ਸਮਾਂ ਬਦਲ ਗਿਆ ਹੈ। ਅੱਜ ਦੀ ਪੀੜ੍ਹੀ ਨੂੰ ਕਿਤੇ ਕਿਤੇ ਹੀ ਮਿੱਟੀ ਦੇ ਭਾਂਡੇ ਦਿਖਾਈ ਦਿੰਦੇ ਹਨ।ਉਹ ਵੀ ਕੁਝ ਖਾਸ ਰਸਮਾਂ ਉਤੇ ਜਿਵੇਂ ਦੀਵਾਲੀ ਨੂੰ ਦੀਵੇ, ਮ੍ਰਿਤਕ ਪ੍ਰਾਣੀ ਨੂੰ ਲਿਜਾਣ ਸਮੇਂ ਅਤੇ ਕਿਤੇ ਕਿਤੇ ਅਖੰਡ ਪਾਠ ਸਮੇਂ।ਇਨ੍ਹਾਂ ਥਾਵਾਂ ਤੇ ਵੀ ਕੋਈ ਬਹੁਤ ਜਰੂਰੀ ਨਹੀਂ ਸਮਝੇ ਜਾਂਦੇ।ਅੱਜ ਅਸੀਂ ਮਿੱਟੀ ਦੇ ਬਰਤਨ-ਘੜੇ, ਕੁੱਜੇ,ਦੀਵੇ,ਤੌੜੀ,ਠੂਠੇ ਆਦਿ ਕਿਵੇਂ ਬਣਾਏ ਜਾਂਦੇ ਸਨ,ਇਸ ਬਾਰੇ ਚਰਚਾ ਕਰਾਂਗੇ ਕਿਉਂਕਿ ਇਹ ਇੱਕ ਬੀਤੇ ਸਮੇਂ ਦਾ ਕਿੱਤਾ ਬਣ ਗਿਆ ਹੈ ।ਪਰ ਸਾਡੀ ਅਮੀਰ ਵਿਰਾਸਤ ਦਾ ਹਿੱਸਾ ਹੈ।
ਮੈਨੂੰ ਖੁਦ ਨੂੰ ਕਾਫ਼ੀ ਜਾਣਕਾਰੀ ਮੇਰੇ ਸਤਿਕਾਰਯੋਗ ਫੁਫੜ ਜੀ ਤੋਂ ਮਿਲੀ ਹੈ,ਜਿਹੜੇ ਇੱਕ ਰੀਟਾਇਰਡ ਪਟਵਾਰੀ ਹਨ ਅਤੇ ਉਮਰ ਦੇ ਸੱਤ ਦਹਾਕੇ ਪਿੰਡਾਂ ਵਿੱਚ ਗੁਜ਼ਾਰਨ ਕਰਕੇ ਉਨ੍ਹਾਂ ਨੂੰ ਇਸ ਤਰਾਂ ਦਾ ਕਾਫ਼ੀ ਗਿਆਨ ਹੈ।ਮਿੱਟੀ ਦੇ ਬਰਤਨ ਤਿਆਰ ਕਰਨ ਦਾ ਕੰਮ ਪਿੰਡ ਵਿੱਚ ਘੁਮਿਆਰ ਜਾਤੀ ਦੇ ਲੋਕ ਕਰਦੇ ਸਨ ।{ਜਾਤਾਂ ਵੀ ਤਾਂ ਕੰਮਾਂ ਦੇ ਅਧਾਰ ਤੇ ਹੀ ਬਣੀਆਂ ਸਨ}ਇਨ੍ਹਾਂ ਨੂੰ ਤਿਆਰਕਰਨ ਲਈ ਇੱਕ ਵਿਸ਼ੇਸ਼ “ਚੱਕ”ਬਣਾਇਆ ਜਾਂਦਾ ਸੀ,ਜੋ ਆਮ ਕਰਕੇ ਤਕਰੀਬਨ 4 ਕੁ ਫੁੱਟ ਦੇ ਵਿਆਸ ਵਾਲਾ ਅਤੇ 3-4 ਇੰਚ ਮੋਟਾਈ ਵਾਲਾ ਇੱਕ ਗੋਲ ਚੱਕਰ ਹੁੰਦਾ ਸੀ।ਇਸ ਨੂੰ ਬਣਾਉਣ ਲਈ ਇੱਕ ਵਿਸ਼ੇਸ਼ ਪ੍ਰਕਾਰ ਦੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ।ਇਸ ਮਿੱਟੀ ਨੂੰ ਉਚੇਚਾ ਤਿਆਰ ਕੀਤਾ ਜਾਂਦਾ ਸੀ।।ਇੱਕ ਸਖਤ ਮਿੱਟੀ,ਜਿਹੜ ਿਆਮ ਤੌਰ ਤੇ ਪਿੰਡ ਦੇ ਬਾਹਰੋਂ ਕਿਸੇ ਸਾਂਝੇ ਥਾਂ ਤੋਂ ਲਿਆਂਦੀ ਜਾਂਦੀ ਸੀ।ਇਸ ਵਿੱਚ ਪਾਣੀ ਪਾ ਕੇ ਅਤੇ ਤੂੜੀ ਪਾ ਕੇ ਹਰ ਰੋਜ਼ ਇਸ ਨੂੰ ਪੈਰਾਂ ਨਾਲ ਗੁੰਨਿਆ ਜਾਂਦਾ ਸੀ।ਯਾਨੀ ਘਾਣੀ ਕੀਤੀ ਜਾਂਦੀ ਸੀ।ਇਸ ਵਿੱਚ ਕੁਝ ਫਟੇ ਹੋਏ ਕੱਪੜੇ ਦੇ ਟੁਕੜੇ ਪਾ ਦਿੱਤੇ ਜਾਂਦੇ ਸਨ ਲੂਣ ਵੀ ਪਾਇਆ ਜਾਂਦਾ ਸੀ।ਘਾਣੀ ਕਰਨ ਦੀ ਕਿਰਿਆ ਤਕਰੀਬਨ ਇੱਕ ਮਹੀਨਾ ਚੱਲਦੀ ਰਹਿੰਦੀ ਸੀ।ਹਰ ਰੋਜ਼ ਪਾਣੀ ਪਾਉਣਾ,ਕਹੀ ਨਾਲ ਵੱਢਣਾ,ਤੂੜੀ ਪਾਉਣਾ ਪਾਣੀ ਪਾਉਣਾ,ਪੈਰਾਂ ਨਾਲ ਮਲਣਾ, ਫਿਰ ਕਹੀ,ਫਿਰ ਪੈਰ,ਪਾਣੀ,ਕੱਪੜੇ ਦੇ ਟੁਕੜੇ,ਲੂਣ ਆਦਿ ਸਾਰੇ ਕੁਝ ਨੂੰ ਚੰਗੀ ਤਰਾਂ ਮਿਲਾ ਦਿੱਤਾ ਜਾਂਦਾ ਸੀ।ਕਾਫ਼ੀ ਮਿਹਨਤ ਵਾਲਾ ਕੰਮ ਸੀ ਇਹ,ਪਰ ਇਸ ਤਰਾਂ ਦੀ ਮਿੱਟੀ ਨਾਲ ਬਣਿਆ ਹੋਇਆ ਇਹ ਚੱਕ, ਲੋਹੇ ਦੀ ਤਰਾਂ ਮਜ਼ਬੂਤ ਹੁੰਦਾ ਸੀ।
ਧਰਤ ਵਿੱਚ ਇੱਕ 6 ਕੁ ਇੰਚ ਉਚਾ ਛੋਟਾ ਜਿਹਾ ਥੰਮ,ਜੋ ਕਿ ਮਜ਼ਬੂਤ ਲੱਕੜ ਅਤੇ ਉਸ ਦੁਆਲੇ ਲਿਪਟੀ ਮਿੱਟੀ ਨਾਲ ਬਣਿਆ ਹੁੰਦਾ ਸੀ,ਗੱਡਿਆ ਜਾਂਦਾ ਸੀ।ਇਸ ਥੰਮ ਤੇ ,ਕੇਂਦਰ ਵਿੱਚ ਰੱਖੇ ਗਏ ਛੇਕ ਦੀ ਮੱਦਦ ਨਾਲਚੱਕ ਫਿੱਟ ਕਰ ਦਿੱਤਾ ਜਾਂਦਾ ਸੀ।ਥੰਮ ਦੇ ਉਤੇ ਅਤੇ ਕੇਂਦਰ ਦੇ ਛੇਕ ਦੇ ਹੇਠਾਂ ਇੱਕ ਲੋਹੇ ਦੀ ਬਾਸ਼ਲ ਪਾਈ ਜਾਂਦੀ ਸੀ ,ਜਿਸ ਨਾਲ ਚੱਕ ਦਾ ਆਪਣੇ ਧੁਰੇ ਤੇ ਘੁੰਮਣਾ ਆਸਾਨ ਹੋ ਜਾਂਦਾ ਸੀ।
