ਹਰ ਸਾਲ 8 ਮਾਰਚ ਦਾ ਦਿਨ ਇੰਟਰਨੈਸ਼ਨਲ ਵੋਮੈਨ ਡੇ ਵੱਜੋਂ ਮਨਾਇਆ ਜਾਂਦਾ ਹੈ। ਪਰ ਕੀ ਅਸੀਂ ਕਦੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕੇ ਆਖਿਰ ਵੋਮੈਨ ਡੇ ਕਦੋਂ ਅਤੇ ਕਿਉਂ ਮਨਾਇਆ ਜਾਣ ਲੱਗਾ ? ਜਦੋਂ ਇਤਿਹਾਸ ਦੇ ਝਰੋਖੇ ਵਿੱਚ ਪਲਟ ਕੇ ਦੇਖੀਏ ਤਾਂ ਔਰਤ ਦੀ ਸਮਾਜ ਵਿੱਚ ਸਥਿਤੀ ਦੇਖ ਸਾਡੀ ਰੂਹ ਲਹੂ ਲੁਹਾਨ ਹੋ ਜਾਂਦੀ ਹੈੇ।ਜਿੱਥੇ ਸਾਡਾ ਵਰਤਮਾਨ ਔਰਤ ਨਾਲ ਹੋ ਰਹੇ ਅਤਿਆਚਾਰ ਦੀ ਮੂੰਹੋਂ ਬੋਲਦੀ ਤਸਵੀਰ ਹੈ, ਉਥੇ ਸਾਡੇ ਇਤਿਹਾਸ ਦੇ ਪੰਨੇ ਔਰਤਾਂ ਨਾਲ ਹੋਈਆਂ ਵਧੀਕੀਆਂ ਨਾਲ ਭਰੇ ਪਏ ਹਨ।ਔਰਤਾਂ ਨੂੰ ਆਪਣੇ ਹੱਕਾਂ ਲਈ ਲੜਦਿਆਂ ਅੱਜ 100 ਸਾਲ ਤੋਂ ਵੱਧ ਦਾ ਅਰਸਾ ਹੋ ਗਿਆ ਹੈ, ਪਰ ਅੱਜ ਵੀ ਉਸ ਨੂੰ ਸਮਾਜ ਵਿੱਚ ਉਹ ਦਰਜਾ ਨਹੀਂ ਮਿਲ ਸਕਿਆ ਜਿਸ ਦੀ ਉਹ ਹੱਕਦਾਰ ਹੈ।
ਔਰਤਾਂ ਦੇ ਸਘਰੰਸ਼ ਦੀ ਕਹਾਣੀ 8 ਮਾਰਚ 1857 ਤੋਂ ਸ਼ੁਰੂ ਹੁੰਦੀ ਹੈ, ਜਦੋਂ ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਆਪਣੇ ਹੱਕਾਂ ਨੂੰ ਲੈਣ ਲਈ ਪਹਿਲੀ ਵਾਰ ਅਵਾਜ ਉਠਾਈ ਸੀ। ਉਨ੍ਹਾਂ ਦੀ ਇਹ ਅਵਾਜ਼ ਨਾ-ਮਾਤਰ ਦਿੱਤੀ ਜਾਂਦੀ ਮਜ਼ਦੂਰੀ ਅਤੇ ਉਸ ਅਣ-ਸੁਖਾਵੇ ਵਾਤਾਵਰਨ ਦੇ ਖਿਲਾਫ ਸੀ, ਜਿਸ ਵਿੱਚ ਰਹਿਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀ।ਪਰ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਕਮਚਾਰੀਆਂ ਦੁਆਰਾ ਇਹ ਅਵਾਜ਼ ਦਬਾ ਦਿੱਤੀ ਗਈ।ਕਹਿੰਦੇ ਨੇ ਜ਼ੁਲਮ ਹੱਦ ਤੋਂ ਵੱਧ ਜਾਵੇ ਤਾਂ ਲੜਨ ਦੀ ਹਿੰਮਤ ਆਪਣੇ ਆਪ ਆ ਜਾਦੀ ਹੈ।ਨਿਊਯਾਰਕ ਦੀਆਂ ਤਕਰੀਬਨ 15000 ਕੰਮਕਾਜੀ ਔਰਤਾਂ ਨੇ 8 ਮਾਰਚ 1908 ਨੂੰ ਕੰਮ ਕਰਨ ਦੇ ਸਮੇਂ ਨੂੰ ਨਿਸ਼ਚਿਤ ਕਰਨ , ਕੰਮ ਦੇ ਬਦਲੇ ਬਣਦੀ ਮਜ਼ਦੂਰੀ ਦੇਣ, ਬਾਲ ਮਜ਼ਦੂਰੀ ਦਾ ਅੰਤ ਕਰਨ ਅਤੇ ਵੋਟ ਦਾ ਅਧਿਕਾਰ ਲੈਣ ਲਈ ਨਿਊਯਾਰਕ ਦੀਆਂ ਗਲੀਆਂ ਵਿੱਚ ਇੱਕ ਰੋਸ ਮਾਰਚ ਕੀਤਾ।ਇਸ ਰੋਸ ਮਾਰਚ ਦੌਰਾਨ ਦਿੱਤਾ ਗਿਆ ਸਲੋਗਨ ੌਨਗਕਞਰਤਕਤੌ ਆਰਥਿਕ ਸੁਰੱਖਿਆ ਅਤੇ ਚੰਗੇ ਜੀਵਨ ਪੱਧਰ ਦਾ ਪ੍ਰਤੀਕ ਸੀ।
