Headlines News :
Home » » ਹਰਿਵੱਲਭ ਦਾ ਸੰਗੀਤ ਮੇਲਾ - ਡਾ.ਜਗਮੇਲ ਸਿੰਘ ਭਾਠੂਆਂ

ਹਰਿਵੱਲਭ ਦਾ ਸੰਗੀਤ ਮੇਲਾ - ਡਾ.ਜਗਮੇਲ ਸਿੰਘ ਭਾਠੂਆਂ

Written By Unknown on Sunday, 19 January 2014 | 21:46

ਮੇਲੇ ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਅੰਗ ਹਨ।ਪੰਜਾਬ ਗੁਰੂਆਂ,ਪੀਰਾਂ,ਅਵਤਾਰਾਂ ਤੇ ਰਿਸ਼ੀਆਂ  ਮੁਨੀਆਂ ਦੀ ਧਰਤੀ ਹੈ।ਇਸ ਧਰਤੀ ਦਾ ਕੋਈ ਹੀ ਅਜਿਹਾ ਦਿਨ ਹੋਵੇਗਾ ਜਦ ਕਿਸੇ ਖਾਨਗਾਹ ਜਾਂ ਸਮਾਧ ਤੇ ਲੋਕਾਂ ਦਾ ਭਾਰੀ ਇਕੱਠ ਨਾ ਹੁੰਦਾ ਹੋਵੇ।ਮੇਲੇ ਲੋਕ ਕਲਾ ਦੀ ਉਪਜ ਅਤੇ ਇਸਦੇ ਵਿਕਾਸ ਲਈ ਵੀ ਸਹਾਈ ਹੁੰਦੇ ਹਨ।ਇਸ ਪੱਖੋਂ ਪੰਜਾਬ ਵਿਚ ਦੇਵੀ ਤਲਾਬ ਜਲੰਧਰ ਵਿਖੇ ਲੱਗਣ ਵਾਲਾ ਹਰੀਵੱਲਬ ਦਾ ਮੇਲਾ ਇਕ ਅਜਿਹਾ ਸੰਗੀਤ ਮੇਲਾ ਹੈ ,ਜਿਸਦੀ ਪ੍ਰਸਿੱਧਤਾ ਪੰਜਾਬ ਤੱਕ ਹੀ ਨਹੀਂ,ਸਗੋਂ ਹਿਦੁੰਸਤਾਨ ਪੱਧਰ ਦੀ ਹੈ।ਹੋਰਨਾਂ ਮੇਲਿਆਂ ਨਾਲੋਂ ਇਸਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਇਹ ਪੂਰੀ ਤਰ੍ਹਾਂ ਸੰਗੀਤ ਨੂੰ ਸਮਰਪਿਤ ਹੈ।ਸ਼ਾਸਤਰੀ ਸੰਗੀਤ ਨੂੰ ਲੋਕ-ਪ੍ਰਿਅ ਬਣਾਉਣ ਵਾਲੇ ਇਸ ਮੇਲੇ ਦਾ ਭਾਰਤੀ  ਸੰਗੀਤ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ ।ਭਾਰਤ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਇਸ ਕਿਸਮ ਦੇ ਹੋਰ ਵੀ ਕਈ ਸਮਾਰੋਹ ਹਰ ਸਾਲ ਆਯੋਜਿਤ ਹੁੰਦੇ ਹਨ, ਜਿਵੇਂ ਕਿ ਤਾਨਸੈਨ ਸੰਗੀਤ ਸਮਾਰੋਹ ਗਵਾਲੀਅਰ ਵਿਖੇ,ਹਰੀਦਾਸ ਸੰਗੀਤ ਸੰਮੇਲਨ ਬ੍ਰਿੰਦਾਵਨ,ਧਰੂਪਦ ਸੰਮੇਲਨ ਵਾਰਾਣਸੀ,ਵਿਸ਼ਨੂੰ ਦਿਗੰਬਰ ਜਯੰਤੀ ਦਿੱਲੀ,ਭਾਸ਼ਕਰ ਰਾਓ ਸੰਗੀਤ ਸੰਮੇਲਨ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ,ਆਦਿ। ਇਸੇ ਤਰ੍ਹਾਂ ਪੂਨਾ,ਮੂਬਈ,ਕੋਲਕਾਤਾ ਆਦਿ ਮਹਾਨਗਰਾਂ ਵਿਚ ਵੀ ਅਜਿਹੇ ਮੇਲਿਆਂ ਦਾ ਆਯੋਜਨ ਹੁੰਦਾ ਰਹਿੰਦਾ ਹੈ।ਪੰਜਾਬ ਦਾ ਹਰਿਵੱਲਭ ਮੇਲਾ ਉਨੀਵੀਂ ਸਦੀ ਦੇ ਅਖੀਰ ਵਿਚ ਸੁਆਮੀ ਹਰਿਵੱਲਭ ਗਿਰੀ ਦੁਆਰਾ ਆਰੰਭ  ਕਤਿਾ ਗਿਆ ।ਸ਼ੁਆਮੀ ਹਰਿਵੱਲਭ ਜੀ ਦਾ ਜਨਮ ਜਿਲਾ  ਹੁਸਿਆਰਪੁਰ ਦੇ ਉਸ ਇਤਿਹਾਸਕ ਪਿੰਡ ਬਜਵਾੜਾ ਵਿਖੇ ਹੋਇਆ,ਜੋ ਭਾਰਤ ਦੇ ਮਹਾਨ ਗਾਇਕ ਬੈਜੂ ਬਾਵਰਾ ਦੀ ਵੀ ਜਨਮ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ ।ਬਚਪਨ ਵਿਚ ਹੋਈ ਮਾਤਾ-ਪਿਤਾ ਜੀ ਦੀ ਮੌਤ ਨੇ ਆਪ(ਹਰੀਵੱਲਭ) ਨੂੰ ਬੇਸਹਾਰਾ ਅਤੇ ਬੈਰਾਗੀ ਸੁਭਾਅ ਦਾ ਬਣਾ ਦਿੱਤਾ।ਇਨ੍ਹਾਂ ਦੇ ਮਾਮਾ ਜਵੰਦ ਲਾਲ ਆਪ ਨੂੰ ਜਲੰਧਰ ਆਪਣੇ ਪਾਸ ਲੈ ਗਏ ,ਪਰੰਤੂ ਇੱਥੇ ਆਪ ਦਾ ਮਨ ਸੰਸਾਰਿਕ ਬੰਧਨਾਂ ਤੋਂ ਮੁਕਤੀ ਲਈ ਉਸ ਮਾਰਗ ਦੀ ਖੋਜ ਵਿਚ ਲੱਗ ਗਿਆ,ਜਿਸ ਮਾਰਗ ਤੇ ਚਲਦਿਆਂ ਜੀਵਨ ਦੇ ਸੱਚ ਨੂੰ ਜਾਣਿਆ ਜਾ ਸਕਦਾ ਹੈ।ਅਜਿਹੇ ਸਮੇ ਆਪਣੀ ਰੂਹ ਦੀ ਭਟਕਣ ਨੂੰ ਸ਼ਾਂਤ ਕਰਣ ਲਈ ਆਪ ਨੇ ਸੰਗੀਤ ਸਿਖਣ ਦਾ ਮਨ ਬਣਾ ਲਿਆ ਅਤੇ ਜਵਾਨੀ ਦੀ ਉਮਰੇ ਪੰਡਿਤ ਦੁਨੀ ਚੰਦ ਪਾਸੋਂ ਸੰਗੀਤ ਦੀ ਸਿਖਿਆ ਆਰੰਭ ਕੀਤੀ।ਇਕ ਵਾਰੀ  ਜਦ ਆਪ ਨੂੰ ਦੇਵੀ ਤਲਾਬ ਜਲੰਧਰ ਦੇ ਧਾਰਮਿਕ ਅਸ਼ਥਾਨ ਤੇ ਬਾਬਾ ਹੇਮਗਿਰੀ ਦੀ ਗੱਦੀ ਦੇ ਮਹੰਤ  ਸੁਆਮੀ ਤੁਲਜਾਗਿਰੀ ਦਾ ਵਿਸਮਾਦੀ  ਸੰਗੀਤ  ਧਰੁਪਦ ਸ਼ੈਲੀ ਵਿਚ ਸੁਣਨ ਦਾ ਮੌਕਾ ਮਿਲਿਆ ,ਤਾਂ ਹਰੀਵੱਲਬ ਉਪਰ ਇਸਦਾ ਅਜਿਹਾ ਅਸਰ ਹੋਇਆ ਕਿ ਸ਼ੱਚ ਦੀ ਖੋਜ ਲਈ ਉਨ੍ਹਾਂ ਸ਼ੁਆਮੀ ਤੁਲਜਾਗਿਰੀ ਨੂੰ ਆਪਣਾ ਆਪਾ ਪੂਰੀ ਤਰਾਂ ਸਮਰਪਿਤ ਕਰ ਦਿਤਾ,ਅਤੇ ਸੰਨਿਆਸ ਗ੍ਰਹਿਣ ਕਰਕੇ ਇਸੇ ਅਸ਼ਥਾਨ ਨੂੰ ਆਪਣਾ ਨਿਵਾਸ ਅਸਥਾਨ ਬਣਾ ਲਿਆਂ ।