Headlines News :
Home » » ਪੰਜਾਬੀ ਸੱਭਿਆਚਾਰ ਤੇ ਮੀਡੀਆ

ਪੰਜਾਬੀ ਸੱਭਿਆਚਾਰ ਤੇ ਮੀਡੀਆ

Written By Unknown on Thursday 29 November 2012 | 23:06


ਸੱਭਿਆਚਾਰ ਕਿਸੇ ਵੀ ਸਮਾਜਿਕ ਖਿੱਤੇ ਦੇ ਲੋਕਾਂ ਦੀ ਉਹ ਜੀਵਨ-ਜਾਚ ਹੁੰਦੀ ਹੈ ਜਿਸ ਰਾਹੀਂ ਉਹ ਆਪਣਾ ਜੀਵਨ ਬਸਰ ਕਰਦੇ ਹਨ।ਇਹ ਉਹਨਾਂ ਦੁਆਰਾ ਆਪਣੀ ਮਾਨਸਿਕ ਤੇ ਸਰੀਰਿਕ ਕਿਰਤ ਰਾਹੀਂ ਸਿਰਜੀ ਜਾਂਦੀ ਹੈ ਇਸ ਲਈ ਮਨੁੱਖੀ ਜੀਵਨ ਨਾਲ ਜੁੜੇ ਸਮੁੱਚੇ ਪਾਸਾਰ ਸੱਭਿਆਚਾਰ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ।ਚੱਜ-ਆਚਾਰ,ਰਹਿਣ-ਸਹਿਣ,ਲੋਕ-ਕਿੱਤਾ ਤੇ ਲੋਕਧਾਰਾ ਇਸ ਦੇ ਅਹਿਮ ਅੰਗ ਹੁੰਦੇ ਹਨ।ਮਨੁੱਖੀ ਜੀਵਨ ਦੇ ਵਿਕਾਸ ਵਿੱਚ ਸੱਭਿਆਚਾਰ ਆਪਣੀ ਇੱਕ ਨਿਰਣਾਇਕ ਭੂਮਿਕਾ ਨਿਭਾਉਂਦਾ ਹੈ।ਜੇਕਰ ਅਸੀਂ ਪੰਜਾਬੀ ਸੱਭਿਆਚਾਰ ਦੇ ਸੰਦਰਭ ਗੱਲ ਕਰੀਏ ਤਾਂ ਇਹ ਧਾਰਨਾ ਪੰਜਾਬੀ ਜਨ-ਜੀਵਨ ਉੱਪਰ ਵੀ ਇੰਨ-ਬਿੰਨ ਢੁਕਦੀ ਹੈ।ਪੰਜਾਬੀ ਸਮਾਜ ਦੀ ਸੱਭਿਆਚਾਰਕ ਵਿਕਾਸ-ਪ੍ਰਕਿਰਿਆ ਵੀ ਆਦਿ ਕਾਲ ਤੋਂ ਇਸ ਦੀ ਸਮਾਜਿਕ ਬਣਤਰ ਤੇ ਵਿਚਾਰ-ਪ੍ਰਵਾਹ ਨੂੰ ਡੌਲਦੀ ਆਈ ਹੈ।ਪੰਜਾਬ ਦੀ ਸਮਾਜਿਕ ਵਿਕਾਸ ਪ੍ਰਕਿਰਿਆ ਦੀ ਇਤਿਹਾਸਕ ਪਿੱਠਭੂਮੀ ਇਸ ਦੇ ਸੱਭਿਆਚਾਰਕ ਰਲਾਅ ਤੇ ਮਿੱਸੇਪਣ ਦੀ ਕਨਸੋਅ ਦਿੰਦੀ ਹੈ।ਪੰਜਾਬੀਆਂ ਦੀ ਜੀਵਨ-ਵਿਧੀ ਨੂੰ ਘੜਨ ਵਿੱਚ ਇਸ ਮਿੱਸੀ ਸੰਸਕ੍ਰਿਤੀ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।