ਪਿਆਰ ਬੜਾ ਸੋਹਣਾ, ਅਜੀਬ ਅਹਿਸਾਸ ਹੈ, ਜਿਸਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਪਿਆਰ ਦੇ ਵੱਖ ਵੱਖ ਰੂਪ ਹਨ । ਹਰ ਰੂਪ ਦੀ ਆਪਣੀ ਮਹੱਤਤਾ ਹੈ। ਇਹ ਮਾਂ -ਬਾਪ ਦਾ ਆਪਣੇ ਬੱਚੇ ਨਾਲ, ਬੱਚਿਆਂ ਦਾ ਆਪਣੇ ਬਜ਼ੁਰਗਾਂ ਨਾਲ, ਭੈਣ ਦਾ ਭਰਾ ਨਾਲ, ਦੋਸਤ ਦਾ ਦੋਸਤ ਨਾਲ , ਧਾਰਮਿਕ ਤੌਰ ‘ਤੇ ਵਿਅਕਤੀ ਦਾ ਆਪਣੇ ਅਧਿਆਤਮਕ ਗੁਰੂ ਨਾਲ ਆਦਿ ਕਈ ਰੂਪਾਂ ਵਿੱਚ ਵੰਡਿਆਂ ਹੋਇਆ ਹੈ। ਉਪਰੋਕਤ ਰਿਸ਼ਤਿਆਂ ਵਿਚਲੇ ਪਿਆਰ ਦੀ ਇੱਕ ਡੂੰਘੀ ਸੱਚਾਈ ਹੈ ਅਤੇ ਸਾਡਾ ਆਲਾ ਦੁਆਲਾ ਤੇ ਇਤਿਹਾਸ ਇਸ ਸਬੰਧੀ ਮਿਸਾਲਾਂ ਨਾਲ ਭਰਿਆ ਪਿਆ ਹੈ।
ਇੰਨ੍ਹਾਂ ਰਿਸ਼ਤਿਆਂ ਵਿਚ ਹੀ ਇੱਕ ਪਵਿੱਤਰ ਰਿਸ਼ਤਾ ਪਤੀ- ਪਤਨੀ ਦਾ ਹੈ। ਉਸ ਦਾ ਆਪਣਾ ਇਕ ਵੱਖਰਾ ਰੂਪ ਹੈ। ਵਿਆਹ ਤੋਂ ਪਹਿਲਾਂ ਰਿਸ਼ਤਾ ਹੁੰਦਾ ਹੈ ਲੜਕੇ-ਲੜਕੀ ਦਾ, ਜਦੋਂ ਦੋ ਪਰਿਵਾਰ ਆਪਸ ‘ਚ ਬੈਠ ਕੇ ਰਿਸ਼ਤੇ ਸਬੰਧੀ ਸਾਰੀਆਂ ਗੱਲਾਂ ਕਰ ਲੈਂਦੇ ਹਨ , ਲੰਬੀ ਘੋਖ ਤੋਂ ਬਾਅਦ ਸਾਕ ਜੁੜਦਾ ਹੈ ਅਤੇ ਦੌਵੇਂ ਪਰਿਵਾਰ ਆਪਣੀ ਹੈਸੀਅਤ ਮੁਤਾਬਕ ਸ਼ਗਨ / ਮੰਗਣੀ ਕਰਦੇ ਹਨ। ਭਾਵੇਂ ਅਜੋਕੇ ਯੁੱਗ ਵਿੱਚ ਪ੍ਰੇਮ ਵਿਆਹ ਵੀ ਪੂਰੇ ਜ਼ੋਰਾਂ ‘ਤੇ ਹੈ ਪ੍ਰਤੂੰ ਮਾਪਿਆਂ ਦੁਆਰਾ ਲੱਭੇ ਸਾਕ ਵਿੱਚ ਜਿੱਥੇ ਦੋ ਪਰਿਵਾਰਾਂ ਦੀ ਇੱਜ਼ਤ, ਸਮਝਦਾਰੀ, ਖ਼ਾਨਦਾਨ , ਬਿਰਾਦਰੀ ਆਦਿ ਸਭ ਸ਼ਰੀਕ ਹੁੰਦੇ ਹਨ ਅਤੇ ਭਵਿੱਖ ਵਿੱਚ ਲੋੜ ਪੈਣ ‘ਤੇ ਲੜਕਾ ਲੜਕੀ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦੇ ਹਨ । ਵਧੇਰੇ ਕਰਕੇ ਅਜਿਹੇ ਰਿਸ਼ਤੇ ਹੀ ਪ੍ਰਵਾਨ ਚੜ੍ਹਦੇ ਹਨ ।
ਪ੍ਰੇਮ ਵਿਆਹ ‘ਚ ਜਿਥੇ ਲੜਕਾ -ਲੜਕੀ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਜਾਣਦੇ ਹੁੰਦੇ ਹਨ, ਉਥੇ ਉਨ੍ਹਾਂ ਦੇ ਪਰਿਵਾਰਾਂ ਦੀ ਆਪਸ ‘ਚ ਕੋਈ ਖ਼ਾਸ ਸਮਝ ਨਹੀਂ ਹੁੰਦੀ। ਕਈ ਵਾਰ ਪਰਿਵਾਰ ਇੱਕ ਦੂਜੇ ਦੇ ਵਿਰੋਧ ਵਿੱਚ ਪ੍ਰੇਮ ਸਬੰਧ ਜਾਂ ਪ੍ਰੇਮ ਵਿਆਹਾਂ ਤੋਂ ਮੁਨਕਰ ਹੋ ਕੇ ਪ੍ਰੇਮੀਆਂ ਲਈ ਵਿਰੋਧ ਵੀ ਪੈਦਾ ਕਰ ਦਿੰਦੇ ਹਨ। ਕਿਉਂਕਿ ਸਾਡਾ ਪਿਛਾਂਹ ਖਿੱਚੂ ਸਮਾਜ ਪ੍ਰੇਮ ਸਬੰਧ ਜਾਂ ਪ੍ਰੇਮ ਵਿਆਹ ਨੂੰ ਜ਼ਾਇਜ਼ ਨਹੀਂ ਮੰਨਦਾ । ਸਿਰਫ਼ ਹੀਰ ਰਾਂਝੇ, ਸੱਸੀ ਪੁਨੂੰ, ਮਿਰਜ਼ਾ ਸਾਹਿਬਾ ਦੇ ਕਿੱਸੇ ਹੀ ਸੁਣਾ ਸਕਦਾ ਹੈ ਜਾਂ ਆਸਮਾਨ ਤੋਂ ਤਾਰੇ ਤੋੜਨ ਦੇ ਝੂਠੇ ਵਾਅਦੇ ਹੀ ਕਰ ਸਕਦਾ ਹੈ ਪ੍ਰਤੂੰ ਦੂਜੇ ਪਾਸੇ ਮਾਪਿਆਂ ਵੱਲੋਂ ਅਚਾਨਕ ਕੀਤੇ ਰਿਸ਼ਤਿਆਂ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਜੋ ਲੜਕੇ ਅਤੇ ਲੜਕੀ ਦੀਆਂ ਭਾਵਨਾਵਾਂ ਹੁੰਦੀਆਂ ਹਨ, ਉਸ ਦਾ ਆਪਣਾ ਹੀ ਇੱਕ ਵੱਖਰਾ ਅਹਿਸਾਸ ਹੁੰਦਾ ਹੈ।
ਮੰਗਣੇ ਤੋਂ ਵਿਆਹ ਵਿਚਲੇ ਸਮੇਂ ਵਿੱਚ ਕੁੜੀ ਮੁੰਡਾ ਇੱਕ ਦੂਜੇ ਪ੍ਰਤੀ ਖਿੱਚਣੇ ਸ਼ੁਰੂ ਹੋ ਜਾਂਦੇ ਹਨ। ਅਜੋਕੇ ਸੰਚਾਰ ਸਾਧਨ ਮੋਬਾਇਲ, ਇੰਟਰਨੈਟ, ਸੋਸ਼ਲ ਨੈਟਵਰਕਿੰਗ ਆਦਿ ਰਾਹੀਂ ਹੋਲੀ -ਹੋਲੀ ਇੱਕ ਦੂਜੇ ਨਾਲ ਘੁੱਲ ਮਿਲ ਵੀ ਜਾਂਦੇ ਹਨ। ਇੱਥੋਂ ਹੀ ਪਿਆਰ ਦਾ ਪਹਿਲਾ ਅਧਿਆਏ ਸ਼ੁਰੂ ਹੁੰਦਾ ਹੈ। ਜਦੋਂ ਪਿਆਰ ਹੋ ਜਾਵੇ ਤਾਂ ਵੈਸੇ ਵੀ ਇੱਕ ਅਲੱਗ ਜਿਹਾ ਨਸ਼ਾ ਚੜ੍ਹਿਆ ਰਹਿੰਦਾ ਹੈ। ਦੁਨੀਆਂਦਾਰੀ ਨੂੰ ਭੁੱਲ ਕੇ ਮਨ ਪਿਆਰੇ ਮਹਿਬੂਬ ਦੇ ਖ਼ਿਆਲਾਂ ਵਿੱਚ ਡੁੱਬਿਆ ਰਹਿੰਦਾ ਹੈ। ਹਰ ਪਲ ਇਕ ਦੂਜੇ ਨੂੰ ਦੇਖਣ , ਸੁਣਨ , ਮਿਲਣ ਦੀ ਤਾਂਘ ਜਿਹੀ ਲੱਗੀ ਰਹਿੰਦੀ ਹੈ। ਪਿਆਰ ਦੇ ਸਮੁੰਦਰ ‘ਚ ਡੁੱਬ ਕੇ ਮਨ ‘ਚ ਨਵੀਆਂ ਸੱਧਰਾਂ ਉਪਜਦੀਆਂ ਹਨ। ਆਉਣ ਵਾਲਾ ਜੀਵਨ ਸੋਹਣਾ , ਖੁਸ਼ੀਆਂ ਖੇੜਿਆਂ ਭਰਿਆ ਲੱਗਦਾ ਹੈ ਅਤੇ ਇਹੋ ਆਸ ਨਾਲ ਜਿੱਥੇ ਆਪਸੀ ਪਿਆਰ ਹੋਰ ਗੂੜ੍ਹਾ ਹੁੰਦਾ ਹੋਇਆ ਅਨੇਕਾਂ ਖ਼ੂਬਸੂਰਤ ਸੁਪਨੇ ਸਿਰਜਦਾ ਹੈ ਉਥੇ ਵਿਆਹ ਪਿਛੋਂ ਇੱਕ ਸਫ਼ਲ ਤੇ ਲੰਬਾ ਜੀਵਨ ਜਿਊਣ ਲਈ ਸਹਾਈ ਹੁੰਦਾ ਹੈ।
ਹਰਜੀਤ ਕੌਰ ਪੂਜਾ
ਮੁਹਾਲੀ(ਪੰਜਾਬ)

0 comments:
Speak up your mind
Tell us what you're thinking... !