Headlines News :
Home » » ਕੈਂਸਰ ਦਾ ਕਹਿਰ - ਜਗਤਾਰ ਸਾਲਮ

ਕੈਂਸਰ ਦਾ ਕਹਿਰ - ਜਗਤਾਰ ਸਾਲਮ

Written By Unknown on Sunday, 19 January 2014 | 21:26

ਪੰਜਾਬ ਵਿੱਚ ਕੈਂਸਰ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ। ਪੰਜਾਬ ਦਾ ਸ਼ਾਇਦ ਹੀ  ਕੋਈ ਪਿੰਡ ਅਜਿਹਾ ਹੋਵੇਗਾ ਜਿਹੜਾ ਇਸ ਬਿਮਾਰੀ ਤੋਂ ਅਛੂਤਾ ਹੋਵੇ। ਕੈਂਸਰ ਦੇ ਕਹਿਰ ਦਾ ਅੰਦਾਜ਼ਾਂ ਅਸੀਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਹੁਣ ਚੋਣਾਂ ਵੇਲੇ ਪੰਜਾਬ ਦੇ ਸਿਆਸੀ ਦਲ ਆਪਣੇ ਚੋਣ ਮੈਨੀਫੈਸਟੋ ਵਿੱਚ ਇਸਨੂੰ ਇੱਕ ਮੁੱਦੇ ਵਜੋਂ ਚੁਣਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਮੀਡੀਆ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਪਰ ਦੁਖਾਂਤ ਇਹ ਹੈ ਕਿ ਸਰਕਾਰਾਂ ਇਸ ਚਰਚਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਜੇਕਰ ਸਰਕਾਰ ਕਰੜੇ ਕਦਮ ਚੁੱਕੇ ਤਾਂ ਇਸ ਬਿਮਾਰੀ 'ਤੇ ਛੇਤੀ ਹੀ ਕਾਬੂ ਪਾਇਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਪੰਜਾਬ ਵਿੱਚ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਧਰਤੀ ਹੇਠਲੇ ਪਾਣੀ ਦਾ ਪ੍ਰਦੂਸਿ਼ਤ ਹੋਣਾ ਹੈ, ਪਾਣੀ ਦੇ ਪ੍ਰਦੂਸਿ਼ਤ ਹੋਣ ਦਾ ਕਾਰਨ ਅੰਨੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਅਤੇ ਨਦੀਆਂ, ਨਾਲਿਆਂ ਦੀ ਸਫ਼ਾਈ ਨਾ ਹੋਣਾ ਹੈ। ਜੇਕਰ ਸਰਕਾਰ ਇਸ ਪ੍ਰਤੀ ਸੁਚੇਤ ਹੁੰਦੀ ਤਾਂ ਪੰਜਾਬ ਇਸ ਮਾਰ ਤੋਂ ਬਚ ਸਕਦਾ ਸੀ। ਪਰ ਹੁਣ ਵੀ ਬਹੁਤ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸਾਡਾ ਇਸ ਬਿਮਾਰੀ 'ਤੇ ਧਿਆਨ ਕੇਂਦਰਿਤ ਕਰਨ ਦਾ ਮਤਲਬ ਵੀ ਇਹੀ ਹੈ ਕਿ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਤੇ ਇਕਜੁੱਟ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਕੁੱਝ ਹੋਸ਼ ਆ ਸਕੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕੈਂਸਰ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾ ਰਹੀ ਹੈ ਜਗਤਾਰ ਸਾਲਮ ਦੀ ਇਹ ਵਿਸ਼ੇਸ਼ ਰਿਪੋਰਟ।
.
ਕੈਂਸਰ ਦਾ ਕਹਿਰ
ਜਿਸ ਤਰ੍ਹਾਂ ਕਿਸੇ ਸੂਬੇ ਵਿੱਚ ਹੜ੍ਹ ਆ ਜਾਂਦਾ ਹੈ ਤੇ ਉਸ ਹੜ੍ਹ ਵਿੱਚ ਪਿੰਡਾਂ ਦੇ ਪਿੰਡ ਵਹਿ ਜਾਂਦੇ ਹਨ ਉਸ ਤਰ੍ਹਾਂ ਹੀ ਅੱਜਕੱਲ੍ਹ ਪੰਜਾਬ
ਵਿੱਚ ਕੈਂਸਰ ਦਾ ਹੜ੍ਹ ਆਇਆ ਹੋਇਆ ਹੈ ਤੇ ਇਸ ਹੜ੍ਹ ਦੀ ਲਪੇਟ ਵਿੱਚ ਪੰਜਾਬ ਦੇ ਪਿੰਡਾਂ ਦੇ ਪਿੰਡ ਆਏ ਹੋਏ ਹਨ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਲੋਕ ਇਸ ਨਾਮੁਰਾਦ ਬਿਮਾਰੀ ਦਾ ਨਾਂ ਤੱਕ ਨਹੀਂ ਜਾਣਦੇ ਸਨ ਪਰ ਅੱਜਕੱਲ ਜੇ ਕਿਸੇ ਨੂੰ ਸਧਾਰਣ ਫੋੜਾ-ਫਿਨਸੀ ਵੀ ਨਿੱਕਲ ਆਵੇ ਤਾਂ ਉਸਨੂੰ ਕੈਂਸਰ ਸਮਝ ਲਿਆ ਜਾਂਦਾ ਹੈ। ਪਿਛਲੇ ਦਹਾਕੇ ਤੋਂ ਇਸ ਬਿਮਾਰੀ ਨੂੰ ਲੈ ਕੇ ਮੀਡੀਆ ਵਿੱਚ ਭਰਵੀਂ ਚਰਚਾ ਹੋਈ ਹੈ। ਇਸ ਚਰਚਾ ਦਾ ਕਾਰਨ ਇਹ ਹੈ ਕਿ ਕੈਂਸਰ ਦੇ ਮਰੀਜ਼ਾਂ ਦੀ ਸਾਰ ਲੈਣ ਵਾਲਾ ਪੰਜਾਬ ਵਿੱਚ ਕੋਈ ਨਹੀਂ। ਇਲਾਜ ਨਾ ਹੋਣ ਕਾਰਨ ਮਰੀਜ਼ ਵੱਡੀ ਗਿਣਤੀ ਵਿੱਚ ਵਕਤ ਤੋਂ ਪਹਿਲਾਂ ਮਰ ਰਹੇ ਹਨ। ਸਰਕਾਰੀ ਮਸ਼ੀਨਰੀ ਦਾ ਸਾਰਾ ਜ਼ੋਰ ਇਹ ਸਾਬਤ ਕਰਨ 'ਤੇ ਲੱਗਿਆ ਹੋਇਆ ਹੈ ਕਿ ਕੈਂਸਰ ਨੂੰ ਲੈ ਕੇ ਮੀਡੀਆ ਵਿੱਚ ਜੋ ਚਰਚਾ ਹੈ ਉਹ ਸਿਰਫ਼ ਸਰਕਾਰ ਨੂੰ ਬਦਨਾਮ ਕਰਨ ਦੇ ਨਜ਼ਰੀਏ ਤੋਂ ਹੋ ਰਹੀ ਹੈ। ਹਾਲ ਇਹ ਹੈ ਕਿ ਇੱਕ ਦਿਨ ਮੀਡੀਆ 'ਚ ਰਿਪੋਰਟ ਛਪਦੀ ਹੈ ਕਿ ਫਲਾਣੇ ਪਿੰਡ ਵਿੱਚ ਕੈਂਸਰ ਦੇ 20 ਮਰੀਜ਼ ਹਨ। ਅਗਲੇ ਦਿਨ ਉਸ ਇਲਾਕੇ ਦਾ ਐਸ. ਐਮ. ਓ. ਪਿੰਡ ਦਾ ਦੌਰਾ ਕਰਦਾ ਹੈ ਤੇ ਮੀਡੀਆ ਨੂੰ ਗਲਤ ਅੰਕੜੇ ਦਿੰਦਿਆਂ  ਦਬਾਅ ਪਾਉਂਦਾ ਹੈ ਕਿ ਰਿਪੋਰਟ ਉਸਦੇ ਮੁਤਾਬਿਕ ਛਾਪੀ ਜਾਵੇ। ਇਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਕੈਂਸਰ ਦੇ ਮਰੀਜ਼ਾਂ ਪ੍ਰਤੀ ਕੀ ਪਹੁੰਚ ਹੈ। ਭਾਵੇਂ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਮਲੀ ਤੌਰ 'ਤੇ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਸਰਕਾਰ ਵੱਲੋਂ ਜਿਹੜੇ ਇੱਕ-ਦੋ ਹਸਪਤਾਲਾਂ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਇਲਾਜ਼ ਇੰਨਾ ਮਹਿੰਗਾ ਹੈ ਕਿ ਮਜ਼ਦੂਰ ਦੀ ਗੱਲ ਤਾਂ ਦੂਰ ਛੋਟੇ ਕਿਸਾਨ ਵੀ ਉਸ ਹਸਪਤਾਲ ਵਿੱਚ ਇਲਾਜ਼ ਨਹੀਂ ਕਰਵਾ ਸਕਦੇ। ਕੁੱਝ ਗੈਰ ਸਰਕਾਰੀ ਸੰਸਥਾਵਾਂ ਗੰਭੀਰਤਾ ਨਾਲ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਪਰ ਇਹਨਾਂ ਕੋਲ ਪੈਸੇ ਦੀ ਘਾਟ ਹੈ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜ਼ ਕਿਸਮਤ ਦੇ ਆਸਰੇ ਦਿਨ ਕੱਢ ਰਹੇ ਹਨ, ਦੂਜੇ ਸ਼ਬਦਾਂ ਵਿੱਚ ਇਸਦਾ ਅਰਥ ਇਹ ਹੈ ਕਿ ਉਹ ਆਪਣੀ ਮੌਤ ਨੂੰ ਉਡੀਕ ਰਹੇ ਹਨ। ਇਸ ਮਾਮਲੇ ਵਿੱਚ ਖੁਸ਼ਹਾਲ ਪੰਜਾਬ ਦੀ ਅਸਲ ਤਸਵੀਰ ਕੀ ਹੈ, ਅਸੀਂ ਇੱਥੇ ਕੁੱਝ ਉਦਾਹਰਣਾਂ ਲੈ ਕੇ ਅਤੇ ਕੈਂਸਰ ਨਾਲ ਜੁੜੇ ਵੱਖ-ਵੱਖ ਤੱਥਾਂ ਨੂੰ ਵਿਚਾਰ ਕੇ ਸਪੱਸਟ ਕਰਾਂਗੇ।

ਪੰਜਾਬ ਦੀ ਕੈਂਸਰ ਪੱਟੀ
ਉਂਝ ਤਾਂ ਸਾਰੇ ਪੰਜਾਬ ਵਿੱਚ ਹੀ ਕੈਂਸਰ ਨੇ ਪੈਰ੍ਹ ਪਸਾਰ ਲਏ ਹਨ ਪਰ ਮਾਲਵਾ ਦੀ ਨਰਮਾ ਪੱਟੀ ਵਿੱਚ ਇਸਨੇ ਜਿ਼ਆਦਾ ਆਤੰਕ
ਮਚਾਇਆ ਹੈ। ਇਸ ਇਲਾਕੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਭਰਮਾਰ ਹੈ। ਇਸ ਨਰਮਾ ਪੱਟੀ ਵਿੱਚ ਮਾਲਵਾ ਦੇ ਜਿਨ੍ਹਾਂ ਜਿਲ੍ਹਿਆਂ ਨੂੰ ਗਿਣਿਆ ਜਾਂਦਾ ਹੈ ਉਹਨਾਂ 'ਚ ਬਠਿੰਡਾ, ਫਿਰੋਜਪੁਰ, ਮਾਨਸਾ, ਸੰਗਰੂਰ, ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਪਟਿਆਲਾ ਦੇ ਕੁੱਝ ਇਲਾਕੇ ਸ਼ਾਮਿਲ ਹਨ। ਇੱਥੇ ਕੈਂਸਰ ਦੀ ਮਾਰ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਲੋਕ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਜਿ਼ਆਦਾ ਕਰਦੇ ਹਨ, ਜਦੋਂਕਿ ਇਹ ਵਰਤੋਂ ਉਹਨਾਂ ਨੂੰ ਮਜ਼ਬੂਰੀਵਸ ਕਰਨੀ ਪੈਂਦੀ ਹੈ। ਇਸਦਾ ਕਾਰਣ ਇਹ ਹੈ ਕਿ ਇੱਥੋਂ ਦੇ ਲੋਕ ਜਿ਼ਆਦਾ ਕਪਾਹ-ਨਰਮੇ ਦੀ ਫਸਲ ਉਗਾਉਂਦੇ ਹਨ। ਜਿਸ ਉੱਤੇ ਦੂਸਰੀਆਂ ਫਸਲਾਂ ਨਾਲੋਂ ਵੱਧ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਪੈਂਦਾ ਹੈ। ਹੌਲੀ-ਹੌਲੀ ਇਹੀ ਦਵਾਈਆਂ ਵਿਚਲਾ ਜ਼ਹਿਰ ਰਿਸਾਅ ਰਾਹੀਂ ਧਰਤੀ ਹੇਠਲੇ ਪਾਣੀ ਵਿੱਚ ਮਿਲ ਜਾਂਦਾ ਹੈ। ਜਿਸ ਕਾਰਨ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਤੇ ਪੀਣਯੋਗ ਨਹੀਂ ਰਿਹਾ। ਪਾਣੀ ਦੀ ਜਾਂਚ ਤੋਂ ਬਾਅਦਂ ਪਤਾ ਲੱਗਿਆ ਹੈ ਕਿ ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਨਾਈਟਰੇਟ ਅਤੇ ਪੈਸਟੀਸਾਇਡ ਦੀ ਮਾਤਰਾ ਬਹੁਤ ਜਿ਼ਆਦਾ ਹੈ। ਜਿਸ ਕਾਰਨ ਇੱਥੇ ਕੈਂਸਰ ਦੀ ਭਰਮਾਰ ਹੈ। ਹੁਣ ਹਾਲਤ ਇਹ ਹੋ ਗਈ ਹੈ ਕਿ ਇਸ ਇਲਾਕੇ ਨੂੰ ਨਰਮਾ ਪੱਟੀ ਕਹਿਣ ਦੀ ਬਜਾਏ ਕੈਂਸਰ ਪੱਟੀ ਕਿਹਾ ਜਾਣ ਲੱਗ ਪਿਆ ਹੈ। ਸਿਰਫ਼ ਕੈਂਸਰ ਹੀ ਨਹੀਂ ਇਹਨਾਂ ਇਲਾਕਿਆਂ ਦੇ ਪਿੰਡਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਪੈਰ੍ਹ ਪਸਾਰ ਰਹੀਆਂ ਹਨ। ਕਿਉਂਕਿ ਕਿਸਾਨਾਂ ਦਾ ਕੀਟਨਾਸ਼ਕ ਦਵਾਈਆਂ ਨਾਲ ਸਿੱਧਾ ਵਾਹ ਪੈਂਦਾ ਹੈ ਇਸ ਲਈ ਕੈਂਸਰ ਦੇ ਨਾਲ-ਨਾਲ ਕਿਸਾਨ ਹੋਰ ਬਿਮਾਰੀਆਂ ਦੀ ਲਪੇਟ ਵਿੱਚ ਜਿ਼ਆਦਾ ਆਏ ਹਨ। ਇਸ ਸਬੰਧੀ ਜਦੋਂ ਇੱਕ ਕਿਸਾਨ ਕਰਨੈਲ ਸਿੰਘ ਪਿੰਡ ਦੇਧਨਾ (ਪਟਿਆਲਾ) ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਹਰ ਸਾਲ ਚਾਰ੍ਹ ਪੰਜ ਕਿੱਲੇ ਨਰਮੇ ਦੇ ਕਰਦਾ ਹਾਂ, ਮਜ਼ਬੂਰੀਵਸ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਜੇਕਰ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੇ ਤਾਂ ਫਸਲ ਹੀ ਨਹੀਂ ਹੁੰਦੀ। ਫਸਲ ਨਹੀਂ ਹੋਵੇਗੀ ਤਾਂ ਕਰਜ਼ਾਊ ਹੋ ਜਾਵਾਂਗੇ ਇਸ ਤਰ੍ਹਾਂ ਅਸੀਂ ਤਾਂ ਮਰ ਹੀ ਜਾਣਾ ਹੈ ਚਾਹੇ ਕਰਜ਼ੇ ਨਾਲ ਮਰ ਜਾਈਏ ਚਾਹੇ ਕੈਂਸਰ ਨਾਲ। ਸਾਡੇ ਕੋਲ ਹੋਰ ਕੋਈ ਹੀਲਾ ਹੀ ਨਹੀਂ।

