ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਲੜਕੀਆਂ ਦੀ ਸਿੱਖਿਆ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕੁਝ ਕੁ ਉੇੱਚ ਘਰਾਣਿਆਂ ਦੀਆਂ ਲੜਕੀਆਂ ਹੀ ਆਪਣਾ ਦਿਮਾਗੀ ਜੰਗਾਲ (ਪੜ੍ਹ-ਲਿਖ ਕੇ) ਲਾਹੁੰਦੀਆਂ ਸਨ ਪਰ ਸਮੇਂ ਦੀ ਕਰਵਟ ਨੇ ਕੁਝ ਕੁ ਸਧਾਰਣ ਘਰਾਂ ਦੀਆਂ ਕੁੜੀਆਂ ਨੇ ਵੀ ਸਕੂਲਾਂ-ਕਾਲਜਾਂ ਵਾਲੇ ਪਾਸੇ ਨੂੰ ਮੋੜਿਆ ਅਤੇ ਉਨ੍ਹਾਂ ਦੇ ਮੂੰਹੋਂ ਵੀ ਨਿਕਲਣ ਲੱਗ ਪਿਆ ਕਿ ‘ੳ,ਅ, ੲ ਸ,ਹ ੜ ਵੇ ਚੱਲ ਚੱਲੀਏ ਸਕੂਲੇ ਨਹੀਂ ਇਹ ਕੰਮ ਮਾੜਾ ਵੇ’।
ਅੱਜ ਸਾਡੀਆਂ ਵਿਦਿਅਕ ਸੰਸਥਾਵਾਂ ਵਿਚ ਭਾਵੇਂ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਕਾਫੀ ਗਿਣਤੀ ਵਿਚ ਦਿਖਾਈ ਦਿੰਦੀਆਂ ਹਨ ਪਰ ਮੁੰਡਿਆਂ ਦੇ ਮੁਕਾਬਲੇ ਇਹ ਸ਼ੁਮਾਰ ਅਜੇ ਵੀ ਸੰਤੋਖਜਨਕਤਾ ਭਰਪੂਰ ਨਹੀਂ ਕਿਹਾ ਜਾ ਸਕਦਾ।ਸਾਡੇ ਪੇਂਡੂ ਖੇਤਰਾਂ ਵਿਚ ਤਾਂ ਇਹ ਸ਼ੁਮਾਰ ਹੋਰ ਵੀ ਤਰਸਯੋਗ ਹੈ।ਇਸ ਤਰਸਯੋਗਤਾ ਦਾ ਵਡੇਰਾ ਕਾਰਨ ਮਾਪਿਆਂ ਦੀ ਲੜਕੀਆਂ ਦੀ ਸਿੱਖਿਆ ਪ੍ਰਤੀ ਉਦਾਸੀਨਤਾ ਹੋਣ ਦੇ ਨਾਲ-ਨਾਲ ਸਮਾਜਿਕ-ਸਭਿਆਚਾਰਕ ਮਾਹੌਲ ਦਾ ਅਣਸੁਖਾਵਾਂ ਹੋਣਾ ਵੀ ਹੈ। ਬੇਸ਼ੱਕ ਅੱਜ ਅਸੀਂ 21ਵੀਂ ਸਦੀ ਨਾਲ ਗਲਵੱਕੜੀ ਪਾ ਲਈ ਹੈ ਪਰ ਸੋਚ ਪੱਖੋਂ ਅਸੀਂ ਅਜੇ ਵੀ ਪਿਛਲਖ਼ੁਰੀ ਹੀ ਤੁਰੀ ਜਾਂਦੇ ਹਾਂ।ਕਈ ਪਰਿਵਾਰ ਤਾਂ ਅਜੇ ਵੀ ਲੜਕੀਆਂ ਦੀ ਸਹਿ-ਸਿੱਖਿਆ ਨੂੰ ਸਹਿਣ ਨਹੀਂ ਕਰਦੇ।