ਇਸ ਸਮੇ ਤੱਕ ਦੇਵੀ ਤਲਾਬ ਰੁਹਾਨੀਅਤ ਅਤੇ ਭਗਤੀ ਸੰਗੀਤ ਦਾ ਪ੍ਰਮੁਖ ਕੇਂਦਰ ਬਣ ਚੁਕਾ ਸੀ।ਸੰਨ 1874 ਈ.ਵਿੱਚ ਸੁਆਮੀ ਤੁਲਜਾਗਿਰੀ ਜੀ ਦੇ ਦੇਹਾਂਤ ਤੋਂ ਪਿੱਛੋ  ਇਸ ਪਵਿਤ੍ਰੱ ਅਸਥਾਨ ਦੇ ਮਹੰਤ ਬਣੇ ਬਾਬਾ ਹਰੀਵੱਲਬ ਜੀ  ਨੇ ਆਪਣੇ ਗੁਰੂ ਸੁਆਮੀ ਤੁਲਜਾਗਿਰੀ ਜੀ ਦੀ ਯਾਦ ਵਿਚ ਸੰਨ1875 ਈ ਤੋਂ ਹਰ ਸ਼ਾਲ ਵਿਸਾਲ ਸਮਾਗਮ ਮਨਾਉਣ ਦੀ ਪਰੰਪਰਾ ਸੁਰੂ ਕੀਤੀ,ਜਿਸ ਵਿਚ ਦੂਰ ਦੂਰ ਤੋਂ ਸਾਧੂ ੁਮਹਾਤਮਾਂ ਪਹੁੰਚਕੇ  ਲਗਾਤਾਰ ਕਈ ਕਈ ਦਿਨ ਪ੍ਰਭੂ ਗੁਣਾਂ ਦਾ ਗਾਇਨ ਕਰਦੇ ਅਤੇ ਖੁਦ ਸੁਆਮੀ  ਹਰਿਵੱਲਭ ਜੀ ਵੀ ਧਰੁਪਦ ਸ਼ੈਲੀ ਵਿਚ ਅਲੌਕਿਕ ਅਤੇ ਭਗਤੀ-ਰਸ ਦੇ ਮਧੁਰ ਭਜਨ ਗਾਇਨ ਕਰਦੇ।ਰਾਗ ਹਿੰਦੋਲ ਅਤੇ ਰਾਗ ਮਲਹਾਰ ਵਿਚ ਆਪ ਦੇ ਗਾਏ ਪ੍ਰਸਿੱਧ ਭਜਨਾਂ ਦੇ ਬੋਲ ਹਨ-ਹੇ ਤੂ ਹੀ ਆਦਿ ਅੰਤਿ  ਅਤੇ ਤਾ ਮੇਹਰਬਾ ਬਰਸੇ  ਆਦਿ।ਸੁਆਮੀ ਹਰਿਵੱਲਭ ਜੀ ਦੁਆਰਾ ਆਰੰਭ ਕੀਤੇ ਇਸ ਸਮਾਗਮ ਦਾ ਮੁਖ ਪ੍ਰਯੋਜਨ ਭਗਤੀ ਅਤੇ ਸ਼ਕਤੀ ਦੇ ਸ਼੍ਰੋਤ ਭਾਰਤੀ ਸ਼ਾਸਤਰੀ ਸੰਗੀਤ ਦੀ ਸਾਂਭ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਕਰਨਾ ਸੀ । ਪੰਜਾਬ ਅਤੇ ਭਾਰਤ ਦੇ ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਵੀ ਇਸ ਵਿਚ ਵਧ ਚੜਕੇ ਹਿੱਸਾ ਲੈਣ ਲੱਗ ਪਏ।