Headlines News :
Home » » ਗਜ਼ਲ਼ਾਂ - ਜਗਤਾਰ ਸਾਲਮ

ਗਜ਼ਲ਼ਾਂ - ਜਗਤਾਰ ਸਾਲਮ

Written By Unknown on Sunday, 19 January 2014 | 20:38

                   ਗਜ਼ਲ਼
ਆਪਾ ਜਤਾਉਣ ਖਾਤਰ ਨਾ ਹੀ ਡਰਾਉਣ ਖਾਤਰ
ਮਾਰੀ ਹੈ ਚੀਕ ਮੈਂ ਤਾਂ ਖ਼ੁਦ ਨੂੰ ਬਚਾਉਣ ਖਾਤਰ

ਦੱਸੋ! ਕੀ ਹੋਰ ਲੈਣਾ ਦੱਸੋ! ਕੀ ਰਹਿ ਗਿਆ ਹੈ
ਦਿੰਦੇ ਨੇ ਖ਼ੂਨ ਲੋਕੀਂ ਅਗਨੀ ਬਝਾਉਣ ਖਾਤਰ

ਪਹਿਲਾਂ ਮੈਂ ਜ਼ਖ਼ਮ ਲੱਭਾਂ ਮਗਰੋਂ ਧੁਖਾਂ ਤਪਾਂ, ਫਿਰ
ਕੋਈ ਖ਼ਿਆਲ ਲੱਭੇ ਕਵਿਤਾ ਬਣਾਉਣ ਖਾਤਰ

ਹੌਕਾ ਜੇ ਭਰ ਲਿਆ ਤਾਂ ਇਹ ਕੀ ਕਸੂਰ ਹੋਇਆ
ਕੁਝ ਹੋਰ ਆਖ ਦਿੰਦੇ ਇਲਜ਼ਾਮ ਲਾਉਣ ਖਾਤਰ

ਦੀਵੇ ਦੀ ਰੌਸ਼ਨੀ ਤੋਂ ਡਰਦਾ ਸੀ ਬਹੁਤ ਉਹ ਵੀ
ਆਇਆ ਸੀ ਰਾਤ ਜਿਹੜਾ ਮੈਨੂੰ ਡਰਾਉਣ ਖਾਤਰ

                      ਗਜ਼ਲ਼
ਨਾ ਤਾਂ ਮੈਂ ਤਲਵਾਰ ਦਿਆਂ ਤੇ ਨਾ ਹੀ ਕਿਸੇ ਨੂੰ ਢਾਲ ਦਿਆਂ
ਮੈਂ ਤਾਂ ਸੁੱਤੇ ਹੋਏ ਬੰਦੇ ਨੂੰ ਜਾਗਣ ਦਾ ਖ਼ਿਆਲ ਦਿਆਂ

ਨਾ ਮੈਂ ਸ਼ਾਇਰ ਨਾ ਰਾਗ਼ੀ ਹਾਂ ਨਾ ਰਾਜਾ ਨਾ ਬਾਗ਼ੀ ਹਾਂ
ਮੈਂ ਤਾਂ ਇੱਕ ਸਧਾਰਣ ਬੰਦਾ ਦਰਿਆ ਕਿੰਝ ਉਛਾਲ ਦਿਆਂ

ਰਾਗ਼ ਸੁਰਾਂ ਦਾ ਯਾਰੋ! ਮੈਨੂੰ ਰੱਤੀ ਭਰ ਵੀ ਗਿਆਨ ਨਹੀਂ
ਮੈਂ ਸੀਨੇ ਦੀ ਅਗਨ ਛੁਹਾ ਕੇ ਦੀਪ ਹਜ਼ਾਰਾਂ ਬਾਲ ਦਿਆਂ

ਨਾ ਹੀ ਨੀਂਦ ‘ਚ ਬੇਚੈਨੀ ਨਾ ਅੱਖ ‘ਚ ਭੋਰਾ ਰੜਕ ਦਿਸੇ
ਤੂੰ ਹੀ ਦੱਸ! ਮੈਂ ਤੇਰੇ ਖਾਤਰ ਸੁਪਨੇ ਕਿੱਥੋਂ ਭਾਲ਼ ਦਿਆਂ

