ਪਿਛਲੇ ਦੋ-ਚਾਰ ਕੁ ਸਾਲ ਤੋਂ ਪੰਜਾਬੀ ਫ਼ਿਲਮਾਂ ਬਣਨ ਦਾ ਬੋਲਬਾਲਾ ਕਾਫ਼ੀ ਵਧਿਆ ਹੈ। ਇਸ ਸਮੇਂ ਧੜਾਧੜ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਤੇ ਜ਼ਿਆਦਾਤਰ ਪੰਜਾਬੀ ਗਾਇਕਾਂ, ਕਮੇਡੀ ਕਲਾਕਾਰਾਂ ਤੋਂ ਇਲਾਵਾ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਹੀਰੋ ਤੇ ਫਿਲਮਕਾਰ ਵੀ ਇਸ ਪਾਸੇ ਵਿਖਾਈ ਦੇ ਰਹੇ ਹਨ। ਇਸੇ ਕਾਰਨ ਇਸ ਸਾਲ 2013 ਵਿਚ ਬਹੁਤ ਹੀ ਪੰਜਾਬੀ ਫ਼ਿਲਮਾਂ ਬਣੀਆਂ, ਇਨ੍ਹਾਂ ’ਚੋਂ ਸਫਲ ਜਾਂ ਅਸਫਲ ਗੱਲ ਅਲੱਗ ਹੈ। ਅੱਜ ਦੀਆਂ ਬਹੁਤੀਆਂ ਪੰਜਾਬੀ ਫ਼ਿਲਮਾਂ ਸਿਰਫ ਕਾਮੇਡੀ ਰੂਪ ਵਿਚ ਹੀ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਫ਼ਿਲਮਾਂ ਦੀ ਗਿਣਤੀ ਤਾਂ ਵਧੀ ਹੈ ਪਰ ਇਸ ਦੀ ਗੁਣਵੰਤਾ ਤਾਂ ਸੱਚ ਹੀ ਘਟੀ ਹੈ। ਅੱਜ ਸਾਡੇ ਪੰਜਾਬ ਵਿਚ ਇੰਨੇ ਜ਼ਿਆਦਾ ਮਸਲੇ ਹਨ ਤੇ ਗੁੰਝਲਦਾਰ ਵੀ ਹਨ, ਜਿਨ੍ਹਾਂ ਤੇ ਕਈ ਚੰਗੀਆਂ ਤੇ ਮਿਆਰੀ ਫ਼ਿਲਮਾਂ ਬਣਾਈਆਂ ਜਾ ਸਕਦੀਆਂ ਹਨ। ਜੋ ਸਾਨੂੰ ਚੰਗਾ ਸੁਨੇਹਾ ਵੀ ਦੇਣਗੀਆਂ ਤੇ ਸਮਾਜ ਨੂੰ ਸੁਧਾਰਨ ਦਾ ਕੰਮ ਵੀ ਕਰਨਗੀਆਂ। ਇਕੱਲੀ ਕਾਮੇਡੀ ਰੰਗਤ ਵਿੱਚੋਂ ਸਾਨੂੰ ਕੁਝ ਚੰਗਾ ਪ੍ਰਾਪਤ ਨਹੀਂ ਹੋ ਸਕਦਾ। ਅੱਜ ਕਈ ਫ਼ਿਲਮਕਾਰ ਹਲਕੀਆਂ ਤੇ ਘਟੀਆ ਪੱਧਰ ਦੀਆਂ ਫ਼ਿਲਮਾਂ ਬਣਾ ਕੇ ਆਪਣੀ ਸੋਚ ਤੇ ਸਾਡੇ ਸਮਾਜ ਦਾ ਜ਼ਨਾਜਾ ਕੱਢ ਰਹੇ ਹਨ ਜੋ ਠੀਕ ਨਹੀਂ ਹੈ।
ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਵੱਡੀਆਂ ਰਕਮਾਂ ਖਰਚ ਕੇ ਤੇ ਵੱਡੇ ਪੱਧਰ ਤੇ ਸਟਾਰ-ਕਾਸਟ ਲੈ ਕੇ ਅੱਜ ਪੰਜਾਬੀ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਪਰ ਸਿੱਟਾ ਇਨ੍ਹਾਂ ਦਾ ਕੁਝ ਵੀ ਨਹੀਂ ਨਿਕਲ ਰਿਹਾ। ਸਗੋਂ ਗਲਤ ਦਿਸ਼ਾ ਵੱਲ ਨੂੰ ਹੀ ਅੱਜ ਦੀ ਨੌਜੁਆਨੀ ਨੂੰ ਮੋੜਿਆ ਜਾ ਰਿਹਾ ਹੈ। ਅਖਬਾਰਾਂ, ਟੀ. ਵੀ. ਚੈਨਲਾਂ ਆਦਿ ਤੇ ਨਿਰਮਾਤਾ ਨਿਰਦੇਸ਼ਕ ਤੇ ਹਰ ਕਲਾਕਾਰ ਪਹਿਲੇ ਦਿਨ ਹੀ ਆਪਣੀ ਫ਼ਿਲਮ ਨੂੰ ਹਿੱਟ ਦੱਸਦਾ ਹੈ ਤੇ ਇਸ ਦੀ ਮਸ਼ਹੂਰੀ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਸਾਧਨਾਂ ਰਾਹੀਂ ਕੀਤੀ ਜਾਂਦੀ ਹੈ। ਪਰ ਜਦੋਂ ਇਹੀ ਫ਼ਿਲਮ ਦਰਸ਼ਕਾਂ ਦੀ ਕਚਹਿਰੀ ਵਿੱਚ ਪੁੱਜਦੀ ਹੈ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਕਈ ਸਿਨੇਮਾ ਘਰ ਦੇ ਮਾਲਕ, ਮੱਠੇ ਹੁੰਗਾਰੇ ਕਾਰਨ ਹਫਤੇ ਦੀ ਉਡੀਕ ਵੀ ਨਹੀਂ ਕਰਦੇ ਸਗੋਂ ਪਹਿਲਾਂ ਹੀ ਫਿਲਮ ਨੂੰ ਸਿਨੇਮੇ ’ਚੋਂ ਹਟਾ ਦਿੰਦੇ ਹਨ। ਫਿਰ ਵੀ ਅੱਜ ਦੇ ਫ਼ਿਲਮਕਾਰ ਇਹ ਨਹੀਂ ਮੰਨਦੇ ਕਿ ਉਸਦੀ ਫ਼ਿਲਮ ਫ਼ਲਾਪ ਹੈ। ਕਿਉਂਕਿ ਉਹ ਆਪਣੇ ਨਾਮ ਨੂੰ ਦੂਸਰੇ ਤੋਂ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ। ਬੇਸ਼ੱਕ ਉਨ੍ਹਾਂ ਦਾ ਜਿੰਨਾ ਵੀ ਨੁਕਸਾਨ ਹੋ ਜਾਏ। ਕਈ ਕਾਰਨ ਹਨ ਜਿਨ੍ਹਾਂ ਕਰਕੇ ਅੱਜ ਗ਼ੈਰ ਫ਼ਿਲਮੀ ਲੋਕ ਵੀ ਇਸ ਪਾਸੇ ਆਉਂਦੇ ਤਾਂ ਕਮਾਉਣ ਹਨ ਪਰ ਕਰਵਾ ਕੇ ਨੁਕਸਾਨ ਜਾਂਦੇ ਹਨ। ਅੱਜ ਕਈ ਵਪਾਰਕ ਘਰਾਣੇ, ਸਿਆਸੀ ਲੋਕ ਆਦਿ ਪੰਜਾਬੀ ਫ਼ਿਲਮਾਂ ਤੇ ਮੋਟਾ ਪੈਸਾ ਖਰਚ ਕੇ ਨੁਕਸਾਨ ਉਠਾ ਚੁੱਕੇ ਹਨ। ਜੇ ਅੱਜ ਇਕ ਫ਼ਿਲਮ ਹਿੱਟ ਹੋ ਗਈ ਤਾਂ ਭੇਡਚਾਲ ਉਸੇ ਦੀ ਸ਼ੁਰੂ ਹੋ ਜਾਂਦੀ ਹੈ।
ਪੰਜਾਬੀ ਫ਼ਿਲਮਾਂ ਦਾ ਫ਼ਲਾਪ ਹੋਣਾ, ਇਸ ਲਾਇਨ ਵਿਚ ਕੰਮ ਕਰ ਰਹੇ ਲੋਕਾਂ ਦੀ ਹੀ ਦੇਣ ਹੈ। ਇਕ ਦੂਜੇ ਦੇ ਵਿਸ਼ੇ ਦੀ ਨਕਲ ਕਰ ਉਸਨੂੰ ਹੀ ਤੋੜ-ਮਰੋੜ ਕੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਅੱਜ ਬਹੁਤੀਆਂ ਪੰਜਾਬੀ ਫ਼ਿਲਮਾਂ ਦਾ ਰੰਗ-ਰੂਪ ਹਿੰਦੀ ਫ਼ਿਲਮਾਂ ਦੀ ਨਕਲ ਤੇ ਹੀ ਕੇਂਦਰਤ ਹੈ। ਹਿੰਦੀ ਫ਼ਿਲਮਾਂ ਵਾਂਗ ਹੀ ਅਸ਼ਲੀਲ ਕਾਮੇਡੀ ਬਹੁਤੀ ਥਾਂ ਦੋ-ਅਰਥੀ ਆਮ ਹੀ ਵੇਖਣ ਨੂੰ ਪੰਜਾਬੀ ਫ਼ਿਲਮਾਂ ਵਿਚ ਮਿਲ ਰਹੀ ਹੈ। ਪੰਜਾਬੀ ਫ਼ਿਲਮਾਂ ਵਿਚ ਪਹਿਰਾਵਾ ਉਹ ਦਿਖਾਇਆ ਜਾ ਰਿਹਾ ਹੈ ਜਿਸ ਦਾ ਸਬੰਧ ਪੰਜਾਬ ਦੇ ਪੰਜਾਬੀਆਂ ਨਾਲ ਹੈ ਹੀ ਨਹੀਂ ਹੈ। ਸਮਝ ਨਹੀਂ ਆ ਰਹੀ ਜੋ ਪੰਜਾਬ ਪੰਜਾਬੀ ਫ਼ਿਲਮਾਂ ਵਿਚ ਦਿਖਾਇਆ ਜਾ ਰਿਹਾ ਹੈ ਉਹ ਕਿੱਥੇ ਹੈ?
ਤਿੰਨ ਕੁ ਦਹਾਕੇ ਪਹਿਲਾਂ ਚਲ ਰਹੀਆਂ ਫ਼ਿਲਮਾਂ ਵਿਚ ਉਸ ਸਮੇਂ ਹਰ ਫ਼ਿਲਮ ਦੇ ਨਾਮ ਨਾਲ ਜੱਟ ਹੀ ਲਗਾਇਆ ਜਾ ਰਿਹਾ ਸੀ। ਬਹੁਗਿਣਤੀ ਜੱਟ ਨਾਮ ਆ ਜਾਣ ਨਾਲ ਇਹ ਫ਼ਿਲਮਾਂ ਫ਼ਲਾਪ ਹੋ ਰਹੀਆਂ ਸਨ। ਠੀਕ ਉਹੀ ਰੀਸ ਅੱਜ ਦੇ ਫ਼ਿਲਮਕਾਰਾਂ ਨੇ ਫੜ੍ਹ ਲਈ ਹੈ। ਪਹਿਲਾਂ ਵਾਂਗ ਅੱਜ ਵੀ ਜੱਟ ਸ਼ਬਦ ਪੰਜਾਬੀ ਫ਼ਿਲਮਾਂ ਨੂੰ ਥੱਲੇ ਵੱਲ ਹੀ ਲਿਜਾ ਰਿਹਾ ਹੈ। ਪੰਜਾਬ ਦੇ ਬਹੁਤੇ ਜੱਟਾਂ ਦੀ ਜੋ ਹਾਲਤ ਹੈ ਉਹ ਸਾਡੇ ਸਾਹਮਣੇ ਹੈ, ਜੱਟ ਕਰਜ਼ੇ ਤੇ ਗ਼ਲਤ ਖੇਤੀ ਦੇ ਸਤਾਏ ਖੁਦਕੁਸ਼ੀਆਂ ਕਰ ਰਹੇ ਹਨ। ਪਰ ਜੱਟਾਂ ਨੂੰ ਜ਼ਿਆਦਾ ਹੀ ਫੂਕ ਛਕਾਉਣ ਲਈ ਅੱਜ ਜੱਟਵਾਦ ਤੇ ਫ਼ਿਲਮਾਂ ਬਣ ਰਹੀਆਂ ਹਨ। ਜੱਟਾਂ ਦਾ ਚਰਿੱਤਰ ਅਤਿ ਘਟੀਆ ਦਿਖਾਇਆ ਜਾ ਰਿਹਾ ਹੈ ਇਹ ਪੰਜਾਬ ਦਾ ਜੱਟਵਾਦ ਨਹੀਂ ਹੈ।
ਜਦੋਂ ਹਰਭਜਨ ਮਾਨ ਤੇ ਮਨਮੋਹਨ ਸਿੰਘ ਦੀ ਜੋੜੀ ਨੇ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਜਿਥੇ ਚੰਗੀਆਂ ਕਹਾਣੀਆਂ ਨਾਲ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਨੇ ਨਾਮ ਵੀ ਚੰਗੇ ਰੱਖੇ ਸਨ ਜਿਵੇਂ ਅਸਾਂ ਨੂੰ ਮਾਣ ਵਤਨਾਂ ਦਾ, ਜੀ ਆਇਆ ਨੂੰ, ਮਿੱਟੀ ਵਾਜਾਂ ਮਾਰਦੀ ਆਦਿ ਪਰ ਅੱਜ ਪੰਜਾਬੀ ਫ਼ਿਲਮਾਂ ਦੇ ਨਾਮ ਅੰਗਰੇਜ਼ੀ ’ਚ ਆ ਰਹੇ ਹਨ ਉਹ ਵੀ ਜੱਟ ਸ਼ਬਦ ਨਾਲ, ਜਿਵੇਂ ਜੱਟ ਐਂਡ ਜੂਲੀਅਟ, ਜੱਟ ਇਨ ਗੋਲਮਾਲ, ਜੱਟ ਇਨ ਮੂਡ, ਜੱਟ ਬੁਆਏਜ਼, ਜੱਟ ਏਅਰਵੇਜ ਤੋਂ ਬਿਨਾਂ ਅੰਗਰੇਜ਼ੀ ਸ਼ਬਦ ਡੈਡੀ ਕੂਲ ਮੁੰਡੇ ਫੂਲ ਆਦਿ। ਜਦੋਂ ਫ਼ਿਲਮ ਪੰਜਾਬੀ ਹੈ ਤਾਂ ਨਾਮ ਅੰਗਰੇਜ਼ੀ ਵਿਚ ਰੱਖਣ ਦੀ ਕੀ ਮਜ਼ਬੂਰੀ ਹੈ। ਇਸ ਤੋਂ ਬਿਨਾਂ ਬਹੁਤ ਹੀ ਹਲਕੇ ਪੱਧਰ ਦੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ। ਅਸ਼ਲੀਲ ਤੇ ਲੱਚਰ ਡਾਇਲਾਗ, ਗਲਤ ਫ਼ਿਲਮਾਂਕਣ ਤੇ ਉਪਰੋਂ ਰਹਿੰਦੀ ਕਸਰ ਗਾਲਾਂ ਵਾਲੀ ਸ਼ਬਦਾਵਲੀ ਪੂਰੀ ਕਰ ਦਿੰਦੀ ਹੈ। ਬਸ ਇਕੋ ਹੀ ਪਿੰਡ ਦੀ ਲੜਕੀ ਨਾਲ ਵਿਆਹ ਕਰਾਉਣ ਲਈ ਦੋ-ਤਿੰਨ ਮੁੰਡੇ ਗਲਤ ਤੋਂ ਗਲਤ ਹੱਥ ਕੰਡੇ ਬੇਸ਼ਰਮੀ ਨਾਲ ਆਪਣਾ ਰਹੇ ਹਨ। ਇਹ ਸਭ ਕੁਝ ਗਲਤ ਕਰਦਿਆਂ ਨੂੰ ਵਿਦੇਸ਼ੀ ਧਰਤੀ ਤੇ ਪਹੁੰਚਾ ਦਿੱਤਾ ਜਾਂਦਾ ਹੈ। ਜੋ ਉਥੇ ਵੀ ਹਲਕੀਆਂ-ਫੁਲਕੀਆਂ ਗੱਲਾਂ ਕਰਕੇ ਬਕਵਾਸ ਵਿਚ ਫ਼ਿਲਮ ਦਾ ਸਮਾਂ ਪੂਰਾ ਕਰਦੇ ਹਨ। ਕਿਸੇ ਸਮੇਂ ਚੰਗੇ ਗਿਣੇ ਜਾ ਰਹੇ ਫ਼ਿਲਮ ਕਲਾਕਾਰ ਤੇ ਕਾਮੇਡੀ ਕਲਾਕਾਰ ਵੀ ਪਤਾ ਨਹੀਂ ਕੀ ਸਮਝ ਕੇ ਗਲਤ ਚੀਜ਼ਾ ਪੇਸ਼ ਕਰਦੇ ਜਾ ਰਹੇ ਹਨ ਉਨ੍ਹਾਂ ਤੋਂ ਇਹ ਆਸ ਨਹੀਂ ਸੀ ਰਖੀ ਜਾ ਸਕਦੀ ਪਰ ........।
ਇੱਕੋ ਪੰਜਾਬੀ ਚਿੰਤਕ ਨਾਲ ਮੈ ਅੱਜ ਦੀਆਂ ਪੰਜਾਬੀ ਫ਼ਿਲਮਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦਾ ਜਵਾਬ ਸਪਸ਼ਟ ਸੀ ਕਿ ਅੱਜ ਪੰਜਾਬੀ ਫ਼ਿਲਮਾਂ ਵਿਚ ਸਾਡੇ ਸਮਾਜਿਕ ਰਿਸ਼ਤਿਆਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ, ਕਿ ਕਈ ਫ਼ਿਲਮਾਂ ’ਚ ਬਾਪ ਪੁੱਤ ਨੂੰ ਸਾਲਾ ਤੇ ਪੁੱਤ ਬਾਪ ਨੂੰ ਸਾਲਾ ਕਹਿ ਰਿਹਾ ਹੈ ਤਾਂ ਉਥੋਂ ਹੋਰ ਕੀ ਚੰਗਿਆਈ ਦੀ ਆਸ ਰੱਖੀ ਜਾ ਸਕਦੀ ਹੈ। ਇਹੀ ਸਭ ਕੁਝ ਕਈ ਪੰਜਾਬੀ ਫ਼ਿਲਮ ਵਿਚ ਹੋ ਰਿਹਾ ਹੈ। ਉਹ ਕਿਹੜੇ ਪੰਜਾਬ ਦੇ ਘਰ ਦੀ ਗੱਲ ਹੈ ਕਿ ਮੁੰਡੇ ਆਪਣਾ ਵਿਆਹ ਕਰਨ ਲਈ ਪਹਿਲਾਂ ਆਪਣੇ ਪਿਤਾ ਦਾ ਵਿਆਹ ਆਪਣੀ ਪ੍ਰੇਮਿਕਾ ਦੀ ਮਾਂ ਨਾਲ ਕਰਾਉਣਾ ਚਾਹੁੰਦੇ ਹਨ ਤੇ ਫਿਰ ਆਪਣਾ ਵਿਆਹ ਪ੍ਰੇਮਿਕਾ ਨਾਲ। ਫਿਰ ਇਹੋ ਜਿਹੀਆਂ ਫ਼ਿਲਮਾਂ ਜੇ ਫ਼ਲਾਪ ਨਾ ਹੋਣ ਤਾਂ ਹੋਰ ਕੀ ਹੋਣ? ਇਹੋ ਜਿਹੀਆਂ ਫ਼ਿਲਮਾਂ ਸਾਡੇ ਸਮਾਜ ਤੇ ਵੀ ਮਾੜਾ ਪ੍ਰਭਾਵ ਛੱਡਦੀਆਂ ਹਨ। ਬਾਕੀ ਜੋ ਪੰਜਾਬੀ ਗਾਇਕ ਕਲਾਕਾਰ ਅੱਜ ਪੰਜਾਬੀ ਫ਼ਿਲਮਾਂ ਵਿਚ ਆ ਰਹੇ ਹਨ, ਉਨ੍ਹਾਂ ਵਿਚੋਂ ਕਈਆਂ ਨੇ ਪੰਜਾਬੀ ਗਾਇਕੀ ਵਿਚ ਅਤਿ ਘਟੀਆ ਦਰਜੇ ਦੀ ਲੱਚਰਤਾ ਸਰੋਤਿਆਂ ਅੱਗੇ ਰੱਖੀ ਹੈ ਤੇ ਉਹੀ ਕੁਝ ਗਲਤ ਦ੍ਰਿਸ਼ ਪੰਜਾਬ ਫ਼ਿਲਮਾਂ ਵਿਚ ਉਨ੍ਹਾਂ ਕਲਾਕਾਰਾਂ ਦੁਆਰਾ ਦਰਸ਼ਕ ਅੱਗੇ ਪਰੋਸੇ ਜਾ ਰਹੇ ਹਨ। ਇਹ ਸਭ ਕੁਝ ਦੇਖ ਕੇ ਸਮਝਦਾਰ ਦਰਸ਼ਕ ਇਥੋਂ ਕਿਨਾਰਾ ਕਰਨਾ ਹੀ ਠੀਕ ਸਮਝਦਾ ਹੈ। ਦੁੱਖ ਉਸ ਵੇਲੇ ਵੀ ਹੁੰਦਾ ਹੈ ਜਦੋਂ ਚੰਗੇ ਨਿਰਮਾਤਾ-ਨਿਰਦੇਸ਼ਕ ਤੇ ਕਲਾਕਾਰਾਂ ਦੀ ਮਿਹਨਤ ਨਾਲ ਬਣਾਈ ਚੰਗੀ ਫ਼ਿਲਮ ਵੀ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕਦੀ।
ਇਸ ਤੋਂ ਬਿਨਾਂ ਧਾਰਮਿਕ ਪੱਖ ਤੇ ਬਣ ਰਹੀਆਂ ਫ਼ਿਲਮਾਂ ਦਾ ਪਾਸਾ ਵੀ ਚੰਗਾ ਨਹੀਂ ਹੈ। ਫ਼ਿਲਮਾਂ ਤਾਂ ਸਿੱਖ-ਧਰਮ ਜਾਂ ਸਿੱਖ ਚਿੰਨਾਂ ਤੇ ਬਣ ਰਹੀਆਂ ਹਨ ਪਰ ਉਨ੍ਹਾਂ ਵਿਚ ਕਲਾਕਾਰ ਉਹੀ ਵਿਖਾਏ ਜਾ ਰਹੇ ਜੋ ਗਲਤ ਫ਼ਿਲਮਾਂ ਕਰਦੇ ਹਨ। ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਹਾਲਾਂਕਿ ਸਿੱਖ ਧਰਮ ਤੇ ਸਿੱਖੀ ਦੇ ਫਲਸਫੇ ਤੇ ਬਹੁਤ ਹੀ ਖੂਬਸੂਰਤ ਤੇ ਕੀਮਤੀ ਫ਼ਿਲਮਾਂ ਬਣਾਈਆਂ ਜਾ ਸਕਦੀਆਂ ਹਨ, ਇਸ ਕੰਮ ਤੇ ਵੱਡੀਆਂ ਸਿੱਖ-ਸੰਸਥਾਵਾਂ ਤੇ ਸਿੱਖ-ਸਖਸ਼ੀਅਤਾਂ ਨੂੰ ਅੱਗੇ ਆ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਕੁਰਾਹੇ ਤੇ ਨਸ਼ਿਆਂ ਵਿਚ ਗਲਤਾਨ ਸਾਡੀ ਨੌਜੁਆਨੀ ਬਚਾਈ ਜਾ ਸਕੇ। ਇਥੇ ਮਾਰ ਇਹ ਵੀ ਪੈ ਰਹੀ ਹੈ ਕਿ ਜੇ ਕੋਈ ਵੀ ਸਿੱਖ ਧਰਮ ਤੇ ਸਿੱਖ ਮਸਲੇ ਤੇ ਫ਼ਿਲਮ ਬਣਾ ਕੇ ਵਧੀਆ ਕੰਮ ਕਰਦਾ ਹੈ ਤਾਂ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਇਸ ਤੇ ਝੱਟ ਪਾਬੰਦੀ ਲਾ ਦਿੰਦੀ ਹੈ। ਇਸ ਦੀ ਤਾਜ਼ਾ ਉਦਾਹਰਨ ਪੰਜਾਬੀ ਫ਼ਿਲਮ ਸਾਡਾ ਹੱਕ ਹੈ, ਜੋ ਹੋਰ ਭਾਸ਼ਾਵਾ ਵਿਚ ਬਣੀ ਤੇ ਵਿਦੇਸ਼ਾਂ ’ਚ ਚੰਗ ਪ੍ਰਦਰਸ਼ਨ ਕਰ ਚੰਗੀ ਕਮਾਈ ਵੀ ਕਰ ਸਕੀ।
ਅੰਤ ਵਿਚ ਪੰਜਾਬੀ ਫ਼ਿਲਮ ਲਾਇਨ ਨਾਲ ਜੁੜੇ ਹਰ ਵੱਡੇ ਤੇ ਛੋਟੇ ਫ਼ਿਲਮਕਾਰ ਤੇ ਕਲਾਕਾਰ ਨੂੰ ਬੇਨਤੀ ਹੈ ਕਿ ਜੇ ਅੱਜ ਪੰਜਾਬੀ ਫ਼ਿਲਮਾਂ ਦਾ ਦੌਰ ਮੁੜ ਚੱਲ ਹੀ ਪਿਆ ਹੈ ਤਾਂ ਇਸ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰੋ ਤੇ ਚੰਗਾ ਸੁਨੇਹਾ ਦੇਵੋ। ਅੱਜ ਦੀ ਕੁਰਾਹੇ ਪਈ ਜੁਆਨੀ ਤੇ ਆਉਣ ਵਾਲੀਆਂ ਪੀੜ੍ਹੀਆਂ ਸਹੀ ਸਬਕ ਲੈ ਸਹੀ ਜ਼ਿੰਦਗੀ ਬਤੀਤ ਕਰ ਸਕਣ। ਸਾਰੇ ਹੀ ਪੱਖਾਂ ਤੋਂ ਵਿਚਾਰ ਕੇ ਪੰਜਾਬੀ ਫ਼ਿਲਮਾਂ ਸਾਡੇ ਅੱਗੇ ਆਉਣ ਤਾਂ ਕਿ ਕੋਈ ਉਂਗਲ ਨਾ ਉਠਾ ਸਕੇ। ਤੁਸੀਂ ਵੀ ਮਾਲਾਮਾਲ ਹੋਵੋ ਤੇ ਪੰਜਾਬ ਪੰਜਾਬੀਅਤ ਵੀ ਮਾਲਾਮਾਲ ਹੋਵੇ।
ਬਲਬੀਰ ਸਿੰਘ ਬੱਬੀ
ਪਿੰਡ ਤੇ ਡਾਕ- ਤੱਖਰਾਂ (ਲੁਧਿਆਣਾ)
ਮੋਬਾ: 92175-92531


0 comments:
Speak up your mind
Tell us what you're thinking... !