ਪਿੰਡ ਵਿਚ ਵਸਦੇ ਕਿਸੇ ਅਗਾਂਹਵਧੂ ਪਰਿਵਾਰ ਦੀ ਜੇਕਰ ਕੋਈ ਲੜਕੀ ਦੂਰ-ਨੇੜੇ ਪੜ੍ਹਨ ਲੱਗ ਵੀ ਜਾਵੇ ਤਾਂ ਕਈ ਮੰਦਭਾਵੀ ਲੋਕ ਖੰਭਾਂ ਦੀਆਂ ਡਾਰਾਂ ਤੱਕ ਬਣਾ ਦਿੰਦੇ ਹਨ। ਅਜਿਹੀ ਸੂਰਤ-ਏ-ਹਾਲ ਵਿਚ ਲੜਕੀਆਂ ਦੀ ਤਲੀਮ ਦੇ ਚੜ੍ਹਦੀਕਲਾ ਵਾਲੇ ਪੱਖ ਦੀ ਕੋਈ ਬਹੁਤੀ ਆਸ ਨਹੀਂ ਬੱਝਦੀ। ਲੜਕੀਆਂ ਦੀ ਸਿੱਖਿਆ ਪ੍ਰਤੀ ੳਦਾਸੀਨਤਾ ਠੋਸ ਕਾਰਨ ਵਿਦਿਅਕ ਸਹੂਲਤਾਂ ਦਾ ਨਾਕਾ/ੀ ਹੋਣਾ ਵੀ ਹੈ। ਸਰਕਾਰ ਵੱਲੋਂ ਭਾਵੇਂ ਕੁੜੀਆਂ ਦੇ ਸਕੂਲੀ ਸ/ਰ ਨੂੰ ਸੁਖਾਲਾ ਬਣਾਉਣ ਲਈ ਸਾਇਕਲ ਆਦਿ ਵੀ ਦਿੱਤੇ ਜਾਂਦੇ ਹਨ। ਪਰ ਇਸ ਵਿਚ ਕਲਿਆਣਕਾਰੀ ਅੰਸ਼ ਘੱਟ ਅਤੇ ਰਾਜਨੀਤਕ ਪਹੁੰਚ ਵਧੇਰੇ ਪ੍ਰਬਲ ਹੁੰਦੀ ਹੈ।
ਲੜਕੀਆਂ ਦੀ ਸਿੱਖਿਆ ਦੇ ਮਾਮਲੇ ਵਿਚ ਗ਼ਰੀਬ ਪਰਿਵਾਰਾਂ ਦੀ ਹਾਲਤ ਤਾਂ ਹੋਰ ਵੀ ਪਤਲੀ ਹੈ। ਇਨ੍ਹਾਂ ਪਰਿਵਾਰਾਂ ਲਈ ਤਾਂ ਆਪਣੀ ਉਦਰ-ਜਵਾਲਾ ਨੂੰ ਸ਼ਾਤ ਕਰਨਾ ਹੀ ਇਕ ਗੰਭੀਰ ਮਸਲਾ ਬਣਿਆ ਰਹਿੰਦਾ ਹੈ। ਇਸ ਮਸਲੇ ਨੂੰ ਹੱਲ ਕਰਦਿਆਂ ਇਨ੍ਹਾਂ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਲੇਖੇ ਲੱਗ ਜਾਂਦੀਆਂ ਹਨ। ਜਿਵੇਂ ਕਿਸੇ ਭੁਖੇ ਨੂੰ ਪਾਈ ਆਮ ਬਾਤ ਦਾ ਜਵਾਬ ਵੀ ਟੁੱਕ ਵਿਚ ਮਿਲਦਾ ਹੈ ਉਸੇ ਤਰ੍ਹਾਂ ਇਨ੍ਹਾਂ ਪਰਿਵਾਰਾਂ ਨੂੰ ਲੜਕੀਆਂ ਦੀ ਸਿੱਖਿਆ ਪ੍ਰਤੀ ਕੀਤੇ ਗਏ ਪ੍ਰਸ਼ਨ ਦਾ ਉਤਰ ਵੀ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ ਹੈ।
ਅਜੋਕਾ ਯੁੱਗ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ। ਇਸ ਯੁੱਗ ਦਾ ਹਾਣੀ ਬਣਨ ਲਈ ਲੜਕੀਆਂ/ਇਸਤ੍ਰੀਆਂ ਦੀ ਸਿੱਖਿਆ ਦੀ ਹੋਰ ਵੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ। ਔਰਤ ਨੂੰ ਸਿਖਿਅਤ ਕਰਨ ਤੋਂ ਬਗੈਰ ਕਿਸੇ ਵੀ ਸਮਾਜ ਅਤੇ ਰਾਸ਼ਟਰ ਦਾ ਵਿਕਾਸ ਸੰਭਵ ਨਹੀਂ ਹੁੰਦਾ। ਜੇਕਰ ਇਕ ਲੜਕੀ ਪੜ੍ਹੀ-ਲਿਖੀ ਹੋਵੇਗੀ ਤਾਂ ਘਰੇਲੂ ਅਤੇ ਸਮਾਜਿਕ ਜ਼ਿੰਦਗੀ ਵੀ ਖੁਸ਼ਹਾਲ ਹੋਵੇਗੀ। ਆਬਾਦੀ ਆਪ ਮੁਹਾਰੇ ਵਾਧੇ ਨੂੰ ਠੱਲ੍ਹ ਵੀ ਲੜਕੀਆਂ ਨੂੰ ਸਹੀ ਢੰਗ ਨਾਲ ਸਿੱਖਿਅਤ ਕਰਕੇ ਪਾਈ ਜਾ ਸਕਦੀ ਹੈ। ਇਸ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ,ਲੜਕੇ ਦੀ ਸਿੱਖਿਆ ਕੇਵਲ ਇਕ ਵਿਅਕਤੀ ਦੀ ਸਿੱਖਿਆ ਹੁੰਦੀ ਹੈ ਪਰ ਇਕ ਲੜਕੀ ਦੀ ਸਿੱਖਿਆ ਪੂਰੇ ਖਾਨਦਾਨ ਦੀ ਸਿੱਖਿਆ ਹੋ ਨਿਬੜਦੀ ਹੈ। ਸਿਆਣੇ ਲੋਕਾਂ ਦੀ ਸੋਚ ਵੀ ਕਹਿੰਦੀ ਹੈ ਕਿ ‘ਪੁੱਤ ਪੜ੍ਹਾਇਆਂ ਸੁਧਰਦਾ ਆਪਣਾ ਹੀ ਖਾਨਦਾਨ ਪਰ ਧੀ ਪੜ੍ਹਾਇਆਂ ਸੁਧਰਦੀ ਆਦਮ ਦੀ ਸੰਤਾਨ’।
ਲੜਕੀਆਂ ਦੀ ਸਿੱਖਿਆ ਦਾ ਸੰਬੰਧ ਦੇਸ਼ ਦੀ ਤਰੱਕੀ ਨਾਲ ਵੀ ਜੁੜਿਆ ਹੋਇਆ ਹੈ। ਸਮਝਦਾਰਾਂ ਦੀ ਸਮਝ ਕਹਿੰਦੀ ਹੈ ਕਿ ‘ਮਾਂ ਭੈਣ ਜਦੋਂ ਪੜ੍ਹ ਜਾਵੇਗੀ ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ’।
ਇਸ ਲਈ ਜੇਕਰ ਅਸੀਂ ਆਉਣ ਵਾਲੀ ਨਸਲ ਦੀ ਭਲਾਈ ਲੋਚਦੇ ਹਾਂ ਤਾਂ ਸਾਨੂੰ ਲੜਕੀਆਂ ਦੀ ਤਲੀਮ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ ਤਾਂ ਹੀ ਅਸੀਂ ਖ਼ਵਾਤੀਨ ਵਰਗ ਨੂੰ ਸਮੇਂ ਦਾ ਹਾਣੀ ਬਣਾ ਸਕਦੇ ਹਾਂ। ਤੇ ਇਸ ਵਾਰ ਦੇ ਸੁਤੰਤਰਤਾ ਦਿਵਸ ‘ਤੇ ਇਸ ਬਾਰੇ ਵੀ ਕੁੱਝ ਸੋਚਣਾ ਪਵੇਗਾ।
ਰਮੇਸ਼ ਬੱਗਾ ਚੋਹਲਾ
ਮ: ਨੰ: 1348/17/1
ਗਲੀ ਨੰ:8 ਹੈਬੋਵਾਲ ਖੁਰਦ
(ਲੁਧਿਆਣਾ)ਮੋ:9463132719


0 comments:
Speak up your mind
Tell us what you're thinking... !