ਤੈਨੂੰ ਕੋਈ ਪੀੜ ਨਾ ਹੋਵੇ ਇਹ ਤਾਂ ਮੈਂ ਕਰ ਸਕਦਾ ਨੀਂ
ਮੈਂ ਤਾਂ ਇਹ ਕਰ ਸਕਦਾਂ ਤੇਰਾ ਦਰਦ ਗ਼ਜ਼ਲ ਵਿਚ ਢਾਲ ਦਿਆਂ

ਜੇ ਪੌਣਾਂ ਦਾ ਹੁਕਮ ਨਾ ਹੋਵੇ ਹੌਕਾ ਵੀ ਨੀਂ ਭਰ ਸਕਦਾ
ਮੇਰੀ ਏਨੀ ਹਿੰਮਤ ਕਿੱਥੇ ਵਗਦੀ ਪੌਣ ਨੂੰ ਗਾਲ੍ਹ ਦਿਆਂ

ਜੇ ਘਰ ਨੂੰ ਅੱਗ ਲੱਗੀ ਹੁੰਦੀ ਟਲ ਜਾਣਾ ਸੀ ਆਪ ਕਿਤੇ
ਜੰਗਲ ਨੂੰ ਅੱਗ ਲੱਗੀ ਹੈ ਦੱਸ! ਕਿਵੇਂ ਮਸਲਾ ਟਾਲ ਦਿਆਂ