ਪੰਜਾਬੀਆਂ ਦੀ ਜੀਵਨ-ਸ਼ੈਲੀ ਉੱਪਰ ਸਾਮੀ,ਬਰਤਾਨਵੀ ਤੇ ਵੈਦਿਕ ਸੰਸਕ੍ਰਿਤੀ ਦਾ ਅਸਰ ਪ੍ਰਤੱਖ ਨਜ਼ਰ ਆਉਂਦਾ ਹੈ।ਲਗਪਗ ਅੱਠ ਸਦੀਆਂ ਦੇ ਲੰਬੇ ਸ਼ਾਸਨ-ਕਾਲ ਦੌਰਾਨ ਇਸਲਾਮੀ ਸੱਭਿਆਚਾਰ ਨੇ ਪੰਜਾਬੀਆਂ ਦੇ ਜੀਵਨ aੱਪਰ ਗਹਿਰਾ ਅਸਰ ਪਾਇਆਂ ਜਿਸ ਕਾਰਨ ਪੰਜਾਬੀਆਂ ਦੀ ਪੂਰੀ ਜੀਵਨ-ਸ਼ੈਲੀ ਹੀ ਬਦਲ ਗਈ।ਇਸ ਕਾਲ ਦੌਰਾਨ ਭਾਸ਼ਾ ਤੇ ਲੋਕਧਾਰਾ ਵਿੱਚ ਜ਼ਿਕਰਯੋਗ ਇਜ਼ਾਫ਼ਾ ਹੋਇਆ।ਇਸ ਉਪਰੰਤ ਬਰਤਾਨਵੀ ਸ਼ਾਸਨ-ਕਾਲ ਦੌਰਾਨ ਤਕਰੀਬਨ ਇੱਕ ਸਦੀ ਦੇ ਵਕਫ਼ੇ ਵਿੱਚ ਪੰਜਾਬੀ ਦੀ ਜੀਵਨ-ਸ਼ੈਲੀ ਵਿੱਚ ਢੇਰ ਪਰਿਵਰਤਨ ਆਏ।ਅੰਗਰੇਜ਼ੀ ਭਾਸ਼ਾ ਦਾ ਦੌਰ ਆਰੰਭ ਹੋਇਆ।ਸਰਕਾਰੀ ਜ਼ੁਬਾਨ ਹੋਣ ਕਰਕੇ ਇਸ ਨੇ ਮੁਕਾਮੀ ਬੋਲੀਆਂ ਨੂੰ ਦਰਕਿਨਾਰ ਕਰਦਿਆਂ ਹਾਸ਼ੀਆਕ੍ਰਿਤ ਕਰ ਦਿੱਤਾ।ਇਸ ਤਰ੍ਹਾਂ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਮੇਂ ਦੀ ਭੌਤਿਕ ਰਫ਼ਤਾਰ ਨੇ ਪੰਜਾਬੀਆਂ ਦੀ ਜੀਵਨ-ਵਿਧੀ ਵਿੱਚ ਢੇਰ ਪਰਿਵਰਤਨ ਲਿਆਂਦੇ।ਪਰੰਤੂ ਇਸ ਸਭ ਕੁੱਝ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਉਦਾਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਹਰ ਨਵੇਂ ਵਿਚਾਰ ਤੇ ਵਿਸ਼ਵਾਸ਼ ਦਾ ਖ਼ੈਰਮਕਦਮ ਕੀਤਾ ਅਤੇ ਹਰ ਨਵੇਂ-ਨਰੋਏ ਵਿਚਾਰ ਨੂੰ ਅੰਗੀਕਾਰ ਕੀਤਾ।ਪੰਜਾਬੀ ਸੱਭਿਆਚਾਰ ਮੁੱਢੋਂ ਹੀ ਜ਼ਰਾਇਤ ਆਧਾਰਤ ਰਿਹਾ ਹੈ।