‘ਸਾਇਕਲ ਹੈ ਇੱਕ ਵਧੀਆ ਸਵਾਰੀ, ਨਾ ਪ੍ਰਦੂਸ਼ਣ ਨਾ ਬਿਮਾਰੀ’ ਇਹ ਵਾਕ ਅਕਸਰ ਹੀ ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਥਾਵਾਂ ’ਤੇ ਲਿਖਿਆ ਦੇਖਿਆ ਹੈ। ਕਈ ਥਾਂਈਂ ਤਾਂ ਇਸ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਰਖਵਾਲਾ ਵੀ ਕਿਹਾ ਗਿਆ ਹੈ। ਇਨ੍ਹਾਂ ਹੀ ਵਾਕਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਮੈਂ ਵੀ ਨਵੇਂ ਵਰ੍ਹੇ ਤੋਂ ਇਸਦੀ ਸਵਾਰੀ ਕਰਨ ਦੀ ਠਾਂਣ ਲਈ। ਸਰੀਰ ਦਾ ਵਜ਼ਨ ਵੀ ਕੁਝ ਵੱਧ ਗਿਆ ਸੀ ਅਤੇ ਕਈ ਵਾਰੀ ਤਾਂ ਸਰੀਰ ਦੇ ਢਿੱਲਾ ਹੋਣ ’ਤੇ ਡਾਕਟਰ ਕੋਲ਼ ਜਾਣਾ ਪੈਂਦਾ ਸੀ ਤਾਂ ਉਹ ਵੀ ਕੋਈ ਕਸਰਤ ਕਰਨ ਦੀ ਸਲਾਹ ਦਿੰਦੇ ਸਨ। ਬੱਸ ਫਿਰ ਕੀ ਸੀ। ਮਨ ਵਿੱਚ ਆਇਆ ਕਿ ਸਾਇਕਲ ਚੁੱਕ ਲਿਆ ਜਾਵੇ ਤੇ ਸਾਇਕਲ-ਕਸਰਤ ਦੇ ਨਾਲ਼-ਨਾਲ਼ ਡਿਊਟੀ ਵੀ ਜਾਇਆ ਜਾਏ। ਇੱਕ ਪੰਥ ਦੋ ਕਾਜ ਹੋ ਜਾਣਗੇ।
ਸਭ ਤੋਂ ਪਹਿਲਾਂ ਘਰ ਵਾਲ਼ਿਆਂ ਨਾਲ਼ ਗੱਲ ਕੀਤੀ। ਉਨ੍ਹਾਂ ਰਲ਼ਵਾਂ-ਮਿਲਵਾਂ ਜਾ ਹੁੰਗਾਰਾ ਦਿੱਤਾ। ‘ਦੇਖ ਲੈ ਚਲਾਉਣਾ ਤਾਂ ਤੈਂ ਆਂ’, ‘ਵਾਟ ਦੂਰ ਐ ਜੇ ਨੇੜੇ ਹੁੰਦੀ ਤਾਂ ਚੱਲ ਜਾਣਾ ਸੀ’, ‘ਲੋਕੀਂ ਮਿਹਣੇ ਮਾਰਨਗੇ’, ‘ਚੱਲ ਤੇਰੀ ਮਰਜ਼ੀ’, ਆਦਿ ਜਿਹੇ ਵਾਕ ਸੁਣਨ ਨੂੰ ਮਿਲੇ। ਮੈਂ ਹੋਰ ਕਿਸੇ ਦੋਸਤ ਨਾਲ਼ ਇਸ ਬਾਬਤ ਗੱਲ ਕਰਨੀ ਮੁਨਾਸਫ਼ ਨਾ ਸਮਝੀ। ਪਤਾ ਸੀ ਕਿ ਇਹੋ-ਜਿਹੇ ਹੀ ਹੋਰ ਵਾਕ ਸੁਣਨ ਨੂੰ ਮਿਲਣਗੇ। ਲੋਕ ਇੱਕ ਦੂਜੇ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਰਹੇ ਸਨ ਤੇ ਮੈਂ ਆਪਣੇ ਪੁਰਾਣੇ ਸਾਇਕਲ ਨੂੰ ਚਮਕਾਉਣ ਵਿੱਚ ਮਸਰੂਫ਼ ਸਾਂ। ਆਖਰ ਮੈਂ ਡਿਊਟੀ ’ਤੇ ਜਾਣ ਲਈ ਆਪਣਾ ਸਾਇਕਲ ਪੂਰੀ ਤਰ੍ਹਾਂ ਤਿਆਰ ਕਰ ਲਿਆ ਅਤੇ ਟੱਲੀ ਖੜਕਾ ਡਿਊਟੀ ਤੇ ਚਾਲੇ ਪਾ ਦਿੱਤੇ। ਸਾਇਕਲ ਚਲਾਏ ਨੂੰ ਕਈ ਵਰ੍ਹੇ ਬੀਤ ਗਏ ਸਨ ਇਸ ਲਈ ਸਾਹ ਵਿੱਚ ਸਾਹ ਔਖਾ ਹੀ ਰਲ਼ ਰਿਹਾ ਸੀ। ਪਰ ਜਦ ਮਨ ਵਿੱਚ ਠਾਂਣੀ ਹੋਵੇ ਤਾਂ ਵੱਡੇ-ਵੱਡੇ ਪਰਬਤ ਵੀ ਛੋਟੇ ਲੱਗਣ ਲੱਗ ਜਾਂਦੇ ਹਨ। ਇਸ ਲਈ ਮੈਂ ਆਪਣੀ ਸੁਸਤ ਪਰ ਉਤਸ਼ਾਹਪੂਰਵਕ ਰਫ਼ਤਾਰ ਨਾਲ਼ ਮੰਜ਼ਿਲ ਵੱਲ ਵਧਦਾ ਜਾ ਰਿਹਾ ਸਾਂ।
ਸਾਹਮਣੇ ਤੋਂ ਆਉਂਦੇ ਸਾਇਕਲ ਦੀ ਟੱਲੀ ਖੜਕਣ ਦੇ ਨਾਲ਼ ਹੀ ਇੱਕ ਆਵਾਜ਼ ਕੰਨ੍ਹੀ ਪਈ, ‘ਮਾਹਟਰ ਜੀ ਅੱਜ ਸਾਇਕਲ ’ਤੇ। ਕਿਆ ਗੱਲ ਤੇਲ ਮੁੱਕ ਗਿਆ।’ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ ਜਾਣ-ਪਹਿਚਾਣ ਵਾਲ਼ਾ ਰਾਹਗੀਰ ਅੱਗੇ ਲੰਘ ਗਿਆ ਤੇ ਮੈਂ ਆਪਣੇ ਉੱਤਰ ਨੂੰ ਮੂੰਹ ਵਿੱਚ ਹੀ ਸਵਾਰਦਾ ਆਪਣਾ ਧਿਆਨ ਘੜੀ ਵੱਲ ਕਰ ਲਿਆ। ਡਰ ਸੀ ਕਿ ਕਿਤੇ ਲੇਟ ਨਾ ਹੋ ਜਾਵਾਂ। ਉਂਝ ਭਾਂਵੇਂ ਮੈਂ ਘਰੋਂ ਬਹੁਤ ਸਮਾਂ ਪਹਿਲਾਂ ਹੀ ਚੱਲ ਪਿਆ ਸਾਂ ਪਰ ਰਫ਼ਤਾਰ ਮਨ ਦੀ ਤਸੱਲੀ ਨਹੀਂ ਸੀ ਕਰਾਂ ਰਹੀ। ਮੈਂ ਅਜੇ ਚਾਰ ਕੁ ਪੈਡਲ ਹੋਰ ਮਾਰੇ ਸਨ ਕਿ ਮੇਰੇ ਪਿੱਛੇ ਆ ਰਹੇ ਮੋਟਰਸਾਇਕਲ ਦੀ ਬਰੇਕ ਮੇਰੇ ਬਰਾਬਰ ਆ ਕੇ ਲੱਗੀ। ਮੈਂ ਡਰਦੇ ਮਾਰੇ ਨੇ ਸਾਇਕਲ ਕੱਚੇ ਰਾਹ ’ਚ ’ਤਾਰ ਲਿਆ ਪਰ ਮੋਟਰਸਾਇਕਲ ਵਾਲ਼ਾ ਜੋ ਕਿ ਮੇਰਾ ਜਾਣ ਪਹਿਚਾਣ ਹੀ ਸੀ ਆਖਣ ਲੱਗਾ, ‘ਮਾਹਟਰ ਜੀ, ਦੇਖਿਓ ਪੈਸੇ ਬਚਾਉਣ ਲੱਗ ’ਪੇ।’ ਸਾਇਕਲ ਚਲਾਉਣ ਕਰਕੇ ਸਾਹ ਫੁਲ੍ਹਿਆ ਪਿਆ ਸੀ ਤੇ ਉੱਪਰੋਂ ਉੱਤਰ ਦੇਣਾ ਮੇਰੇ ਲਈ ਔਖਾ ਮਹਿਸੂਸ ਹੋ ਰਿਹਾ ਸੀ। ਸੋਚਿਆ ਸ਼ਾਬਾਸ਼ ਤਾਂ ਦਿੱਤੀ ਨੀਂ ਮਿਹਣਾ ਮਾਰਿਆ। ਇਸ ਲਈ ਮੈਂ ਕਿਹਾ, ‘ਨਾ ਵੀਰ, ਪੈਸੇ ਨਹੀਂ ਸਰੀਰ ਬਚਾਉਨਾ।’ ਉਹ ਖਿੜ ਖਿੜ੍ਹਾ ਕੇ ਹੱਸਿਆ ਅਤੇ ਜਾਂਦਾ-ਜਾਂਦਾ ਮੋਟਰ ਸਾਇਕਲ ਦੀ ਰੇਸ ਦੇ ਕੇ ਮੇਰੇ ਅੰਦਰੋਂ ਨਿਕਲ਼ ਰਹੇ ਹਾਸੇ ਨੂੰ ਦਬਾ ਕੇ ਲੰਘ ਗਿਆ। ਅੱਗੇ ਮੇਰੇ ਜਾਣ ਪਹਿਚਾਣ ਵਾਲ਼ਿਆਂ ਵੱਲੋਂ ‘ਹੁਣ ਭਰੂ ਬੈਂਕ’, ‘ਪੈਟਰੋਲ ਪੰਪ ਖੋਲ੍ਹ ਲਿਆ ਕਿਆ’, ‘ਆਹ ਲਓ ਬਾਈ ਪੁਰਾਣੀ ਲਾਈਫ਼’ ਆਦਿ ਜਿਹੇ ਵਾਕ ਕੰਨ੍ਹੀ ਪਏ। ਪਰ ਮੈਂ ਸਾਂ ਕਿ ਸਭ ਕੁਝ ਅਣਸੁਣਿਆ ਕਰ ਆਪਣੇ ਪਹਿਲੇ ਦਿਨ ਦੇ ਸਫ਼ਰ ਦਾ ਪੂਰਾ ਲੁਤਫ਼ ਲੈ ਰਿਹਾ ਸਾਂ। ਘਰ ਵਾਲ਼ਿਆਂ ਵੱਲੋਂ ਆਖੇ ਸ਼ਬਦ ‘ਲੋਕੀਂ ਮਿਹਣੇ ਮਾਰਨਗੇ’ ਸੱਚ ਸਾਬਤ ਹੋ ਰਹੇ ਸਨ। ਮੈਂ ਆਪਣੇ ਆਪ ਨੂੰ ਹਲਕਾ-ਫੁਲਕਾ ਅਤੇ ਕਿਸੇ ਜੰਗ ਨੂੰ ਜਿੱਤੇ ਵਾਂਗ ਅੱਗੇ ਵਧਦਾ ਜਾ ਰਿਹਾ ਸਾਂ।
ਉਂਝ ਭਾਂਵੇਂ ਸੜਕ ਸਿਰੇ ਤੱਕ ਪੱਕੀ ਸੀ ਪਰ ਅੱਗੇ ਦਾ ਚਾਰ ਕੁ ਕਿਲੋਮੀਟਰ ਦਾ ਸਫ਼ਰ ਅਜਿਹਾ ਸੀ ਜਿਸ ’ਤੇ ਬਾਂਦਰਾਂ ਦਾ ਮਿਲਣਾ ਤੈਅ ਸੀ। ਕੜਕਵੀਂ ਠੰਢ ਦੇ ਕਾਰਨ ਧੁੱਪ ਜੋ ਸੇਕਣ ਆਉਂਦੇ ਸਨ ਉਹ। ਸਵੇਰ ਦਾ ਸਮਾਂ ਹੋਣ ਕਾਰਨ ਆਵਾਜਾਈ ਕਈ ਵਾਰ ਸੜਕ ’ਤੇ ਜ਼ਿਆਦਾ ਹੋ ਜਾਂਦੀ ਤੇ ਕਈ ਵਾਰ ਘੱਟ ਜਾਂਦੀ ਸੀ। ਮੈਂ ਆਪਣੀ ਮਸਤ ਚਾਲ ਵਿੱਚ ਜਾ ਰਿਹਾ ਸਾਂ ਕਿ ਦੋ ਤਿੰਨ ਬਾਂਦਰ ਹਮਲਾ ਕਰਨ ਦੇ ਲਹਿਜੇ ਨਾਲ਼ ਅੱਗੇ ਨੂੰ ਵਧੇ। ਸਿਰਫ਼ ਟੱਲੀ ਖੜਕਾਉਣ ਤੋਂ ਇਲਾਵਾ ਮੇਰੇ ਕੋਲ਼ ਹੋਰ ਕੋਈ ਚਾਰਾ ਨਹੀਂ ਸੀ ਤੇ ਮੈਂ ਜ਼ੋਰ ਨਾਲ਼ ਟੱਲੀ ਦੀ ਟਨ-ਟਨ ਕਰ ਦਿੱਤੀ। ਭਾਂਵੇਂ ਬਾਂਦਰ ਤਾਂ ਪਿੱਛੇ ਹੋ ਗਏ ਪਰ ਕੁਝ ਪਲ ਲਈ ਜਾਪਿਆ ਕਿ ਸ਼ਾਇਦ ਹੋਰ ਜਾਣ-ਪਹਿਚਾਣ ਵਾਲ਼ੇ ਰਾਹਗੀਰਾਂ ਵਾਂਗ ਇਨ੍ਹਾਂ ਨੂੰ ਵੀ ਮੇਰੇ ਸਾਇਕਲ ਦਾ ਸਫ਼ਰ ਚੰਗਾ ਨਾ ਲੱਗਾ ਹੋਵੇ। ਮੇਰੇ ਜਾਨ ਵਿੱਚ ਜਾਨ ਉਸ ਸਮੇਂ ਪਈ ਜਦੋਂ ਪਿੱਛੇ ਆਉਂਦੇ ਰਾਹਗੀਰ ਨੇ ਸਾਰੇ ਬਾਂਦਰਾਂ ਨੂੰ ਖਦੇੜ ਦਿੱਤਾ। ਮੈਂ ਔਖੇ-ਸੌਖੇ ਨੇ ਉਸ ਚਾਰ ਕਿਲੋਮੀਟਰ ਦੇ ਸਫ਼ਰ ਨੂੰ ਜੋ ਉਸ ਸਮੇਂ ਚਾਲੀ ਕਿਲੋਮੀਟਰ ਲੱਗ ਰਿਹਾ ਸੀ ਪਾਰ ਕੀਤਾ। ਹੁਣ ਨੇੜੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਬੱਚੇ ਆਪੋ-ਆਪਣੇ ਸਾਇਕਲਾਂ ’ਤੇ ਸਵਾਰ ਹੋਏ ਆਉਂਦੇ ਮੈਨੂੰ ਦਿਖਾਈ ਦੇ ਰਹੇ ਸਨ ਜੋ ਕਿ ਬਾਂਦਰਾਂ ਨਾਲ਼ ਕਲੋਲਾਂ ਵੀ ਕਰ ਰਹੇ ਸਨ। ਇੱਕ ਪਲ ਲਈ ਮੈਂ ਸੋਚਿਆ ਇਨ੍ਹਾਂ ਨੂੰ ਕਹਿ ਦੇਣਾ ਚਾਹੀਦਾ, ‘ਬੱਚਿਓ ਕਲੋਲਾਂ ਤੁਸੀਂ ਕਰਦੇ ਓ ਤੇ ਇਹ ਨਿਸ਼ਾਨਾ ਮੇਰੇ ਵਰਗੇ ਨੂੰ ਬਣਾਉਂਦੇ ਹਨ।’ ਮੈਂ ਸਾਹ ਫੁਲ੍ਹਿਆ ਹੋਣ ਕਾਰਨ ਇਨ੍ਹਾਂ ਸ਼ਬਦਾਂ ਨੂੰ ਆਪਣੀ ਜੁਬਾਨ ਤੋਂ ਬਾਹਰ ਨਾ ਕੱਢ ਸਕਿਆ। ਅੰਤ ਮੈਂ ਆਪਣੇ ਡਿਊਟੀ ਵਾਲ਼ੇ ਸਥਾਨ ’ਤੇ ਪੁੱਜ ਗਿਆ ਜਿੱਥੇ ਮੈਨੂੰ ਉਪਰੋਕਤ ਵਿੱਚੋਂ ਕਈ ਵਾਕ ਹੋਰ ਸੁਣਨ ਨੂੰ ਮਿਲੇ ਪਰ ਹੁਣ ਤੱਕ ਤਾਂ ਮੈਂ ਆਦੀ ਹੋ ਗਿਆ ਸਾਂ। ਅਜਿਹੇ ਬੋਲਾਂ ਦਾ ਸਾਹਮਣਾ ਮੈਨੂੰ ਕਈ ਦਿਨ ਕਰਨਾ ਪਿਆ।
