ਸਦਾਬਹਾਰ ਹੁੰਦਾ ਏ,ਉਹਨਾਂ ਦੇ ਜਾਣ ਦਾ ਗ਼ਮ
ਪਿਆਰ ਜਿਹੜੇ ਮੁਸਾਫਿਰਾਂ ਦਾ ਮੌਸਮੀਂ ਹੁੰਦੈ
ਹਉਕਾ ਹੁੰਦਾ ਏ ਅਧੂਰੀ ਕਿਸੇ ਦਿਲ ਦੀ ਆਰਜ਼ੂ
ਤੇ ਹੰਝੂ ਕਿਸੇ ਨੁੱਚੜੇ ਖ਼ਾਬ ਦੀ ਨਮੀਂ ਹੁੰਦੈ
ਨਿਆਮਤ ਹੈ ਖੁਦਾ ਦੀ ਮਨਾਉਣ ਦਾ ਢੰਗ ਹੋਣਾ
ਰੁੱਸਣਾ ਤਾਂ ਯਾਰੋ ਆਪਣੀ ਕੋਈ ਕਮੀਂ ਹੁੰਦੈ
ਅਮਲਾਂ ਖਾਤਿਰ ਆਦਮੀ ਅੱਜ ਰੱਬ ਤੋਂ ਬੇਮੁੱਖ ਹੈ
ਪਰ ਉਸਦੇ ਘਰ ਬੇ-ਮੁੱਖ ਵੀ ਨਾ ਬੇਜ਼ਮੀਂ ਹੁੰਦੈ
ਕਿਸੇ ਦਾ ਨਾ ਕਸੂਰ ਕਰਨਾਂ ਪੈਦਾ ਜੋ ਉਹ ਕਹੇ
ਰੱਬ ਦੇ ਹੱਥਾਂ ਦੀ ਕਠਪੁਤਲੀ ਆਦਮੀਂ ਹੁੰਦੈ
ਜ਼ਿਹਨ ਤੇ ਛਾ ਜਾਏ ਜੇ ਕੋਈ ਘਟਾ ਬਣਕੇ
ਤਾਂ ਬਰਸਣਾ ਅਖੀਆਂ ਦਾ ਯਾਰੋ ਲਾਜਮੀਂ ਹੁੰਦੈ
-----
ਤੇਰਾ ਚਿਹਰਾ ਦਿਸ ਪਵੇ ਮੇਰੇ ਦਿਲ ਚੜ ਜਾਏ ਚਾਅ
ਹਕੀਕਤ ਨਹੀਂ ਜੇ ਸੋਹਣਿਆ ਕੋਈ ਖਾਬ ਹੀ ਬਣਆ
ਮਿੱਟੀ ਬੰਜਰ ਹੋ ਗਈ ਆਹ ਵੇਖ ਇਸ਼ਕ ਦੇ ਖੇਤ ਦੀ
ਦੀਦਾਰਾਂ ਭਰੀ ਕੋਈ ਬੱਦਲੀ ਇਸ ਖੇਤ ਵਿੱਚ ਬਰਸਾ
ਢਾਹ ਲਏ ਨਾ ਯਾਦ ਨੂੰ ਸਮਾਂ ਬੜਾ ਬਲਵਾਨ ਹੈ
ਕਮਜ਼ੋਰ ਇਹ ਹੁੰਦੀ ਜਾਂਵਦੀ ਕੋਈ ਖੁਰਾਕ ਤੇ ਖਿਲਾ
ਖ਼ਾਬ ਵੀ ਹੁਣ ਹੋ ਗਏ ਮੁਹਤਾਜ ਤੇਰੀ ਹੋਂਦ ਤੋਂ
ਹਾੜਾ ਏ ਮੇਰੇ ਯਾਰ ਵੇ ਇੰਝ ਕਹਿਰ ਨਾ ਵਰਤਾ
ਮੁੱਦਤ ਗਈ ਤੈਨੂੰ ਤੱਕਿਆਂ ਤੇਰੇ ਨਕਸ਼ ਧੁੰਦਲੇ ਪੈ ਗਏ
ਤ੍ਰੇਲ ਪਾ ਹੁਣ ਦਰਸ ਦੀ ਮੇਰੀ ਸੋਚ ਨੂੰ ਨਹਿਲਾ
ਅੱਖਰ ਵੀ ਬੇਹੇ ਜਿਹੇ ਅੱਜ ਨਿਕਲੇ ਨੂੰ ਤੇਰੀ ਸੌਂਹ
ਸੋਚ ਕੋਈ ਸੱਜਰੀ ਜਿਹੀ ਮੇਰੀ ਕਲਮ ਨੂੰ ਦੇ ਜਾਹ
ਗੁਰਸ਼ਰਨ ਸਿੰਘ ‘ਮਾਂਗਟ’ ਖੰਨਾ
ਨਵਯੁਗ ਲਿਖਾਰੀ ਸਭਾ ਖੰਨਾ।
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-97816-00996


nice
ReplyDelete