Headlines News :
Home » » ਟੈਂਪਰੇਰੀ ਜ਼ਮਾਨਾ - ਪਰਸ਼ੋਤਮ ਲਾਲ ਸਰੋਏ

ਟੈਂਪਰੇਰੀ ਜ਼ਮਾਨਾ - ਪਰਸ਼ੋਤਮ ਲਾਲ ਸਰੋਏ

Written By Unknown on Monday, 13 January 2014 | 01:47

ਪਰਸ਼ੋਤਮ ਲਾਲ ਸਰੋਏ,ਮੋਬਾ : 92175-44348
 ਲਓ ਜੀ ਦੋਸਤੋ ਹੁਣ ਅਧੁਨਿਕ ਯੁੱਗ ਆ ਚੁੱਕਾ ਹੈ। ਇਸ ਯੁੱਗ ਦੇ ਆਉਣ ਨਾਲ ਦੁਨੀਆਂ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ।  ਵੈਸੇ ਮਨੁੱਖੀ ਜੀਵਨ ਤਾਂ ਪਹਿਲਾਂ ਹੀ ਅਸਥਾਈ ਜਾਂ ਦੂਜੇ  ਸ਼ਬਦਾਂ ਵਿੱਚ ਡੰਗ ਟਪਾਉ ਕਹਿ ਲਓ, ਸੀ। ਪਰ ਇਸ ਡੰਗ ਟਪਾਊ (ਥੋੜ-ਚਿਰਾ ਜਾਂ ਅਸਥਾਈ) ਜੀਵਨ ਦੇ ਨਾਲ-ਨਾਲ ਇਸ ਅਧੁਨਿਕ ਜ਼ਮਾਨੇ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਸਭ ਕੁਝ ਹੀ ਡੰਗ ਟਪਾਉਂ ਹੋ ਕੇ ਰਹਿ ਗਿਆ ਹੈ। ਜਾਂ ਇੱਜ਼ ਕਹਿ ਲਓ ਕਿ ਸਭ ਕੁਝ ਡੰਗ ਟਪਾਉ ਕਰ ਦਿੱਤਾ ਗਿਆ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਅਧੁਨਿਕ ਯੁੱਗ ਵਿਚ ਚੱਲਣ ਵਾਲੀਆਂ ਗੱਡੀਆਂ-ਮੋਟਰਾਂ ਦੀ ਗੱਲ ਕੀ ਕਰੀਏ । ਇਸ ਵੱਲ ਧਿਆਨ ਮਾਰ ਕੇ ਦੇਖ ਲਓ ਬਹੁਤ ਸਾਰੀਆਂ ਗੱਡੀਆਂ ਅਜਿਹੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਪਿੱਛੇ ਨੰਬਰ - ਟੈਪਰੇਰੀ ਅਰਥਾਤ ਅਸਥਿਰ ਜਾਂ ਡੰਗ ਟਪਾਉ ਨੰਬਰ ਹੋਣ ਦਾ ਸੰਕੇਤ ਮਿਲ ਜਾਂਦਾ ਹੈ। ਇਹ ਟੈਪਰੇਰੀ ਕਦ ਬਦਲ ਜਾਏਗਾ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਹ ਤਾਂ ਹੋਈ ਗੱਡੀਆਂ ਮੋਟਰਾਂ ਦੀ ਗੱਲ । ਹੁਣ ਜਦੋਂ ਆਪਾਂ ਮਨੁੱਖੀ ਜੀਵਨ ਦੀ ਗੱਲ ਕਰਦੇ ਹਾਂ ਇਸ ਬਾਰੇ ਧਿਆਨ ਨਾਲ ਸੋਚ ਕੇ ਦੇਖਿਆ ਜਾਵੇ ਤਾਂ ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖਾ ਜੀਵਨ ਥੋੜ-ਚਿਰਾ ਹੈ। ਜਿਸ ਦਾ ਅਰਥ ਇਹ ਹੈ ਕਿ ਮਨੁੱਖ ਉਸ