ਸਨਅਤੀ ਪ੍ਰਦੂਸ਼ਣ ਕੈਂਸਰ ਦਾ ਵੱਡਾ ਕਾਰਨ
ਪੰਜਾਬ ਵਿੱਚ ਕੈਂਸਰ ਦੇ ਕਾਰਨਾਂ ਨੂੰ ਲੈ ਕੇ ਜਿਹੜੀ ਬਹਿਸ ਛਿੜੀ ਹੋਈ ਹੈ, ਉਸ ਅਨੁਸਾਰ ਇਹ ਦਰਸਾਇਆ ਜਾਂਦਾ ਹੈ, ਜਿਵੇਂ
ਕਿਸਾਨਾਂ ਦੁਆਰਾ ਪੈਸਟੀਸਾਈਡ ਦੀ ਵੱਧ ਵਰਤੋਂ ਕਾਰਨ ਹੀ ਪੰਜਾਬ ਵਿੱਚ ਕੈਂਸਰ ਫੈਲ ਰਿਹਾ ਹੋਵੇ, ਇਹ ਕੈਂਸਰ ਫੈਲਣ ਦਾ ਬੇਸ਼ਕ ਵੱਡਾ ਕਾਰਨ ਹੈ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਕਰਕੇ ਇਹ ਬਿਮਾਰੀ ਫੈਲ ਰਹੀ ਹੈ, ਇਹਨਾਂ ਵਿੱਚੋਂ ਇੱਕ ਵੱਡਾ ਕਾਰਨ ਸਨਅਤੀ ਪ੍ਰਦੂਸ਼ਣ ਦਾ ਹੱਦ ਨਾਲੋਂ ਵੱਧ ਹੋਣਾ ਹੈ। ਅਖ਼ਬਾਰਾਂ ਵਿੱਚ ਅਕਸਰ ਅਜਿਹੀਆਂ ਰਿਪੋਰਟਾਂ ਛਪਦੀਆਂ ਹਨ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਜਿੱਥੇ ਸਨਅਤੀ ਪ੍ਰਦੂਸ਼ਣ ਜਿ਼ਆਦਾ ਹੈ ਉੱਥੇ ਕੈਂਸਰ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਪੈਰ੍ਹ ਪਸਾਰ ਰਹੀਆਂ ਹਨ। ਇਸਦੀ ਸਭ ਤੋਂ ਵੱਡੀ ਉਦਾਹਰਣ ਲੁਧਿਆਣੇ ਦਾ ਬੁੱਢਾ ਨਾਲਾ ਹੈ। ਜਦ ਵੀ ਸਨਅਤੀ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਤਾਂ ਇਸ ਨਾਲੇ ਦੀ ਚਰਚਾ ਜਰੂਰ ਛਿੜਦੀ ਹੈ, ਇਸ ਨਾਲੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਕੈਮੀਕਲਾਂ ਵਾਲਾ ਗੰਦਾ ਪਾਣੀ ਸੁੱਟਦੀਆਂ ਹਨ, ਪਿਛਲੇ ਦਿਨੀਂ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਇੱਕ ਰਿਪੋਰਟ ਮੁਤਾਬਿਕ ਇਸ ਨਾਲੇ ਦੇ ਆਲੇ-ਦੁਆਲੇ ਰਹਿ ਰਹੇ ਲੋਕਾਂ ਵਿੱਚ ਕੈਂਸਰ ਦੀ ਬਿਮਾਰੀ ਦਾ ਫੈਲਾਅ ਬਹੁਤ ਜਿ਼ਆਦਾ  ਅਤੇ ਤੇਜ਼ੀ ਨਾਲ ਹੋ ਰਿਹਾ ਹੈ ਪਰ ਇਸ ਗੱਲ ਨੂੰ ਲੈ ਕੇ ਉਸ ਤਰ੍ਹਾਂ ਦੀ ਬਹਿਸ ਨਹੀਂ ਹੋ ਰਹੀ ਜਿਸ ਤਰ੍ਹਾਂ ਦੀ ਕਿਸਾਨਾਂ ਵੱਲੋਂ ਕੀਤੀ ਜਾਂਦੀ ਪੈਸਟੀਸਾਈਡ ਦੀ ਵਰਤੋਂ ਨੂੰ ਲੈ ਕੇ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਪ੍ਰਦੂਸ਼ਣ ਪੰਜਾਬ ਦੇ ਸਰਮਾਏਦਾਰਾਂ ਵੱਲੋਂ ਫੈਲਾਇਆ ਜਾ ਰਿਹਾ ਹੈ ਤੇ ਸਰਮਾਏਦਾਰਾਂ ਨਾਲ ਸਰਕਾਰ ਦੀ ਲਿਹਾਜ਼ ਹੈ। ਇਹੀ ਕਾਰਨ ਹੈ ਕਿ ਕੈਂਸਰ ਬਾਰੇ ਛਿੜੀ ਬਹਿਸ ਵਿੱਚ ਸਨਅਤੀ ਪ੍ਰਦੂਸ਼ਣ ਨੂੰ ਕੈਂਸਰ ਦੇ ਮੁੱਖ ਕਾਰਨ ਵਜੋਂ ਨਹੀਂ ਲਿਆ ਜਾ ਰਿਹਾ।
ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਰਕਾਰ ਅਤੇ ਫੈਕਟਰੀ ਮਾਲਕਾਂ ਦਾ ਪੱਖ ਪੂਰਦਿਆਂ ਕਿਹਾ ਕਿ ਬੁੱਢੇ ਨਾਲੇ ਦੇ ਸਨਅਤੀ ਪ੍ਰਦੂਸ਼ਣ ਨਾਲ ਕੈਂਸਰ ਵਰਗੀ ਕੋਈ ਬਿਮਾਰੀ ਨਹੀਂ ਫੈਲ ਰਹੀ, ਇਸ ਬਿਮਾਰੀ ਦਾ ਪ੍ਰਕੋਪ ਸਿਰਫ਼ ਨਰਮਾ ਪੱਟੀ ਤੱਕ ਸੀਮਿਤ ਹੈ। 
ਬਠਿੰਡਾ ਜਿਲ੍ਹੇ ਦੇ ਸਥਾਨਕ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਛਿੜਦੀ ਹੈ ਕਿ ਇੱਥੇ ਕੈਂਸਰ ਫੈਲਣ ਦਾ ਇੱਕ ਵੱਡਾ ਕਾਰਨ ਥਰਮਲ ਪਲਾਂਟ ਦੀ ਰਾਖ ਹੈ ਪਰ ਬਠਿੰਡਾ ਤੋਂ ਬਾਹਰ ਇਹ ਜਾਣਿਆ ਜਾਂਦਾ ਹੈ ਕਿ ਇੱਥੋਂ ਦੇ ਕਿਸਾਨਾਂ ਵੱਲੋਂ ਯੂਰੀਆ ਅਤੇ ਕੀਟ ਨਾਸ਼ਕ ਸਪਰੇਹਾਂ ਦੀ ਵੱਧ ਵਰਤੋਂ ਕਾਰਨ ਕੈਂਸਰ ਫੈਲ ਰਿਹਾ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਕੈਂਸਰ ਫੈਲਾਉਣ ਲਈ ਸਰਮਾਏਦਾਰਾਂ ਵੱਲੋਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਸਰਕਾਰ ਸਰਮਾਏਦਾਰਾਂ ਦਾ ਸਾਥ ਦੇ ਰਹੀ ਹੈ।
ਇਸ ਤਰ੍ਹਾਂ ਹੀ ਘੱਗਰ ਦਰਿਆ ਦੇ ਆਲੇ-ਦੁਆਲੇ ਵਸੇ ਪਿੰਡਾਂ ਵਿੱਚ ਵੀ ਕੈਂਸਰ ਦੇ ਵੱਧ ਮਰੀਜ਼ ਸਾਹਮਣੇ ਆ ਰਹੇ ਹਨ। ਇਸਦਾ ਕਾਰਨ ਘੱਗਰ ਦੇ ਪਾਣੀ ਦਾ ਪ੍ਰਦੂਸਿ਼ਤ ਹੋਣਾ ਹੈ ਤੇ ਇਸ ਦਰਿਆ ਦੇ ਪ੍ਰਦੂਸਿ਼ਤ ਹੋਣ ਦਾ ਵੱਡਾ ਕਾਰਨ ਸਨਅਤੀ ਪ੍ਰਦੂਸ਼ਣ ਹੈ। ਬਹੁਤ ਸਾਰੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਸ ਦਰਿਆ ਵਿੱਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਇਸਦੇ ਆਲੇ-ਦੁਆਲੇ ਦਾ ਧਰਤੀ ਹੇਠਲਾ ਪਾਣੀ ਪ੍ਰਦੂਸਿ਼ਤ ਹੋ ਗਿਆ ਹੈ। ਇਹੀ ਕਾਰਨ ਹੈ ਕਿ ਘੱਗਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਇਸ ਬੀਮਾਰੀ ਦੀ ਮਾਰ ਵੱਧ ਹੈ। 
ਇੱਥੇ ਸਾਡਾ ਮਕਸਦ ਕਿਸੇ ਵਿਸ਼ੇਸ਼ ਤਬਕੇ ਨੂੰ ਕੈਂਸਰ ਲਈ ਜਿ਼ੰਮੇਵਾਰ ਠਹਿਰਾਉਣਾ ਨਹੀਂ, ਅਸਲ ਵਿੱਚ ਸਾਡਾ ਮਕਸਦ ਇਸ ਬਿਮਾਰੀ ਦੇ ਪੈਦਾ ਹੋਣ ਦੇ ਸਹੀ ਕਾਰਨਾਂ ਦੀ ਪੜਤਾਲ ਕਰਨਾ ਹੈ ਤਾਂ ਜੋ ਇਸ ਬੀਮਾਰੀ ਦੀ ਰੋਕਥਾਮ ਲਈ ਉਚਿਤ ਕਦਮ ਉਠਾਏ ਜਾ ਸਕਣ ਤੇ ਪੰਜਾਬ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।

         ਦੋ ਪਿੰਡਾਂ ਦੀ ਇੱਕ ਕਥਾ
ਦੇਧਨਾ ਵਿੱਚ ਕੈਂਸਰ ਨਾਲ 60 ਤੋਂ ਵੱਧ ਮੌਤਾਂ
ਇਹ ਪਿੰਡ ਪਟਿਆਲਾ ਜਿਲ੍ਹੇ ਦੀ ਪਾਤੜਾਂ ਤਹਿਸੀਲ 'ਚ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਨੂੰ ਪਛੜਿਆ ਇਲਾਕਾ ਕਰਾਰ ਦਿੱਤਾ ਗਿਆ ਹੈ। ਹੈ ਵੀ ਸੱਚਮੁਚ ਇਹ ਪਛੜਿਆ ਇਲਾਕਾ। ਇੱਥੋਂ ਦੇ ਭੋਲੇ-ਭਾਲੇ ਲੋਕ ਖੇਤੀ ਅਤੇ ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰਦੇ ਹਨ। ਪਰ ਹੁਣ ਇਹਨਾਂ ਲੋਕਾਂ 'ਤੇ ਕਹਿਰ ਵਾਪਰ ਗਿਆ ਹੈ। ਇਹ ਪਿੰਡ ਕੈਂਸਰ ਦੀ ਲਪੇਟ ਵਿੱਚ ਆ ਗਿਆ ਹੈ। 1975  ਤੋਂ ਪਹਿਲਾਂ ਇੱਥੋਂ ਦੇ ਲੋਕ ਇਸ ਨਾ-ਮੁਰਾਦ ਬੀਮਾਰੀ ਦਾ ਨਾਮ ਤੱਕ ਵੀ ਨਹੀਂ ਜਾਣਦੇ ਸਨ ਪਰ ਹੁਣ ਆਲਮ ਇਹ ਹੈ ਕਿ ਪਿੰਡ ਦੇ ਹਰ ਪਰਿਵਾਰ 'ਚੋਂ ਕੈਂਸਰ ਦਾ ਮਰੀਜ਼ ਨਿੱਕਲ ਰਿਹਾ ਹੈ। ਇਸ ਪਿੰਡ ਵਿੱਚ 1975 ਤੋਂ ਲੈ ਕੇ ਹੁਣ ਤੱਕ 60 ਤੋਂ ਵੱਧ ਮੌਤਾਂ ਕੈਂਸਰ ਕਾਰਨ ਹੋ ਚੁੱਕੀਆਂ ਹਨ। ਇਹ ਤਾਂ ਉਹ ਮੌਤਾਂ ਹਨ ਜਿਨ੍ਹਾਂ ਬਾਰੇ ਯਕੀਨ ਹੈ ਕਿ ਇਹ ਕੈਂਸਰ ਕਾਰਨ ਹੋਈਆਂ ਹਨ। ਕਿਉਂਕਿ ਮੌਤ ਤੋਂ ਪਹਿਲਾਂ ਮਰੀਜ਼ਾਂ ਦਾ ਉਹਨਾਂ ਦੇ ਪਰਿਵਾਰਾਂ ਵੱਲੋਂ ਇਲਾਜ਼ ਕਰਵਾਉਣ ਦੀ ਕੋਸਿ਼ਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਥੁੜ੍ਹਾਂ ਮਾਰੇ ਘਰਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਹੋਣਗੀਆਂ, ਜਿਨ੍ਹਾਂ ਦਾ ਪਤਾ ਹੀ ਨਾ ਲੱਗ ਸਕਿਆ ਕਿ ਮੌਤ ਦੇ ਕੀ ਕਾਰਨ ਹਨ। ਇਸ ਪਿੰਡ ਦੇ ਵਸਨੀਕ ਨੈਬ ਸਿੰਘ, ਜਿਸ ਦਾ ਪਿਤਾ ਇਸ ਨਾ-ਮੁਰਾਦ ਬਿਮਾਰੀ ਤੋਂ ਪੀੜਿਤ ਹੈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਕੁਦਰਤੀ ਮੌਤ ਦਾ ਹੋਣਾ ਤਾਂ ਲਗਭਗ ਖਤਮ ਹੋ ਚੁੱਕਿਆ ਹੈ। ਇੱਥੇ ਜਾਂ ਤਾਂ ਲੋਕ ਕੈਂਸਰ ਨਾਲ ਮਰਦੇ ਹਨ ਜਾਂ ਫਿਰ ਦਿਲ ਨਾਲ ਸਬੰਧਿਤ ਬਿਮਾਰੀਆਂ ਨਾਲ। ਕਈ ਵਾਰ ਕਿਸੇ ਹੋਰ ਰੋਗ ਨਾਲ ਵੀ ਮਰ ਜਾਂਦੇ ਹਨ। ਪਰ ਜਿ਼ਆਦਾਤਰ ਮੌਤਾਂ ਕੈਂਸਰ ਕਾਰਨ ਹੁੰਦੀਆਂ ਹਨ। ਉਹਨਾਂ ਆਪਣੇ ਪਿਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਪਿਤਾ ਜੀ ਨੂੰ ਗਲ਼ ਦਾ ਕੈਂਸਰ ਹੈ ਜਿਸਦਾ ਇਲਾਜ਼ ਦਿੱਲੀ ਤੋਂ ਚੱਲ ਰਿਹਾ ਹੈ। ਹੁਣ ਤੱਕ ਅਸੀਂ ਪੰਜ ਲੱਖ ਰੁਪਿਆ ਬਿਮਾਰੀ 'ਤੇ ਖਰਚ ਕਰ ਚੁੱਕੇ ਹਾਂ ਪਰ ਮਰੀਜ਼ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ। ਸਰਕਾਰੀ ਸਹਾਇਤਾ ਬਾਰੇ ਉਹਨਾਂ ਨੇ ਦੱਸਿਆ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਚਮਾਨੀ ਦੀ ਵੀ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੋਈ। ਉਹਨਾਂ ਕਿਹਾ ਕਿ ਇੱਕ ਵਾਰ ਸਹਾਇਤਾ ਪ੍ਰਾਪਤ ਕਰਨ ਲਈ ਫਾਇਲ ਵੀ ਤਿਆਰ ਕੀਤੀ ਸੀ, ਪਰ ਮੈਡੀਕਲ ਅਫਸਰ ਨੇ ਇਹ ਕਹਿ ਕੇ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਤੁਹਾਡੇ ਮਰੀਜ਼ ਦਾ ਇਲਾਜ਼ ਪੰਜਾਬ ਤੋਂ ਬਾਹਰ ਚੱਲ ਰਿਹਾ ਹੈ, ਇਸ ਲਈ ਤੁਹਾਨੂੰ ਸਹਾਇਤਾ ਨਹੀਂ ਦਿੱਤੀ ਜਾ ਸਕਦੀ।
 ਪਿੰਡ ਦੇ ਇੱਕ ਹੋਰ ਵਸਨੀਕ ਵਿਨੋਦ ਗੁੱਜਰ ਨੇ ਦੱਸਿਆ ਕਿ ਪੰਜਾਬ ਦੇ ਹੋਰ ਪਿੰਡਾਂ ਦੇ ਮੁਕਾਬਲੇ ਇਹ ਪਿੰਡ ਗਰੀਬ ਤੇ ਪਛੜਿਆ ਹੋਇਆ ਹੈ। ਇੱਥੋਂ ਦੇ ਮਰੀਜ਼ਾਂ ਨੂੰ ਕੈਂਸਰ ਬਾਰੇ ਪਤਾ ਉਦੋਂ ਲੱਗਦਾ ਹੈ ਜਦੋਂ ਕੈਂਸਰ ਆਖ਼ਰੀ ਪੜਾਅ 'ਤੇ ਹੁੰਦਾ ਹੈ। ਇਸ ਹਾਲਤ ਵਿੱਚ ਉਹਨਾਂ ਕੋਲ ਇਲਾਜ਼ ਕਰਵਾਉਣ ਲਈ ਨਾ ਪੈਸੇ ਹੁੰਦੇ ਹਨ ਤੇ ਨਾ ਵਕਤ, ਤੇ ਇਸ ਤਰ੍ਹਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਪਿੰਡ ਦੇ ਵਾਤਾਵਰਣ ਵਿੱਚ ਆਏ ਬਦਲਾਅ ਬਾਰੇ ਉਹਨਾਂ ਗੱਲ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਰਾਸ਼ਟਰੀ ਪੰਛੀ ਮੋਰ ਬਹੁਤ ਹੁੰਦਾ ਸੀ ਪਰ ਜਦ ਤੋਂ ਇਸ ਬੀਮਾਰੀ ਦਾ ਚਲਨ ਵਧਿਆ ਹੈ, ਉਦੋਂ ਤੋਂ ਮੋਰ ਅਲੋਪ ਹੋ ਗਏ ਹਨ। ਪਿਛਲੇ ਦਿਨੀਂ ਕੈਂਸਰ ਰੋਕੋ ਸੰਸਥਾ ਲੰਡਨ ਵੱਲੋਂ ਇਸ ਪਿੰਡ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਚੈਕਅਪ ਕੈਂਪ ਲਾਇਆ ਗਿਆ। ਇਸ ਮੌਕੇ ਕੈਂਸਰ ਦੇ ਮਾਹਿਰ ਡਾ. ਧਰਮਿੰਦਰ ਨੇ ਬੋਲਦਿਆਂ ਕਿਹਾ ਕਿ ਸਾਡੀ ਨਜ਼ਰ ਵਿੱਚ ਜੱਜਲ ਪਿੰਡ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਪੰਜਾਬ 'ਚੋਂ ਸਭ ਤੋਂ ਅੱਗੇ ਸੀ ਪਰ ਹੁਣ ਇਸ ਪਿੰਡ ਵਿੱਚ ਚੈਕਅਪ ਕੈਂਪ ਲਾਉਣ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਪੰਜਾਬ 'ਚ ਬਹੁਤ ਸਾਰੇ ਪਿੰਡ ਹਨ ਜਿਨ੍ਹਾਂ ਦੀ ਹੋਣੀ ਜੱਜਲ ਵਰਗੀ ਹੈ।

 ਗਰੀਬ ਪਰਿਵਾਰ ਕੈਂਸਰ ਦੀ ਮਾਰ
ਦੇਧਨਾ ਪਿੰਡ ਵਿੱਚ ਇੱਕ ਤਰਖਾਣਾ ਪਰਿਵਾਰ ਅਜਿਹਾ ਵੀ ਹੈ ਜਿਸ ਪਰਿਵਾਰ ਦੇ ਮੁਖੀ ਸਮੇਤ ਇੱਕ-ਇੱਕ ਕਰਕੇ ਤਿੰਨ ਪੁੱਤ ਕੈਂਸਰ ਦੀ ਭੇਂਟ ਚੜ ਗਏ ਹਨ ਤੇ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਮਰਦ ਨਹੀਂ ਰਿਹਾ। ਸਭ ਤੋਂ ਪਹਿਲਾਂ ਇਸ ਪਰਿਵਾਰ ਦੇ ਬਜ਼ੁਰਗ ਭਗਵਾਨਾ ਰਾਮ ਦੀ ਮੌਤ ਕੈਂਸਰ ਨਾਲ ਹੋਈ ਤੇ ਉਸ ਤੋਂ ਬਾਅਦ ਉਸਦੇ ਤਿੰਨੋ ਪੁੱਤਰ ਚੰਦ ਰਾਮ, ਜੋਗਿੰਦਰ ਰਾਮ ਅਤੇ ਅਜਮੇਰ ਰਾਮ ਵੀ ਕੈਂਸਰ ਨੇ ਵਾਰੋ-ਵਾਰੀ ਨਿਗਲ ਲਏ। ਚੰਦ ਰਾਮ ਦੀ ਵਿਧਵਾ ਰੌਸ਼ਨੀ ਦੇਵੀ ਨੇ ਦੁੱਖਭਰੀ ਦਾਸਤਾਨ ਸੁਣਾਉਦਿਆਂ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਅਗਲੇ ਸਾਲ ਉਸਦੇ ਦਿਉਰ ਜੋਗਿੰਦਰ ਰਾਮ ਅਤੇ ਉਸਤੋਂ ਅਗਲੇ ਸਾਲ ਜੇਠ ਅਜਮੇਰ ਸਿੰਘ ਦੀ ਮੌਤ ਇਸ ਨਾ-ਮੁਰਾਦ ਬਿਮਾਰੀ ਨਾਲ ਹੋ ਗਈ। ਉਹਨਾਂ ਕਿਹਾ ਕਿ ਅਸੀਂ ਗਰੀਬੀ ਕਾਰਨ ਓਹੜ-ਪੋਹੜ ਹੀ ਕਰਦੇ ਰਹੇ। ਹਸਪਤਾਲ ਵਿੱਚ ਕਿਸੇ ਦਾ ਵੀ ਇਲਾਜ਼ ਨਹੀਂ ਕਰਵਾ ਸਕੇ ਤੇ ਨਾ ਹੀ ਇਲਾਜ਼ ਲਈ ਸਾਨੂੰ ਕਿਸੇ ਤਰ੍ਹਾਂ ਦੀ ਕਦੇ ਕੋਈ ਸਰਕਾਰੀ ਸਹਾਇਤਾ ਮਿਲੀ ਹੈ। ਅਜਮੇਰ ਰਾਮ ਦੀ ਵਿਧਵਾ ਲਾਜੋ ਦੇਵੀ ਨੇ ਦੱਸਿਆ ਕਿ ਉਸਦੇ ਪੁੱਤ ਦੀ ਉਮਰ 16 ਸਾਲ ਹੈ ਤੇ ਉਮਰ ਛੋਟੀ ਹੋਣ ਕਾਰਨ ਉਸਤੋਂ ਪੂਰਾ ਕੰਮ ਨਹੀ ਹੁੰਦਾ, ਜਿਸ ਕਰਕੇ ਉਸਨੂੰ ਕੋਈ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਂਦਾ। ਉਹਨਾਂ ਦੱਸਿਆ ਕਿ ਪਰਿਵਾਰ ਕੋਲ ਨਾ ਤਾਂ ਕੋਈ ਜ਼ਮੀਨ ਹੈ ਤੇ ਨਾ ਹੀ ਆਮਦਨ ਦਾ ਕੋਈ ਹੋਰ ਸਾਧਨ ਹੈ। ਅਸੀਂ ਦੋਹਾਂ ਭੈਣਾਂ ਨੇ ਮਿਹਨਤ ਮਜਦੂਰੀ ਕਰਕੇ ਆਪਣੀਆਂ ਚਾਰ ਧੀਆਂ ਦੇ ਵਿਆਹ ਬੜੀ ਮੁਸ਼ਕਿਲ ਨਾਲ ਕੀਤੇ ਹਨ।ਉਹਨਾਂ ਕਿਹਾ ਕਿ ਉਂਝ ਤਾਂ ਸਰਕਾਰ ਗਰੀਬਾਂ ਦੀ ਹਮਦਰਦ ਹੋਣ ਦੇ ਦਾਅਵੇ ਕਰਦੀ ਨਹੀ ਥੱਕਦੀ ਪਰ ਉਹਨਾਂ ਦੀ ਹੁਣ ਤੱਕ ਕਿਸੇ ਨੇ ਬਾਂਹ ਨਹੀਂ ਫੜੀ। 

ਰਿਸ਼ਤੇ ਨਹੀਂ ਹੁੰਦੇ ਜੱਜਲ ਪਿੰਡ ਦੇ ਜੰਮਿਆਂ ਨੂੰ
ਜੱਜਲ ਪਿੰਡ ਬਠਿੰਡਾ ਤੋਂ 40 ਕਿਲੋਮੀਟਰ ਦੂਰੀ 'ਤੇ ਪੈਂਦਾ ਹੈ। ਇਹ 116 ਸਾਲ ਪੁਰਾਣਾ ਪਿੰਡ ਹੈ ਜਿਸ ਵਿੱਚ ਲਗਭਗ 600 ਘਰ ਹਨ ਤੇ ਇਸਦੀ ਅਬਾਦੀ 3500 ਦੇ ਕਰੀਬ ਹੈ। ਕੈਂਸਰ ਨੇ ਇਸ ਪਿੰਡ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਹੈ। ਇਸ ਪਿੰਡ ਵਿੱਚ ਛੇ-ਸੱਤ ਸਾਲਾਂ ਵਿੱਚ ਹੀ ਕੈਂਸਰ ਨਾਲ 90 ਮੌਤਾਂ ਹੋਈਆਂ ਹਨ, ਜੋ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇੰਨੇ ਘੱਟ ਸਮੇਂ 'ਚ ਪੰਜਾਬ ਦੇ ਹੋਰ ਕਿਸੇ ਵੀ ਪਿੰਡ ਵਿੱਚ ਕੈਂਸਰ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਬਹੁਤ ਸਾਰੀਆਂ ਸਿਹਤ ਵਿਭਾਗ ਨਾਲ ਜੁੜੀਆਂ ਅਤੇ ਪ੍ਰਸਾਸ਼ਨਿਕ ਟੀਮਾਂ ਨੇ ਪਿੰਡ ਦਾ ਦੌਰਾ ਕੀਤਾ, ਫੋਟੋਆਂ ਖਿੱਚੀਆਂ, ਪਾਣੀ ਤੇ ਮਿੱਟੀ ਦੇ ਸੈਂਪਲ ਭਰੇ ਗਏ ਪਰ ਗੱਲ ਇਸ ਤੋਂ ਅੱਗੇ ਨਹੀਂ ਵਧੀ। ਉਹਨਾਂ ਕਿਹਾ ਕਿ ਕੈਂਸਰ ਨਾਲ ਜੱਜਲ ਪਿੰਡ ਦੀ ਇੰਨੀ ਬਦਨਾਮੀ ਹੋ ਚੁੱਕੀ ਹੈ ਕਿ ਹੁਣ ਇਸ ਪਿੰਡ ਦੇ ਮੁੰਡੇ ਕੁੜੀਆਂ ਨੂੰ ਛੇਤੀ ਕਿਤੇ ਰਿਸ਼ਤਾ ਨਹੀਂ ਜੁੜਦਾ।