ਪੰਜਾਬੀ ਸੱਭਿਆਚਾਰ ਦੀ ਵੱਖਰਤਾ ਤੇ ਵਿਲੱਖਣਤਾ ਇਹ ਹੈ ਕਿ ਇਹ ਕਿਸੇ ਇੱਕ ਮਜ਼ਹਬ,ਜਾਤ,ਗੋਤ,ਫ਼ਿਰਕੇ ਜਾਂ ਕਬੀਲੇ ਦਾ ਨਹੀਂ ਸਗੋਂ ਸਰਬਾਂਗੀ ਮਿੱਸ ਦਾ ਸਿੱਟਾ ਹੈ।ਇਸ ਸਰਬਾਂਗੀ ਮਿੱਸ ਦਾ ਇੱਕ ਵੱਡਾ ਤੇ ਪੁਖ਼ਤਾ ਪ੍ਰਮਾਣ ਸ੍ਰੀ ਗੁਰੁ ਗ੍ਰੰਥ ਸਾਹਿਬ ਹੈ।ਇਸ ਦਾ ਸਰਬਾਂਗੀ ਚਰਿੱਤਰ ਤੇ ਸਾਹਿਤਿਕ ਸਰੂਪ ਹੀ ਪੰਜਾਬੀ ਸੱਭਿਆਚਾਰ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨ ਲਈ ਕਾਫ਼ੀ ਹੈ।ਪੰਜਾਬੀ ਸੱਭਿਆਚਾਰ ਦਾ ਵਿਚਰਨ ਸਥਲ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਇੱਕ ਵਿਸ਼ਾਲ ਭੋਂਇ ਖੇਤਰ ਵਿੱਚ ਫੈਲਿਆ ਹੋਇਆ ਹੈ।ਅਜੋਕੇ ਦੌਰ ਵਿੱਚ ਇਸ ਦਾ ਇੱਕ ਵਿਕੋਲਿਤਰਾ ਹਿੱਸਾ ਪੱਛਮੀ ਮੁਲਕਾਂ ਦੀ ਧਰਤੀ ਉੱਪਰ ਵੀ ਨਿਵਾਸ ਕਰ ਰਿਹਾ ਹੈ।
         ਸੰਸਾਰੀਕਰਨ ਦੇ ਅਜੋਕੇ ਦੌਰ ਵਿੱਚ ਪੰਜਾਬੀ ਸੱਭਿਆਚਾਰ ਜਿਸ ਕਿਸਮ ਦੀ ਵਿਕਾਸ-ਪ੍ਰਕਿਰਿਆ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਦੇ ਨਕਸ਼ਾਂ ਦੀ ਸਪਸ਼ਟ ਸ਼ਨਾਖ਼ਤ ਕਰਨੀ ਅਤੀ ਜ਼ਰੂਰੀ ਹੈ।ਇਸ ਸੰਬੰਧੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬੀ ਸੱਭਿਆਚਾਰ ਦਾ ਅਜੋਕਾ ਸਰੂਪ ਆਪਣੇ ਮੱਧਕਾਲੀਨ ਭਾਵ-ਬੋਧ ਤੇ aਦਾਰ ਸਰੂਪ ਨਾਲੋਂ ਭਿੰਨ ਅਜੋਕੇ ਪੂੰਜੀਵਾਦੀ ਖਪਤ ਸਰੂਪ ਵਾਲਾ ਬਣ ਗਿਆ ਹੈ।ਜ਼ਰਾਇਤ ਆਪਣੀ ਮੱਧਕਾਲੀਨ ਭੂਪਵਾਦੀ ਸੰਸਥਾ ਵਾਲੇ ਸੁਭਾਅ ਤੋਂ ਮੁਕਤ ਹੋ ਕੇ ਪੂੰਜੀਵਾਦੀ ਸੁਭਾਅ ਵਾਲੀ ਬਣ ਗਈ ