Headlines News :
Home » » ਮੇਰੇ ਬਚਪਨ ਦੇ ਉਹ ਪਲ - ਰਮੇਸ਼ ਸੇਠੀ ਬਾਦਲ

ਮੇਰੇ ਬਚਪਨ ਦੇ ਉਹ ਪਲ - ਰਮੇਸ਼ ਸੇਠੀ ਬਾਦਲ

Written By Unknown on Saturday, 4 January 2014 | 03:41

             ਮੇਰਾ ਜਨਮ 1960 ਨੂੰ ਮੇਰੇ ਨਾਨਕੇ ਪਿੰਡ ਬਾਦੀਆਂ ਵਿੱਚ ਹੋਇਆ ਤੇ ਮੇਰਾ ਬਚਪਣ ਵੀ ਮਾਲਵੇ ਦੇ ਹੀ ਪਿੰਡ ਘੁਮਿਆਰੇ ਵਿੱਚ ਗੁਜਰਿਆ।ਆਮ ਬਹੁਤ ਹੀ ਸਧਾਰਣ ਜਿਹਾ  ਤੰਗੀਆਂ ਤੁਰਸੀਆਂ ਵਿੱਚ ਗੁਜਰਦਾ ਪਰਿਵਾਰ ਬਸ ਮਿਹਨਤ ਦੀ ਤਾਜੀ ਕਮਾ ਕੇ  ਖਾਣ ਵਾਲਾ ਪਰਿਵਾਰ ਸੀ। ਪਰ ਸੁਖੀ ਸੀ ਖੁਸ਼ ਸੀ।ਕੋਈ ਬਹੁਤੀ ਚਿੰਤਾ ਵੀ ਨਹੀ ਸੀ ਹੁੰਦੀ।ਬਚਪਣ ਬਹੁਤ ਹੀ ਆਨੰਦਮਈ ਸੀ। ਬਹੁਤੀ ਮੰਹਿਗਾਈ ਨਹੀ ਸੀ ਪਰ ਆਮਦਨ ਘੱਟ ਸੀ। ਜੋ ਨਜਾਰੇ ਉਦੋ ਸਨ ਹੁਣ ਤਾਂ ਬਸ ਕਲਪਣਾ ਹੀ ਲੱਗਦੇ ਹਨ।ਖਾਣਪੀਣ ਨੂੰ ਸੀਮਤ ਹੁੰਦਾ ਸੀ ਪਰ ਮਿਲਦਾ ਸੁੱਧ ਤੇ ਤਾਕਤ ਵਾਲਾ ਸੀ। 
                    ਅੱਜ ਕੱਲ ਦੇ ਫਾਸਟ ਫੂਡ ਦਾ ਚਲਣ ਨਹੀ ਸੀ। ਨੂਡਲ, ਬਰਗਰ, ਪੀਜ਼ਾ, ਚਾਪ ਤੇ ਡੋਸੇ ਦਾ ਕਦੇ ਨਾਂ ਨਹੀ ਸੀ ਸੁਣਿਆ। ਬਜਾਰੀ ਖਾਣਿਆਂ ਵਿੱਚ ਖਿਲ੍ਹਾਂ, ਪਕੋੜੀਆਂ, ਸਕਰਪਾਰੇ, ਪਤਾਸੇ ਖਾਂਦੇ ਸੀ। ਪਕੋੜੇ ਜਿਨਾਂ ਨੂੰ ਪਤੋੜ ਆਖਿਆ ਜਾਂਦਾ ਸੀ।ਬਹੁਤ ਨਿਆਮਤ ਸਮਝੇ ਜਾਂਦੇ ਸਨ। ਪਰ ਅਸੀ ਆਮ ਕਰਕੇ ਮੁਫਤ ਦੇ ਖਾਜੇ ਨਿੰਮ ਦੀਆਂ ਨਿਮੋਲੀਆਂ, ਪੀਲਾਂ, ਬੇਰ , ਪੱਤੇ ਤੋਂ ਪਹਿਚਾਣ ਕੇ ਜਵਾਰ ਦੇ ਮਿੱਠੇ ਗੰਨੇ, ਨਸੂੜੀਆਂ, ਬਾਜਰੇ ਦੇ ਸਿੱਟੇ, ਹੋਲਾਂ, ਕਣਕ ਦੇ ਡੰਡਰੇ ਤੇ ਬੋਹੜ ਦੀਆਂ ਗੋਲ੍ਹਾਂ ਖਾਂਦੇ। ਭੱਠੀ ਤੋ ਛੋਲਿਆਂ, ਕਣਕ, ਜਵਾਰ, ਬਾਜਰੇ ਤੇ ਮੱਕੀ ਦੇ ਦਾਣੇ ਭੁਨਾ ਕੇ ਖਾਂਦੇ। ਬਹੁਤੇ ਵਾਰੀ ਇਹਨਾ ਭੁੰਨੇ ਦਾਣਿਆ ਵਿੱਚ ਗੁੜ ਪਾਕੇ ਮੰਰੂਡੇ ਬਨਾਉਦੇ ਹੁੰਦੇ ਸੀ।ਰੰਗ ਬਿਰੰਗੀਆਂ ਕੁਲਫੀਆਂ ਤੇ ਬਰਫ ਦੇ ਗੋਲੇ ਚੁਸਕੀਆਂ ਲੈ ਲੈ ਕੇ ਖਾਂਦੇ। ਕਦੇ ਕਦੇ ਗਰਮ ਕਪੜੇ ਚ ਵਲੇਟ੍ਹੀ ਖੋਏਮਲਾਈ ਵੀ ਮੁੱਲ ਲੈ ਕੇ ਖਾਂਦੇ।ਗੋਲੀ ਵਾਲਾ ਬੱਤਾ ਤੇ ਲਾਲ ਸੋਡਾ ਵੀ ਦੁੱਧ ਚ ਪਾਕੇ ਪੀਂਦੇ। ਇਹ ਬਹੁਤ ਤਾਕਤਵਰ ਤੇ ਨੁਕਸਾਨਰਹਿਤ ਹੰਦੇ  ਸਨ।ਜਦੋ ੇਕਿ ਅੱਜ ਕਲ੍ਹ ਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ।
                ਉਸ ਸਮੇਂ ਨਾ ਹੀ ਕੋਈ ਅੱਜ ਕੱਲ ਵਰਗੀਆਂ  ਖੇਡਾਂ ਸਨ। ਕ੍ਰਿਕਟ ਦਾ ਕਦੇ ਨਾਮ ਹੀ ਨਹੀ ਸੀ ਸੁਣਿਆ। ਕੰਪਿਊਟਰ ਵੀ  ਨਹੀ ਸੀ ਹੰਦਾ। ਕੰਚ ਦੀਆਂ ਗੋਲੀਆਂ, ਕੋਡੀਆਂ, ਲੀਰਾਂ ਵਾਲੀ ਖਿਦੋ ਨਾਲ ਮਾਰ ਕੁਟਾਈ ਤੇ ਖਿਦੋ ਨਾਲ ਦਰਖੱਤਾਂ ਦੇ ਟਾਹਣੇ ਕੱਟ ਕੇ ਬਨਾਈਆਂ ਹਾਕੀਆਂ ਨਾਲ ਖੇਡਦੇ। ਬਾਂਦਰ ਕਿਲ੍ਹਾਂ, ਕੋਟਲਾ ਛਪਾਕੀ, ਬਾਰਾਂ ਬੀਟੀ, ਤਾਸ ਤੇ ਧੁੱਪ ਛਾਂ ਖੇਡਦੇ। ਲੁਕਣ ਮੀਟੀ ਤੇ ਐਸ ਪਰੈਸ ਵੀ ਖੇਡਦੇ। ਕਦੇ ਕਦੇ ਅਖਬਾਰ ਦਾ ਪਤੰਗ ਬਣਾਕੇ ਉਡਾਉਂਦੇ।  ਬਚਪਣ ਵਿੱਚ ਖੇਡ ਬਹੁਤ ਪਿਆਰੀ ਹੁੰਦੀ ਸੀ। ਲੜਾਈ ਕਰਕੇ ਵੀ ਘੰਟੇ ਬਾਦ ਇੱਕ ਹੋ ਜਾਣਾ। ਦਿਲ ਚ ਗੁੱਸਾ ਨਹੀ ਸੀ ਰੱਖਿਆ ਜਾਂਦਾ।ਸਾਈਕਲ ਚਲਾਉਣ ਦਾ ਵੀ ਚਾਅ ਹੰਦਾ ਸੀ । ਕਿਸੇ ਦਾ ਸਾਈਕਲ ਮੰਗ ਕੇ ਹੀ ਝੂਟੇ ਲੈਣੇ। ਤੇ ਸਾਰੇ ਪਿੰਡ ਦੀ ਫਿਰਨੀ ਦੇ ਚੱਕਰ ਲਾਉਣੇ ਹੀ ਸੁਗਲ ਹੁੰਦਾ ਸੀ।
                 ਘਰ ਦੇ  ਨਿੱਕੇ ਮੋਟੇ ਕੰਮਾ ਚੋ ਵੀ ਮਸਤੀ  ਤਲਾਸ਼ ਲੈਣੀ। ਅਕਸਰ ਮੱਝਾਂ ਨੂੰ ਛੱਪੜ ਤੇ ਨਹਾਉਣ ਦੇ ਬਹਾਨੇ ਜਾਣਾ ਤੇ ਕਾਫੀ ਸਮਾਂ ਛੱਪੜ ਚ ਹੀ ਨਹਾਉਂਦੇ ਰਹਿਣਾ।ਉਹੀ ਛੱਪੜ ਜਿੱਥੇ ਮੱਝਾਂ ਆਪਣਾ ਗੋਹਾ ਕਰਦੀਆਂ। ਪਿਸ਼ਾਬ ਕਰਦੀਆਂ । ਗੰਦਾ ਪਾਣੀ ।ਪਾਣੀ ਥੱਲੇ ਚਿੱਕੜ ਗੰਦ। ਪਰ ਸਾਨੂੰ ਕੀ, ਸਾਨੂੰ ਤਾਂ ਨਹਾਉਣਾ ਚੰਗਾ ਲੱਗਦਾ ਸੀ। ਇਸੇ ਵਿੱਚ ਹੀ ਸਾਡੀ ਖੁਸ਼ੀ ਸੀ।ਅੱਜ ਕਲ੍ਹ ਦੀ ਤਰਾਂ ਨਹੀ। ਫੁਹਾਰੇ ਥੱਲੇ ਨਹਾਉਣਾ। ਮਹਿੰਗੀਆਂ ਸਾਬਣਾਂ ਵਰਤਣੀਆਂ। ਜਦੋਂ ਕਦੇ ਮੀਂਹ ਆ ਜਾਂਦਾ ਤਾਂ ਅਸੀ ਬਹੁਤ ਖੁਸ਼ ਹੋਣਾ। ਮੀਂਹ ਵਿੱਚ ਨਹਾਉਣਾ। ਗਲੀਆਂ ਵਿੱਚ  ਭੱਜਣਾ।ਖੂਬ ਰੋਲਾ ਪਾਉਣਾ। ਕਿਸੇ ਨੇ ਨਾ ਰੋਕਣਾ ਤੇ ਨਾ ਟੋਕਣਾ। ਝਖੇੜੇ ਨਾਲ ਮੀਂਹ ਪੈਦਾ ।ਦਰਖੱਤ ਡਿਗੱਦੇ। ਛੱਤਾਂ ਚੋਦੀਆਂ। ਤੇ ਪੈਂਦੇ ਮੀਹ ਵਿੱਚ ਛੱਤਾਂ ਤੇ ਮਿੱਟੀ ਪਾਉਣੀ। ਅੱਠ ਅੱਠ ਦਿਨ ਝੜੀ ਲੱਗੀ ਰਹਿੰਦੀ। ਅੰਦਰ ਬੈਠੈ ਰਹਿੰਦੇ। ਜਨਾਨੀਆਂ ਮਾਮੇ ਭਾਣਜੇ ਨੂੰ ਇੱਕਠੇ ਨਾ ਬੈਠਣ ਦਿੰਦੀਆਂ। ਮਤੇ ਮਾਮੇ ਭਾਣਜੇ ਨੂੰ ਇੱਕਠਿਆਂ ਬੈਠਿਆਂ ਦੇਖ ਕੇ ਆਸਮਾਨੀ ਬਿਜਲੀ ਨਾ ਡਿੱਗ ਪਵੇ। ਇਹ ਉਹਨਾ ਦਾ ਪੁਰਾਣਾ ਵਹਿਮ ਸੀ ।
