Headlines News :
Home » » ਭਗਤ ਸਿੰਘ - ਰਾਜਵਿੰਦਰ ਮੀਰ

ਭਗਤ ਸਿੰਘ - ਰਾਜਵਿੰਦਰ ਮੀਰ

Written By Unknown on Saturday, 9 November 2013 | 00:11

ਭਗਤ ਸਿੰਘ
ਸ਼ਮਲ੍ਹੇ ’ਚ ਟੰਗ ਕੇ
ਸਰ੍ਹੋਂ ਫੁੱਲ ਦੇ ਪਰਾਗ ਕਣ
ਕਿਹੜੀ ਦੁਨੀਆਂ ਨੂੰ ਚੱਲਿਐਂ

ਫ਼ਾਂਸੀ ਤੋਂ ਅਗਾਂਹ ਦੀ ਦੁਨੀਆਂ
ਠੰਡੀ, ਹਨੇਰੀ, ਸੁੰਨੀ
ਤੇ ਬੇਹੱਦ ਜ਼ਰੂਰੀ ਹੈ

ਅਸੀਂ ਤੇਰੇ ਸ਼ਮਲ੍ਹੇ ’ਚੋਂ ਲਾਹ ਕੇ
ਪਰਾਗ ਕਣ
ਦੂਜੇ ਖੇਤਾਂ ਨੂੰ ਦੇ ਦਿੱਤੇ ਨੇ

ਹੁਣ ਇੱਥੇ
ਰੁੱਤ ਆਈ ਤੋਂ
ਖੁਸ਼ੀਆਂ ਦੇ ਫੁੱਲ ਖਿੜਿਆ ਕਰਨਗੇ।


ਭਗਤ ਸਿੰਘ
ਫਾਂਸੀ ਵਾਲਾ ਖੂਹ
ਕੰਧਾਂ ’ਤੇ ਚੜ੍ਹੀ ਹਨੇਰੀ ਸਿੱਲ੍ਹ
ਰੀਂਗਦੇ ਕੀੜੇ
ਤਿਲਚਿੱਟੇ ਪਲਕ ਰਹਿਤ ਅੱਖਾਂ ਵਾਲ਼ੇ
ਮੌਤ ਦੇ ਦਰਸ਼ਕ

ਹੱਡੀਆਂ ਟੁੱਟਣ ਦੇ ਕੜਾਕ
ਪੈਰਾਂ ਦੇ ਕੜਵੱਲ
ਖੂਹ ਦੀ ਸਾਂ-ਸਾਂ
ਸਾਂਹ ਲੈਂਦੀ

ਸਾਂਹ ਪੀਂਦੀ
ਸ਼ਹੀਦ ਦੇ ਜਿਸਮ ’ਚੋਂ
ਫ਼ਾਹੇ ਲੱਗ ਕੇ
ਇਹ ਲੰਮਾ ਲੰਝਾ ਗੱਭਰੂ
ਗਿੱਠ ਉੱਚਾ ਹੋਰ ਹੋ ਗਿਆ।

ਭਗਤ ਸਿੰਘ 
ਪੂਰਬ ਤੋਂ ਛਣ ਕੇ ਆਈ
ਮੱਠੀ-ਮੱਠੀ ਲਾਲੀ
ਫਾਂਸੀ ਦੇ ਰੱਸੇ ’ਤੇ ਪਈ

ਸਾਹਮਣੇ ਖੜ੍ਹਾ ਗੱਭਰੂ
ਖਿੜ੍ਹ ਗਿਆ

ਪਾਟ ਗਿਆ ਅਨਾਰ ਵਾਂਗ

ਲਾਲ ਸੂਹੇ ਦਾਣੇ
ਵਿਚਾਰਾਂ ਦੇ
ਤੁਣਕ-ਤੁਣਕ ਡਿੱਗੇ

ਫ਼ਾਂਸੀ ’ਤੇ ਖੜ੍ਹਾ ਗੱਭਰੂ
ਮੁੱਠੀਆਂ ਭਰ-ਭਰ
ਦਾਣਿਆਂ ਦੇ ਛੱਟੇ ਦੇਈ ਜਾਂਦਾ ਹੈ।

ਲਹੂ ਦਾ ਸਫ਼ਰ

ਕਾਲ਼ਾ ਬੱਦਲ਼
ਧਰਤੀ ’ਤੇ ਜੰਮ ਕੇ
ਭਾਗਾਂ ਭਰੇ ਟੋਟੈ ਨੂੰ ਸਿੰਜਦਾ ਹੈ ਪਿਆਰ

ਪੈਰ ਕੋਲ਼ੋ
ਟਪ-ਟਪ ਚੋਂਦਾ ਲਹੂ
ਨਸ ਵੱਢਣ ਵੇਲੇ
ਬਰਸਾਤੀ ਨਾਲ਼ੇ ਵਾਂਗ
ਅਮੋੜ ਵਗਿਆ ਸੀ

ਸਪਾਰਟਕਸ ਨੂੰ
ਚੁੱਕੀ ਖੜ੍ਹੀ-ਖੜ੍ਹੀ ਸਲੀਬ ਦੀ ਜੜ
ਰੱਤੋ-ਰੱਤ
ਲਾਲ ਹੈ

ਕੜੱਕ ਕਰਕੇ ਟੁੱਟੀ
ਗੱਭਰੂ ਦੀ ਗਰਦਣ ’ਚੋਂ
ਸਿੰਮਿਆ ਲਹੂ
ਦੋ ਹਜ਼ਾਰ ਸਾਲ ਦਾ ਸਫ਼ਰ ਕਰਦਾ

ਸਲੀਬ ਨੂੰ ਪੁੱਛਦਾ
ਕੀ ਰਿਸ਼ਤਾ ਹੈ
ਲਹੂ ਦੇ ਰੰਗ
ਤੇ ਬੰਦੇ ਦੀ ਆਜ਼ਾਦੀ ਦਾ।
(ਨਵੀਂ ਛਪ ਰਹੀ ਕਿਤਾਬ ‘ਲਾਲ ਪਰਿੰਦੇ’ ’ਚੋਂ )

ਰਾਜਵਿੰਦਰ ਮੀਰ
94645-95662

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template