                    ਗਜ਼ਲ਼
ਸਾਰਾ ਨਗਰ ਇਹ ਦੇਖ ਕੇ ਹੈਰਾਨ ਰਹਿ ਗਿਆ
ਜੰਗਲ ਦੀ ਚੀਕ ਨਾਲ ਹੀ ਇਕ ਮਹਿਲ ਢਹਿ ਗਿਆ

ਪੁਜਿਆ ਨ ਧੁਰ ਪਿਆਸੀ ਨਦੀ ਤੀਕ ਕੋਈ ਵੀ
ਪਾਣੀ ਤੋਂ ਡਰ ਗਿਆ ਕੋਈ ਪਾਣੀ ‘ਚ ਵਹਿ ਗਿਆ

ਜਦ ਤੋਂ ਮੈਂ ਓਸ ਬਾਂਸ ਦੀ ਬੰਸੀ ਨੂੰ ਛੁਹ ਲਿਆ
ਜੰਗਲ ਦਾ ਦਰਦ ਜਿਉਂ ਮੇਰੇ ਸੀਨੇ ‘ਚ ਲਹਿ ਗਿਆ

ਵਿਹੜੇ ਮਿਰੇ ਦਾ ਬਿਰਖ ਵੀ ਡਰਿਆ ਜਿਹਾ ਦਿਸੇ
ਉਡਦੇ ਸਮੇਂ ਪਤਾ ਨੀਂ ਪਰਿੰਦਾ ਕੀ ਕਹਿ ਗਿਆ

                ਗਜ਼ਲ਼
ਝੁਕਾਇਆ ਪਰ ਨਹੀਂ, ਜਿਸ ਸਿਰ ਕਟਾਇਆ ਹੈ
ਉਸੇ ਨੇ ਹੀ ਸਿਦਕ ਦਾ ਭੇਦ ਪਾਇਆ ਹੈ

ਉਸੇ ਦੀ ਚੀਸ ਹੈ ਹਰ ਇੱਕ ਹੌਕੇ ਵਿਚ
ਮੈਂ ਜਿਹੜੇ ਜ਼ਖ਼ਮ ਤੋਂ ਸੀਨਾ ਬਚਾਇਆ ਹੈ

ਗਰਾਂ ਤੋਂ ਸ਼ਹਿਰ ਆ ਕੇ ਇਸ ਤਰ੍ਹਾਂ ਲਗਦੈ
ਕਿ ਪੁਟ ਕੇ ਧਰਤ ‘ਚੋਂ ਗਮਲੇ ‘ਚ ਲਾਇਆ ਹੈ

ਉਦ੍ਹੇ ਖ਼ਾਬਾਂ ਦਾ ਖ਼ਬਰੇ ਕੀ ਬਣੇਗਾ ਹੁਣ
ਮੈਂ ਜਿਸਨੂੰ ਨੀਂਦਰਾਂ ਵਿੱਚੋਂ ਜਗਾਇਆ ਹੈ

ਜੋ ਸੀਨੇ ਲਗਦਿਆਂ ਹੀ ਚੀਰ ਦੇ ਸੀਨਾ
ਕੀ ਐਸਾ ਦਰਦ ਤੂੰ ਸੀਨੇ ਲਗਾਇਆ ਹੈ

ਲੈ ਖ਼ੰਜਰ ਫੇਰ ਸੀਨੇ ਮਾਰ ਇਕ ਵਾਰੀ
ਬੜ੍ਹੇ ਚਿਰ ਬਾਦ ਫਿਰ ਆਰਾਮ ਆਇਆ ਹੈ

ਚਿਰਾਗ਼ਾਂ ਨਾਲ ਸੜਿਆ ਹੈ ਨਗਰ ਸਾਰਾ
ਸੁਣੋ! ਯਾਰੋ ਬਹਾਨਾ ਕੀ ਬਣਾਇਆ ਹੈ

ਘਰਾਂ ਵਿਚ ਉਹ ਕਦੇ ਹਾਸਲ ਨਹੀਂ ਹੋਇਆ
ਮੈਂ ਜੋ ਕੁਝ ਤੁਰਦਿਆਂ ਰਾਹਾਂ ‘ਚ ਪਾਇਆ ਹੈ

ਕਿ ਉਸਨੂੰ ਭੇਜਿਆ ਸੀ ਸਾਜ਼ ਦੀ ਖਾਤਰ
ਖ਼ਰੇ ਹਥਿਆਰ ਉਹ ਕਿੱਥੋਂ ਲਿਆਇਆ ਹੈ

ਰਤਾ ਵਿਸ਼ਵਾਸ ਨੀਂ ਹੁੰਦਾ ਕਿਸੇ ਨੂੰ ਵੀ
ਕਿ ਫ਼ੌਜਾਂ ਨੂੰ ਸਜ਼ਿੰਦੇ ਨੇ ਹਰਾਇਆ ਹੈ

ਕਿ ਅਪਣੇ ਸਾਏ ਤੋਂ ਵੀ ਥਾਂ ਥਾਂ ਬਚਦਾ ਹਾਂ
ਬੜ੍ਹੀ ਵਾਰੀ ਇਨ੍ਹੇ ਮੈਨੂੰ ਡਰਾਇਆ ਹੈ

             ਗਜ਼ਲ਼
ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ
ਏਥੋਂ ਦੇ ਲੋਕਾਂ ਨੂੰ ਪਹਿਰੇਦਾਰਾਂ ਤੋਂ ਡਰ ਲਗਦਾ ਹੈ

ਸੜਦੇ ਜੰਗਲ ਦੀ ਫੋਟੋ ਕੀ ਦੇਖ ਲਈ ਅਖ਼ਬਾਰਾਂ ਵਿਚ
ਬਸ! ਉਸ ਦਿਨ ਤੋਂ ਹੀ ਇਸਨੂੰ ਅਖ਼ਬਾਰਾਂ ਤੋਂ ਡਰ ਲਗਦਾ ਹੈ

ਇਸਦੀ ਛਾਵੇਂ ਬਹਿ ਕੇ ਯਾਰੋ! ਕਰਿਆ ਨਾ ਕਰੋ ਅੱਗ ਦੀ ਗੱਲ
ਮੇਰੇ ਵਿਹੜੇ ਦੇ ਰੁੱਖ ਨੂੰ ਅੰਗਿਆਰਾਂ ਤੋਂ ਡਰ ਲਗਦਾ ਹੈ

ਇਕ ਪਲ ਤਾਂ ਆਉਂਦਾ ਹੈ ਮਨ ਵਿਚ ਬਾਗ਼ੀ ਹੋਵਣ ਦਾ ਖ਼ਿਆਲ
ਦੂਜੇ ਪਲ ਫਿਰ ਅਪਣੇ ਇਨ੍ਹਾਂ ਵਿਚਾਰਾਂ ਤੋਂ ਡਰ ਲਗਦਾ ਹੈ

ਫ਼ੌਜਾਂ ਨੇ ਤੇਰੀਆਂ ਕਵਿਤਾਵਾਂ ਤੋਂ ਨੀਂ ਡਰਨਾ ਐ ਸਾਲਮ!
ਫ਼ੌਜਾਂ ਨੂੰ ਤਾਂ ਬਸ! ਤੀਰਾਂ, ਤਲਵਾਰਾਂ ਤੋਂ ਡਰ ਲਗਦਾ ਹੈ

ਜਗਤਾਰ ਸਾਲਮ,
ਮੋਬ. 97804-70386


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template