ਮਾਮਲਾ ਲੋਕ ਸਭਾ ਚੋਣਾਂ ਦਾ
ਭਾਜਪਾ ਦਾ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਹੋ ਸਕਦਾ ਏ ਚਕਨਾਚੂਰ
ਬਾਦਲ ਵੀ 'ਆਪ' ਦੀ ਲਹਿਰ ਤੋਂ ਕੰਬਿਆ
ਡਾ. ਮਨਮੋਹਨ ਸਿੰਘ ਨੇ ਰਾਹੁਲ ਨੂੰ ਉਭਾਰਨ ਲਈ ਰਾਜਨੀਤਕ ਮੈਦਾਨ ਛੱਡਿਆ
ਭਾਜਪਾ ਦਾ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਹੋ ਸਕਦਾ ਏ ਚਕਨਾਚੂਰ
ਬਾਦਲ ਵੀ 'ਆਪ' ਦੀ ਲਹਿਰ ਤੋਂ ਕੰਬਿਆ
ਡਾ. ਮਨਮੋਹਨ ਸਿੰਘ ਨੇ ਰਾਹੁਲ ਨੂੰ ਉਭਾਰਨ ਲਈ ਰਾਜਨੀਤਕ ਮੈਦਾਨ ਛੱਡਿਆ
ਅੰਨਾ ਹਜਾਰੇ ਦੇ ਸਾਥੀ ਰਹੇ ਅਰਵਿੰਦ ਕੇਜਰੀਵਾਲ ਦੀ ਪਾਰਟੀ 'ਆਪ' ਨੇ ਅਜਿਹਾ ਝਾੜੂ ਫੇਰਿਆ ਕਿ ਦਿੱਲੀ ਤੋਂ ਕਾਂਗਰਸ ਸਾਫ਼ ਹੋ ਗਈ। ਭਾਜਪਾ ਜੋ ਦਿੱਲੀ ਦੀ ਸੱਤਾ ਸੰਭਾਲਣ ਲਈ ਸੁਪਨੇ ਦੇਖ ਰਹੀ ਸੀ, ਉਹ ਕਾਂਗਰਸ ਦੀ ਹਮਾਇਤ ਕਾਰਣ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਨਾਲ ਢਹਿ-ਢੇਰੀ ਹੋ ਗਏ। ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੀ ਆਪ ਰਾਜਨੀਤਕ ਪੈਂਤੜੇ ਲੈ ਰਹੀ ਹੈ, ਉਹ ਕਾਂਗਰਸ ਤੇ ਭਾਜਪਾ ਲਈ ਚੈਲਿੰਜ ਸਾਬਤ ਹੋਣਗੇ। ਕਾਂਗਰਸ, ਭਾਜਪਾ ਤੇ ਇੱਥੋਂ ਤੱਕ ਪ੍ਰਾਂਤਿਕ ਪਾਰਟੀਆਂ ਦੇ ਮਹਾਂਰਥੀ ਆਪ ਦੇ ਰਾਜਨੀਤਕ ਜਾਦੂ ਤੋਂ ਡਰੇ ਹੋਏ ਹਨ। ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰ 'ਤੇ ਕੇਜਰੀਵਾਲ ਦਾ ਜਾਦੂ ਮੰਡਰਾਉਂਦਾ ਦੇਖਿਆ ਗਿਆ। ਬਾਦਲ ਨੂੰ ਇਹ ਬਿਆਨ ਦੇਣਾ ਪਿਆ ਕਿ 'ਆਪ' ਪਾਰਟੀ ਪੰਜਾਬ ਵਿੱਚ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾਏਗੀ। ਇਸ ਦਾ ਲਾਭ ਅਕਾਲੀ-ਭਾਜਪਾ ਗੱਠਜੋੜ ਨੂੰ ਹੋਵੇਗਾ। ਬਾਦਲ ਦਾ ਕਹਿਣਾ ਸੀ ਕਿ ਉਹ ਪੰਜਾਬ ਦਾ ਵਿਕਾਸ ਕਰਕੇ, ਆਟਾ ਦਾਲ ਸਕੀਮ ਲਾਗੂ ਕਰਕੇ ਲੋਕ ਹਿੱਤੂ ਨੀਤੀਆਂ ਅਪਨਾ ਰਹੇ ਹਨ। ਇਸੇ ਲਈ ਸਾਨੂੰ 'ਆਪ' ਤੋਂ ਖ਼ਤਰਾ ਨਹੀਂ। ਇਸ ਤੋਂ ਜ਼ਾਹਿਰ ਹੈ ਕਿ ਅਕਾਲੀ ਵੀ 'ਆਪ' ਦੀ ਲਹਿਰ ਤੋਂ ਡਰੇ ਹੋਏ ਆਪਣੀ ਬਿਆਨਬਾਜ਼ੀ ਵਿਚ ਉਸ ਦਾ ਜਿਕਰ ਕਰ ਰਹੇ ਹਨ। ਪਰ ਇਹ ਗੱਲ ਸਾਫ਼ ਹੈ ਕਿ ਜੇਕਰ 'ਆਪ' ਦੀ ਰਣਨੀਤੀ ਪੰਜਾਬ ਵਿੱਚ ਸ਼ੁਰੂ ਹੋ ਗਈ, ਤਾਂ ਪੰਜਾਬ ਦੇ ਸਾਰੇ ਸਮੀਕਰਨ ਗੜਬੜਾ ਜਾਣਗੇ। ਆਪ ਨੇ ਦਿੱਲੀ 'ਚ ਵੱਡੇ-ਵੱਡੇ ਧੁਨੰਤਰਾਂ ਨੂੰ ਪੜ੍ਹਨੇ ਪਾ ਦਿੱਤਾ ਸੀ, ਪੰਜਾਬ ਦਾ ਕੋਈ ਵੀ ਲੀਡਰ ਕੇਜਰੀਵਾਲ ਦੀ ਲੋਕ ਪੱਖੀ ਸਿਆਸਤ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਦਿਖਾਈ ਦੇ ਰਿਹਾ।
ਰਾਜਨੀਤਕ ਮਾਹਿਰ ਇਹੀ ਕੁਝ ਸੋਚ ਰਹੇ ਹਨ ਕਿ ਇਸ ਸਮੇਂ 'ਆਪ' ਦੀ ਲੋਕ ਲਹਿਰ ਚੱਲ ਰਹੀ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਪੱਖੀ ਰਾਜਨੀਤੀ ਦਾ ਯੁੱਗ ਦੇਖਣ ਨੂੰ ਮਿਲੇਗਾ, ਅਹੰਕਾਰੀ ਤੇ ਭ੍ਰਿਸ਼ਟ ਸਿਆਸਤਦਾਨਾਂ ਦਾ ਸੁਫੜਾ ਸਾਫ਼ ਹੋਵੇਗਾ।
ਡਾ. ਸਾਹਿਬ ਦਾ ਆਰਥਿਕ ਜਾਦੂ ਠੁੱਸ
ਯਾਦ ਰਹੇ ਡਾ. ਮਨਮੋਹਨ ਸਿੰਘ 2009 'ਚ ਮੱਧਵਰਗ ਦੇ ਨਾਇਕ ਸਨ। ਉਸ ਸਮੇਂ 'ਸਿੰਘ ਇਜ ਕਿੰਗ' ਦਾ ਨਾਅਰਾ ਬੁਲੰਦੀ 'ਤੇ ਸੀ। 2009 ਦੀਆਂ ਲੋਕ ਸਭਾ ਚੋਣਾਂ 'ਚ ਯੂਪੀਏ ਦੀ ਵਾਪਸੀ ਹੋਈ ਅਤੇ ਕਾਂਗਰਸ ਨੂੰ 206 ਸੀਟਾਂ ਮਿਲੀਆਂ। ਏਨੀਆਂ ਸੀਟਾਂ ਕਾਂਗਰਸ ਨੇ 1984 ਤੋਂ ਬਾਅਦ ਕਦੇ ਨਹੀਂ ਜਿੱਤੀਆਂ ਸਨ। ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਆਵਾਮ ਨੂੰ ਬਹੁਤ ਆਸਾਂ ਸਨ, ਪਰ ਯੂਪੀਏ ਸਰਕਾਰ ਇੱਕ ਤੋਂ ਬਾਅਦ ਇੱਕ ਘੁਟਾਲਿਆਂ 'ਚ ਘਿਰਨ ਕਾਰਨ ਡਾ. ਮਨਮੋਹਨ ਸਿੰਘ ਦਾ ਜਾਦੂ ਵੀ ਠੁੱਸ ਹੋ ਗਿਆ। ਕੋਇਲਾ ਘੁਟਾਲੇ 'ਚ ਤਾਂ ਤਾਰ ਸਿੱਧੇ ਪ੍ਰਧਾਨ ਮੰਤਰੀ ਤੱਕ ਨਾਲ ਜੋੜੇ ਗਏ, ਪਰ ਡਾ. ਮਨਮੋਹਨ ਸਿੰਘ ਕਿਸੇ ਵੀ ਤਰ੍ਹਾਂ ਇਸ ਪੱਖੋਂ ਤਬਦੀਲੀ ਨਾ ਲਿਆ ਸਕੇ। ਇਹੀ ਕਾਰਣ ਹੈ ਕਿ 'ਆਪ' ਮੱਧ ਵਰਗ, ਗਰੀਬਾਂ ਵਿਚ ਬਹੁਤ ਤੇਜ਼ੀ ਨਾਲ ਉਭਰ ਰਹੀ ਹੈ। ਆਪ ਦੀ ਮਹੱਤਤਾ ਮੈਂਬਰਸ਼ਿਪ ਤੇ ਚੰਦਾ ਜਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਉਹ ਦੇਸ ਦੀ ਰਾਜਨੀਤੀ 'ਤੇ ਤੱਕੜਾ ਪ੍ਰਭਾਵ ਪਾਏਗੀ। 'ਆਪ' ਘੱਟੋ ਘੱਟ 300 ਸੀਟਾਂ 'ਤੇ ਲੜਨ ਦਾ ਇਰਾਦਾ ਧਾਰੀ ਬੈਠੀ ਹੈ। ਜਾਣਕਾਰਾਂ ਅਨੁਸਾਰ ਦੇਸ਼ ਦੀਆਂ 200 ਸੀਟਾਂ 'ਤੇ ਆਪ ਦਾ ਅਸਰ ਪੈ ਸਕਦਾ ਹੈ। ਜੇਕਰ ਆਪ ਲੋਕ ਸਭਾ ਚੋਣਾਂ ਵਿੱਚ 50 ਸੀਟਾਂ 'ਤੇ ਕਾਬਜ਼ ਹੋ ਜਾਂਦੀ ਹੈ, ਜਿਸ ਦੀ ਜਨਤਾ ਦੀ ਪੁਰਜ਼ੋਰ ਹਮਾਇਤ ਸਦਕਾ ਸੰਭਾਵਨਾ ਦਿਖਾਈ ਦੇ ਰਹੀ ਹੈ, ਤਾਂ ਭਾਰਤ ਦਾ ਰਾਜਨੀਤਕ ਦ੍ਰਿਸ਼ ਬਹੁਤ ਵੱਖਰਾ ਹੋਵੇਗਾ। ਫਿਰ ਨਾ ਭਾਜਪਾ ਸਰਕਾਰ ਬਣਾ ਸਕੇਗੀ ਤੇ ਨਾ ਹੀ ਕਾਂਗਰਸ।
ਦਿੱਲੀ ਵਿਧਾਨ ਸਭਾ ਚੋਣ 'ਚ ਇਤਿਹਾਸਕ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਕਮਰ ਕੱਸ ਲਈ ਹੈ। ਦਿੱਲੀ ਦੀ ਤਰ੍ਹਾਂ ਪਾਰਟੀ ਹਰਿਆਣਾ 'ਚ ਵੀ ਭ੍ਰਿਸ਼ਟਾਚਾਰ ਨੂੰ ਹੀ ਪ੍ਰਮੁੱਖ ਚੋਣ ਮੁੱਦਾ ਮੁੱਦਾ ਬਣਾਏਗੀ। ਯਾਦ ਰਹੇ ਕਿ ਇੱਥੇ ਵੀ ਕਾਂਗਰਸ ਦੀ ਸਰਕਾਰ ਹੈ। ਪਾਰਟੀ ਦਾ ਮੁੱਖ ਚੋਣ ਮੁੱਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨਾਲ ਜੁੜੇ ਭੂਮੀ ਸੌਦੇ ਦੇ ਨਾਲ-ਨਾਲ ਹੁੱਡਾ ਸਰਕਾਰ ਦੇ ਕਾਰਜਕਾਲ 'ਚ ਭੂਮੀ ਖ਼ਰੀਦਣ 'ਚ ਹੋਈ ਅਣਗਹਿਲੀ ਹੋਵੇਗੀ। ਪਾਰਟੀ ਭ੍ਰਿਸ਼ਟਾਚਾਰ ਦੇ ਮੋਰਚੇ 'ਤੇ ਕਾਂਗਰਸ ਨੂੰ ਘੇਰਨ ਲਈ ਵਾਡਰਾ ਮਾਮਲੇ 'ਚ ਤਿੱਖਾ ਰੁਖ਼ ਵਿਖਾਉਣ ਵਾਲੇ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ 'ਤੇ ਵੀ ਲਗਾਤਾਰ ਸੰਪਰਕ ਕਰ ਰਹੀ ਹੈ।
ਚੈਨਲਾਂ 'ਤੇ ਮੋਦੀ ਨਹੀਂ ਕੇਜਰੀਵਾਲ
ਯਾਦ ਰਹੇ ਕਿ ਭਾਜਪਾ ਨੇ ਨਰਿੰਦਰ ਮੋਦੀ ਨੂੰ ਗੁਜਰਾਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਕੀਤਾ ਸੀ ਤੇ ਸੰਘ ਪੂਰੀ ਤਾਕਤ ਨਾਲ ਮੋਦੀ ਨੂੰ ਉਭਾਰ ਰਿਹਾ ਸੀ। ਸਭ ਟੀਵੀ ਚੈਨਲ ਉਸ ਨੂੰ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਉਭਾਰਨ ਦਾ ਯਤਨ ਕਰ ਰਹੇ ਸਨ। ਪਰ ਦਿੱਲੀ ਵਿਚ 'ਆਪ' ਦੀ ਜਿੱਤ ਤੋਂ ਬਾਅਦ ਆਰ ਐਸ ਐਸ ਤੇ ਭਾਜਪਾ ਦੀ ਇਹ ਖੇਡ ਵਿਗੜ ਗਈ ਜਾਪਦੀ ਹੈ। ਚੈਨਲਾਂ 'ਤੇ ਹੁਣ ਮੋਦੀ ਦੀ ਥਾਂ ਕੇਜਰੀਵਾਲ ਹੀ ਛਾਏ ਹੋਏ ਹਨ। ਦਿੱਲੀ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਅਤੇ ਪਾਰਟੀ ਦੇ ਕੁਝ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਐਲਾਨ ਤੋਂ ਬਾਅਦ ਹੁਣ ਕਈ ਲੋਕ ਇਹ ਕਹਿ ਰਹੇ ਹਨ ਕਿ ਨਰਿੰਦਰ ਮੋਦੀ ਲਈ 'ਆਪ' ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ।
'ਆਪ' ਦਾ ਕਈ ਰਾਜਾਂ 'ਚ ਪ੍ਰਭਾਵ
ਦਿੱਲੀ ਦੇ ਬਾਹਰ ਹੁਣ ਕਈ ਰਾਜਾਂ 'ਚ ਹੁਣ ਆਮ ਲੋਕਾਂ ਤੋਂ ਇਲਾਵਾ 'ਖ਼ਾਸ' ਲੋਕ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਵੀ. ਬਾਲਾਕ੍ਰਿਸ਼ਣਨ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਬੋਰਡ ਦੀ ਮੈਂਬਰਸ਼ਿਪ ਤੋਂ ਹਾਲੇ ਹਟੇ ਹੀ ਸਨ ਕਿ ਉਨ੍ਹਾਂ ਨੇ 'ਆਪ' ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਗੁਜਰਾਤ, ਦਿੱਲੀ, ਮਹਾਂਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਹਰਿਆਣਾ ਤੇ ਪੰਜਾਬ ਸਮੇਤ ਡੇਢ ਦਰਜਨ ਸੂਬਿਆਂ ਸਮੇਤ 'ਆਪ' ਦੀ ਲਹਿਰ ਦੇਖੀ ਜਾ ਰਹੀ ਹੈ।
ਹੁਣ ਤੱਕ 'ਆਪ' ਦਾ ਅਸਰ ਸ਼ਹਿਰੀ ਇਲਾਕਿਆਂ 'ਚ ਹੈ ਤੇ ਇਸ ਦੇ ਸਮੱਰਥਕਾਂ ਦੀ ਇੱਕ ਵੱਡੀ ਗਿਣਤੀ ਮੱਧ ਸ਼੍ਰੇਣੀ ਨਾਲ ਜੁੜੀ ਹੋਈ ਹੈ, ਜਿਸ ਲਈ ਭ੍ਰਿਸ਼ਟਾਚਾਰ ਇਕ ਵੱਡਾ ਮੁੱਦਾ ਹੈ। ਸ਼ਹਿਰੀ ਵਰਗ ਹੁਣ ਤੱਕ ਭਾਜਪਾ ਦੇ ਮਜ਼ਬੂਤ ਕਿਲ੍ਹਿਆਂ 'ਚੋਂ ਇੱਕ ਰਿਹਾ ਹੈ ਤੇ ਇਸੇ ਵਰਗ 'ਚ ਹੁਣ ਤੱਕ ਮੋਦੀ ਦੀ ਲਹਿਰ ਸੀ। ਪਰ ਹੁਣ ਕੇਜਰੀਵਾਲ ਦੀ 'ਆਪ' ਪਾਰਟੀ ਇਸ ਵਰਗ ਦੀ ਨਾਇਕ ਬਣ ਕੇ ਉਭਰ ਰਹੀ ਹੈ। ਹੁਣ ਤੱਕ ਭਾਜਪਾ ਲਈ ਅਸਾਨ ਮੰਨੀਆਂ ਜਾ ਰਹੀਆਂ ਸ਼ਹਿਰੀ ਸੀਟਾਂ 'ਤੇ ਆਪ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਭਾਜਪਾ ਖਿਲਾਫ ਜੋ ਵੋਟਰ ਕਾਂਗਰਸ ਨੂੰ ਸਮੱਰਥਨ ਦੇ ਰਿਹਾ ਸੀ, ਉਹ ਵੀ ਆਪ ਨਾਲ ਜਾ ਸਕਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਜਪਾ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਅਸਫਲ ਹੋ ਜਾਵੇ।
ਅੱਜਕੱਲ੍ਹ ਭ੍ਰਿਸ਼ਟਾਚਾਰ ਇੱਕ ਅਜਿਹਾ ਮੁੱਦਾ ਹੈ, ਜੋ ਖੇਤਰੀ, ਧਾਰਮਿਕ ਤੇ ਸੰਕੀਰਨ ਭਾਵਨਾਵਾਂ 'ਤੇ ਭਾਰੂ ਪਿਆ ਹੈ। ਮੱਧ ਵਰਗ ਨੂੰ ਆਪਣੇ ਵੱਲ ਖਿੱਚਣ 'ਚ ਸਫਲ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਹੁਣ ਮੋਦੀ ਤੋਂ ਵੱਧ ਕੇਜਰੀਵਾਲ ਦੀ ਚਰਚਾ ਹੋ ਰਹੀ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਫਿਲਹਾਲ 'ਆਪ' ਦਾ ਸਭ ਤੋਂ ਵੱਡਾ ਹਥਿਆਰ ਹੈ। ਇਹ ਵੋਟ ਹਾਸਲ ਕਰਨ 'ਚ 'ਆਪ' ਦੀ ਮਦਦ ਕਰ ਸਕਦਾ ਹੈ। ਇਸੇ ਪ੍ਰਭਾਵ ਕਾਰਨ ਹੁਣ ਭਾਜਪਾ ਵੀ ਲੋਕ ਸਭਾ ਚੋਣਾਂ 'ਚ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ ਅਤੇ ਇਹ ਮੁਹਿੰਮ 'ਚ ਕਈ ਮੌਜੂਦਾ ਸਾਂਸਦਾਂ ਦਾ ਪੱਤਾ ਵੀ ਕੱਟ ਸਕਦਾ ਹੈ।
ਕਾਂਗਰਸ ਨੂੰ ਰਾਹੁਲ 'ਤੇ ਭਰੋਸਾ
ਡਾ. ਮਨਮੋਹਨ ਸਿੰਘ ਦੀ ਆਰਥਿਕ ਰਾਜਨੀਤੀ ਫੇਲ੍ਹ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਰਾਹੁਲ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਡਾ. ਮਨਮੋਹਨ ਸਿੰਘ ਨੂੰ ਐਲਾਨ ਕਰਨਾ ਪਿਆ ਕਿ ਉਹ ਪ੍ਰਧਾਨ ਮੰਤਰੀ ਵਜੋਂ ਤੀਜੀ ਪਾਰੀ ਨਹੀਂ ਖੇਡਣਗੇ। ਇਸ ਅਹੁਦੇ ਲਈ ਕਾਂਗਰਸ ਦਾ ਉੱਪ ਪ੍ਰਧਾਨ ਰਾਹੁਲ ਹੀ ਯੋਗ ਹੈ। ਪਰ ਕਾਂਗਰਸ ਦੀ ਬਦਕਿਸਮਤੀ ਇਹ ਹੈ ਕਿ ਰਾਹੁਲ ਆਵਾਮ ਨੂੰ ਕਾਇਲ ਕਰਨ ਵਿਚ ਮੋਦੀ ਤੇ ਕੇਜਰੀਵਾਲ ਵਾਂਗ ਸਫਲ ਨਹੀਂ ਹੋ ਸਕੇ। ਵੱਡੀ ਗੱਲ ਇਹ ਵੀ ਹੈ ਕਿ ਭਾਰਤ ਦੋ ਬੌਧਿਕ ਵਰਗ ਨੂੰ ਪਰਿਵਾਰਵਾਦੀ ਰਾਜਨੀਤੀ ਵੀ ਪਸੰਦ ਨਹੀਂ ਹੈ।
ਦਿੱਲੀ ਦੇ ਨਤੀਜਿਆਂ ਤੋਂ ਸਿੱਧ ਹੋ ਗਿਆ ਹੈ ਕਿ ਭਾਰਤ ਬਦਲਾਅ ਦੀ ਕ੍ਰਾਂਤੀ ਲਿਆਉਣ ਲਈ ਕਮਰਕੱਸੇ ਕਰੀ ਬੈਠਾ ਹੈ। ਕੇਜਰੀਵਾਲ ਦੀ ਸਿਆਸਤ ਤੋਂ ਆਮ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਜੋ ਉਹ ਕਹਿ ਰਿਹਾ ਹੈ, ਉਹ ਕਰ ਦਿਖਾਏਗਾ। ਇਸੇ ਕਰਕੇ ਸਾਧਾਰਨ ਵਰਗ ਯੂਥ ਉਸ ਨਾਲ ਲਹਿਰ ਵਜੋਂ ਭਾਰਤੀ ਸਿਆਸਤ ਦੀ ਬਰੂਹਾਂ 'ਤੇ ਦਸਤਕ ਦੇ ਰਿਹਾ ਹੈ। ਕੇਜਰੀਵਾਲ ਨੇ ਸਦਨ ਵਿੱਚ ਉਸ ਰਾਜਨੀਤਕ ਮਰਿਯਾਦਾ ਤੇ ਨੈਤਿਕਤਾ ਨੂੰ ਪੇਸ਼ ਕੀਤਾ ਹੈ, ਜਿਸ ਨੂੰ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਸਿਆਸਤਦਾਨ ਭੁੱਲਦੇ ਜਾ ਰਹੇ ਹਨ। ਵਿਧਾਨ ਸਭਾ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਜਿਸ ਤੀਬਰ ਗਤੀ ਨਾਲ ਪਾਣੀ ਤੇ ਬਿਜਲੀ ਦੇ ਵਾਅਦਿਆਂ ਨੂੰ ਨਿਭਾਇਆ ਤੇ ਬਿਜਲੀ ਕੰਪਨੀਆਂ ਦਾ ਆਡਿਟ ਫ਼ੈਸਲਾ ਲੈ ਕੇ ਪਹਿਲੀ ਸਰਕਾਰ ਦਾ ਪਰਦਾਫਾਸ਼ ਕਰ ਦਿੱਤਾ ਹੈ, ਉਸ ਨਾਲ ਭਾਜਪਾ ਤੇ ਕਾਂਗਰਸ ਦੀਆਂ ਅੱਖਾਂ ਹੀ ਖੁੱਲ੍ਹੀ ਰਹਿ ਗਈਆਂ ਹਨ। ਦਿੱਲੀ ਵਿਧਾਨ ਸਭਾ ਵਿੱਚ ਅਰਵਿੰਦ ਕੇਜਰੀਵਾਲ ਦਾ ਭਾਸ਼ਣ, ਜਿਨ੍ਹਾਂ ਨੇ ਟੀਵੀ ਚੈਨਲਾਂ 'ਤੇ ਲਾਈਵ ਦੇਖਿਆ ਹੈ, ਉਹ ਉਸ ਨੂੰ ਭੁੱਲ ਨਹੀਂ ਸਕਣਗੇ। ਇਸ ਵਿੱਚ ਕਿਸੇ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਨਹੀਂ, ਬਲਕਿ ਰਾਜਨੀਤੀ ਨੂੰ ਕ੍ਰਾਂਤੀਕਾਰੀ ਤਬਦੀਲੀ ਵੱਲ ਲਿਜਾਉਣ ਦਾ ਸੰਦੇਸ਼ ਜ਼ਾਹਿਰ ਹੋ ਰਿਹਾ ਸੀ। ਲੋਕ ਹੁਣ ਰਾਜਨੀਤਕ ਨੈਤਿਕਤਾ ਤੇ ਰਾਜਨੀਤਕ ਤਬਦੀਲੀ ਚਾਹੁੰਦੇ ਹਨ, ਜੋ ਲੋਕਾਂ ਦਾ ਭਲਾ ਕਰ ਸਕੇ ਤੇ ਦੇਸ਼ ਨੂੰ ਵਿਕਾਸ ਦੇ ਰਾਹਾਂ 'ਤੇ ਇਮਾਨਦਾਰੀ ਨਾਲ ਤੋਰ ਸਕੇ। ਕੇਜਰੀਵਾਲ ਤੋਂ ਲੋਕਾਂ ਨੂੰ ਆਸਾਂ ਨੇ। ਇਸੇ ਲਈ ਭਾਰਤ ਵਿਚ ਰਾਜਨੀਤਕ ਤਬਦੀਲੀ ਵਾਪਰਨ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਜੇਕਰ ਇਹ ਦੌਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਾਂਗਰਸ ਤੇ ਭਾਜਪਾ ਦੀ ਰਾਜਨੀਤੀ ਲਈ ਵੱਡਾ ਚੈਲਿੰਜ ਸਾਬਤ ਹੋਵੇਗਾ।
![]() |
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਮੋਬ: 94176-74013 |


0 comments:
Speak up your mind
Tell us what you're thinking... !