ ਪਾਸੇ ਹੈ। ਸ਼ਾਹਜਹਾਂ ਦੀ ਦੂਜੀ ਪਤਨੀ ਸਰਹਿੰਦੀ ਬੇਗ਼ਮ ਦੀ ਯਾਦ ’ਚ ਇਥੇ ਅੱਠਕੋਣੇ ਆਕਾਰ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ ਜਿਸਦੀਆਂ 24 ਮਹਿਰਾਬਾਂ ਹਨ। ਦਰਵਾਜ਼ੇ ਦੇ ਬਾਹਰ ਸ਼ਾਹੀ ਗਊਸ਼ਾਲਾ ਹੈ। ਤਾਜਗੰਜ ਵਾਲ਼ੇ ਪਾਸੇ ਤਾਜ ਮਹਿਲ ਦਾ ਦੱਖਣੀ ਦਰਵਾਜ਼ਾ ਹੈ। ਇਸ ਦਰਵਾਜ਼ੇ ਦੇ ਇਕ ਪਾਸੇ ਮੁਮਤਾਜ ਮਹਿਲ ਦੀ ਇਕ ਸਹੇਲੀ ਦੀ ਯਾਦ ’ਚ ਮਕਬਰਾ ਬਣਿਆ ਹੋਇਆ ਹੈ ਜਿਸਦੇ ਇਰਦ-ਗ਼ਿਰਦ ਦਾਲਾਨ ਬਣੇ ਹੋਏ ਹਨ।
ਪੱਛਮੀ ਦਰਵਾਜ਼ਾ ਆਗਰਾ ਛਾਉਣੀ ਵਾਲ਼ੇ ਪਾਸੇ ਹੈ ਜਿਸਦੇ ਬਾਹਰਲੇ ਪਾਸੇ ਸ਼ਾਹਜਹਾਂ ਦੀ ਪਤਨੀ ਫ਼ਤਹਿਪੁਰੀ ਬੇਗ਼ਮ ਦੀ ਸਮ੍ਰਿਤੀ ਵਿਚ 103 ਫ਼ੁੱਟ ਲੰਮੀ ਅਤੇ 55 ਫ਼ੁੱਟ ਚੌੜੀ 176 ਮਨੁੱਖਾਂ ਦੇ ਇਕੱਠਿਆਂ ਨਮਾਜ਼ ਅਦਾ ਕਰਨ ਵਾਲ਼ੀ ਸੁੰਦਰ ਮਸਜਿਦ ਉਸਾਰੀ ਗਈ ਹੈ। ਪੱਛਮੀ ਦਰਵਾਜ਼ੇ ਵੜਦਿਆਂ ਹੀ ਦੋਵੇਂ ਪਾਸੇ ਲਾਲ ਪੱਥਰ ਤੋਂ ਬਣੀਆਂ ਸਰਾਵਾਂ ਹਨ ਜਿੱਥੇ ਬਣੇ 128 ਕਮਰਿਆਂ ’ਚ ਯਾਤਰੀ ਅਤੇ ਗ਼ਰੀਬ ਮਨੁੱਖ ਰਿਹਾ ਕਰਦੇ ਸਨ। ਅੱਗੇ ਖੁੱਲ੍ਹੇ ਵਿਹੜੇ ਦੇ ਉੱਤਰ ਵਾਲ਼ੇ ਪਾਸੇ 211 ਫ਼ੁੱਟ ਲੰਮੇ, 86 ਫ਼ੁੱਟ ਚੌੜੇ ਮਜ਼ਬੂਤ ਚਬੂਤਰੇ ਉੱਪਰ 100 ਫ਼ੁੱਟ ਉੱਚਾ ਅਤੇ 151 ਫ਼ੁੱਟ ਚੌੜਾ ‘ਤਾਜ ਦਰਵਾਜ਼ਾ’ ਉਸਾਰਿਆ ਗਿਆ ਹੈ। ਲਾਲ ਪੱਥਰ ਸਮੇਤ ਅੱਠ ਪਦਾਰਥਾਂ ਤੋਂ ਬਣੇ ਇਸ ਵਿਸ਼ਾਲ ਦਰਵਾਜ਼ੇ ਉੱਪਰ ਕਾਲ਼ੇ ਸੰਗਮਰਮਰ ਨੂੰ ਕੱਟ ਕੇ ਕੁਰਾਨ ਦੀਆਂ ਪਵਿੱਤਰ ਆਇਤਾਂ ਨੂੰ ਇਸ ਢੰਗ ਨਾਲ਼ ਉਕਰਵਾਇਆ ਗਿਆ ਹੈ ਕਿ ਹੇਠੋਂ ਉੱਪਰ ਵੱਲ ਨੂੰ ਵੇਖਿਆਂ ਉੱਪਰਲੇ ਅੱਖਰ ਜਿੰਨੇ ਵੱਡੇ ਦਿਸਦੇ ਹਨ, ਓਨੇ ਹੀ ਉੱਪਰੋਂ ਹੇਠਾਂ ਵੱਲ ਨੂੰ ਵੇਖਿਆਂ ਲਗਦੇ ਹਨ।16 ਤਰਫ਼ੀ ਛੱਤ ਵਾਲ਼ੇ ਇਸ ਦਰਵਾਜ਼ੇ ਅੰਦਰ ਅੱਠਕੋਣਾ ਦਲਾਨ ਹੈ। ਦਰਵਾਜ਼ੇ ਦੇ ਪੱਛਮੀ ਪਾਸੇ ਲਿਖਿਆ ਹੈ ਕਿ ਇਹ ਦਰਵਾਜ਼ਾ ਖ਼ੁਦਾਅ ਦੇ ਫ਼ਜ਼ਲ ਨਾਲ਼ 1057 ਹਿਜਰੀ (1641 ਈ:) ਵਿਚ ਮੁਕੰਮਲ ਹੋਇਆ। 
ਤਾਜ ਦਰਵਾਜ਼ੇ ਅੰਦਰਲੀ ਗੁੰਬਦਨੁਮਾ ਲਾਲ ਛੱਤ ਉੱਪਰ ਚਿੱਟੇ ਰੰਗ ਨਾਲ਼ ਮਨਮੋਹਕ ਜਾਲ਼ ਦੀ ਸਿਰਜਣਾ ਕੀਤੀ ਗਈ ਹੈ ਅਤੇ ਮੱਧ ਵਿਚ ਲਾਰਡ ਕਰਜ਼ਨ ਦੁਆਰਾ 350 ਪੌਂਡਾਂ ਨਾਲ਼ ਮਿਸਰ ਤੋਂ ਤਿਆਰ ਕਰਵਾ ਕੇ 1909 ਈ: ਵਿਚ ਭੇਜੀ ਗਈ ਪਿੱਤਲ ਦੀ ਇਕ ਸੁੰਦਰ ਲਾਲਟੈਨ ਲਟਕਦੀ ਹੈ। ਦਰਵਾਜ਼ੇ ਦੇ ਖੱਬੇ ਪਾਸੇ ਤਾਜ ਮਿਊਜ਼ੀਅਮ ਸਥਿਤ ਹੈ ਜਿੱਥੇ ਕਿ ਤਾਜ ਅਤੇ ਆਗਰਾ ਨਾਲ਼ ਸਬੰਧਿਤ ਅਨੇਕਾਂ ਬਹੁਮੁੱਲੇ ਦੁਰਲਭ ਚਿੱਤਰ ਸਾਂਭੇ ਪਏ ਹਨ। 
ਤਾਜ ਦਰਵਾਜ਼ੇ ਤੋਂ ਥੱਲੇ ਉੱਤਰਦਿਆਂ ਹੀ 1860 ਫ਼ੁੱਟ ਲੰਮਾ ਅਤੇ 1000 ਫ਼ੁੱਟ ਚੌੜਾ ਹਰਿਆਲਾ ਬਾਗ਼ ਹੈ ਜਿਸਦਾ ਨਕਸ਼ਾ ਅਲੀ ਮਰਦਾਨ ਨੇ ਤਿਆਰ ਕੀਤਾ ਸੀ। ਬਾਗ਼ ਦੇ ਕੇਂਦਰ ’ਚ ਮਕਬਰਾ ਹੈ। ਤਾਜ ਦਰਵਾਜ਼ੇ ਤੋਂ ਤਾਜ ਤੀਕਰ ਸਰੂ ਦੇ ਬਿਰਖ਼ਾਂ ਨਾਲ਼ ਸਜਾਈ 16.25 ਫ਼ੁੱਟ ਚੌੜੀ ਫ਼ੁਹਾਰਿਆਂ ਵਾਲ਼ੀ ਇਕ ਨਹਿਰ ਵਹਿੰਦੀ ਹੈ ਜਿਹੜੀ ਕਿ ਮਕਬਰੇ ਤੀਕਰ 412 ਫ਼ੁੱਟ ਲੰਮੀ ਹੈ। ਬਾਗ਼ ਦੇ ਐਨ ਵਿਚਕਾਰ 76 ਫ਼ੁੱਟ ਲੰਮਾ, 73 ਫ਼ੁੱਟ ਚੌੜਾ ਅਤੇ 5 ਫ਼ੁੱਟ ਡੂੰਘਾ ਨਿਰਮਲ਼ ਜਲ ਨਾਲ਼ ਭਰਿਆ 5 ਫ਼ੁਹਾਰਿਆਂ ਵਾਲ਼ਾ ਖ਼ੂਬਸੂਰਤ ਹੌਜ ਹੈ। ਕੰਵਲ ਦੇ ਫੁੱਲ ਅਤੇ ਰੰਗ-ਬਿਰੰਗੀਆਂ ਮਨਮੋਹਕ ਮੱਛੀਆਂ ਹਰ ਵੇਲ਼ੇ ਇਸ ’ਚ ਤੈਰਦੀਆਂ ਰਹਿੰਦੀਆਂ ਹਨ। ਹੌਜ ਦੇ ਚੁਪਾਸੀਂ ਬੈਠਣ ਵਾਸਤੇ 4 ਚੌਂਕੀਆਂ ਬਣੀਆਂ ਹੋਈਆਂ ਹਨ। ਬਾਗ਼ ’ਚ ਤਕਰੀਬਨ 450 ਵਰ੍ਹੇ ਪੁਰਾਣਾ ਸੈਮਰ ਦਾ ਰੁੱਖ ਅੱਜ ਵੀ ਮੌਜੂਦ ਹੈ। ਬਾਗ਼ ਦੇ ਉੱਤਰੀ ਹਿੱਸੇ ਵਿਚ ਜਮਨਾ ਨਦੀ ਕੰਢੇ 4.5 ਫ਼ੁੱਟ ਉੱਚੇ ਲਾਲ ਪੱਥਰ ਦੇ ਚਬੂਤਰੇ ਉੱਪਰ 313 ਫ਼ੁੱਟ ਵਰਗਾਕਾਰ ਦਾ 18 ਫ਼ੁੱਟ ਉੱਚਾ ਚਿੱਟੇ ਸੰਗਮਰਮਰ ਦਾ ਚਬੂਤਰਾ ਉਸਰਿਆ ਹੋਇਆ ਹੈ ਜਿਸ ਉੱਪਰ ਸੰਸਾਰ ਦੇ ਸਭ ਤੋਂ ਵਿਲੱਖਣ ਅਤੇ ਖ਼ੂਬਸੂਰਤ ਤਾਜ ਮਹਿਲ ਦੀ ਮੁੱਖ ਇਮਾਰਤ ਸੁਸ਼ੋਭਿਤ ਹੈ। ਚਬੂਤਰੇ ਉੱਪਰ ਚੜ੍ਹਣ ਲਈ 22-22 ਪੌੜੀਆਂ ਵਾਲ਼ੇ ਦੋ ਰਸਤੇ ਹਨ। ਚਬੂਤਰੇ ਦਾ ਫ਼ਰਸ਼ ਸਫ਼ੈਦ ਅਤੇ ਕਾਲ਼ੇ ਸੰਗਮਰਮਰ ਦੇ ਵਰਗਾਕਾਰ ਟੁਕੜਿਆਂ ਨੂੰ ਕੱਟ ਕੇ ਬਣਾਇਆ ਗਿਆ ਹੈ। ਮਕਬਰਾ ਤਾਜ ਦਾ ਮੁੱਖ ਭਵਨ ਅੱਠਕੋਣੇ ਆਕਾਰ ਦਾ ਹੈ ਜਿਸਦੇ ਚਾਰ ਵੱਡੇ ਪਾਸੇ 139 ਫ਼ੁੱਟ ਅਤੇ ਚਾਰ ਛੋਟੇ ਪਾਸੇ 33 ਫ਼ੁੱਟ ਲੰਮੇ ਹਨ। ਚਿੱਟੇ ਸੰਗਮਰਮਰ ਤੋਂ ਬਣੇ ਇਸ ਸਮੁੱਚੇ ਭਵਨ ਉੱਪਰ ਰੰਗੀਨ ਪੱਥਰਾਂ ਦੀ ਬੜੀ ਹੈਰਤਅੰਗੇਜ਼ ਨੱਕਾਸ਼ੀ ਕੀਤੀ ਗਈ ਹੈ। ਤਾਜ ਉੱਪਰ ਕਾਲ਼ੇ ਸੰਗਮਰਮਰ ਨੂੰ ਕੱਟ ਕੇ ਕੁਰਾਨ ਦੀਆਂ ਪਵਿੱਤਰ ਆਇਤਾਂ ਖੁਦਵਾਈਆਂ ਗਈਆਂ ਹਨ।
