ਸੰਨ 1971-72 ਦੀ ਗੱਲ ਹੈ ਮੈਂ ਪਿੰਡ ਘੁਮਿਆਰੇ ਛੇਂਵੀ ਜਮਾਤ ਵਿੱਚ ਪੜ੍ਹਦਾ ਸੀੈ। ਸ੍ਰੀ ਗੁਰਮੁੱਖ ਸਿੰਘ ਮੁਸਾਫਿਰ ਸਾਡੇ ਸਕੂਲ ਦੇ ਹੈਡਮਾਸਟਰ ਹੁੰਦੇ ਸਨ। ਤੇ ਉਹਨਾ ਨਾਲ ਮੇਰੇ ਪਾਪਾ ਜੀ ਦੀ ਪੂਰੀ ਜਾਣ ਪਹਿਚਾਣ ਸੀ। ਗੱਲ ਕੀ ਉਹ ਮੇਰੇ ਪਾਪਾ ਜੀ ਦੇ ਹਮ ਪਿਆਲਾ ਸਨ। ਤੇ ਕਦੇ ਕਦੇ ਇਕੱਠੇ ਮਹਿਫਲ ਜੰਮਾਉਦੇ ਸਨ । ਇਸੇ ਤਰਾਂ ਇੱਕ ਮਹਿਫਲ ਦੋਰਾਣ ਉਹਨਾ ਦੀ ਮੁਲਾਕਾਤ ਸਾਡੇ ਸਕੂਲ ਵਿੱਚ ਨਵੇ ਆਏ ਦੋ ਹੋਰ ਅਧਿਆਪਕਾਂ ਨਾਲ ਹੋਈ। ਇਹ ਦੋਨੇ ਅਧਿਆਪਕ ਸਕੇ ਭਰਾ ਸਨ। ਇਹ ਦੋਨੋ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਸਨ। ਤੇ ਉਹਨਾ ਵਿੱਚੋ ਇੱਕ ਸ੍ਰੀ ਜੋਰਾ ਸਿੰਘ ਜੀ ਸਨ ਜੋ ਮੈਨੂੰ ਅੰਗਰੇਜੀ ਪੜਾਉਂਦੇ ਸਨ ਤੇ ਦੂਸਰੇ ਸ੍ਰੀ ਗੁਰਲਾਭ ਸਿੰਘ ਜੀ ਸਨ ਜੋ ਕਿ ਬੀ ਸੈਕਸ਼ਨ ਨੂੰ ਅੰਗਰੇਜੀ ਪੜਾਉਂਦੇ ਸਨ।
ਉਸ ਦਿਨ ਖਾਧੀ ਪੀਤੀ ਚ ਮਾਸਟਰ ਜੋਰਾ ਸਿੰਘ ਨੇ ਮੇਰਾ ਪਾਪਾ ਜੀ ਨੰ ਕਹਿ ਦਿੱਤਾ ਕਿ ਤੁਸੀ ਤਾਂ ਮੁੰਡੇ ਦਾ ਨਾਮ ਡੀਸੀ ਰੱਖਿਆ ਹੈ ਮੈਂ ਇਸ ਨੂੰ ਡੀਸੀ ਬਣਾ ਕੇ ਵਿਖਾਊਗਾ । ਕਿਉਂਕਿ ਹੈਡਮਾਸਟਰ ਸਾਹਿਬ ਜੀ ਵੀ ਮੈਨੂੰ ਡੀਸੀ ਆਖ ਕੇ ਹੀ ਬੁਲਾਉਂਦੇ ਸਨ। ਮੇਰੇ ਮਾਮਾ ਸ੍ਰੀ ਬਿਹਾਰੀ ਲਾਲ ਸਚਦੇਵਾ ਨੇ ਮੇਰਾ ਲਾਡ ਦਾ ਨਾ ਡੀਸੀ ਰੱਖਿਆ ਸੀ। ਹੈਡ ਮਾਸਟਰ ਸਾਹਿਬ ਨਾਲ ਨੇੜਤਾ ਹੋਣ ਕਾਰਣ ਮੈਂ ਥੋੜਾ ਜਿਹਾ ਕੰਮਚੋਰ ਤੇ ਬਹਾਨੇ ਬਾਜ ਹੋ ਗਿਆ ਸੀ ਤੇ ਪੜਾਈ ਵਿੱਚ ਠੀਕ ਠੀਕ ਹੀ ਸੀ। । ਮੇਰੇ ਪਾਪਾ ਜੀ ਨੇ ਮਾਸਟਰ ਜੋਰਾ ਸਿੰਘ ਦੀ ਗੱਲ ਦਾ ਉਲਟ ਮਤਲਵ ਲੈ ਲਿਆ ਤੇ ਥੋੜੀ ਗਰਮੀ ਫੜ੍ਹ ਗਏ। ਉਸ ਦਿਨ ਤਾਂ ਗੱਲ ਆਈ ਗਈ ਹੋ ਗਈ। ਅਤੇ ਉਸੇ ਦਿਨ ਹੀ ਮੇਰੇ ਪਾਪਾ ਜੀ ਨੇ ਮਾਸਟਰ ਜੋਰਾ ਸਿੰਘ ਨਾਲ ਹੋਈ ਮਮੂਲੀ ਤਕਰਾਰ ਬਾਰੇ ਮੈਨੂੰ ਸੁਚੇਤ ਕਰ ਦਿੱਤਾ ਸੀ।ਤੇ ਪੜ੍ਹਣ ਵੱਲ ਧਿਆਨ ਦੇਣ ਦਾ ਨਿਰਦੇਸ਼ ਦੇ ਦਿੱਤਾ ਤਾਂਕਿ ਮਾਸਟਰ ਜੀ ਨੂੰ ਕੋਈ ਬਹਾਨਾ ਨਾ ਮਿਲੇ। ਅਤੇ ਨਾਲ ਹੀ ਫਰਮਾਨ ਜਾਰੀ ਕਰ ਦਿੱਤਾ ਕਿ ਉਹ ਕਦੇ ਵੀ ਮੇਰੀ ਸਿਫਾਰਸ ਨਹੀ ਕਰਨਗੇ।
ਮਾਸਟਰ ਜੋਰਾ ਸਿੰਘ ਤੇ ਗੁਰਲਾਭ ਸਿੰਘ ਦੋਨੇ ਪਿੰਡ ਭੀਟੀ ਵਾਲਾ ਦੇ ਵੱਡੇ ਜਿੰਮੀਦਾਰ ਸਨ। ਉਹਨਾ ਦਿਨਾਂ ਵਿੱਚ ਜਦੋਂ ਬਹੁਤੇ ਅਧਿਆਪਕ ਸਾਇਕਲਾਂ ਤੇ ਸਕੂਲ ਆਉਂਦੇ ਸਨ ਤਾਂ ਇਹ ਰੋਇਲ ਇਨਫੀਲਡ ਮੋਟਰ ਸਾਈਕਲ ਤੇ ਸਕੂਲ ਆਉਂਦੇ ਸਨ । ਸੁਣਿਆ ਕਰਦੇ ਸੀ ਕਿ ਇਹਨਾ ਨੂੰ ਨੋਕਰੀ ਦੀ ਲੋੜ ਨਹੀ ਸਗੋਂ ਇਹ ਤਾਂ ਸ਼ੋਕ ਨੂੰ ਨੋਕਰੀ ਕਰਦੇ ਸਨ। ਸਮੇਂ ਦੇ ਪੂਰੇ ਪਾਬੰਦ ਸਨ ਇਹ । ਸੰਘਣੀ ਧੁੰਦ ਵਿੱਚ ਵੀ ਇਹ ਦੋਨੋ ਭਰਾ ਲੋਈਆਂ ਦੇ ਮੜਾਸੇ ਮਾਰਕੇ ਸਕੂਲ ਲੱਗਣ ਤੋਂ ਦੱਸ ਮਿੰਟ ਪਹਿਲਾ ਹੀ ਪੰਹੁਚ ਜਾਂਦੇ। ਇਹਨਾ ਦੇ ਮੋਟਰ ਸਾਈਕਲ ਦੀ ਦੁੱਗ ਦੁੱਗ ਸੁਣ ਕੇ ਸਾਨੂੰ ਸਾਰਿਆਂ ਨੂੰ ਪਸੀਨਾ ਆ ਜਾਂਦਾ।
