ਔਖੀ ਘੜੀ ਨਾ ਦੇਖਣ ਦੇਵੀਂ ਖੁਸ਼ ਰੱਖੀ ਸਭ ਭਾਈਆਂ ਨੂੰ,
ਸਾਰੇ ਰਲਕੇ ਮੰਗਲ ਗਾਵਣ ਦੇਣੀਆਂ ਕਰ ਰੁਸ਼ਨਾਈਆਂ ਨੂੰ,
ਸਦਾ ਵਾਰ ਹੀ ਖਾਲੀ ਜਾਵਣ ਨਫਰਤ ਰੂਪੀ ਤੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਮਾਤ-ਪਿਤਾ ਦੀ ਛਾਇਆ ਥੱਲੇ ਮੌਜ਼ਾਂ ਲੈਣ ਨਿਆਣੇ ਜੀ,
ਕੋਈ ਨਾ ਭੁੱਖਾ ਨੰਗ ਸੌਵੇਂ ਰੱਜ ਰੱਜ ਖਾਵਣ ਖਾਣੇ ਜੀ,
ਦੁੱਧ ਦਹੀਂ ਤੇ ਮੱਖਣ ਲੱਸੀ ਤੌੜੇ ਰਿਜ਼ਨ ਖੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਗੋਦ ਸੁਨੀ ਨਾ ਹੋਵੇ ਮਾਲਕਾ ਕਿਸੇ ਵੀ ਨਾਰ ਵਿਚਾਰੀ ਦੀ,
ਬੱਚੇ ਮੁੱਖੋ ਮਾਂ-ਮਾਂ ਸੁਣਕੇ ਚੜਦੀ ਲਹਿਰ ਖੁਮਾਰੀ ਦੀ,
ਘਿਓ ਸੱਕਰਾਂ ਦੇ ਵਾਂਗੂ ਲੱਗਣ ਜਿਹੜੇ ਸਾਂਝੀ ਸੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਮਾਤ- ਪਿਤਾ ਦੇ ਆਗਿਆਕਾਰੀ ਬੱਚੇ ਹੋਵਣ ਸਾਰੇ ਜੀ,
ਕਰਨ ਤਰੱਕੀ ਨਾਲ ਸ਼ੌਕ ਦੇ ਚਮਕਣ ਵਾਂਗ ਸਿਤਾਰੇ ਜੀ,
ਸ਼ੀਹਾਂ ਵਾਂਗੂ ਨਿੱਡਰ ਬਣਕੇ ਆਹੁਦੇ ਲੈਣ ਵਜ਼ੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਮੀਆਂ –ਬੀਵੀ ਵਾਂਗ ਚੱਕਿਆਂ ਇੱਕੋ ਲੀਹੇ ਚਲਣ ਜੀ,
ਟੱਬਰ ਦੇ ਵਿੱਚ ਏਕਾ ਹੋਵੇ ਇੱਕੋ ਰਸਤਾ ਮਲਣ ਜੀ,
ਇੱਕ ਦੂਜੇ ਸੰਗ ਐਸੇ ਲੱਗਣ ਕੁੰਡੇ ਜਿਵੇਂ ਜ਼ੰਜ਼ੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਲੋੜ ਮੁਤਾਬਿਕ ਵਾਰਸ਼ ਚੰਗੀ ਖੁਸ਼ ਹੋਵੇ ਮਨ ਸਾਰਿਆਂ ਦਾ,
ਹਾੜੀ ਸਾਉਣੀ ਫਸਲ ਵਥੇਰੀ ਭਰਜੇ ਪੇਟ ਬਖਾਰਿਆਂ ਦਾ,
ਹਾਲੀ ਪਾਲੀ ਹੋਣ ਨਰੋਏ ਤਕੜੇ ਧਨੀ ਸਰੀਰਾਂ ਦਾ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਗਿੱਧਾ ਪਾਵਣ ਘੋੜੀਆਂ ਗਾਵਣ ਰਲਕੇ ਧੀਆਂ ਨੂੰਹਾਂ ਜੀ,
ਪਾਣੀ ਵਾਂਗੂ ਘੁਲ ਮਿਲ ਜਾਵਣ ਸਾਰੇ ਘਰਾਂ ਦੀਆਂ ਜੂਹਾਂ ਜੀ,
ਸਦਾ ਸੁਹਾਗਣ ਕੁੜੀਆਂ ਚਿੱੜੀਆਂ ਰਾਂਝੇ ਜੀਵਣ ਹੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਚੰਗੀਆਂ ਲਿਖ ਕਵਿਤਾਵਾਂ ਭੰਮੇ ਨਾਲ ਗੁਣਾਂ ਦੇ ਭਰੀਆਂ ਜੀ,
ਰਮਣ ਗੁਰੂ ਜੀ ਸੋਧ ਖੋਟ ਨੂੰ ਕਰ ਦਿਓ ਖਰੀਆਂ ਖਰੀਆਂ ਜੀ,
ਪੜ ਸੁਣ ਸਾਰੇ ਨੱਚਣ ਐਸੇ ਜੈਸੇ ਨਾਚ ਸੀ ਮੀਰਾਂ ਦੇ,
ਨਵਾਂ ਸਾਲ ਲੈ ਖੁਸ਼ੀਆਂ ਆਵੇ ਵਿਹੜੇ ਸਾਰੇ ਵੀਰਾਂ ਦੇ,
ਲੇਖਕ:-ਦਰਸ਼ਨ ਸਿੰਘ ਭੰਮੇ
94630-23656.

nawa saal 2013 mubark ji
ReplyDelete