ਇਸ ਸੰਬੰਧ ਵਿਚ ਪੰਡਿਤ ਵਿਸ਼ਨੂੰ ਦਿਗੰਬਰ,ਸਰਵ ਸ਼੍ਰੀ ਭਾਸ਼ਕਰ ਰਾਓ,ਰਾਮਕ੍ਰਿਸ਼ਨ ਸ਼ੰਕਰ ,ਪੰਡਿਤ ਬਾਲਾ ਗੁਰੂ, ਪੰਡਿਤ ਓਂਕਾਰ ਨਾਥ ਠਾਕੁਰ, ਸ਼੍ਰੀ ਮੁਹੰਮਦ ਖਾਂ ਸਾਰੰਗੀਆ, ਬੜੇ ਗੁਲਾਮ ਅਲੀ ਖਾਂ,ਇਮਦਾਦ ਖਾਂ ਪੰਡਿਤ ਰਵੀ ਸ਼ੰਕਰ,ਉਸਤਾਦ ਵਿਲਾਇਤ ਹੁਸ਼ੈਨ ਖਾਂ, ,,ਉਸਤਾਦ ਅਬਦੁਲ ਖਾਂ,ਉਸਤਾਦ ਅਬਦੁਲ ਅਜੀਜ ਖਾਂ, ਪੰਡਿਤ ਗੁਜਰ ਰਾਮ ਬਾਸੁਦੇਵ ਅਤੇ ਉਸਤਾਦ ਮਲੰਗ ਖਾਂ ,ਦਿਲੀਪ ਚੰਦਰ ਆਦਿ ਹੋਰ ਵੀ ਅਨੇਕ ਨਾਂ ਵਿਸ਼ੇਸ਼ ਵਰਨਣਯੋਗ ਹਨ ।
ਸੁਆਮੀ ਹਰੀਵੱਲਭ ਜੀ ਦੇ ਸਮਾਧੀ ਲੀਨ(1885 ਈ.) ਉਪਰੰਤ ਉਨ੍ਹਾਂ ਦੇ ਸ਼ਿਸ਼ ਪੰਡਿਤ ਤੋਲੇ ਰਾਮ ਜੀ ਨੇ ਇਸ ਸਮਾਗਮ ਨੂੰ ਜਾਰੀ  ਰੱਖਿਆ  ।ਉਨ੍ਹਾਂ ਨੇ ਇਸ ਸੰਗੀਤ ਸ਼ੰਮੇਲਨ ਦੇ ਪ੍ਰਚਾਰ ਲਈ ਸਮੁੱਚੇ ਭਾਰਤ ਵਿਚ ਦੂਰ ਦੁਰਾਡੇ  ਬੇਠੇ ਸੰਗੀਤਕਾਰਾਂ ਨੂੰ ਨਿੱਜੀ ਤੌਰ ਤੇ ਮਿਲਕੇ ,ਇਸ ਸਮਾਗਮ ਵਿਚ ਸ਼ਮੂਲੀਅਤ ਲਈ ਬੇਨਤੀ ਕੀਤੀ।ਅਜੋਕੇ ਦੌਰ ਦੇ ਪ੍ਰਸਿੱਧ ਸੰਗੀਤਾਚਾਰੀਆ ਡਾ ਗੁਰਨਾਮ ਸਿੰਘ(ਪੰਜਾਬੀ ਯੂਨੀਵਰਸਿਟੀ ,ਪਟਿਆਲਾਂ) ਦਾ ਕਥਨ ਹੈ ਕਿ “ਇਸ ਜ਼ਮਾਨੇ ਵਿਚ ਸਾਰੇ ਗਾਇਕ,ਵਾਦਕ ਬਗੈਰ ਕਿਸੇ ਧੰਨ ਰਾਸੀ ਦੇ ਇਸ ਅਸਥਾਨ ਤੇ ਆਪਣੀ ਸ਼ਰਧਾ ਭਾਵਨਾਂ ਨਾਲ ਆਪਣੀ ਕਲਾ  ਦੇ ਜੌਹਰ ਵਿਖਾਇਆ ਕਰਦੇ ਸਨ।ਉਚਕੋਟੀ ਦੇ ਸ਼ਾਸਤਰੀ ਗਾਇਕ ਪੰਡਿਤ ਵਿਸ਼ਨੂੰ ਦਿਗੰਬਰ ਜੀ ਇਸ ਸੰਗੀਤ ਮੇਲੇ ਚ ਸ਼ਮੂਲੀਅਤ ਵੀ  ਕਰਦੇ ਅਤੇ ਮਾਇਆ ਵੀ ਦੇ ਕੇ ਜਾਂਦੇ।ਪੰਡਿਤ ਜੀ ਦਾ ਵਿਚਾਰ ਸੀ,ਕਿ ਇਹ ਜਗ੍ਹਾਂ ਲੇਨੇ ਕੀ ਨਹੀਂ ਦੇਨੇ ਕੀ ਹੈ,ਯਹਾਂ ਕਾ ਤੋ ਆਸ਼ੀਰਵਾਦ ਹੀ ਕਾਫੀ ਹੈ”