ਸਾਡਾ ਪਹਿਲਾ ਪੀਰੀਅਡ ਅੰਗਰੇਜੀ ਦਾ ਹੁੰਦਾ ਸੀ ਤੇ ਅੰਗਰੇਜੀ ਵਿੱਚ ਸਾਡਾ ਸਾਰਿਆਂ ਦਾ ਹੱਥ ਤੰਗ ਹੁੰਦਾ ਸੀ। ਕੜਾਕੇ ਦੀ ਠੰਡ ਵਿੱਚ ਇਹ ਅੰਗਰੇਜੀ ਸੁਣਨੀ ਸੁਰੂ ਕਰ ਦਿੰਦੇ। ਅੰਗਰੇਜੀ ਤੋਂ ਪੰਜਾਬੀ ਕਰਨੀ, ਫਾਰਮਾਂ ਤੇ ਗਰਾਮਰ। ਤੇ ਅਸੀ ਫਸ ਜਾਂਦੇ। ਸੰਨੀ ਦਿਉਲ ਵਰਗਾ ਢਾਈ ਕਿਲੋ ਦਾ ਹੱਥ ਜਿੱਥੇ ਵੱਜਦਾ ਖੂਨ ਜੰਮ ਜਾਂਦਾ। ਪਰ ਕੋਈ ਕੁਸਕਦਾ ਹੀ ਨਾ। ਨਾ ਕੋਈ ਉਲਾਂਭੇ ਦਾ ਡਰ ਹੁੰਦਾ ਸੀ ਇਹਨਾ ਨੂੰ । ਬਸ ਪੜਾਉਣ ਦਾ ਹੀ ਜਜ਼ਬਾ ਸੀ । ਜਦੋ ਇਹਨਾਂ ਦੇ ਹੱਥ ਥੱਕ ਜਾਂਦੇ ਤਾਂ ਇਹ ਮਨੀਟਰ ਤੋਂ ਤੂਤ ਦਾ ਡੰਡਾ ਮੰਗਵਾ ਲੈਂਦੇ । ਤੇ ਮਾਰ ਮਾਰ ਕੇ ਸਾਡੇ ਹੱਥ ਲਾਲ ਲਾਲ ਕਰ ਦਿੰਦੇ। ਅਸੀ ਘਰੇ ਦੱਸਣ ਤੋਂ ਵੀ ਡਰਦੇ ਕਿਉਂਕਿ ਪੜਾਈ ਨਾ ਆਉਣ ਦਾ ਕੋਈ ਬਹਾਨਾ ਘਰ ਵਾਲੇ ਵੀ ਸੁਨਣ ਨੂੰ ਰਾਜ਼ੀ ਨਹੀ ਸਨ ਹੁੰਦੇ।
ਕਿਉਂਕਿ ਮੈਨੂੰ ਸੱਚੀ ਡੀਸੀ ਬਨਾਉਣ ਦਾ ਚੈਲੰਜ ਲਿਆ ਸੀ ਮਾਸਟਰ ਜੋਰਾ ਸਿੰਘ ਜੀ ਨੇ। ਮੇਰੇ ਤੇ ਖਾਸ ਨਜਰ ਹੁੰਦੀ ਸੀ। ਦੂਸਰੇ ਬੱਚਿਆਂ ਕੋਲੋ ਦੋ ਲਾਇਨਾ ਸੁਣੀਆਂ ਜ਼ਾਦੀਆਂ ਜਾ ਦੋ ਤਿੰਨ ਫਾਰਮਾਂ ਤੇ ਮੇਰੇ ਕੋਲੋ ਪੂਰਾ ਪਾਠ । ਜਾ ੳਨਾ ਚਿਰ ਜਿੰਨਾ ਚਿਰ ਮੈਂ ਗਲਤ ਨਾ ਦੱਸਦਾ। ਫਿਰ ਆ ਜਾਂਦੀ ਮੇਰੀ ਸ਼ਾਮਤ। ਇਹ ਕੋਈ ਇੱਕ ਦਿਨ ਦੀ ਗੱਲ ਨਹੀ ਸੀ। ਕੁੱਟ ਕੁੱਟ ਕੇ ਮੈਨੂੰ ਤੋਤਾ ਬਣਾ ਦਿੱਤਾ।