                     ਸਕੂਲ ਵਿੱਚ ਵੀ ਪੜ੍ਹਣ ਵੀ ਟਾਂਵੇ ਟਾਂਵੇ ਜੁਆਕ ਹੀ ਜਾਂਦੇ ਸਨ। ਹਰ ਘਰ ਵਿੱਚ ਇੱਕ ਜੁਆਕ ਨੂੰ ਪੜ੍ਹਣੇ ਪਾਇਆ ਜਾਂਦਾ ਤਾਂ ਇੱਕ ਨੂੰ ਬਿਲਕੁਲ ਅਣਪੜ੍ਹ ਰੱਖ ਲਿਆ ਜਾਂਦਾ ਤਾਂਕਿ ਉਹ ਖੇਤੀ ਵਿੱਚ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕੇ। ਸਕੂਲੋਂ ਆਉਣ ਤੋ ਬਾਦ ਵੀ ਘਰ ਦੇ ਕੰਮਾ ਦੀ ਲਿਸਟ ਤਿਆਰ ਹੁੰਦੀ ਸੀ। ਸਕੂਲ ਦਾ ਕੰਮ ਰਾਤ ਨੂੰ ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸ਼ਨੀ ਵਿੱਚ ਜਾ ਕੋਈ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਟਿਊਸ਼ਨਾ ਦਾ ਰਿਵਾਜ ਨਹੀ ਸੀ। ਕੋਈ ਵੀ ਅਧਿਆਪਕ ਟਿਊਸ਼ਨ ਨਹੀ ਸੀ ਪੜਾਉਂਦਾ। ਹਾਂ ਜਿਸ ਘਰੇ ਕੋਈ ਆਧਿਆਪਕ ਰਹਿੰਦਾ ਸੀ ਬੱਚਿਆਂ ਨੂੰ ਸਮਾਂ ਬਤੀਤ ਕਰਨ ਦੇ ਬਹਾਨੇ ਸਕੂਲ ਦਾ ਕੰਮ ਕਰਵਾ ਦਿੰਦਾ ਸੀ।
ਅਸੀ ਪੁਰਾਣੇ ਕਪੜੇ ਦੇ ਬਣੇ ਝੋਲਿਆਂ ਵਿੱਚ ਜਾ ਪੁਰਾਣੇ ਕਪੜੇ ਵਿੱਚ ਕਿਤਾਬਾਂ ਕਾਪੀਆਂ ਤੇ ਸਲੇਟ ਬੰਨ ਕੇ ਸਕੂਲ ਜਾਂਦੇ। ਆਹ ਅੱਜ ਕਲ੍ਹ ਦੇ ਸਕੂਲੀ ਬੈਗਾਂ ਦਾ ਚਲਣ ਨਹੀ ਸੀ। ਹਾਂ ਦੂਜੇ ਹੱਥ ਵਿੱਚ ਲੱਕੜ ਦੀ ਫੱਟੀ ਹੁੰਦੀ ਸੀ। ਸਕੂਲੋ ਵਾਪਿਸੀ ਵੇਲੇ ਗਾਚੀ ਨਾਲ ਫੱਟੀ ਪੋਚਣਾ ਸਾਡਾ ਨਿਤਨੇਮ ਹੁੰਦਾ ਸੀ। ਮੁੰਡੇ ਕੁੜੀਆਂ ਦੇ ਰਿਸ਼ਤੇ ਅਣਭੋਲ ਹੀ ਹੁੰਦੇ ਸਨ। ਮੁੰਡੇ ਕੁੜੀ ਦੇ ਭੇਦ ਵਾਲਾ ਬਹੁਤਾ ਗਿਆਨ ਨਹੀ ਸੀ ਹੁੰਦਾ। ਸਾਉਣ ਦੇ ਮਹੀਨੇ ਜਦੋਂ ਕੁੜੀਆਂ ਤੀਆਂ ਲਾਉਦੀਆਂ ਗਿੱਧਾ ਪਾਉਂਦੀਆਂ ਤਾਂ ਅਸੀ ਟਿੱਡੇ ਜਿਨਾਂ ਨੂੰ ਰੱਬ ਦੇ ਘੋੜੇ ਆਖਿਆ ਜਾਂਦਾ ਸੀ ਕੁੜੀਆਂ ਦੇ ਉੱਤੇ ਸੁਟਦੇ । ਕੁੜੀਆਂ ਡਰਦੀਆਂ ਚੀਕਦੀਆਂ ਪਰ ਉਹ ਬੁਰਾ ਨਾ ਮਨਾਉਂਦੀਆਂ। ਅੱਜ ਕਲ੍ਹ ਵਰਗੇ ਭਿਆਨਕ ਹਾਲਾਤ ਨਹੀ ਸਨ।ਕਾਮ ਦੀ ਅੰਨੀ ਅੱਗ ਨਹੀ ਸੀ ਸਗੋਂ ਪਿਆਰ ਤੇ ਵਿਸ਼ਵਾਸ਼ ਦੀ ਜੋਤ ਹਰ ਦਿਲ ਚ ਜਗਦੀ ਸੀ । ਪਿੰਡ ਦੀ ਧੀ ਨੂੰ ਭੈਣ ਅਤੇ ਧੀ ਦਾ ਰੁਤਬਾ ਹਾਸਿਲ ਸੀ। ਰਿਸ਼ਤਿਆਂ ਵਿੱਚ ਵਿਸ਼ਵਾਸ਼ ਝਲਕਦਾ ਸੀ। 
ਹੁਣ ਉਹ ਸਮਾਂ ਨਹੀ ਹੈ। ਟੈਲੀਵੀਜਨ ਅਤੇ ਫਿਲਮਾਂ ਦੇ ਪ੍ਰਭਾਵ ਨੇ ਸਾਡਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਹੈ। ਕਾਮ ਤੇ ਕ੍ਰੋਧ ਦੀ ਹਨੇਰੀ ਨੇ ਰਿਸ਼ਤਿਆਂ ਵਿਚਲਾ ਵਿਸ਼ਵਾਸ਼ ਖਤਮ ਕਰ ਦਿੱਤਾ ਹੈ। ਉਹ ਬਚਪਣ ਦੇ ਦਿਨ ਇੱਕ ਸੁਫਨਾ ਲੱਗਦੇ ਹਨ। ਅਚੰਬਾ ਹੀ ਨਜਰ ਆਉਂਦੇ ਹਨ। ਉਹ ਪੁਰਾਣੇ ਦਿਨ ਵਾਪਿਸ ਨਹੀ ਆਉਂਣੇ। ਕੋਈ ਮੇਰੇ ਉਹਨਾ ਦਿਨਾਂ ਨੂੰ ਵਾਪਿਸ ਲਿਆ ਦੇਵੇ। ਕਾਸ਼ ਉਹ ਦਿਨ ਵਾਪਿਸ ਆ ਸਕਦੇ।




ਰਮੇਸ਼ ਸੇਠੀ ਬਾਦਲ
   ਮੋ 98 766 27 23







Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template