81 ਫ਼ੁੱਟ ਉੱਚੇ ਤਾਜ ਦੇ ਮੁੱਖ ਗੁੰਬਦ ਦੀ ਗੋਲ਼ਾਈ 55 ਫ਼ੁੱਟ ਹੈ ਅਤੇ ਛੋਟੇ ਗੁੰਬਦ ਦੀ ਗੋਲ਼ਾਈ 27 ਫ਼ੁੱਟ ਹੈ। ਗੁੰਬਦ ਉੱਪਰ 30 ਫ਼ੁੱਟ ਉੱਚਾ ਸ਼ੁੱਧ ਤਾਂਬੇ ਦਾ ਕਲਸ਼ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਤਾਂਬੇ ਦੇ ਇਸ ਕਲਸ਼ ਉੱਪਰ ਪਹਿਲਾਂ ਸੋਨਾ ਮੜ੍ਹਵਾਇਆ ਗਿਆ ਸੀ ਜਿਸਨੂੰ ਫ਼ਿਰੰਗੀ ਲੁੱਟ ਕੇ ਲੈ ਗਏ ਸਨ। ਤਾਜ ਮਕਬਰਾ ਬਾਗ਼ ਵੱਲੋਂ 243 ਤੇ ਜਮਨਾ ਵਾਲ਼ੇ ਪਾਸਿਓਂ 270 ਫ਼ੁੱਟ ਦੀ ਉੱਚਾਈ ਤੀਕਰ ਬਣਿਆ ਹੋਇਆ ਹੈ ਜਿਹੜਾ ਕਿ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ 5 ਫ਼ੁੱਟ ਉੱਚਾ ਹੈ। ਤਾਜ ਦੇ ਚੁਫ਼ੇਰੇ 164-164 ਪੌੜੀਆਂ ਵਾਲ਼ੇ ਤਿੰਨ-ਮੰਜ਼ਲੇ ਚਾਰ ਮੀਨਾਰ ਰੱਖਿਅਕਾਂ ਵਾਂਗੂੰ ਤਾਇਨਾਤ ਖੜ੍ਹੇ ਹਨ। ਮੁੱਖ ਗੁੰਬਦ ਦੇ ਹੇਠਾਂ ਜੇਕਰ ਜ਼ਰਾ ਜਿੰਨੀ ਵੀ ਆਵਾਜ਼ ਪੈਦਾ ਕੀਤੀ ਜਾਵੇ ਤਾਂ ਉਹ ਇੰਨੀ ਉੱਚੀ ਗੂੰਜਦੀ ਹੈ ਕਿ ਮਾਹੌਲ਼ ਨੂੰ ਡਰਾਉਣਾ ਬਣਾ ਦਿੰਦੀ ਹੈ। 
ਗੁੰਬਦ ਥੱਲੇ ਮੁਮਤਾਜ ਮਹਿਲ ਅਤੇ ਸ਼ਾਹਜਹਾਂ ਦੀਆਂ ਬੇਸ਼ਕੀਮਤੀ ਨਗੀਨਿਆਂ ਨਾਲ਼ ਜੜੀਆਂ ਕਬਰਾਂ ਹਨ। 10.5 ਫ਼ੁੱਟ ਲੰਮੇ, 6.5 ਫ਼ੁੱਟ ਚੌੜੇ ਅਤੇ 1.5 ਫ਼ੁੱਟ ਉੱਚੇ ਕੀਮਤੀ ਜਵਾਹਰਾਤਾਂ ਦੀ ਨੱਕਾਸ਼ੀ ਵਾਲ਼ੇ ਥੜ੍ਹੇ ਉੱਪਰ 6.5 ਫ਼ੁੱਟ ਲੰਮੀ, 3.5 ਫ਼ੁੱਟ ਚੌੜੀ ਅਤੇ 2.75 ਫ਼ੁੱਟ ਉੱਚੀ ਮੁਮਤਾਜ ਦੀ ਕਬਰ ਹੈ ਜਿਸਦੇ ਉੱਪਰ ਕਾਲ਼ੇ ਹਰਫ਼ਾਂ ’ਚ ਲਿਖਿਆ ਹੈ ਕਿ “ਇਹ ਕਬਰ ਬੇਗ਼ਮ ਅੰਜੂਮਦ ਬਾਨੋ (ਮੁਮਤਾਜ ਮਹਿਲ) ਦੀ ਹੈ ਜੋ 1040 ਹਿਜਰੀ (1630 ਈ:) ਵਿਚ ਗੁਜ਼ਰ ਗਈ। ਮੌਤ ਵੇਲ਼ੇ ਪਰੀਆਂ ਉਸਨੂੰ ਮਿਲਣ ਆਈਆਂ ਅਤੇ ਫ਼ਰਿਸ਼ਤਿਆਂ ਨੇ ਕਿਹਾ ਕਿ ਸਵਰਗ ’ਚ ਮੁਮਤਾਜ ਲਈ ਹਮੇਸ਼ਾ ਮੁਕਾਮ ਬਣਿਆ ਰਹੇ!”
ਮੁਮਤਾਜ ਦੀ ਕਬਰ ਦੇ ਪੱਛਮ ਵੱਲ 6 ਇੰਚ ਦੇ ਫ਼ਾਸਲੇ ਤੇ ਔਰੰਗਜ਼ੇਬ ਦੁਆਰਾ ਬਣਵਾਈ ਗਈ ਆਪਣੇ ਪਿਤਾ ਸ਼ਾਹਜਹਾਂ ਦੀ ਕਬਰ ਹੈ। 11.5 ਫ਼ੁੱਟ ਲੰਮੇ, 7.5 ਫ਼ੁੱਟ ਚੌੜੇ ਅਤੇ 3 ਫ਼ੁੱਟ ਉੱਤੇ ਥੜ੍ਹੇ ਉੱਪਰ 7 ਫ਼ੁੱਟ ਲੰਮੀ, 3.25 ਫ਼ੁੱਟ ਚੌੜੀ ਅਤੇ 3 ਫ਼ੁੱਟ ਉੱਚੀ ਇਸ ਕਬਰ ਉੱਪਰ ਲਿਖਿਆ ਹੋਇਆ ਹੈ, “ਮਹਾਨ ਸਮਰਾਟ, ਸਵਰਗ ਦੇ ਵਾਸੀ ਅਤੇ ਨਛੱਤਰਾਂ ਦੇ ਦੂਜੇ ਮਹਾਂਰਾਜ ਸ਼ਾਹਜਹਾਂ ਦਾ ਇਹ ਮਕਬਰਾ ਸਦਾ ਸੁਸ਼ੋਭਿਤ ਰਹੇ!” ਕਬਰ ਉੱਪਰ ਸ਼ਾਹਜਹਾਂ ਦੀ ਮਰਨ-ਤਿਥੀ 1076 ਹਿਜਰੀ (1666ਈ:) ਵੀ ਅੰਕਿਤ ਹੈ। ਦੋਨਾਂ ਕਬਰਾਂ ਉੱਪਰ ਲਾਰਡ ਕਰਜ਼ਨ ਦੁਆਰਾ ਭੇਂਟ ਕੀਤੀ ਗਈ ਅਨਮੋਲ਼ ਪਿੱਤਲ਼ ਦੀ ਲਾਲਟੈਨ ’ਚ ਹਰ ਵੇਲ਼ੇ ਰੌਸ਼ਨ ਰਹਿਣ ਵਾਲ਼ੀਆਂ ਦੋ ਸੁੰਦਰ ਚਾਂਦੀ ਦੀਆਂ ਮੋਮਬੱਤੀਆਂ ਲਟਕਦੀਆਂ ਹਨ। ਇਨ੍ਹਾਂ ਕਬਰਾਂ ਦੇ ਬਿਲਕੁਲ਼ ਥੱਲੇ 62.5 ਫ਼ੁੱਟ ਲੰਮੇ ਅਤੇ 23 ਫ਼ੁੱਟ ਚੌੜੇ ਤਹਿਖ਼ਾਨੇ ਅੰਦਰ ਦੋਵੇਂ ਅਸਲੀ ਕਬਰਾਂ ਮੌਜੂਦ ਹਨ। ਤਾਜ ਦੇ ਦੁਆਲ਼ੇ 10 ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਸੰਗਮਰਮਰ ਦੀ ਇਕ ਸੁੰਦਰ ਜਾਲ਼ੀ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਇਥੇ ਬਾਦਸ਼ਾਹ ਸ਼ਾਹਜਹਾਂ ਨੇ 6 ਲੱਖ ਰੁਪਏ ਦੀ ਲਾਗਤ ਨਾਲ਼ ਜੜਿਆ ਸ਼ੁੱਧ ਸੋਨੇ ਦਾ ਪਰਦਾ ਜੜਵਾਇਆ ਸੀ ਪਰ ਲੁਟੇਰਿਆਂ ਦੁਆਰਾ ਲੁੱਟੇ ਜਾਣ ਦੇ ਡਰੋਂ ਇਸਨੂੰ ਉਖੜਵਾ ਕੇ 1642 ਈ: ਵਿਚ ਇਸਦੀ ਜਗ੍ਹਾ 50 ਹਜ਼ਾਰ ਰੁਪਏ ਦੀ ਲਾਗਤ ਵਾਲ਼ੀ ਚਿੱਟੇ ਸੰਗਮਰਮਰ ਦੀ ਇਕ ਮੁਲਾਇਮ ਜਾਲ਼ੀ ਜੜਵਾਈ ਗਈ ਸੀ। ਤਾਜ ਦੇ ਪੂਰਬੀ ਪਾਸੇ ਮਸਜਿਦ ਦੀ ਸ਼ਕਲ ਵਰਗਾ ਲਾਲ ਪੱਥਰ ਦਾ ਇਕ ਸੁੰਦਰ ਭਵਨ ਜਮੀਅਤਖ਼ਾਨਾ ਬਣਿਆ ਹੋਇਆ ਹੈ ਜਿਸ ’ਚ ਮੁਮਤਾਜ ਮਹਿਲ ਦਾ ਉਰਸ ਮਨਾਇਆ ਸੀ। ਇਸਦੇ ਉਲਟ ਪੱਛਮੀ ਪਾਸੇ ਚਿੱਟੇ ਸੰਗਮਰਮਰ ਦੇ ਗੁੰਬਦ ਵਾਲ਼ੀ ਅਤੇ ਚੁਪਾਸਿਓਂ ਤਿੰਨ-ਤਿੰਨ ਮੰਜ਼ਲੇ ਲਾਲ ਪੱਥਰ ਦੇ ਮੀਨਾਰਾਂ ਵਾਲ਼ੀ 539 ਮਨੁੱਖਾਂ ਦੇ ਇੱਕੋ ਵੇਲ਼ੇ ਨਮਾਜ਼ ਪੜ੍ਹਣ ਵਾਲ਼ੀ ਅਤਿ ਸੁੰਦਰ ਮਸਜਿਦ ਹੈ ਜਿਸ ਅੰਦਰਲੀਆਂ ਛੱਤਾਂ ਉੱਪਰ ਫੁੱਲ-ਪੱਤੀਆਂ ਦੀ ਦਿਲਕਸ਼ ਮੀਨਾਕਾਰੀ ਕੀਤੀ ਹੋਈ ਹੈ। ਇਸ ਮਸਜਿਦ ਦੇ ਲਾਲ ਅਤੇ ਕਾਲ਼ੇ ਪੱਥਰਾਂ ਦੇ ਫ਼ਰਸ਼ ਦੇ ਵਿਚਕਾਰ ਇਕ ਸਵੱਛ ਪਾਣੀ ਦਾ ਤਲਾਅ ਵੀ ਹੈ ਜਿਥੋਂ ਸੁੱਚਿਆਂ ਹੋ ਕੇ ਨਮਾਜ਼ੀ ਨਮਾਜ਼ ਅਦਾ ਕਰਦੇ ਹਨ। ਸ਼ਾਹਜਹਾਂ ਦਾ ਵਿਚਾਰ ਸੀ ਕਿ ਉਹ ਤਾਜ ਮਹਿਲ ਦੇ ਉਲਟ ਜਮਨਾ ਦੇ ਦੂਜੇ 3 ਲੱਖ ਰੁਪਏ ਦੀ ਲਾਗਤ ਨਾਲ਼ ਇਕ ਪੁਲ਼ ਉਸਰਵਾਕੇ ਕਾਲ਼ੇ ਪੱਥਰ ਦਾ ਤਕਰੀਬਨ 4 ਕਰੋੜ ਦਾ ਭਵਨ ਬਣਵਾਏਗਾ। ਜਮਨਾ ਦੇ ਪਾਰ ਮਹਿਤਾਬ ਬਾਗ਼ ਵਿਚ ਉਸਨੇ ਇਸ ਭਵਨ ਦਾ ਅਜੇ ਇਕ ਬੁਰਜ ਹੀ ਬਣਵਾਇਆ ਸੀ ਕਿ ਉਹ ਅਚਾਨਕ ਬੀਮਾਰ ਪੈ ਗਿਆ। ਉਸਦੇ ਬਾਗ਼ੀ ਪੁੱਤਰ ਔਰੰਗਜ਼ੇਬ ਨੇ ਉਸਨੂੰ ਕੈਦ ਕਰਕੇ ਆਗਰਾ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ। ਉਥੇ ਸ਼ਾਹਜਹਾਂ ਦੀ ਕਿਲ੍ਹੇ ਦੀ ਕੈਦ ਵਿਚ ਹੀ ਮੌਤ ਹੋ ਗਈ। ਮੌਤ ਮਗਰੋਂ ਔਰੰਗਜ਼ੇਬ ਨੇ ਉਸਨੂੰ ਉਸਦੀ ਅੰਤਿਮ ਇੱਛਾ ਅਨੁਸਾਰ ਤਾਜ ਮਹਿਲ ਹੇਠਲੀ ਮੁਮਤਾਜ ਮਹਿਲ ਦੀ ਕਬਰ ਦੇ ਨਾਲ਼ ਹੀ ਦਫ਼ਨਾ ਦਿੱਤਾ ਅਤੇ ਉਸਦੀ ਕਬਰ ਦੀ ਉਸਾਰੀ ਕਰਵਾ ਦਿੱਤੀ। ਮੁਹੱਬਤ ਦੇ ਇਹ ਦੋਨੋਂ ਫ਼ਰਿਸ਼ਤੇ ਸਦੀਆਂ ਤੀਕਰ ਤਾਜ ਮਹਿਲ ਦੇ ਨਾਲ-ਨਾਲ਼ ਸਦਾ ਲਈ ਯਾਦ ਕੀਤੇ ਜਾਂਦੇ ਰਿਹਾ ਕਰਨਗੇ।
ਸੰਸਾਰ ਦੇ ਇਸ ਸੱਤਵੇਂ ਅਜੂਬੇ ਬਾਰੇ ਫ਼ਰਵਰੀ 1942 ਵਿਚ ਤਾਜ ਵੇਖਣ ਆਈ ਚੀਨ ਦੀ ਸੁਪ੍ਰਸਿੱਧ ਇਸਤਰੀ ਨੇਤਾ ਕਹਿੰਦੀ ਹੈ ਕਿ ਉਸਦੇ ਵਿਚਾਰ ’ਚ ਤਾਜ ਇਕ ਸੁੰਦਰ ਭਵਨ ਤੋਂ ਵੀ ਵਧੇਰੇ ਇਕ ਸੁੰਦਰ ਆਤਮਾ ਦਾ ਪ੍ਰਤੀਬਿੰਬ ਹੈ। ਵਿਸ਼ਵ ਦਾ ਸਭ ਤੋਂ ਖ਼ੂਬਸੂਰਤ ਅਤੇ ਨਿਵੇਕਲਾ ਤਾਜ ਮਹਿਲ ਸੱਚੇ ਇਸ਼ਕ ਦਾ ਸਾਕਾਰ ਮੁਜੱਸਮਾ ਹੈ ਜਿਸਦਾ ਦੀਦਾਰ ਕਰਦਿਆਂ ਹਰੇਕ ਸਾਫ਼ ਹਿਰਦੇ ਵਾਲ਼ੇ ਮਨੁੱਖ ਨੂੰ ਪਰਮ ਆਨੰਦ ਮਹਿਸੂਸ ਹੁੰਦਾ ਹੈ।


ਜਸਵੰਤ ਭਾਰਤੀ
ਸਲੇਮਪੁਰਾ,
 ਸਿਧਵਾਂ ਬੇਟ-142 033
(ਲੁਧਿਆਣਾ) 
 ਫੋਨ: 9872727789, 
9646312536  
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template