ਹੁਣ ਜਦੋ ਮੈਨੂੰ ਸਾਇਕਲ ਚੁੱਕੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਤਾਂ ਮੇਰੇ ਕਈ ਦੋਸਤ ਆਪ ਵੀ ਸਾਇਕਲ ਦੀ ਸਵਾਰੀ ਦੀ ਇੱਛਾ ਦਰਸਾ ਰਹੇ ਹਨ। ਕੁਝ ਨੇ ਤਾਂ ਚੁੱਕ ਵੀ ਲਏ ਹਨ। ਇੱਕ ਦੋਸਤ ਜੋ ਉਸੇ ਇਲਾਕੇ ਵਿੱਚ ਨੌਕਰੀ ਕਰਦਾ ਹਰ ਰੋਜ਼ ਮੇਰੇ ਨਾਲ਼ ਹੀ ਜਾਂਦਾ। ਕੋਈ ਮੋਟਰਸਾਇਕਲ ਜਾਂ ਹੋਰ ਵਾਹਨ ਵਾਂਗੂ ਚਾਲ ਪੁੱਛਦਾ, ‘ਕਿੰਨਾ ਸਮਾਂ ਲੱਗ ਜਾਂਦਾ ?’ ਹੁਣ ‘ਆਹ ਤੂੰ ਵਧੀਆ ਕੀਤਾ ਉਹੀਂ ਟੀਕੇ ਲਵਾ ਲਵਾ ਢਿੱਡ ਪੜਾਉਣਾ’, ‘ਇਹ ਤਾਂ ਬਾਈ ਦੁਬਾਰਾ ਸਮਾਂ ਆ ਜਾਣਾ ਜਦ ਪੈਟਰੋਲ ਡੀਜ਼ਲ ਖਤਮ ਹੋ ਜਾਣੇ ਨੇ’, ‘ਇਹ ਤਾਂ ਸਰੀਰ ਲਈ ਵਰਦਾਨ ਐ ਮੇਰੇ ਬਾਪੂ ਦੀ ਉਮਰ ਸੌ ਸਾਲ ਤੋਂ ਉੱਤੇ ਐ ਉਹ ਵੀ ਸਾਇਕਲ ਦੀ ਸਵਾਰੀ ਕਰਕੇ’, ਹੁਣ ਵੀ ਚਲਾ ਲੈਂਦਾ’, ‘ਨਾ ਇਹਦੇ ’ਚ ਕਾਹਦੀ ਸ਼ਰਮ’ ਆਦਿ ਜਿਹੇ ਵਾਕ ਸੁਣਨ ਨੂੰ ਮਿਲਦੇ ਹਨ। ਹਾਂ, ਇੱਕ ਗੱਲ ਹੋਰ ਹੁਣ ਬਾਂਦਰ ਵੀ ਘੂਰੀ ਨਹੀਂ ਵੱਟਦੇ। ਉਨ੍ਹਾਂ ਨਾਲ਼ ਵੀ ਜਿਵੇਂ ਜਾਣ-ਪਹਿਚਾਣ ਪੈ ਗਈ ਹੋਵੇ। ਜਦੋਂ ਕੋਲ਼ੋਂ ਲੰਘੀਂਦਾ ਹੈ ਤਾਂ ਟਪੂਸੀਆਂ ਮਾਰਦੇ ਕੋਲ਼ੋਂ ਲੰਘ ਜਾਂਦੇ ਹਨ। ਗੁੱਸੇ ਨਾਲ਼ ਨਹੀਂ ਪਿਆਰ ਨਾਲ਼। ਇੰਝ ਲਗਦਾ ਜਿਵੇਂ ਕਹਿ ਰਹੇ ਹੋਣ, ‘ਅਜੇ ਦੋ ਹੀ ਹੋ, ਕਾਫ਼ਲਾ ਕਦ ਆਵੇਗਾ?’
ਪਿੰਡ ਤੇ ਡਾਕਘਰ-ਮਕੜੌਨਾ ਕਲਾਂ,
ਤਹਿਸੀਲ-ਚਮਕੌਰ ਸਾਹਿਬ,
ਜ਼ਿਲ੍ਹਾ ਰੋਪੜ-140102
ਮੋਬਾਇਲ 98550-20025


0 comments:
Speak up your mind
Tell us what you're thinking... !