ਨਿੱਜੀ ਸਕੂਲਾਂ ਦੀ ਤਰਜ ‘ਤੇ ਪਿਛਲੇ ਕੁੱਝ ਕੁ ਅਰਸੇ ਤੋਂ ਸਰਕਾਰੀ ਸਕੂਲਾਂ ਦੇ ਵੇਹੜਿਆਂ ਵਿੱਚ ਵੀ ਮਾਪੇ-ਅਧਿਆਪਕ ਮਿਲਣੀਆਂ ਦਾ ਸਿਲਸਲਾ ਆਰੰਭ ਕੀਤਾ ਗਿਆ ਹੈ।ਇਹ ਸਿਲਸਲਾ ਆਮ ਤੌਰ ‘ਤੇ ਮਾਤਾ/ਪਿਤਾ ਨੂੰ ਉਨ੍ਹਾਂ ਦੇ ਧੀ/ਪੁੱਤਰ ਦੀ ਸਕੂਲ ਦੀਆਂ ਕੱਚੀਆਂ-ਪੱਕੀਆਂ ਪ੍ਰੀਖਿਆਵਾਂ ਵਿਚਲੀ ਹਾਂ-ਪੱਖੀ ਜਾਂ ਨਾਂਹ-ਪੱਖੀ ਜਾਂ ਫਿਰ ਦਰਮਿਆਨੇ ਪੱਧਰ ਦੀ ਕਾਰਗੁਜ਼ਾਰੀ ਤੋਂ ਗਿਆਤ ਕਰਵਾਉਣ ਹਿੱਤ ਚਲਾਇਆ ਜਾਂਦਾ ਹੈ। ਸਿੱਖਿਆ ਸ਼ਾਸਤਰੀਆਂ ਦੀ ਸਲਾਹ ਹੈ ਕਿ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿਚ ਅਧਿਆਪਕ ਅਤੇ ਵਿਦਿਆਰਥੀਆਂ ਤੋਂ ਇਲਾਵਾ ਸਮਾਜ/ਮਾਪਿਆਂ ਦਾ ਰੋਲ ਵੀ ਅਹਿਮਤਰੀਨ ਹੁੰਦਾ ਹੈ।ਕਿਉਂਕਿ ਕਿਸੇ ਵਿਦਿਆਲੇ ਵਿੱਚ ਛੇ ਸੱਤ ਘੰਟੇ ਬਤੀਤ ਕਰਨ ਤੋਂ ਬਾਅਦ ਦਾ ਵਧੇਰੇ ਸਮਾਂ ਤਾਲਿਬਇਲਮਾਂ ਦੁਆਰਾ ਆਪਣੇ ਮਾਪਿਆਂ/ਸਮਾਜ ਕੋਲ ਹੀ ਗੁਜ਼ਾਰਿਆ ਜਾਂਦਾ ਹੈ।ਇਸ ਲਈ ਵਿਦਿਆਰਥੀਆਂ ਦੇ ਵਾਲਦਾਇਨ ਅਤੇ ਸਮਾਜ ਦੇ ਰੋਲ ਨੂੰ ਚੁਸਤ-ਦਰੁਸਤ ਬਣਾਉਣ ਹਿੱਤ ਮਾਪਿਆਂ ਅਤੇ ਅਧਿਆਪਕਾਂ ਦੀਆਂ ਮਿਲਣੀਆਂ ਨਿਯਮਿਤ ਰੂਪ ਵਿੱਚ ਹੁੰਦੀਆਂ ਹੀ ਰਹਿਣੀਆਂ ਚਾਹੀਦੀਆਂ ਹਨ।ਪਰ ਸਰਕਾਰੀ ਧਿਰ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੇ ਬਾਵਜੂਦ ਵੀ ਇਹ ਮਿਲਣੀਆਂ ਬਹੁਤੀਆਂ ਹਾਲਤਾਂ ਵਿਚ ਕਾਗਜ਼ਾਂ ਦੇ ਢਿੱਡ ਭਰਨ ਤੱਕ ਸੀਮਤ ਹੋਕੇ ਰਹਿ ਜਾਂਦੀਆਂ ਹਨ।ਅਕਸਰ ਇਨ੍ਹਾਂ ਮਿਲਣੀਆਂ ਵਿਚ ਸਤਿਕਾਰਯੋਗ ਮਾਪਿਆਂ ਦੀ ਹਾਜ਼ਰੀ ਬਹੁਤੀ ਭਰਵੀਂ ਨਾ ਹੋ ਕੇ ਵਿਰਲੀ-ਟਾਂਵੀ ਹੀ ਹੁੰਦੀ ਹੈ।ਇਸ ਦੇ ਉੱਭਰਵੇਂ ਕਾਰਨਾਂ ਵਿਚ ਜਿੱਥੇ ਸਰਕਾਰੀ ਸਕੂਲਾਂ ਦਾ ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੋਣਾ ਹੈ ਉਥੇ ਸਰਕਾਰੀ ਪਹੁੰਚ ਪ੍ਰਤੀ ਆਮ ਲੋਕਾਂ ਦੀ ਬੇਵਿਸ਼ਵਾਸੀ ਵੀ ਹੈ।ਇਸ ਬੇਰੁਖ਼ੀ ਅਤੇ ਵਿਸ਼ਵਾਸੀ ਕਾਰਨ ਹੀ ਸਰਵ ਸਿੱਖਿਆ ਅਭਿਆਨ ਵਰਗੀ ਵਿਦਿਆਰਥੀ ਕੇਂਦਿਰਤ ਮੁਹਿੰਮ ਵੀ ਸਰਕਾਰੀ ਮੱਦਰਸਿਆਂ ਵਿਚ ਕੋਈ ਬਹੁਤੀ ਸਿਫ਼ਤੀ ਤਬਦੀਲੀ ਨਹੀਂ ਲਿਆ ਸਕੀ। ਇੱਕ ਜਾਣੀ-ਪਹਿਚਾਣੀ ਸਚਾਈ ਇਹ ਵੀ ਹੈ ਕਿ ਸਰਕਾਰ ਦੇ ਸਕੂਲਾਂ ਵਿੱਚ ਉਨ੍ਹਾਂ ਪਾੜ੍ਹੇ-ਪਾੜ੍ਹੀਆਂ ਦੀ ਅਦਦ ਵਧੇਰੇ ਹੁੰਦੀ ਹੈ ਜਿਨ੍ਹਾਂ ਦੇ ਵਾਰਿਸਾਂ ਦਾ ਆਰਥਿਕ ਮੁਹਾਂਦਰਾ ਬਹੁਤਾ ਨਿਖ਼ਰਿਆ(ਸ਼ਾਹੀ ਠਾਠ ਵਾਲਾ)ਨਹੀਂ ਹੁੰਦਾ।ਮਿਡ-ਡੇ-ਮੀਲ਼ ਦੇ ਰੂਪ ਵਿਚ ਇਨ੍ਹਾਂ ਦੇ ਬੱਚਿਆਂ ਨੂੰ ਛਕਾਇਆ ਜਾਣ ਵਾਲਾ ਇਕ ਡੰਗ ਦਾ ਪ੍ਰਸ਼ਾਦਾ-ਪਾਣੀ ਵੀ ਇਨ੍ਹਾਂ ਦੀ ਜੂਨ ਨਹੀਂ ਸੁਧਾਰ ਸਕਿਆ।ਅਜਿਹੀ ਸੁਰਤ-ਏ-ਹਾਲ ਇਨ੍ਹਾਂ ਮਾਪਿਆਂ ਦੇ ਸਰਕਾਰੀ ਸਕੂਲਾਂ ਦੇ ਪ੍ਰਤੀ ਕੋਈ ਬਹੁਤੇ ਸਰੋਕਾਰ ਨਹੀਂ ਬਣਦੇ।ਇਨ੍ਹਾਂ ਸਰੋਕਾਰਾਂ ਦੀ ਅਣਹੋਂਦ ਕਾਰਨ ਵੀ ਮਾਪੇ-ਅਧਿਆਪਕ ਮਿਲਣੀਆਂ ਮੇਲ- ਮਿਲਾਪ ਤੋਂ ਸੱਖਣੀਆਂ ਹੀ ਚੱਲੀਆਂ ਆ ਰਹੀਆਂ ਹਨ।