ਚੱਕ ਵਿੱਚ ਘੇਰੇ ਤੇ ਇੱਕ ਹੋਰ ,ਛੋਟਾ ਜਿਹਾ ਛੇਕ ਰੱਖਿਆ ਜਾਂਦਾ ਸੀ,ਇਸ ਵਿੱਚ ਇਕ ਲੱਕੜ ਦਾ ਲੰਬਾ ਡੰਡਾ ਫਸਾ ਕੇ ਚੱਕ ਨੂੰ ਜੋਰ ਨਾਲ਼ ਘੁਮਾ ਦਿੱਤਾ ਜਾਂਦਾ ਸੀ।ਸੁਰੂ ਵਿੱਚ ਕਈ ਗੇੜੇ ਡੰਡੇ ਨਾਲ ਲਗਾਤਾਰ ਦੇਣੇ ਪੈਂਦੇ ਸਨ,ਪਰ ਇੱਕ ਵਾਰੀ ਚੰਗੇ ਵੇਗ ਨਾਲ ਘੁੰਮਣਾ ਸੁਰੂ ਕਰਨ ਤੇ ਆਪਣੀ ਗਤੀ-ਜੜ੍ਹਤਾ (ਨਿੲਰਟਅਿ ੋਾ ਮੋਟੋਿਨ)ਕਾਰਨ ਚੱਕ ਲਗਾਤਾਰ ਘੁੰਮਦਾ ਰਹਿੰਦਾ ਸੀ।ਜਦ ਕਿ ਸੋਟੀ ਕੱਢ ਵੀ ਲਈ ਜਾਂਦੀ ਸੀਅਤੇ ਹੁਣ ਘੁਮਾਇਆ ਵੀ ਨਹੀਂ ਸੀ ਜਾਂਦਾ।ਚੱਕ ਦੇ ਕੇਂਦਰ ਵਿੱਚ ਮਿੱਟੀ ਪਹਿਲਾਂ ਹੀ ਵੱਧ ਮਾਤਰਾ ਵਿੱਚ ਫਿੱਟ ਕਰ ਲਈ ਜਾਂਦੀ ਸੀਬਰਤਨ ਬਣਾਏ ਜਾਣ ਵਾਲੀ ਮਿੱਟੀ ਵੀ ਆਮ ਮਿੱਟੀ ਨਹੀਂ ਸੀ ਹੁੰਦੀ ।ਇਸ ਦੀ ਚੋਣ ਮਾਹਿਰ ਵੱਲੋਂ ਹੀ ਕੀਤੀ ਜਾਂਦੀ ਸੀ,ਜਿਹੜਾ ਇਸ ਵੇਲੇ ਘੁਮਿਆਰ ਆਪ ਹੁੰਦਾ ਸੀ।
ਹੁਣ ਘੁਮਿਆਰ ਦੇ ਹੱਥ ਹਰਕਤ ਵਿੱਚ ਆਉਂਦੇ ਸਨ।ਕਦੇ ਅੰਦਰਲੇ ਪਾਸਿਓਂ,ਕਦੇ ਬਾਹਰਲੇ ਪਾਸਿਓਂ,ਕਦੇ ਸਿਰਫ਼ ਇੱਕਲੇ ਹੱਥ ਨਾਲ,ਕਿਤੇ ਦੋਵਾਂ ਹੱਥਾਂ ਨਾਲ,ਕਦੇ ਇੱਕ ਹੱਥ ਬਰਤਨ ਦੇ ਅੰਦਰ ਤੇ ਇੱਕ ਹੱਥ ਬਾਹਰ ਰੱਖ ਕੇ ਘੁਮਿਆਰ ਇਸ ਘੁੰਮਦੀ ਮਿੱਟੀ ਦੇ ਵਿੱਚੋਂ ਬਰਤਨਾਂ ਨੂੰ ਵੱਖ ਵੱਖ ਸ਼ਕਲਾਂ ਅਤੇ ਆਕਾਰਾਂ ਵਿੱਚ ਬਦਲੀ ਜਾਂਦਾ ਸੀ।ਬਰਤਨ ਵਿੱਚ ਇੱਕਸਾਰਤਾ ਲਿਆਉਣ ਲਈ ਉਹ ਕਦੇ ਕਦੇ ਲੱਕੜੀ ਦਾ ਗੁਟਕਾ ਜਿਹਾ ਵੀ ਵਰਤਦਾ ਸੀ।ਚੱਕ ਘੁੰਮਦਾ ਰਹਿੰਦਾ ਸੀ ਅਤੇ ਬਰਤਨ ਦੀ ਮੋਟਾਈ ਘਟਦੀ ਜਾਂਦੀ ਸੀਅਤੇ ਉਹ ਆਪਣੇ ਘਾੜੇ ਦੇ ਹੱਥਾਂ ਦੇ ਨਾਲ ਨਾਲ ਆਪਣੀ ਨਿਸ਼ਚਿਤ ਕੀਤੀ ਸ਼ਕਲ ਅਖਤਿਆਰ ਕਰਦਾ ਜਾਂਦਾ ਸੀ।ਬਰਤਨ ਤਿਆਰ ਹੋਣ ਤੇ ਇਸ ਨੂੰ ਬਰੀਕ ਧਾਗੇ ਨਾਲ ਬਹੁਤ ਹੀ ਸਾਵਧਾਨੀ ਨਾਲ ਚੱਕ ਤੋਂ ਅਲੱਗ ਕਰ ਲਿਆ ਜਾਂਦਾ ਸੀ।ਇਸ ਤਰਾਂ ਵੱਖ ਵੱਖ ਸ਼ਕਲਾਂ ਦੇ ਅਤੇ ਆਕਾਰਾਂ ਦੇ ਬਰਤਨ ਬਣਾ ਕੇ ਰੱਖ ਲਏ ਜਾਂਦੇ ਸਨ।