ਇਹ ਸਿਲਸਿਲਾ ਕੋਈ ਛੇ ਮਹੀਨੇ ਤੱਕ ਚਲਦਾ ਰਿਹਾ। ਬਹਾਨੇ ਬਨਾਉਣ ਦਾ ਤੇ ਝੂਠ ਬੋਲਣ ਦਾ ਹੁਣ ਕੋਈ ਫਾਇਦਾ ਨਹੀ ਸੀ। ਹੋਲੀ ਹੋਲੀ ਮਾਸਟਰ ਜੋਰਾ ਸਿੰਘ ਦੀ ਮਿਹਨਤ ਰੰਗ ਲਿਆਉਣ ਲੱਗੀ ਤੇ ਛਿੱਤਰਾਂ ਤੋ ਡਰਦਾ ਮੈਂ ਮਿਹਨਤ ਕਰਨ ਲੱਗ ਪਿਆ ਤੇ ਮੈਂ ਹਰ ਪਾਠ ਪੂਰਾ ਯਾਦ ਕਰਨ ਲੱਗ ਪਿਆ।
ਮਾਸਟਰ ਜੀ ਵੀ ਮੇਰੀ ਮਿਹਨਤ ਤੋਂ ਖੁਸ਼ ਹੋਣ ਲੱਗੇ। ਉਹਨਾ ਦੁਆਰਾ ਪਾਈਆਂ ਅੰਗਰੇਜੀ ਦੀਆਂ ਲੀਹਾਂ ਮੈਨੂੰ ਅੰਗਰੇਜੀ ਵਿੱਚ ਪੱਕਾ ਕਰ ਦਿੱਤਾ ਤੇ ਮੈਂ ਆਪਣੀ ਪੂਰੀ ਪੜਾਈ ਦੋਰਾਣ ਅੰਗਰੇਜੀ ਚੋ ਨਹੀ ਹਾਰਿਆ। ਅੱਜ ਵੀ ਉਹਨਾ ਦੁਆਰਾ ਰਟਾਈ ਗਈ ਗਰਾਮਰ, ਟੈਨਸ, ਵਗੈਰਾ ਪੂਰੀ ਤਰਾਂ ਯਾਦ ਹਨ। ਜਦੋ ਵੀ ਮੈਨੂੰ ਉਹ ਮਿਲਦੇ ਮੈਂ ਉਹਨਾ ਦੇ ਪੈਰੀ ਹੱਥ ਲਾਉਂਣਾ ਨਾ ਭੁੱਲਦਾ ।ਫਿਰ ਉਹਨਾ ਦੀ ਦੋਹਤੀ ਵੀ ਮੇਰੇ ਕੋਲ ਪੜ੍ਹਦੀ ਰਹੀ। ਹੁਣ ਵੀ ਜਦੋਂ ਮੈਂ ਉਹਨਾ ਨੂੰ ਯਾਦ ਕਰਦਾ ਹਾਂ ਤਾਂ ਮੇਰਾ ਸਿਰ ਸ਼ਰਧਾਂ ਨਾਲ ਝੁਕ ਜਾਂਦਾ ਹੈ। ਅੱਜ ਕਲ੍ਹ ਮਾਸਟਰ ਜੋਰਾ ਸਿੰਘ ਵਰਗੇ ਮਿਹਨਤੀ ਤੇ ਕਰਮਸ਼ੀਲ ਅਧਿਆਪਕ ਨਹੀ ਮਿਲਦੇ।
ਮੋ 98 766 27 233

0 comments:
Speak up your mind
Tell us what you're thinking... !