ਮੈਂ ਸਦਾ ਸੱਜਣ ਸਿੰਘ ਮਕੈਨਿਕ ਤੋਂ ਹੀ ਆਪਣਾ ਸਕੂਟਰ ਠੀਕ ਕਰਾਉਂਦਾ। ਇੱਕ ਤਾਂ ਉਸਦਾ ਨਾਂ ਹੀ ਸੱਜਣ ਭਾਵ ਮਿੱਤਰ ਸੀ
ਤੇ ਦੂਜਾ ਸੁਭਾਅ ਦਾ ਵੀ ਮਿੱਤਰ ਹੀ ਸੀ। ਇੱਕ ਗੱਲ ਹੋਰ ਸਾਰੇ ਉਸਨੂੰ ਭਾਈ ਸਾਬ੍ਹ ਕਹਿੰਦੇ। ਚੰਗੇ ਸੁਭਾਅ ਅਤੇ ਪਹਿਨੇ ਬਾਣੇ ਦੇ ਕਾਰਨ ਭਾਈ ਸਾਬ੍ਹ ਤਾਂ ਉਸਦੇ ਨਾਂ ਨਾਲ਼ ਬਹੁਤ ਜਚਦਾ ਸੀ। ਜਦੋਂ ਵੀ ਕੋਈ ਸਕੂਟਰ, ਮੋਟਰਸਾਇਕਲ ਠੀਕ ਕਰਾਉਣ ਆਉਂਦਾ ਤਾਂ ਉਸਨੂੰ ਭਾਈ ਸਾਬ੍ਹ ਹੀ ਕਹਿ ਕੇ ਬੁਲਾਉਂਦਾ ਤੇ ਉਹ ਆਪਣੇ ਮਿੱਠਬੋਲੜੇ ਸੁਭਾਅ ਅਤੇ ਚੰਗੇ ਕੰਮ ਸਦਕਾ ਛੇਤੀ ਹੀ ਹਰ ਇੱਕ ਦਾ ਮਨ ਮੋਹ ਲੈਂਦਾ ਸੀ। ਛੁੱਟੀ ਵਾਲ਼ੇ ਦਿਨ ਖਾਸ ਤੋਰ ’ਤੇ ਗੁਰਧਾਮਾਂ ’ਤੇ ਜਾਣ ਤੋਂ ਉਹ ਕਦੇ ਪਾਸਾ ਨਹੀਂ ਵੱਟਦਾ ਸੀ। ਉਸਨੇ ਆਪਣੀ ਦੁਕਾਨ ’ਤੇ ‘ ਵਿਸ਼ੇਸ਼ ਦਿਨਾਂ ’ਤੇ ਦੁਕਾਨ ਬੰਦ ਰਹੇਗੀ’ ਦਾ ਬੋਰਡ ਵੀ ਲਗਾਇਆ ਹੋਇਆ ਸੀ।
ਉਸਦੇ ਅਜਿਹੇ ਰੁਝੇਵਿਆਂ ਕਾਰਨ ਮੈਂ ਵੀ ਜਦੋਂ ਆਪਣਾ ਸਕੂਟਰ ਠੀਕ ਕਰਾਉਣਾ ਹੁੰਦਾ ਤਾਂ ਪਹਿਲਾਂ ਉਸ ਤੋਂ ਸਮਾਂ ਲੈ ਲੈਂਦਾ ਸੀ। ਪਰ ਹੁਣ ਤਾਂ ਉਸਨੇ ਕਈ ਦਿਨਾਂ ਤੋਂ ਦੁਕਾਨ ਬੰਦ ਰੱਖੀ ਹੋਈ ਸੀ। ਮੇਰੇ ਸਕੂਟਰ ਦੀ ਹਾਲਤ ਵੀ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਸੀ। ਮਨ ਇਸ ਗੱਲ ਨੂੰ ਰਾਜ਼ੀ ਹੀ ਨਹੀਂ ਸੀ ਹੋ ਰਿਹਾ ਕਿ ਕਿਸੇ ਹੋਰ ਮਕੈਨਿਕ ਕੋਲੋਂ ਠੀਕ ਕਰਾਇਆ ਜਾਵੇ। ਇਸ ਬਹਾਨੇ ਕਿ ਸੱਜਣ ਸਿੰਘ ਦੀ ਖਬਰ ਸਾਰ ਲੈ ਹੋਜੂ, ਮੈਂ ਉਸਦੇ ਘਰ ਵੱਲ ਚਾਲੇ ਪਾ ਦਿੱਤੇ। ਉਸ ਦੇ ਘਰ ਨੂੰ ਤਾਲ਼ਾ ਲੱਗਾ ਦੇਖ ਮੈਂ ਉਸਦਾ ਕਿਸੇ ਲੰਮੀ ਯਾਤਰਾ ਤੇ ਗਏ ਹੋਣ ਦਾ ਅਨੁਮਾਨ ਲਾਉਣ ਲੱਗਾ। ਮੈਂ ਅਜੇ ਆਪਣੇ ਖਿਆਲਾਂ ਦੀ ਸੋਚ ਨੂੰ ਉੱਡਾ ਹੀ ਰਿਹਾ ਸਾਂ ਕਿ ਉਸਦਾ ਗੁਆਂਢੀ ਤਰਸੇਮ ਝੱਟ ਮੇਰੇ ਕੋਲ ਆ ਕਹਿਣ ਲੱਗਾ, ‘ ਲਗਦਾ ਸੱਜਣ ਕੋਲ਼ ਆਇਐ ’।
ਮੈਂ ਹਾਂ ਵਿੱਚ ਹੁੰਗਾਰਾ ਭਰਿਆ ਤਾਂ ਉਸਨੇ ਮੈਨੂੰ ਬਾਂਹ ਤੋਂ ਫੜ ਲਿਆ ਅਤੇ ਸਿੱਧਾ ਆਪਣੇ ਘਰ ਲੈ ਗਿਆ। ਆਲ਼ੇ-ਦੁਆਲ਼ਾ ਦੇਖ ਉਸ ਦੱਬਵੇਂ ਪੈਰ ਗੱਲ ਸ਼ੁਰੂ ਕੀਤੀ, ‘ ਕੀ ਦੱਸਾਂ ਯਾਰਾਂ, ਦੁਕਾਨ ’ਤੇ ਸੱਜਣ,ਮਿੱਤਰ ਅਤੇ ਭਾਈ ਸਾਬ੍ਹ ਬਣੇ ਸੱਜਣ ਸਿੰਘ ਨੇ ਇੱਕ ਮਾਮੂਲੀ ’ਜੀ ਲੜਾਈ ਵਿੱਚ ਆਪਣੀ ਘਰ ਵਾਲ਼ੀ ਤੇ ਬੱਚਿਆਂ ਨੂੰ ਅਜਿਹਾ ਕੁਟਾਪਾ ਚਾੜ੍ਹਿਆ ਕਿ ਹੁਣ ਸਾਰਾ ਟੱਬਰ ਪੁਲ਼ਿਸ ਦੇ ਅੜਿੱਕੇ ਹੈ। ਇਸ ਕਰਕੇ ਮੈਂ ਕਹਿਨਾ ਕਿ ਘਰ ਜਾਣ ਤੋਂ ਗੁਰੇਜ਼ ਹੀ ਕਰੀ। ਦੇਖੀ ਕਿਤੇ ਤੈਨੂੰ ਵੀ ਭਾਈ ਸਾਬ੍ਹ ਦਾ ਸਾਥੀ ਕਹਿ ਕੇ ਜੇਲ੍ਹ ਦੀ ਹਵਾ ਨਾ ਚਖਾ ਦੇਣ।’ ਮੈਂ ਦੁਕਾਨ ਦੇ ਬੋਰਡ ’ਤੇ ਉਕਰੇ ਸ਼ਬਦ ‘ਵਿਸ਼ੇਸ਼ ਦਿਨਾਂ ਵਿੱਚ ਦੁਕਾਨ ਬੰਦ ਰਹੇਗੀ’ ਦੇ ਖਿਆਲਾਂ ਨੂੰ ਮਨ ਵਿੱਚ ਲਿਆਉਂਦਾ-ਲਿਆਉਂਦਾ ਆਪਣੇ ਖਸਤਾ ਹਾਲ ਸਕੂਟਰ ਨੂੰ ਕਿੱਕ ਮਾਰ ਘਰ ਵੱਲ ਚਾਲੇ ਪਾ ਦਿੱਤੇ।
ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕ:-ਮਕੜੌਨਾ ਕਲਾਂ,
ਜ਼ਿਲ੍ਹਾ ਰੋਪੜ।
ਮੋਬਾਇਲ 98550 20025


0 comments:
Speak up your mind
Tell us what you're thinking... !