 ਮਿੱਟੀ ਦੇ ਭਾਂਡੇ ਦੀ ਤਰ੍ਹਾਂ ਹੈ ਜਿਸ ਦਾ ਕੁਝ ਵੀ ਪਤਾ ਨਹੀਂ ਕਿ ਇਸ ਨੇ ਕਿਸ ਵੇਲੇ ਭੱਜ ਜਾਣਾ ਹੈ। ਅਰਥਾਤ ਕਹਿਣ ਦਾ ਭਾਵ ਇਹ ਵੀ ਬਣਦਾ ਹੈ ਕਿ ਮਨੁੱਖੀ ਜੀਵਨ ਵਿੱਚ ਟੈਂਪਰੇਰੀਪਣ ਦੀ ਪ੍ਰਧਾਨਤਾ ਹੈ। ਅਰਥਾਤ ਇਹ ਅਸਥਿਰ ਹੈ। ਜੇਕਰ ਅੱਜ ਦੇ ਕਲਯੁਗੀ ਜ਼ਮਾਨੇ ਬਾਰੇ ਗੱਲ ਕਰੀਏ ਤਾਂ ਏਥੇ ਤਾਂ ਰਿਸ਼ਤਿਆਂ ਵਿੱਚ ਵੀ ਟੈਂਪਰੇਰੀਪਨ ਆਇਆ ਹੋਇਆ ਦਿਖਾਈ ਦਿੰਦਾ ਹੈ।  ਮਾਂ-ਬਾਪ, ਭੈਣ-ਭਾਈ ਆਦਿ ਸਭ ਕਾਸੇ ਵਿੱਚ ਟੈਂਪਰੇਰੀਪਨ ਦੀ ਝਲਕ ਦਿਖਾਈ ਦਿੰਦੀ ਹੈ। ਏਥੇ ਹੀ ਬਸ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਤਾਂ ਬਾਪ ਤੇ ਬੱਚਿਆਂ ਵਿਚਲਾ ਤੇ ਬੱਚਿਆਂ ਤੇ ਬਾਪ ਵਿਚਲਾ ਰਿਸ਼ਤਾ ਵੀ ਟੈਂਪਰੇਰੀ ਯਾਨੀਕਿ ਡੰਗ ਟਪਾਊ ਹੋ ਗਿਆ ਹੈ।  ਅਰਥਾਤ ਜ਼ਮਾਨੇ ਦਾ ਹਾਲ ਉਸ ਖ਼ੋਤੀ ਵਾਲਾ ਹੋ ਗਿਆ ਹੈ ਜਿਹੜੀ ਇੱਕ ਬੋਹੜ ਦੇ ਥੱਲੇ ਟਿਕ ਕੇ ਬੱਝੀ ਨਹੀਂ ਰਹਿ ਸਕਦੀ ਤੇ ਦੂਜੇ ਕੀਲੇ ਦੀ ਤਲਾਸ਼
 ਵਿੱਚ ਇਧਰ ਉਧਰ ਭਟਕਣ ਲੱਗਦੀ ਹੈ। ਅੱਜ ਦੇ ਮਾਇਆ ਪ੍ਰਧਾਨੀ ਤੇ ਲੁੱਚਾ-ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਲੇ ਸਮਾਜ
 ਦੀ ਜੇ ਗੱਲ ਕਰੀਏ ਤਾਂ ਏਥੇ ਵੀ ਟੈਂਪਰੇਰੀਪਨ ਦੀ ਕੋਈ ਘਾਟ ਨਜ਼ਰ ਨਹੀਂ ਪੈਂਦੀ।  ਏਥੇ ਵੀ ਜ਼ਿਆਦਾਤਰ ਰਿਸ਼ਤਾ ਉਸ ਨਾਲ ਹੀ ਨਿਭਾਇਆ ਜਾਂਦਾ ਹੈ ਜਿਹੜਾ ਆਪਣੀ ਇਨਸਾਨੀਅਤ ਦੀ ਹੱਦਾਂ ਨੂੰ ਪਾਰ ਕੇ ਕਿਸੇ ਵੀ ਤਰੀਕੇ ਨਾਲ ਚਾਹੇ ਕਿਸੇ ਨੂੰ ਕਿੰਨਾਂ ਵੀ ਨੁਕਸਾਨ ਪਹੁੰਚਾ ਕੇ, ਤੇ ਇਹ ਸੋਚ ਕੇ ਕਿ ਸਾਰਾ ਕੁਝ ਮੇਰਾ ਹੋ ਜਾਏ ਵੱਲ ਝਾਕ ਲੱਗੀ ਹੋਈ ਦਿਖਾਈ ਦਿੰਦੀ ਹੈ। ਹੁਣ ਜੇਕਰ ਇਸ ਵਿਚ ਕੋਈ ਕਿਸੇ ਕਿਸਮ ਦੀ ਭਾਈਚਾਰੇ ਦੀ ਗੱਲ ਵੀ ਦਿਖਾਉਣੀ ਪਵੇ ਤਾਂ ਉਹ ਵੀ ਦਿਖਾਵੇ ਦੀ ਭਾਵ ਟੈਂਪਰੇਰੀ ਹੀ ਹੁੰਦੀ ਹੋਈ ਨਜ਼ਰੀਂ ਪੈਂਦੀ ਹੈ।  ਮੇਰੇ ਕਹਿਣ ਤੋਂ ਭਾਵ ਅੱਜ ਦੇ ਸਮਾਜ ਦੀ ਮਜ਼ਬੂਰੀ ਗਧੇ ਨੂੰ ਵੀ ਬਾਪ ਕਹਿਣ ਨੂੰ ਪ੍ਰੋਤਸਾਹਨ ਦਿੰਦੀ ਹੋਈ
 ਦਿਖਾਈ ਦਿੰਦੀ ਹੈ।  ਅਰਥਾਤ ਅਸਲ ਵਿੱਚ ਕੁਝ ਵੀ ਨਹੀਂ ਹੈ। ਇਹ ਤਾਂ ਸਿਰਫ਼ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਵਾਲੀ ਪ੍ਰਵਿਰਤੀ ਹੀ ਦਿਖਾਈ ਦਿੰਦੀ ਹੈ। ਮੇਰੇ ਕਹਿਣ ਤੋਂ ਭਾਵ ਉਪਰੋਂ ਉਪਰੋਂ ਭਾਪਾ ਤੇ ਵਿੱਚੋਂ ''ਤੇਰਾ ਕਰਾਂ ਸ਼ਿਆਪਾ'' ਵਾਲੀ
 ਗੱਲ ਢੁਕਦੀ ਹੋਈ ਨਜ਼ਰੀਂ ਪੈਂਦੀ ਹੈ। ਅਰਥਾਤ ਸਭ ਕੁਝ ਬਣਾਵਟੀ ਹੀ ਹੈ। ਅਰਥਾਤ ਦੂਜੇ ਸ਼ਬਦਾਂ ਵਿਚ ਟੈਂਪਰੇਰੀਪਨ ਤੇ ਡੰਗ-ਟਪਾਊ ਤੇ ਅਸਥਿਰਤਾ ਦਾ ਭਾਵ ਹੀ ਝਲਕਦਾ ਦਿਖਾਈ ਦਿੰਦਾ ਹੈ।  ਏਥੇ ਤਾਂ ਉਹ ਗੱਲ ਵੀ ਨਜ਼ਰੀਂ ਪੈਂਦੀ ਹੈ ਅਖੇ ਇਕ ਵਾਰੀ ਇੱਕ ਬੰਦਾ ਗ਼ਲਤੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਰੱਖ਼ਤ 'ਤੇ ਚੜ੍ਹ ਗਿਆ। ਉਹ ਦਰੱਖ਼ਤ 'ਤੇ ਚੜ੍ਹ ਤਾਂ ਗਿਆ ਪਰ ਉਤਰਨਾ ਨਾ ਆਵੇ। ਪਰਮਾਤਮਾਂ ਅੱਗੇ ਸੁੱਖਣਾ ਸੁਖੀ- ਬਾਬਾ ਜੀ ਜੇ ਤੂੰ ਮੈਨੂੰ ਥੋੜਾ ਥੱਲੇ ਲਾਹ ਦੇਵੇਂ ਤਾਂ ਮੈਂ ਤੇਰੇ ਗਿਆਰਾਂ ਰੁਪਏ ਦਾ ਪ੍ਰਸ਼ਾਦਿ ਚੜ੍ਹਾਵਾਂਗਾ। ਕਹਿ ਕੇ ਥੋੜਾ ਥੱਲ੍ਹੇ ਉਤਰ ਆਇਆ। ਫਿਰ ਸੁੱਖਣਾ ਸੁੱਖੀ ਬਾਬਾ ਜੇ ਤੂੰ ਮੈਨੂੰ ਥੱਲੇ ਲਾਹ ਦੇਵੇਂ ਤਾਂ ਮੈਂ ਤੇਰੇ ਸਵਾ ਪੰਜ ਰੁਪਏ ਦਾ ਪ੍ਰਸ਼ਾਦਿ ਚੜ੍ਹਾਵਾਂਗਾ। ਥੋੜ੍ਹਾ ਹੋਰ ਥੱਲ੍ਹੇ ਉਤਰ ਆਇਆ ਫਿਰ ਉਹ ਸੁੱਖਣਾ ਸਵਾ ਰੁਪਏ ਤੱਕ ਆ ਪਹੁੰਚੀ। ਜਦੋਂ ਪੂਰੀ ਤਰ੍ਹਾਂ ਨਾਲ ਦਰੱਖ਼ਤ ਤੋਂ ਹੇਠਾਂ ਉਤਰ ਆਇਆ ਤਾਂ ਕਹਿਣ ਲੱਗਾ ਜਾ ਉਹ ਬਾਬਾ ਕਾਹਦੀ ਸੁੱਖਣਾ ਕਾਹਦਾ ਪ੍ਰਸ਼ਾਦਿ ਮੈਂ ਤਾਂ ਆਪ ਥੱਲੇ ਉਤਰਿਆਂ ਹਾਂ। ਅਰਥਾਤ ਇਸ ਤਰ੍ਹਾਂ ਕੀ ਨਜ਼ਰੀ ਪੈ ਰਿਹਾ ਹੈ ਮੇਰੇ ਪਾਠਕ ਇਸ ਦਾ ਅੰਦਾਜ਼ਾ ਆਪ ਲਗਾ ਕੇ ਦੇਖ ਸਕਦੇ ਹਨ। ੴ!--ਮੋਰੲ-->
 ਅਰਥਾਤ ਅੱਜ ਇਸ ਦੁਨੀਆਂ ਵੱਲ ਧਿਆਨ ਮਾਰ ਕੇ ਦੇਖਿਆ ਜਾਵੇ ਤਾਂ ਅਸਲ ਚੀਜ਼ ਕੀ ਨਜ਼ਰ ਆਵੇਗਾ। ਹੁਣ ਜ਼ਨਾਨੀਆਂ ਵੱਲ ਜਾਂਦੇ ਹਾਂ ਸੋਨੇ ਦੀ ਝਾਲ ਵਾਲੇ ਗ਼ਹਿਣੇ ਪਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਖੇ ਇਹ ਸੋਨੇ ਦੇ ਗਹਿਣੇ ਨੇ। ਫ਼ੋਕੀ ਟੌਹਰ ਜਾਂ ਦਿਖਾਵਾ ਕਰਨ ਲਈ ਝੂਠ ਦਾ ਸਹਾਰਾ ਆਖ਼ਿਰ ਕਿਸ ਖ਼ਾਤਿਰ?  ਜੇਕਰ ਇਹ ਝੂਠ ਨਾ ਵੀ ਬੋਲਿਆ ਜਾਵੇ ਤਾਂ ਕੀ ਇਸ ਤਰ੍ਹਾਂ ਕਰਨ ਨਾਲ ਹੇਠੀ ਹੋਵੇਗੀ? ਹੁਣ ਅੱਜ ਦੇ ਕਲਯੁਗੀ ਸਮਾਜ ਦੀ ਹੋਰ ਗੱਲ ਕਰੀਏ ਤਾਂ ਇਸ ਸਮਾਜ ਵਿੱਚ ਕਿਹੜੀ ਚੀਜ਼ ਹੈ
 ਜਿਹੜੀ ਅਸਥਿਰ ਨਹੀਂ ਹੈ ਜਿਸ ਵਿਚ ਮਿਲਾਵਟ ਨਹੀਂ ਹੈ।  ਅਰਥਾਤ ਏਥੇ ਤਾਂ ''ਨਾਵਣ ਚੱਲੇ ਤੀਰਥੀ, ਤਨ ਖੋਟਾ ਮਨ ਚੋਰ'' ਦੀ ਧੁੰਨ ਵੱਜਦੀ ਹੋਈ ਦਿਖਾਈ ਦਿੰਦੀ ਹੈ।  ਮੇਰੇ ਸੂਝਵਾਨ ਪਾਠਕੋਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਇਸ ਆਰਟੀਕਲ ਦੇ ਜ਼ਰੀਏ ਇਹ ਗੱਲ ਸਮਝਾਉਣ ਦਾ ਯਤਨ ਕਰ ਰਿਹਾ ਹਾਂ ਕਿ ਏਥੇ ਇੱਕ ਹੀ ਚੀਜ਼ ਹੈ ਜੋ ਕਿ ਅੱਜ ਦੇ ਕਲਯੁਗੀ ਟੈਂਪਰੇਰੀਪਨ ਤੋਂ ਬਚੀ ਹੋਈ ਹੈ। ਉਹ ਚੀਜ਼ ਸੱਚ ਹੈ। ਜੇਕਰ ਸੱਚ ਦੀ ਗੱਲ ਕਰੀਏ ਤਾਂ ਸੱਚ ਕੀ ਹੈ? ਸੱਚ ਉਸ ਪ੍ਰਭੂ ਪ੍ਰਮਾਤਮਾਂ ਦਾ ਨਾਂ ਹੈ। ਜਿਸ ਵਿੱਚ ਟੈਂਪਰੇਰੀਪਨ ਕਦੇ ਵੀ ਨਹੀਂ ਝਲਕਦਾ ਤੇ ਨਾ ਹੀ ਇਸ ਵਿੱਚ ਕਿਸੇ ਕਿਸਮ ਦੀ ਮਿਲਾਵਟ ਜਾਂ ਅਸਥਿਰਤਾ ਦਾ ਭਾਵ ਪ੍ਰਕਟ ਹੁੰਦਾ ਹੋਇਆ ਦਿਖਾਈ ਦਿੰਦਾ ਹੈ। ਏਥੇ ਤਾਂ - ਆਦਿ ਸੱਚ ਤੇ ਜੁਗਾਦਿ ਸੱਚ ਵਾਲੀ ਗੱਲ ਹੀ ਨਜ਼ਰੀ ਪੈਂਦੀ ਹੈ। ਇਸ ਕਰਕੇ ਆਪਣੇ ਸੂਝਵਾਨ
 ਪਾਠਕਾਂ ਨੂੰ ਇਹ ਹੀ ਸ਼ੰਦੇਸ਼ ਦੇਣ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਮਾਜੀ ਵਿਕਾਰਾਂ ਤੋਂ ਭਾਵ ਟੈਂਪਰੇਰੀਪਨ ਤੋਂ ਤੋਬਾ ਕਰ ਕੇ ਇੱਕ ਪ੍ਰਭੂ, ਜਿਹੜਾ ਕਿ ਹਮੇਸ਼ਾ ਸਥਿਰ ਰਹਿੰਦਾ ਹੈ। ਉਸ ਦੇ ਚਰਨਾਂ ਨਾਲ ਲੱਗ ਜਾਓ ਤਦ ਹੀ ਤੁਹਾਡਾ ਤੇ ਸਾਡਾ ਸਾਰਿਆਂ ਦਾ ਉਦਾਰ ਸੰਭਵ ਹੈ ਨਹੀਂ ਤਾਂ ਇੱਕ ਦਾ ਕੀਤਾ ਹੋਇਆ ਗੰਦ ਦੂਜੇ ਦੇ ਲੱਗਣਾ ਸੰਭਾਵਕ ਹੀ ਹੈ। ਬਾਕੀ ਮੇਰੇ ਸੂਝਵਾਨ ਪਾਠਕਾਂ ਨੇ ਇਹ ਫੈਸਲਾ ਆਪ ਕਰਨਾ ਹੈ ਕਿ ਉਨ੍ਹਾਂ  ਨੇ ਟੈਂਪਰੇਰੀਪਨ ਅਪਣਾ ਕੇ ਜਨਮਾਂ-ਜਨਮਾਂਤਰਾਂ ਦੇ ਚੱਕਰਾਂ 'ਚ ਫਸਣਾ ਹੈ ਜਾਂ ਫਿਰ ਇਕ ਸਥਿਰ ਰਹਿਣ ਵਾਲੇ ਨੂੰ ਅਪਣਾ ਕੇ ਉਸ ਦੀ ਭਗਤੀ ਕਰ ਕੇ ਆਪਣੇ ਆਪ ਨੂੰ ਉਸ ਸਥਿਰ ਪ੍ਰਮਾਤਮਾ ਜਿਸ ਵਿੱਚ ਕਿ ਕੋਈ ਟੈਂਪਰੇਰੀਪਨ ਦੀ ਝਲਕ ਨਾ ਕਦੇ ਆਈ ਹੈ ਤੇ ਨਾ ਹੀ ਕਦੇ ਆਵੇਗੀ ਦੇ ਚਰਨਾਂ 'ਚ ਲੱਗ ਕੇ ਆਪਣੇ ਜੀਵਨ ਦਾ ਉਦਾਰ ਕਰਨਾ ਹੈ।
                                                                                                                                  


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template