ਕੁੱਝ ਸਮਾਂ ਪਹਿਲਾਂ ਇਸ ਪਿੰਡ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਇੱਕ ਟੀਮ ਨੇ ਵੀ ਦੌਰਾ ਕੀਤਾ ਸੀ। ਇਸ ਪਿੰਡ ਦੀ ਹਾਲਤ ਦੇਖ ਕੇ ਸਾਰੇ ਲੋਕ ਸਭਾ ਮੈਂਬਰ ਹੈਰਾਨ ਰਹਿ ਗਏ ਸਨ। ਉੱਤਰ ਪ੍ਰਦੇਸ਼ ਤੋਂ ਐਮ ਪੀ ਰਾਜਪਾਲ ਸੈਣੀ ਨੇ ਕਿਹਾ ਸੀ ਕਿ ਸਾਡੇ ਮਨ ਵਿੱਚ ਤਾਂ ਖੁਸ਼ਹਾਲ ਪੰਜਾਬ ਦੀ ਤਸਵੀਰ ਸੀ ਜਿਹੜਾ ਅਨਾਜ ਦੇ ਵੱਡੇ ਭੰਡਾਰ ਪੈਦਾ ਕਰਦਾ ਹੈ ਪਰ ਇੱਥੇ ਤਾਂ ਲੋਕ ਤੜਪ-ਤੜਪ ਕੇ ਮਰ ਰਹੇ ਹਨ।

ਕਦ ਰੁਕੇਗੀ ਕੈਂਸਰ ਟਰੇਨ
ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਚਾਰ ਤੋਂ ਅਬੋਹਰ-ਜੋਧਪੁਰ ਪਸੈਂਜਰ ਟਰੇਨ ਰਾਤ ਨੂੰ ਸਾਢੇ ਨੌ ਵਜੇ ਰਾਜਸਥਾਨ ਵੱਲ ਚੱਲਦੀ ਹੈ। ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸਟੇਸ਼ਨ 'ਤੇ ਪੁੱਜੇ ਕੈਂਸਰ ਦੇ ਮਰੀਜ਼ ਦਿਨ ਖੜੇ ਹੀ ਇਸ ਟਰੇਨ ਨੂੰ ਉਡੀਕਣ ਲੱਗ
ਜਾਂਦੇ ਹਨ, ਕਿਉਂਕਿ ਉਹਨਾਂ ਨੇ ਕੀਮੋਥੈਰੇਪੀ ਲਈ ਬੀਕਾਨੇਰ ਦੇ ਪ੍ਰਿੰਸ ਬੀਜੋਏ ਮੈਮੋਰੀਅਲ ਹਸਪਤਾਲ ਜਾਣਾ ਹੁੰਦਾ ਹੈ। ਟਰੇਨ ਰਾਤ ਨੂੰ ਚੱਲਦੀ ਹੈ ਤੇ ਸਵੇਰੇ ਛੇ ਵਜੇ ਮਰੀਜ਼ਾਂ ਨੂੰ ਬੀਕਾਨੇਰ ਪਹੁੰਚਾ ਦਿੰਦੀ ਹੈ। ਇੱਕ ਅੰਦਾਜ਼ੇ ਮੁਤਾਬਿਕ ਹਰ ਰੋਜ਼ ਇਸ ਟਰੇਨ ਰਾਹੀਂ ਪੰਜਾਬ 'ਚੋਂ ਕੈਂਸਰ ਦੇ 80 ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਬੀਕਾਨੇਰ ਜਾਂਦੇ ਹਨ। ਇੱਥੇ ਦੱਸਣਯੋਗ ਹੈ ਕਿ 80 ਤਾਂ ਘੱਟੋ-ਘੱਟ ਹਨ ਕਈ ਵਾਰੀ ਇਹ ਗਿਣਤੀ ਸੈਂਕੜਾ ਵੀ ਪਾਰ ਕਰ ਜਾਂਦੀ ਹੈ। ਇਸ ਗੱਡੀ ਵਿੱਚ ਕੈਂਸਰ ਪੀੜਿਤ ਜਾਂ ਉਹਨਾਂ ਦੇ ਪਰਿਵਾਰਾਂ ਦੇ ਲੋਕ ਹੀ ਜਿ਼ਆਦਾ ਸਫ਼ਰ ਕਰਦੇ ਹਨ। ਇਹੀ ਕਾਰਨ ਹੈ ਕਿ ਹੁਣ ਇਸ ਟਰੇਨ ਨੂੰ ਕੈਂਸਰ ਟਰੇਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਬੰਧੀ ਜਦੋਂ ਪਿੰਡ ਦੇਧਨਾ ਦੇ ਵਾਸੀ ਜਨਕ ਰਾਜ ਨਾਲ ਗੱਲ ਕੀਤੀ ਗਈ, ਜੋ ਕਿ ਆਪਣੇ ਪਿਤਾ ਦੇ ਇਲਾਜ਼ ਲਈ ਬੀਕਾਨੇਰ ਜਾਂਦਾ ਰਿਹਾ ਹੈ, ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਚੰਡੀਗੜ੍ਹ, ਲੁਧਿਆਣਾ ਤੇ ਹਰਿਆਣਾ ਵਿੱਚ ਹਿਸਾਰ ਵੀ ਕੈਂਸਰ ਦੇ ਮਰੀਜ਼ਾਂ ਦਾ ਇਲਾਜ਼ ਹੁੰਦਾ ਹੈ ਪਰ ਬੀਕਾਨੇਰ ਦਾ ਇਲਾਜ਼ ਇਹਨਾਂ ਥਾਂਵਾਂ ਤੋਂ ਕਾਫ਼ੀ ਸਸਤਾ ਪੈਂਦਾ ਹੈ। ਦੂਜੀ ਗੱਲ ਇਹ ਹੈ ਕਿ ਬੀਕਾਨੇਰ ਤੋਂ ਇਲਾਜ਼ ਕਰਵਾ ਰਹੇ ਮਰੀਜ਼ ਲੰਮਾ ਸਮਾਂ ਕੱਢ ਜਾਂਦੇ ਹਨ ਜਦੋਂਕਿ ਪੰਜਾਬ ਵਾਲੇ ਇਲਾਜ਼ 'ਤੇ ਸਾਡਾ ਮਨ ਨਹੀਂ ਖੜਦਾ। ਪਿੰਡ ਦੇਧਨਾ ਦੇ ਜਨਕ ਰਾਜ ਦੀ ਗੱਲ ਬਿਲਕੁਲ ਸੱਚੀ ਜਾਪਦੀ ਹੈ। ਪੰਜਾਬ ਵਿੱਚ ਕੈਂਸਰ ਦਾ ਇਲਾਜ਼ ਨਾ-ਮਾਤਰ ਹੀ ਹੈ, ਜਿਨ੍ਹਾਂ ਹਸਪਤਾਲਾਂ ਵਿੱਚ ਇਸਦਾ ਇਲਾਜ਼ ਹੁੰਦਾ ਹੈ ਉਹ ਮਰੀਜ਼ਾਂ ਦੀ ਆਰਥਿਕ ਹੈਸੀਅਤ ਤੋਂ ਬਾਹਰ ਹੈ।

ਹਰੀ ਕ੍ਰਾਂਤੀ 'ਚੋਂ ਉੱਗਿਆ ਕੈਂਸਰ
ਹਰੀ ਕ੍ਰਾਂਤੀ ਤੋਂ ਪਹਿਲਾਂ ਪਿੰਡਾਂ ਦੇ ਲੋਕ ਕੈਂਸਰ ਦਾ ਨਾਂ ਤੱਕ ਨਹੀਂ ਜਾਣਦੇ ਸਨ ਪਰ ਜਿਉਂ-ਜਿਉਂ ਪੰਜਾਬ ਵਿੱਚ ਹਰੀ ਕ੍ਰਾਂਤੀ ਸਫਲ
ਹੁੰਦੀ ਗਈ ਤਿਉਂ-ਤਿਉਂ ਨਵੀਂ ਤਰ੍ਹਾਂ ਦੀਆਂ ਬੀਮਾਰੀਆਂ ਨੇ ਪੰਜਾਬ ਵਿੱਚ ਪੈਰ੍ਹ ਪਸਾਰਨੇ ਸ਼ੁਰੂ ਕਰ ਦਿੱਤੇ। ਇਸ ਦਰਮਿਆਨ ਜਿਹੜੀ ਸਭ ਤੋਂ ਭਿਆਨਕ ਬਿਮਾਰੀ ਸਾਹਮਣੇ ਆਈ ਉਹ ਕੈਂਸਰ ਹੈ। ਪੰਜਾਬ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਖਾਦ ਤੇ ਕੀਟਨਾਸ਼ਕ ਦਵਾਈਆਂ ਪਾ ਕੇ ਅਨਾਜ ਨਾਲ ਭਾਵੇਂ ਹਿੰਦੁਸਤਾਨ ਦੇ ਗੋਦਾਮ ਭਰ ਦਿੱਤੇ ਹੋਣ ਪਰ ਹੁਣ ਇਸਦਾ ਮੁੱਲ ਉਹ ਆਪਣੀਆਂ ਜਾਨਾਂ ਦੇ ਕੇ ਤਾਰ ਰਹੇ ਹਨ। ਜਿਹੜੀਆਂ ਸਰਕਾਰਾਂ ਨੇ ਖਾਦ ਅਤੇ ਦਵਾਈਆਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਮਜ਼ਬੂਰ ਕੀਤਾ ਸੀ ਹੁਣ ਉਹ ਸਰਕਾਰਾਂ ਮੰਜੇ 'ਤੇ ਪਏ ਕਿਸਾਨਾਂ ਦਾ ਹਾਲ ਵੀ ਨਹੀਂ ਪੁੱਛਦੀਆਂ। ਇੱਥੇ ਦੋਸ਼ ਸਿਰਫ਼ ਸਰਕਾਰਾਂ ਦਾ ਹੀ ਨਹੀਂ, ਕੁੱਝ ਗਲਤੀ ਕਿਸਾਨਾਂ ਦੀ ਵੀ ਹੈ ਜਿਹੜੇ ਸਰਕਾਰਾਂ ਅਤੇ ਕੀਟਨਾਸ਼ਕ ਜ਼ਹਿਰਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਮਗਰ ਲੱਗ ਕੇ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਰਹੇ। ਦਵਾਈਆਂ ਦੀ ਅੰਨੇਵਾਹ ਵਰਤੋਂ ਨੇ ਨਾ ਸਿਰਫ਼ ਕਿਸਾਨ ਨੂੰ ਕਰਜ਼ਈ ਕੀਤਾ ਹੈ ਸਗੋਂ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸਿ਼ਤ ਕਰਕੇ ਰੱਖ ਦਿੱਤਾ ਹੈ। ਹੁਣ ਜਦੋਂ ਜ਼ਹਿਰੀਲੀ ਧਰਤੀ 'ਚ ਉੱਗਿਆ ਅਨਾਜ਼ ਖਾਂਦੇ ਹਨ ਤਾਂ ਬਿਮਾਰ ਹੋਣਾ ਕੁਦਰਤੀ ਹੈ। ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਇੰਨੀ ਵੱਧ ਗਈ ਹੈ ਕਿ ਪੂਰੇ ਪੰਜਾਬ ਵਿੱਚ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਪਾਣੀ ਵਿੱਚ ਯੂਰੇਨੀਅਮ ਤੇ ਨਾਈਟਰੇਟ ਵੱਡੀ ਮਾਤਰਾ ਵਿੱਚ ਨਾ ਹੋਵੇ।  ਵਿਗਿਆਨੀਆਂ ਤੇ ਵਿਗਿਆਨ ਨਾਲ ਜੁੜੀਆਂ ਸੰਸਥਾਵਾਂ ਦਾ ਸਪੱਸਟ ਕਹਿਣਾ ਹੈ ਕਿ ਪੰਜਾਬ ਵਿੱਚ ਕੈਂਸਰ ਵਰਗੀ ਮਹਾਂਮਾਰੀ ਫੈਲਣ ਦਾ ਕਾਰਨ ਕੀਟਾਨਸ਼ਕ ਦਵਾਈਆਂ ਦੀ ਵੱਧ ਵਰਤੋਂ ਕਰਨਾ ਹੈ, ਜਿਹੜੀ ਕਿ ਹਰੀ ਕ੍ਰਾਂਤੀ ਨੂੰ ਸਫ਼ਲ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ।

ਵੀ. ਆਈ. ਪੀ. ਕੈਂਸਰ 
ਕੁੱਝ ਮਹੀਨੇ ਪਹਿਲਾਂ ਪੰਜਾਬ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਅਮਰੀਕਾ ਤੋਂ ਕੈਂਸਰ ਦਾ ਇਲਾਜ਼ ਕਰਵਾਇਆ ਹੈ।
ਪੰਜਾਬ ਸਰਕਾਰ ਨੇ ਉਸਦੇ ਇਲਾਜ਼ 'ਤੇ ਹੋਣ ਵਾਲਾ ਸਾਰਾ ਖਰਚਾ ਸਰਕਾਰੀ ਖਜ਼ਾਨੇ 'ਚੋਂ ਦੇਣ ਦੀ ਗੱਲ ਕਹੀ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਕੈਂਸਰ ਦਾ ਇਲਾਜ਼ ਪੰਜਾਬ ਵਿੱਚ ਹੋ ਸਕਦਾ ਹੈ ਤਾਂ ਮੁੱਖ ਮੰਤਰੀ ਨੇ ਯੁਵਰਾਜ ਸਿੰਘ ਨੂੰ ਇੱਥੇ ਇਲਾਜ਼ ਕਰਵਾਉਣ ਲਈ ਕਿਉਂ ਨਹੀਂ ਕਿਹਾ। ਅਮਰੀਕਾ ਨੂੰ ਕਰੋੜਾਂ ਰੁਪਏ ਦੇਣ ਦੀ ਕੀ ਜਰੂਰਤ ਸੀ। ਦੂਜੀ ਗੱਲ ਇਹ ਹੈ ਕਿ ਯੁਵਰਾਜ ਸਿੰਘ ਸਰਮਾਏਦਾਰ ਹੈ ਉਹ ਤਾਂ ਆਪਣਾ ਇਲਾਜ਼ ਕਿਤੋਂ ਵੀ ਕਰਵਾ ਸਕਦਾ ਹੈ, ਪੰਜਾਬ ਸਰਕਾਰ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਹੜੇ ਇਲਾਜ਼ ਤਾਂ ਦੂਰ ਕੈਂਸਰ ਦਾ ਚੈਕਅਪ ਕਰਵਾਉਣ ਦੀ ਵੀ ਹੈਸੀਅਤ ਨਹੀਂ ਰੱਖਦੇ। ਅਸਲ ਵਿੱਚ ਸਰਕਾਰ ਨੂੰ ਢਕਵੰਜ ਕਰਨ ਦੀ ਬਜਾਏ ਅਸਲ ਸਥਿਤੀਆਂ ਦੇ ਰੂਬਰੂ ਹੋਣਾ ਚਾਹੀਦਾ ਹੈ।
ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਘਰਵਾਲੀ ਸੁਰਿੰਦਰ ਕੌਰ (75) ਨੂੰ ਵੀ ਕੈਂਸਰ ਨੇ ਨਿਗਲ ਲਿਆ। ਸੁਰਿੰਦਰ ਕੌਰ ਭਾਵੇਂ ਭਾਰਤ ਬਾਹਰੋਂ ਇਲਾਜ਼ ਕਰਵਾਉਂਦੀ ਰਹੀ ਪਰ ਆਖ਼ਰੀ ਸਾਹ ਉਸਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਲਿਆ। ਇਸ ਮਾਮਲੇ ਵਿੱਚ ਬਾਦਲ ਦੀ ਸਰਾਮਏਦਾਰੀ ਵੀ ਪੈਰ੍ਹ ਨਹੀਂ ਅੜਾ ਸਕੀ।
ਬਾਦਲ ਨੂੰ ਆਪਣੀ ਘਰਵਾਲੀ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਉਸਨੂੰ ਇਸ ਤਰ੍ਹਾਂ ਦਾ ਦੁੱਖ ਕੈਂਸਰ ਨਾਲ ਮਰਨ ਵਾਲੇ ਹਰ ਇੱਕ ਵਿਅਕਤੀ ਦੀ ਮੌਤ 'ਤੇ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਹਰ ਵਿਅਕਤੀ ਦੀ ਜਿ਼ੰਮੇਵਾਰੀ ਉਸਦੇ ਸਿਰ ਹੈ।

ਪੰਜਾਬ 'ਚ ਨਸਿ਼ਆਂ ਦੀ ਭਰਮਾਰ