ਕਈਆਂ ਮਾਪਿਆਂ ਵਿਚ ਚੇਤਨਤਾ ਦੀ ਘਾਟ ਵੀ ਇਨ੍ਹਾਂ ਮਿਲਣੀਆਂ ‘ਤੇ ਅਸਰਅੰਦਾਜ਼ ਹੁੰਦੀ ਹੈ।ਇਸ ਘਾਟ ਸਦਕਾ ਉਹ(ਮਾਤਾ-ਪਿਤਾ) ਆਪਣੇ ਲਾਡਲੇ/ਲਾਡਲੀਆਂ ਦੀ ਇਲਮੀ ਦੁਨੀਆਂ ਤੋਂ ਅਣਜਾਣ ਬਣੇ ਰਹਿੰਦੇ ਹਨ।ਇਹ ਅਣਜਾਣਤਾਈ ਵੀ ਮਾਪੇ-ਅਧਿਆਪਕ ਮਿਲਣੀਆਂ ਦੀ ਰੌਣਕ ਨੂੰ ਫਿੱਕਿਆਂ ਕਰ ਦਿੰਦੀ ਹੈ।
ਸੋ ਇਨ੍ਹਾਂ ਮਿਲਣੀਆਂ ਨੂੰ ਲਾਹੇਵੰਦੀਆਂ ਬਣਾਉਣ ਲਈ ਜਿਥੇ ਸਰਕਾਰੀ ਧਿਰਾਂ ਨੂੰ ਆਪਣਾ ਇਕ ਸਿੱਕੇਬੰਦ ਕਿਰਦਾਰ(ਕਹਿਣੀ ਅਤੇ ਕਥਨੀ ਦੀ ਸੁਮੇਲਤਾ ਰਾਹੀਂ) ਸਿਰਜਣਾ ਪਵੇਗਾ ਉਥੇ ਮਾਪਿਆਂ ਨੂੰ ਜਾਗਰੂਕ ਵੀ ਕਰਨਾ ਪਵੇਗਾ।ਇਹ ਕਿਰਦਾਰ ਅਤੇ ਜਾਗਰੂਕਤਾ ਸਰਕਾਰੀ ਸ਼ੋਸ਼ੇਬਾਜੀ ਵਿਚੋਂ ਨਹੀਂ ਸਗੋਂ ਕਿਸੇ ਸੁਹਿਰਦਤਾ ਭਰਪੂਰ ਨੀਤੀ ਵਿਚੋਂ ਹੀ ਉਤਪੰਨ ਹੋ ਸਕਦੀ ਹੈ।ਇਹ ਨੀਤੀ ਕਿਸੇ ਮੌਸਮ ਅਨੁਸਾਰੀ ਕਮਰੇ ਵਿਚ ਬੈਠ ਕੇ ਨਹੀਂ ਬਲਕਿ ਕਿਸੇ ਵਿਦਿਅਕ-ਅਖਾੜੇ(ਅਮਲੀ ਰੂਪ) ਵਿਚ ਜਾ ਕੇ ਹੀ ਬਣਾਈ ਜਾ ਸਕਦੀ ਹੈ।ਪਰ ਇਨ੍ਹਾਂ ਵਿਦਿਅਕ ਨੀਤੀ ਘਾੜਿਆਂ ਨੂੰ ਘਰੋਂ ਖਾ ਕੇ ਮੱਤ ਕੌਣ ਦੇਵੇਗਾ?
ਰਮੇਸ਼ ਬੱਗਾ ਚੋਹਲਾ
ਮ: ਨੰ:1348/17/1
ਗਲੀ ਨੰ:8
ਹੈਬੋਵਾਲ ਖੁਰਦ,(ਲੁਧਿਆਣਾ)
ਮੋਬ:9463132719


0 comments:
Speak up your mind
Tell us what you're thinking... !