ਹੁਣ ਮਹੱਤਵਪੂਰਨ ਕੰਮ ਹੁੰਦਾ ਸੀ,ਇਨ੍ਹਾਂ ਭਾਂਡਿਆਂ ਨੂੰ ਪਕਾਉਣਾ।ਇਸ ਮਕਸਦ ਲਈ ਇੱਕ ਉਚੇਚਾ “ਆਵਾ”ਤਿਆਰ ਕੀਤਾ ਜਾਂਦਾ ਸੀ ।ਲੋੜ ਅਨੁਸਾਰ ਲੱਗਭੱਗ 15×ਵਰਗ ਫੁੱਟ ਜਾਂ 10×ਵਰਗ ਫੁੱਟ ਜਗ੍ਹਾ ਥੋੜ੍ਹੀ ਡੂੰਘੀ ਪੁੱਟ ਲਈ ਜਾਂਦੀ ਸੀ।ਇੱਥੇ ਗੋਹੇ ਦੀਆਂ ਪਾਥੀਆਂ ਇੱਕ ਖਾਸ ਤਰਤੀਬ ਵਿੱਚ ਚਿਣ ਲਈਆਂ ਜਾਂਦੀਆਂ ਸਨ।2-3 ਲਾਈਨਾਂ ਪਾਥੀਆਂ ਦੀਆਂ ਚਿਣ ਕੇ ਫਿਰ ਪਕਾਏ ਜਾਣ ਵਾਲੇ ਭਾਂਡੇ ਰੱਖੇ ਜਾਂਦੇ ਸਨ।ਉਨ੍ਹਾਂ ਉਪਰ ਫਿਰ ਪਾਥੀਆਂ ਅਤੇ ਉਨ੍ਹਾਂ ਉਪਰ ਫਿਰ ਭਾਂਡੇ ਰੱਖੇ ਜਾਂਦੇ ਸਨ।ਇਸ ਤਰਾਂ 8-10 ਲਾਈਨਾਂ ਉਪਰ ਦੀ ਉਪਰ ਲਗਾ ਲਈਆਂ ਜਾਂਦੀਆਂ ਸਨ ।ਇਹ ਚਿਣਾਈ ਵੀ ਖਾਸ ਮੁਹਾਰਤ ਮੰਗਦੀ ਸੀ।ਖਿਆਲ ਰੱਖਣਾ ਪੈਂਦਾ ਸੀ ਕਿ ਇੱਕ ਤਾਂ ਹਵਾ ਬਹੁਤ ਘੱਟ ਅੰਦਰ ਜਾਵੇ।ਦੂਜੇ ਭਾਂਡੇ ਇੱਕ ਦੂਜੇ ਦੇ ਨਾਲ ਜੁੜਨ ਨਾ ਅਤੇ ਕਿਸੇ ਤਰਾਂ ਦਾ ਨੁਕਸਾਨ ਨਾ ਪੁੱਜੇ,ਸਭ ਨੂੰ ਠਕਿ ਤਰਾਂ ਸੇਕ ਵੀ ਪਹੁੰਚ ਸਕੇ ਅਤੇ ਸਭ ਤੋਂ ਜਰੂਰੀ ਕਿ ਸਾਰੇ ਭਾਂਡਿਆਂ ਨੂੰ ਸਭ ਪਾਸੇ ਤੋਂ ਸੇਕ ਬਰਾਬਰ ਲੱਗੇ।ਪਾਥੀਆਂ ਨੂੰ ਇਸ ਤਰਾਂ ਜਲਾਇਆ ਜਾਂਦਾ ਸੀ ਕਿ ਅੱਗ ਨਾ ਬਲੇ਼ ਸਗੋਂ ਇਹ ਧੁਖਦੀਆਂ ਰਹਿਣ।ਧੁਖਦੀਆਂ ਪਾਥੀਆਂ ਦਾ ਸੇਕ ਹਮੇਸ਼ਾ ਇੱਕੋ ਜਿਹਾ ਹੁੰਦਾ ਹੈ।{ਜਿਨ੍ਹਾਂ ਨੇ ਹਾਰੀ ਦੀ ਦਾਲ਼ ਜਾਂ ਸਾਗ ਬਣਦੀ ਦੇਖੀ ਹੈ,ਉਹ ਇਸ ਤੱਥ ਨੂੰ ਚੰਗੀ ਤਰਾਂ ਜਾਣਦੇ ਹਨ}ਆਵੇ ਨੂੰ ਘੱਟੋ ਘੱਟ ਇੱਕ ਹਫ਼ਤੇ ਤੱਕ ਗਰਮ ਕੀਤਾ ਜਾਂਦਾ ਸੀ।ਇੰਨੇ ਕੁ ਸਮੇਂ ਵਿੱਚ ਪਾਥੀਆਂ ਦੀ ਸੜ ਕੇ ਸੁਆਹ ਬਣ ਜਾਂਦੀ ਸੀਅਤੇ ਭਾਂਡੇ ਪੱਕ ਕੇ ਤਿਆਰ ਹੋ ਜਾਂਦੇ ਸਨ।ਇੱਕ ਸਮੇਂ ਵਿੱਚ 100-150 ਭਾਂਡੇ ਪਕਾ ਲਏ ਜਾਂਦੇ ਸਨ।
ਸਾਡੀ ਵਿਰਾਸਤ ਦਾ ਇਹ ਕਿੱਤਾ ਹੁਣ ਅਲੋਪ ਹੋ ਚੁੱਕਿਆ ਹੈ।ਨਵੇਂ ਸਟੀਲ ਦੇ ਅਤੇ ਭਾਂਤ ਭਾਂਤ ਦੇ ਬਰਤਨ ਚਲ ਪਏ ਹਨ।ਪਾਣੀ ਲਈ ਘਵਿਆਂ ਦੀ ਲੋੜ ਨਹੀਂ ਰਹੀ।...ਘੁਮਿਆਰ ਦੇ ਇਸ ਚੱਕ ਨੂੰ ਬਣਾਉਣ ਤੋਂ ਲੈ ਕੇ ਭਾਂਡੇ ਬਣਨ ਤੱਕ ਦੀ ਸਾਰੀ ਕਿਰਿਆ ਨੂੰ ਵੀਡੀਓ ਰਾਹੀਂ ਵਧਆਿ ਦਿਖਾਇਆ ਜਾ ਸਕਦਾ ਹੈ।ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਤੋਂ ਜਾਣੂ ਹੋ ਜਾਣਗੀਆਂ।ਦੂਜੇ ਇਸ ਦੀ ਅਸਲ ਜਾਣਕਾਰੀ ਤੋਂ ਬਿਨਾਂ ਗੁਰਬਾਣੀ ਦੇ ਮਹਾਵਾਕ---
“ਬਹੁ ਬਿਧਿ ਭਾਂਡੇ ਘੜੈ ਕੁਮਾਰਾ।।”(ਅੰਗ 1128)
“ਖਿਨੁ ਪੂਰਬਿ ਖਿਨ ਪਛਮਿ ਛਾਏ,ਜਿਉ ਚਕੁ ਕੁਮਿਆਰਿ ਭਵਾਇਆ ।।”(ਅੰਗ 442)
“ਕੋਲੂ ਚਰਖਾ ਚਕੀ ਚਕ ।।”(ਅੰਗ 465)
.......ਆਦਿ ਸਮਝ ਵਿੱਚ ਨਹੀਂ ਆ ਸਕਣਗੇ।ਇਸ ਵਿਰਸੇ ਤੇ ਮਾਣ ਕਰਨ ਦੀ ਲੋੜ ਹੈ।
ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126


ਜਸਵਿੰਦਰ ਸਿੰਘ “ਰੁਪਾਲ” aap ji ne bahut vadia article likhia hai
ReplyDeletebahut vadia 22 ji
ReplyDelete