ਪੰਜਾਬ ਸਰਕਾਰ ਨੇ ਭਾਵੇਂ ਤੰਬਾਕੂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਪਰ ਪੰਜਾਬ ਵਿੱਚ ਤੰਬਾਕੂ ਪਹਿਲਾਂ ਦੀ ਤਰ੍ਹਾਂ ਹੀ ਪਰਚੂਨ ਦੀਆਂ ਦੁਕਾਨਾਂ 'ਤੇ ਆਮ ਵਿਕ ਰਿਹਾ ਹੈ ਤੇ ਜਰਦਾ ਬਣਾਉਣ ਵਾਲੀਆਂ ਫੈਕਟਰੀਆਂ ਧੜੱਲੇ ਨਾਲ ਮਾਲ ਤਿਆਰ ਕਰ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਪਰ ਪਤਾ ਨਹੀਂ ਕਿਸ ਗੱਲ ਦੀ ਮਜ਼ਬੂਰੀ ਹੈ ਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਤਮਾਸ਼ਾ ਦੇਖ ਰਿਹਾ ਹੈ। ਤੰਬਾਕੂ ਦੇ ਆਦੀ ਹੋ ਚੁੱਕੇ ਬੰਦੇ ਇੰਨੇ ਭੋਲੇ ਹਨ ਕਿ ਭਾਵੇਂ ਪੁੜੀ 'ਤੇ ਲਿਖਿਆ ਹੁੰਦਾ ਹੈ ਕਿ 'ਤੰਬਾਕੂ ਸੇਵਨ ਨਾਲ ਕੈਂਸਰ ਹੋ ਸਕਦਾ ਹੈ।' ਪਰ ਉਹ ਇਸ ਚਿਤਾਵਨੀ ਨੂੰ ਮਜ਼ਾਕ ਹੀ ਜਾਣਦੇ ਹਨ। ਬੀੜੀ, ਸਿਗਰਟ ਵੀ ਪੰਜਾਬ 'ਚ ਬਹੁਤ ਵੱਡੀ ਮਾਤਰਾ ਵਿੱਚ ਵਿਕ ਰਹੀ ਹੈ।  ਸਰਕਾਰ ਨੂੰ ਇਸ ਉੱਪਰ ਲਾਏ ਟੈਕਸਾਂ ਤੋਂ ਭਾਰੀ ਆਮਦਨ ਹੋ ਰਹੀ ਹੈ। ਸ਼ਾਇਦ ਇਸੇ ਕਰਕੇ ਸਰਕਾਰ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਇਸ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਮਾਹਿਰਾਂ ਅਨੁਸਾਰ ਤੰਬਾਕੂ ਅਤੇ ਬੀੜੀ, ਸਿਗਰਟ ਦਾ ਸੇਵਨ ਕਰਨ ਵਾਲੇ ਨੂੰ ਮੂੰਹ, ਗਲ਼ੇ ਅਤੇ ਫੇਫੜੇ ਦਾ ਕੈਂਸਰ ਬਹੁਤ ਛੇਤੀ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਛੇਵਾਂ ਦਰਿਆ ਸ਼ਰਾਬ ਦਾ ਵਗਦਾ ਹੈ, ਕਿਉਂਕਿ ਪੰਜਾਬ ਦਾ ਪਾਣੀ ਪੀਣ ਲਾਇਕ ਨਹੀਂ ਰਿਹਾ ਸ਼ਾਇਦ ਇਸ ਕਰਕੇ ਹੀ ਪੰਜਾਬ ਸਰਕਾਰ ਨੇ ਹੁਣ ਹਰ ਗਲੀ ਮੋੜ 'ਤੇ ਠੇਕੇ ਖੋਲ੍ਹ ਦਿੱਤੇ ਹਨ। ਇਹਨਾਂ ਠੇਕਿਆਂ ਤੋਂ ਟੱਲੀ ਹੋ ਕੇ ਭਾਵੇਂ ਪੰਜਾਬੀ ਲਲਕਾਰੇ ਮਾਰਦੇ ਹਨ ਪਰ ਕੁੱਝ ਸਮੇਂ ਬਾਅਦ ਇਹ ਲਲਕਾਰੇ ਚੀਕਾਂ ਵਿੱਚ ਬਦਲ ਜਾਂਦੇ ਹਨ। ਪੀਣ ਵਾਲੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਸੌ ਰੁਪਏ ਦੀ ਬੋਤਲ ਉਸਦੀ ਜਾਨ ਲੈ ਕੇ ਛੱਡੇਗੀ। ਪੰਜਾਬ ਵਿੱਚ ਤੰਬਾਕੂ, ਬੀੜੀ, ਸਿਗਰਟ ਦੇ ਨਾਲ ਸ਼ਰਾਬ ਵੀ ਕੈਂਸਰ ਦਾ ਬਹੁਤ ਵੱਡਾ ਕਾਰਨ ਹੈ। ਸ਼ਰਾਬ ਤੋਂ ਵੀ  ਸਰਕਾਰ ਨੂੰ ਕਾਫ਼ੀ ਆਮਦਨ ਹੁੰਦੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਆਮਦਨ ਦਾ ਖਿ਼ਆਲ ਛੱਡ ਕੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਵੇ।

ਕੀ ਕਹਿੰਦੇ ਹਨ ਅੰਕੜੇ
ਪਿੱਛੇ ਜਿਹੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ। ਜਿਸ ਅਨੁਸਾਰ ਪੰਜਾਬ ਵਿੱਚ ਰਹਿਣ ਵਾਲੇ ਲੋਕ ਹੋਰ ਸੂਬਿਆਂ ਦੇ ਮੁਕਾਬਲੇ ਜਿ਼ਆਦਾ ਪੈਸਟੀਸਾਇਡ ਖਾਣ-ਪੀਣ ਰਾਹੀਂ ਆਪਣੇ ਅੰਦਰ ਲੈ ਜਾਂਦੇ ਹਨ। ਇਸ ਸੰਸਥਾ ਵੱਲੋਂ ਮਨੁੱਖੀ ਖੂਨ ਦੇ ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇੱਥੋਂ ਦੇ ਲੋਕਾਂ ਦੇ ਖੂਨ ਵਿੱਚ ਪੈਸਟੀਸਾਇਡ ਦੀ ਮਾਤਰਾ ਕਾਫ਼ੀ ਹੈ।
ਇਸੇ ਤਰ੍ਹਾਂ ਹੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ ਸਾਹਮਣੇ ਆਇਆ ਕਿ ਇੱਥੇ ਇੱਕ ਲੱਖ ਬੰਦਿਆਂ ਪਿੱਛੇ 125 ਕੈਂਸਰ ਦੇ ਮਰੀਜ਼ ਹਨ।
ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਤਿੰਨ ਤੋਂ ਚਾਰ ਹਜ਼ਾਰ ਅਬਾਦੀ ਵਾਲੇ ਹਰ ਪਿੰਡ ਵਿੱਚ ਚਾਰ੍ਹ ਤੋਂ ਪੰਜ ਮਰੀਜ਼ ਕੈਂਸਰ ਦੇ ਹਨ।
ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਅਤੇ ਹੋਰ ਸੰਸਥਾਵਾਂ ਦੇ ਅੰਕੜਿਆਂ 'ਤੇ ਅਧਾਰਿਤ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ। ਜਿਸ ਅਨੁਸਾਰ ਪੰਜਾਬ ਵਿੱਚ ਛੇ ਮਹੀਨਿਆਂ ਵਿੱਚ ਹੀ ਕੈਂਸਰ ਦੇ 4000 ਨਵੇਂ ਮਰੀਜ਼ ਸਾਹਮਣੇ ਆਏ ਸਨ। ਰਿਪੋਰਟ ਅਨੁਸਾਰ ਔਰਤਾਂ ਵਿੱਚ ਛਾਤੀ ਦਾ ਕੈਂਸਰ ਅਤੇ ਮਰਦਾਂ ਵਿੱਚ ਮੂੰਹ ਦਾ ਕੈਂਸਰ ਬਹੁਤ ਜਿ਼ਆਦਾ ਸੀ।
ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਈ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਵਿੱਚ ਕੀ ਸਾਹਮਣੇ ਆਇਆ; ਇਸ ਸਬੰਧੀ ਸਮੂਹਿਕ ਰੂਪ ਵਿੱਚ ਅਜੇ ਅੰਕੜੇ ਜਾਰੀ ਨਹੀਂ ਕੀਤੇ ਗਏ। ਪਰ ਅਖ਼ਬਾਰਾਂ ਵਿੱਚ ਛਪੀਆਂ ਸਥਾਨਕ ਰਿਪੋਰਟਾਂ ਮੁਤਾਬਿਕ ਇਸ ਸਰਵੇਖਣ ਦਰਮਿਆਨ ਪੰਜਾਬ ਵਿੱਚ ਵੱਡੀ ਗਿਣਤੀ 'ਚ ਕੈਂਸਰ ਦੇ ਮਰੀਜ਼ਾਂ ਦਾ ਖੁਲਾਸਾ ਹੋਇਆ ਹੈ। ਬਹੁਤ ਹੀ ਹੈਰਾਨ ਕਰਨ ਵਾਲੇ ਅਤੇ ਤਬਾਹਕੁੰਨ ਤੱਥ ਸਾਹਮਣੇ ਆਏ ਹਨ। 

ਜਗਤਾਰ ਸਾਲਮ,
ਮੋਬ-97804-70386
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template