ਵੋਮੈਨ ਡੇ ਦੀ ਸ਼ੂਰੁਆਤ 28 ਫਰਵਰੀ 1909 ਨੂੰ ਅਮਰੀਕਾ ਤੋਂ ਕੀਤੀ ਗਈ।ਇਹ ਦਿਨ 1908 ਨੂੰ ਔਰਤਾਂ ਦੁਆਰਾ ਕੀਤੀ ਹੜਤਾਲ ਦੀ ਯਾਦ ਵਿੱਚ ਮਨਾਇਆ ਗਿਆ।19 ਮਾਰਚ 1911 ਨੂੰ ਵੋਮੈਨ ਡੇ ਨੂੰ ਇੰਟਰਨੈਸ਼ਨਲ ਵੋਮੈਨ ਡੇ ਵੱਜੋਂ ਮਨਾਇਆ ਗਿਆ, ਜਿਸ ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜਰਲੈਂਡ ਵਿੱਚ ਲੱਖਾਂ ਦੀ ਤਦਾਦ ਵਿੱਚ ਔਰਤਾਂ ਅਤੇ ਮਰਦ ਆਪਣੀਆਂ ਮੰਗਾਂ ਲਈ ਰੋਸ ਮਾਰਚ ਦੇ ਰੂਪ ਵਿੱਚ ਸਾਹਮਣੇ ਆਏ।ਇਸ ਵਾਰ ਔਰਤ ਨੂੰ ਵੋਟ ਦੇ ਅਧਿਕਾਰ ਦੇ ਨਾਲ-ਨਾਲ ਜਨਤਕ ਅਦਾਰਿਆਂ ਵਿੱਚ ਕੰਮ ਕਰਨ ਦਾ ਅਧਿਕਾਰ ਅਤੇ ਕਿੱਤਾ ਮੁੱਖੀ ਟਰੇਨਿੰਗ ਦੀ ਮੰਗ ਪ੍ਰਮੁੱਖ ਸੀ।
1913-14 ਵਿੱਚ ਰੂਸ ਦੀਆਂ ਔਰਤਾਂ ਦੁਆਰਾ ਪਹਿਲੇ ਮਹਾਂ ਯੁੱਧ ਦੇ ਵਿਰੋਧ ਵਿੱਚ ਵੋਮੈਨ ਡੇ ਮਨਾਇਆ ਗਿਆ।ਸਘੰਰਸ਼ ਕਦੀ ਵੀ ਅਜ਼ਾਂਈ ਨਹੀਂ ਜਾਂਦੇ ਆਖਿਰ 1917 ਨੂੰ ਰੂਸ ਦੀ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ।ਰੂਸ ਦੇ ਕੰਲੈਡਰ ਅਨੁਸਾਰ ਇਹ ਦਿਨ 28 ਫਰਵਰੀ ਸੀ, ਪਰ ਜੌਰਜੀਆ ਕੰਲੈਡਰ ਅਨੁਸਾਰ ਇਹ ਦਿਨ 8 ਮਾਰਚ ਦਾ ਸੀ।ਸਾਰੀ ਦੁਨੀਆਂ ਵਿੱਚ ਇਹ ਦਿਨ ਇੰਨਟਰਨੈਸ਼ਨਲ ਵੋਮੈਨ ਡੇ ਦੇ ਤੌਰ ਤੇ ਮਨਾਇਆ ਜਾਣ ਲੱਗਾ।
ਯੂਨਾਈਟਿਡ ਨੇਸ਼ਨ ਦੁਆਰਾ 1945 ਵਿੱਚ ਦੁਨੀਆਂ ਦਾ ਪਹਿਲਾ ਐਗਰੀਮੈਂਟ ਬਣਾਇਆ ਗਿਆ ਜਿਸ ਵਿੱਚ ਔਰਤ ਅਤੇ ਮਰਦ ਨੂੰ ਸਨਮਾਨਤਾ ਦਾ ਅਧਿਕਾਰ ਦਿੱਤਾ ਗਿਆ।1975 ਦੇ ਵਰ੍ਹੇ ਨੂੰ ਇੰਟਰਨੈਸ਼ਨਲ ਵੋਮੈਨ ਯੀਅਰ ਦੇ ਤੌਰ ਤੇ ਮਨਾਇਆ ਗਿਆ।
ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅੱਜ ਵੀ ਔਰਤ ਦੀ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ।ਹੁਣ ਜੇ ਆਪਣੇ ਦੇਸ਼ ਤੇ ਝਾਤ ਮਾਰੀਏ ਤਾਂ ਸਾਡੇ ਦੇਸ਼ ਵਿੱਚ ਵੀ ਹਰ ਸਾਲ ਵੋਮੇਨ ਡੇ ਮਨਾਇਆ ਜਾਂਦਾ ਹੈ।ਇਸ ਦੇ ਸਬੰਧ ਵਿੱਚ ਸਮਾਗਮ ਅਯੋਜਿਤ ਕੀਤੇ ਜਾਂਦੇ ਹਨ, ਕਾਨਫਰਂੈਸ ਕਰਵਾਈਆਂ ਜਾਦੀਆਂ ਹਨ।ਸਮਾਜ ਵਿੱਚ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਾਸ਼ਣ ਦਿੱਤੇ ਅਤੇ ਟੀਚੇ ਮਿਥੇ ਜਾਂਦੇ ਹਨ। ਔਰਤ ਨਾਲ ਹੁੰਦੀਆਂ ਵਧੀਕੀਆਂ ਦੀ ਦੋਹਾਈ ਦਿੱਤੀ ਜਾਂਦੀ ਹੈ।ਪਰ ਕੰਲੈਡਰ ਤੇ ਤਰੀਕ ਬਦਲਣ ਦੇ ਨਾਲ ਹੀ ਇਹ ਟੀਚੇ ਅਤੇ ਭਾਸ਼ਣ ਧਰੇ ਧਰਾਏ ਰਹਿ ਜਾਂਦੇ ਹਨ।ਅਸੀਂ ਹਰ ਸਾਲ ਵੋਮੈਨ ਡੇ ਮਨਾਉਦੇ ਹਾਂ ਅਤੇ 1975 ਦੇ ਵਰ੍ਹੇਂ ਨੂੰ ਵੀ ਅਸੀਂ ਔਰਤਾਂ ਨੂੰ ਸਮਰਪਿਤ ਕਰ ਚੁੱਕੇ ਹਾਂ, ਪਰ ਔਰਤ ਦੀ ਸਥਿਤੀ ਵਿੱਚ ਸੁਧਾਰ ਹੋਣ ਦੀ ਬਜਾਏ ਬਦਤਰ ਹੁੰਦੀ ਜਾਂ ਰਹੀ ਹੈ।ਆਏ ਦਿਨ ਹੋ ਰਹੇ ਬਲਾਤਕਾਰ, ਤੇਜ਼ਾਬੀ ਹਮਲੇ ,ਦਾਜ ਦੀ ਬਲੀ ਚੜ੍ਹਦੀਆਂ ਨਵ-ਵਿਆਹੁਤਾ ਦੀਆਂ ਘਟਨਾਵਾਂ ਭਰੂਣ ਹੱਤਿਆਂ ਵਰਗੇ ਘਨੋਣੇ ਅਪਰਾਧ ਨੂੰ ਜਨਮ ਦੇ ਰਹੀਆਂ ਹਨ।ਅੱਜ ਵੀ ਸਾਡੇ ਦੇਸ਼ ਵਿੱਚ ਕੰਮਕਾਜੀ ਔਰਤਾਂ ਨਾਲ ਭੇਦ-ਭਾਵ ਦੀ ਨੀਤੀ ਅਪਣਾਈ ਜਾਂਦੀ ਹੈ।ਜਦੋਂ ਕਿ ਔਰਤ ਹੋਣਾ ਕੋਈ ਗੁਨਾਹ ਤਾਂ ਨਹੀਂ। ਭਾਸ਼ਣ ਦੇਣ ਅਤੇ ਟੀਚੇ ਮਿਥਣ ਨਾਲ ਔਰਤ ਦੀ ਸਥਿਤੀ ਵਿਚ ਸੁਧਾਰ ਹੋਣਾ ਹੁੰਦਾ ਤਾਂ ਕਦੋਂ ਦਾ ਹੋ ਚੁੱਕਾ ਹੁੰਦਾ।ਔਰਤਾਂ ਨੂੰ ਸਮਾਜ ਵਿੱਚ ਆਪਣੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਖੁੱਦ ਪਹਿਲ ਕਦਮੀ ਕਰਨੀ ਪਵੇਗੀ ।ਲੋੜ ਹੈ ਸਮੇਂ ਦੀ ਸਰਕਾਰ ਨੂੰ ਔਰਤਾਂ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਰੜੇ ਕਨੂੰਨ ਬਣਾਉਣ ਅਤੇ ਉਹਨਾਂ ਨੂੰ ਸਖਤੀ ਨਾ ਲਾਗੂ ਕਰਨ ਦੀ।ਇੱਕ ਜਗ੍ਹਾਂ ਤੇ ਖੜ੍ਹੇ ਰਹਿ ਕੇ ਮੰਜ਼ਿਲ ਦੇ ਸੁਪਨੇ ਤਾਂ ਦੇਖੇ ਜਾ ਸਕਦੇ ਹਨ, ਪਰ ਮੰਜ਼ਿਲ ਅਣਥੱਕ ਸਘੰਰਸ਼ ਨਾਲ ਹੀ ਮਿਲਦੀ ਹੈੇ। ਹਰ ਸਾਲ ਮਨਾਏ ਜਾਣ ਵਾਲਾ ਵੋਮੈਨ ਡੇ ਸਾਨੂੰ ਔਰਤਾਂ ਦੁਆਰਾ ਆਪਣੇ ਹੱਕਾਂ ਨੂੰ ਪਾਉਣ ਲਈ ਕਿੱਤੇ ਸਘੰਰਸ਼ ਦੀ ਯਾਦ ਦੁਆਉਦਾ ਹੈ।ਪੌੜੀ ਦੇ ਪਹਿਲੇ ਡੰਡੇ ਤੇ ਰੱਖਿਆ ਕਦਮ ਮੰਜਿਲ ਦੀ ਉਚਾਈ ਤੱਕ ਪਹੁੰਚਾ ਸਕਦਾ ਹੈ , ਲੋੜ ਹੈ ਤਾਂ ਬਸ ਉਸ ਪਹਿਲੇ ਕਦਮ ਦੀ ਜੋ ਔਰਤ ਨੇ ਖੁੱਦ ਹੀ ਉਠਾਉਣਾ ਹੈ।ਰੁਕਾਵਟਾਂ ਤਾਂ ਕਦਮ ਕਦਮ ਤੇ ਆਉਣਗੀਆਂ ਪਰ ਇਹਨਾਂ ਰੁਕਾਵਟਾਂ ਨੂੰ ਸਰ ਕਰ ਅਸੀਂ ਆਪ ਉਸ ਮੁਕਾਮ ਤੇ ਪਹੁੰਚਣਾ ਹੈ, ਜਿੱਥੇ ਔਰਤ ਆਪਣੀ ਜ਼ਿੰਦਗੀ ਦੇ ਹਰ ਫੈਸਲੇ ਲਈ ਖੁਦ-ਮੁਖਤਿਆਰ ਹੋਵੇ।ਅਜਿਹੇ ਸਮਾਜ ਦੀ ਸਿਰਜਣਾ ਕਰਨੀ ਹੈ, ਜਿੱਥੇ ਕੁੱਖ ਵਿੱਚ ਪਲ ਰਹੀ ਬਾਲੜੀ ਨੂੰ ਵੀ ਦੁਨੀਆਂ ਵਿੱਚ ਆਉਣ ਦਾ ਅਧਿਕਾਰ ਹੋਵੇ।ਪਰ ਇਹ ਤੱਦ ਹੀ ਸੰਭਵ ਹੈ ਜਦੋਂ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਅੱਗੇ ਆ ਕੇ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣ।ਸਰਕਾਰ ਦੁਆਰਾ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਾ ਸਕਦਾ ਹੈ।ਆਰਥਿਕ ਮਜ਼ਬੂਤੀ ਦੇ ਹੁੰਦਿਆਂ ਇੱਕ ਔਰਤ ਮਰਦ ਦੇ ਸਮਾਨ ਘਰ ਦੇ ਨਾਲ-ਨਾਲ ਦੇਸ ਦੀ ਉੱਨਤੀ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾ ਸਕਦੀ ਹੈ।ਆਸ ਕਰਦੀ ਹਾਂ ਕਿ ਔਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੀ ਔਰਤ ਸਮਾਜ ਵਿੱਚ ਉਹ ਮੁਕਾਮ ਹਾਸਲ ਕਰ ਸਕੇ ਜਿਸਦੀ ਉਹ ਹੱਕਦਾਰ ਹੈ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
ਸਪੰਰਕ 94787-93231


0 comments:
Speak up your mind
Tell us what you're thinking... !