        ਪੰਡਿਤ ਤੋਲੇ ਰਾਮ ਜੀ ਦੇ ਦੇਹਾਂਤ (1938ਈ) ਉਪਰੰਤ ਉਨ੍ਹਾਂ ਦੇ ਸ਼ਿਸ਼ ਪੰਡਿਤ ਦਵਾਰਕਾ ਦਾਸ ਜੀ ਨੇ ਬਾਬਾ ਹਰੀਵੱਲਬ ਸੰਗੀਤ ਮਹਾਂਸਭਾ ਟਰੱਸ਼ਟ ਦੀ ਸਥਾਪਨਾਂ ਕਰਕੇ ਬੜੀ ਹੀ ਸੁਹਿਰਦਤਾ ਨਾਲ ਸੰਗੀਤ ਸ਼ੰਮੇਲਨ ਜਾਰੀ ਰੱਖਣ ਦੀ ਮਹਾਨ  ਪਰੰਪਰਾਂ ਨੂੰ  ਹੋਰ ਅੱਗੇ ਵਧਾਇਆ।ਦਸੰਬਰ ਦੇ ਅਖੀਰ ਚ ਕਈ ਦਿਨ ਤੱਕ ਜਾਰੀ ਰਹਿਣ ਵਾਲੇ ਇਸ ਮੇਲੇ ਦਾ ਸੰਗੀਤ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।ਇਸ ਮੌਕੇ ਨਵੇਂ ਉਭਰਦੇ ਨੌਜਵਾਨ ਕਲਾਕਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਪਰਖ ਪੜਚੋਲ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਭਵਿੱਖ ਵਿੱਚ ਸੰਗੀਤ ਸਾਧਨਾ ਲਈ ਉਤਸਾਹਿਤ ਤੇ ਪ੍ਰੇਰਿਤ ਕੀਤਾ ਜਾਂਦਾ ਹੈ।ਅੱਜ ਪੰਜਾਬ ਸਰਕਾਰ ਦਾ ਫਰਜ਼  ਬਣਦਾ ਹੈ ਕਿ ਵਰਲਡ ਕਬੱਡੀ ਕੱਪ ਵਾਂਗ ਵਿਰਸੇ ਦੀ ਸੰਭਾਲ ਵਾਲੇ ਹਰੀਵੱਲਭ ਸੰਗੀਤ ਮੇਲੇ ਪ੍ਰਤੀ ਵੀ  ਆਰਥਿਕ ਪੱਖੋਂ ਆਪਣੀ ਬਣਦੀ ਜੁੰਮੇਵਾਰੀ ਨਿਭਾਵੇ।ਕਿਉਂ ਜੋ ਸੰਤ ਗਾਇਕ ਸ਼੍ਰੀ ਹਰਿਵੱਲਭ ਜੀ ਵਲੋਂ ਆਰੰਭ ਇਸ ਮੇਲੇ ਦਾ ਮੁਖ ਪ੍ਰਯੋਜਨ ਪਰੰਪਰਾ,ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਸੰਭਾਲ ਹੈ। 
                            
     

  ਡਾ.ਜਗਮੇਲ ਸਿੰਘ ਭਾਠੂਆਂ
                                               ਕੋ-ਆਰਡੀਨੇਟਰ
                                   ਹਰੀ ਵ੍ਰਿਜੇਸ਼ ਕਲਚਰਲ,ਫਾਊਂਡੇਸ਼ਨ
                             ਏ 68-ਏ,ਫਤਿਹ ਨਗਰ,ਨਵੀ ਦਿਲੀ-18
                                    ਮੋਬਾਇਲ-098713-12541

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template