Headlines News :
Home » » ਸਾਹਿਤ ਦੇ ਅੰਬਰ ਵਿੱਚ ਚਮਕਦਾ ਧਰੂੰ ਤਾਰਾ ਸੁਨੀਲਮ ਮੰਡ - ਪ੍ਰੀਤਮ ਲੁਧਿਆਣਵੀ

ਸਾਹਿਤ ਦੇ ਅੰਬਰ ਵਿੱਚ ਚਮਕਦਾ ਧਰੂੰ ਤਾਰਾ ਸੁਨੀਲਮ ਮੰਡ - ਪ੍ਰੀਤਮ ਲੁਧਿਆਣਵੀ

Written By Unknown on Tuesday, 18 March 2014 | 23:20

ਹਸੂ-ਹਸੂ ਕਰਦੇ ਖੂਬਸੂਰਤ ਦਿਲਕਸ਼ ਚਿਹਰੇ, ਲਾ-ਜੁਵਾਬ ਕਲਮ ਅਤੇ ਅਧਿਆਪਨ ਦਾ ਸੁਮੇਲ ਸੁਨੀਲਮ ਮੰਡ ਪੰਜਾਬੀ ਸਾਹਿਤ ਦੇ ਅੰਬਰ ਵਿੱਚ ਧਰੂੰ ਤਾਰੇ ਦੀ ਨਿਆਈ ਚਮਕਦਾ ਇਕ ਐਸਾ ਮਾਣ-ਮਤਾ ਤੇ ਸਤਿਕਾਰਤ ਨਾਓ ਹੈ, ਜੋ ਅਕਸਰ ਆਏ ਦਿਨ ਕਿਸੇ ਨਾ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਨਜ਼ਰੀ ਪੈ ਹੀ ਜਾਂਦਾ ਹੈ। 1984 ਵਿੱਚ ਜਦੋਂ ਪੰਜਾਬ ਅਨਹੋਣਾ ਸੰਤਾਪ ਭੋਗ ਰਿਹਾ ਸੀ, ਤੇ ਜਦੋਂ ਸੁਨੀਲਮ ਅਜੇ ਸਕੂਲ-ਵਿਦਿਆਰਥਣ ਹੀ ਸੀ, ਤਦ  ਪੰਜਾਬ ਦਾ ਦਰਦ ਉਸਦੀ ਕਲਮ ਥਾਣੀ ਆਪ-ਮੁਹਾਰੇ ਵਹਿਣ ਲਈ ਮਜ਼ਬੂਰ ਹੋ ਤੁਰਿਆ ਸੀ। ਜਲੰਧਰ ਤੋਂ ਐਮ.ਏ. ਪੰਜਾਬੀ ਉਪਰੰਤ ਬੀ.ਐੱਡ ਡਿਗਰੀ ਕਰਨ ਪਿਛੋਂ ਉਹ ਅਧਿਆਪਕਾ ਲੱਗ ਗਈ ਤੇ ਅੱਜ ਕੱਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਲੈਕਚਰਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਯੂ.ਜੀ.ਸੀ. ਪਾਸ ਹੋਣ ਕਾਰਨ ਭਾਵੇਂ ਕਿ ਕਾਲਿਜ ਲੈਕਚਰਾਰ ਲਈ ਵੀ ਉਹ ਯੋਗ ਹੈ। ਮੁਹਰਲੇ ਦਰਜ਼ੇ ਦੀਆਂ ਵਿਦਿਅਕ ਪ੍ਰਾਪਤੀਆਂ ਦੇ ਨਾਲ-ਨਾਲ ਉਸਦਾ ਗੀਤ, ਗਜ਼ਲ, ਕਵਿਤਾ, ਕਹਾਣੀ, ਲੇਖ, ਪੁਸਤਕ-ਰਿਵਿਉ ਆਦਿ ਦਾ ਕਲਮੀ ਸਫਰ ਵੀ ਬਰਾਬਰ ਹੀ ਨਾਮਣਾ ਖੱਟਦਾ ਰਿਹਾ। ਨੌਵੀਂ ਜਮਾਤ ’ਚ ਪੜਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ‘ਪ੍ਰਾਇਮਰੀ ਸਿੱਖਿਆ’ ਵਿੱਚ ਉਸ ਦੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋ ਗਈਆਂ ਸਨ। ਭਾਸ਼ਾ ਵਿਭਾਗ ਪੰਜਾਬ ਵਲੋਂ 21 ਸਾਲਾ ਦੀ ਉਮਰ ਤੋਂ ਘੱਟ ਕਹਾਣੀਕਾਰਾਂ ਦੇ ਕਹਾਣੀ ਮੁਕਾਬਲੇ ਵਿੱਚ ਉਸਦੀ ਕਹਾਣੀ ‘‘ਗਰੀਬੀ ਥੱਲੇ ਦੱਬੀਆਂ ਹਸਰਤਾਂ’’ ਨੂੰ ਦੂਜੇ ਦਰਜ਼ੇ ਦਾ ਇਨਾਮ ਹਾਸਲ ਹੋਇਆ। ਉਹ ਬੀ ਵਿੱਚ ਸੀ, ਜਦੋਂ ਰੇਡੀਓ ਤੋਂ ‘ਯੁਵ ਬਾਣੀ’ ਪ੍ਰੋਗਰਾਮ ਅਤੇ ਦੂਰਦਰਸ਼ਨ ਦੇ ‘ਜਵਾਂ ਤਰੰਗ’ ਅਤੇ ਕਵੀ-ਦਰਬਾਰਾਂ ਵਿੱਚ ਆਉਣਾ ਸ਼ੁਰੂ ਹੋ ਗਈ ਸੀ। ਕੋਇਲ ਵਰਗੇ ਮਧੁਰ ਗਲੇ ਨਾਲ ਜਦ ਉਹ ਤਰੰਨਮ ਵਿੱਚ ਆਪਣੀ ਕਵਿਤਾ ਜਾਂ ਗੀਤ ਬੋਲਦੀ ਹੈ ਤਾਂ ਮੱਲੋ-ਮਲੀ ਸਰੋਤਿਆਂ ਨੂੰ ਸਾਹ ਰੋਕ ਰੋਕ ਕੇ ਸੁਣਨ ਲਈ  ਮਜ਼ਬੂਰ ਕਰ ਦਿੰਦੀ ਹੈ।  
ਸੁਨੀਲਮ ਧਰਤੀ ਤੇ ਪੈਰ ਟਿਕਾਕੇ ਚੱਲਣ ਵਾਲੀ ਇੱਕ ਐਸੀ ਖੂਬਸੂਰਤ ਸ਼ਖਸ਼ੀਅਤ ਹੈ, ਜਿਸ ਵਿੱਚ ਹਊਮੇ ਜਰਾ ਜਿੰਨਾ ਵੀ ਨਹੀਂ। ਇਸੇ ਕਰਕੇ ਹਊਮੇ ਵਿਚ ਗ੍ਰਸੇ ਲੋਕ ਉਸਨੂੰ ਬਿਲਕੁਲ ਵੀ ਪਸੰਦ ਨਹੀਂ। ਉਸਦੀ ਕਲਮ ਵਿਚ ਪਤਾ ਨਹੀਂ ਕਿਹੜਾ ਜਾਦੂ ਹੈ ਕਿ ਉਸਦੀ ਸਹਿਜ-ਸੁਭਾਅ ਕਹੀ ਹੋਈ ਗੱਲ ਵੀ ਪਾਠਕ ਉਤੇ ਆਪਣਾ ਪ੍ਰਭਾਵ ਛੱਡੇ ਬਿਨਾਂ ਨਹੀਂ ਰਹਿੰਦੀ। ਉਸ ਕੋਲ ਜਾਦੂਮਈ ਸ਼ਬਦਾਂ ਦਾ ਭੰਡਾਰ ਵੀ ਹੈ ਅਤੇ ਉਨ੍ਹਾਂ ਨੂੰ ਜੜਨ ਦੀ ਵਿਲੱਖਣ ਕਲਾ ਵੀ। ਸੀ.ਬੀ.ਐਸ.ਈ. (ਪੰਜਾਬੀ ਦੂਜੀ ਭਾਸ਼ਾ) ਵਿੱਚ ਤੀਸਰੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਪਾਠ-ਸਿਲੇਬਸ ਵਿੱਚ ‘ਪਾਣੀ ਅਤੇ ‘ਬਾਲਾਂ ਨੂੰ ਸੰਦੇਸ਼’ ਨਾਓ ਦੀਆਂ ਉਸ ਦੀਆਂ ਰਚਨਾਵਾਂ ਨੂੰ ਮਾਨਤਾ ਮਿਲਣੀ ਉਸਦੇ ਕਲਮ ਦੇ ਉੱਚ ਮਿਆਰ ਦੀ ਮੂੰਹ ਬੋਲਦੀ ਗਵਾਹੀ ਭਰਦੀ ਹੈ। ਚਾਰ ਦਹਾਕੇ ਪਹਿਲਾਂ ਜਲੰਧਰ-ਕਪੂਰਥਲਾ ਰੋਡ ਤੇ ਸਥਿਤ ਪਿੰਡ ‘ਮੰਡ’ ਦੀ ਜੰਮਪਲ ਅਤੇ ਇਸ ਵਕਤ ਮੁਹਾਲੀ ਵਿਖੇ ਡੇਰੇ ਲਾਈ ਬੈਠੀ ਇਸ ਸ਼ਾਇਰਾ ਦੀ ਕਾਵਿ ਸਿਰਜਣਾ ਵਿੱਚ ਜਿੱਥੇ ਉਸਦੇ ਪਤੀ ਸ. ਸੁਰਿੰਦਰ ਸਿੰਘ ਉਸਦੀ ਲਿਖਣ-ਕਲਾ ਨੂੰ ਉਭਾਰਨ ਵਿੱਚ ਵਿਸ਼ੇਸ਼ ਨਿੱਗਰ ਯੋਗਦਾਨ ਪਾ ਰਹੇ  ਹਨ, ਉੱਥੇ ਉਨ੍ਹਾਂ ਦੇ ਪਿਤਾ ਸ੍ਰੀ ਸ਼ੰਕਰ ਦਾਸ ਅਤੇ ਭਰਾ ਡਾ. ਦਵਿੰਦਰ ਮੰਡ (ਨਾਮਵਰ ਕਹਾਣੀਕਾਰ), ਵੀ ਉਸਦੀ ਕਲਾ ਨੂੰ ਸਲਾਹੁੰਦੇ ਵੀ ਹਨ ਅਤੇ ਸੇਧ ਵੀ ਪ੍ਰਦਾਨ ਕਰਦੇ ਹਨ।   

             ਅਨਗਿਣਤ ਸਟੇਜ਼ਾਂ ਤੋਂ ਮਾਨ-ਸਨਮਾਨ ਹਾਸਿਲ ਕਰ ਚੁੱਕੀ ਸੁਨੀਲਮ, ਪੁਸਤਕ-ਪ੍ਰਕਾਸ਼ਨਾ ਖੇਤਰ ਵਿੱਚ  ਜਿੱਥੇ ‘ਉਦਾਸ ਪਲ’ ਨਾਲ ਖੂਬ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ, ਉਥੇ  ‘ਮੂੰਹੋ ਬੋਲਦੀਆਂ ਕਲਮਾਂ’ ਅਤੇ ‘ਕਲਮਾਂ ਦੀ ਪ੍ਰਵਾਜ਼’ ਆਦਿ ਸਮੇਤ ਇੱਕ ਦਰਜਨ ਸਾਂਝੀਆਂ ਪ੍ਰਕਾਸ਼ਨਾਵਾਂ ਵਿੱਚ ਵੀ ਉਸਦੀ ਕਲਮ ਦੀ ਭਰਵੀਂ ਹਾਜ਼ਰੀ ਲੱਗ ਚੁੱਕੀ ਹੈ। ਇਹ ਵੀ ਉਸਦਾ ਸੱਭਿਆਚਾਰ ਨਾਲ ਅੰਤਾਂ ਦਾ ਮੋਹ ਅਤੇ ਤਜ਼ਰਬਾ ਹੋਣਾ ਹੀ ਹੈ ਕਿ ਸਕੂਲੀ ਸਭਿਆਚਾਰਕ ਮੁਕਾਬਲਿਆਂ ਵਿੱਚ ਬਤੌਰ ਜੱਜ ਉਸਦੀ ਡਿਊਟੀ ਆਮ ਲਗਦੀ ਹੀ ਰਹਿੰਦੀ ਹੈ। 
 ਸਕੂਲ ਵਿੱਚ ਪੜ੍ਹਾਉਣ ਦਾ ਵੀ ਸੁਨੀਲਮ ਦਾ ਆਪਣਾ ਨਿਵੇਕਲਾ ਹੀ ਢੰਗ ਹੈ। ਸ਼ਾਇਰੀ ਨਾਲ ਸਜੇ-ਧਜੇ ਉਸਦੇ ਡਾਇਲਾਗ ਵਿਦਿਆਰਥੀਆਂ ਦੀ ਅੰਤਰ-ਆਤਮਾ ਤੱਕ ਉਤਰਨ ਦਾ ਦਮ ਰੱਖਦੇ ਹਨ। ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੋਵੇ ਜਾਂ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਉਣਾ ਹੋਵੇ, ਕਵਿਤਾ ਰਾਹੀਂ ਹੀ ਉਨ੍ਹਾਂ ਨਾਲ ਵਾਵਸਥਾ ਹੁੰਦੀ ਹੈ, ਇਹ ਸ਼ਾਇਰਾ। ਸੁਨੀਲਮ ਅਨੁਸਾਰ ਔਰਤ ਦੀ ਜ਼ਿੰਦਗੀ ਬਹੁਤ ਸੂਖਮ ਹੈ। ਸਮਾਜ ਵਿੱਚ ਉਡਦੀਆਂ ਬਦਨਾਮੀ ਦੀਆਂ ਕਾਲਖਾਂ, ਧੂੜਾਂ ਅਤੇ ਇਲਜ਼ਾਮਾਂ ਦੀ ਮਿੱਟੀ ਕਈ ਵਾਰ ਉਸਦਾ ਪਾਕ ਦਾਮਨ ਕਲੰਕਿਤ ਕਰਨ ਦੀ ਕੋਸ਼ਿਸ਼ ’ਚ ਰਹਿੰਦੀਆਂ ਹਨ। ਪਰ ਉਹ ਕਹਿੰਦੀ ਹੈ ਕਿ ਜੇਕਰ ਔਰਤ ਆਪਣੀ ਜ਼ਿੰਦਗੀ ਤਰੀਕੇ ਅਤੇ ਸਲੀਕੇ ਨਾਲ ਜੀਵੇ ਤਾਂ ਉਸਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਕਵਿਤਾ ਨੂੰ ਉਹ ਦਿਲ ਦੀ ਆਵਾਜ਼ ਤੇ  ਰੂਹ ਦੀ ਖੁਰਾਕ ਦਸਦੀ ਹੈ। ਜ਼ਿੰਦਗੀ ਦੇ ਵੱਖ-ਵੱਖ ਰਸਤਿਆਂ ਤੇ ਤੁਰਦਿਆਂ ਤਮਾਮ ਹਾਦਸੇ, ਅਥਾਹ ਗਮਗੀਨ ਪਲਾਂ ਨਾਲ ਜਦ ਨਿਵਾਸ ਕਰ ਜਾਂਦੇ ਹਨ ਤਦ ਅਜਿਹੇ ਵਕਤ ਉਸਦੀ ਰੂਹ ਸੁਲਗਦੀ ਹੈ ਤੇ ਕਵਿਤਾ, ਗੀਤ, ਗਜ਼ਲ, ਕਹਾਣੀ ਆਦਿ ਨੂੰ ਜਨਮ ਦਿੰਦੀ ਹੈ। ਸ਼ਬਦ ਉਸਨੂੰ ਲੱਭਣੇ ਨਹੀਂ ਪੈਂਦੇ, ਸਗੋਂ ਆਪ ਮੁਹਾਰੇ ਦੌੜੇ ਆਉਂਦੇ ਹਨ ਉਸ ਕੋਲ। ਰਚਨਾ ਰਚਣ ਲਈ ਉਸਨੂੰ ਕੋਈ ਖਾਸ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਬਲਕਿ ਸਹਿਜ-ਸੁਭਾਅ ਹੀ ਅੰਦਰੋਂ ਪਨਪ ਪੈਂਦੀ ਹੈ। ਆਪਣੀਆਂ ਪਰਿਵਾਰਕ ਅਤੇ ਅਧਿਆਪਨ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਾਹਿਤ ਸਿਰਜਨਾ ਵਿੱਚ ਪਾਠਕਾਂ ਨਾਲ ਸਾਂਝ ਪਾਈ ਦਮਦਾਰ ਕਦਮੀ ਤੁਰੀ ਹੋਈ ਮਾਣ-ਮੱਤੀ ਸ਼ਾਇਰਾ ਸੁਨੀਲਮ ਨਵੀਆਂ ਪੈੜਾਂ ਸਿਰਜਦੀ, ਪ੍ਰਸੰਸਾ ਘਟਦੀ, ਸੁਚੱਜੀਆਂ ਲਿਖਤਾਂ ਨਾਲ ਪਾਠਕਾਂ ਦੇ ਰੂ-ਬ-ਰੂ ਹੁੰਦੀ ਰਹੇ, ਦਿਲੀ ਇੱਛਾ, ਤਮੰਨਾ ਤੇ ਦੁਆਵਾਂ ਹਨ, ਮੇਰੀਆਂ!  
    


  ਪ੍ਰੀਤਮ ਲੁਧਿਆਣਵੀ
                                                                                   98764-28641

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template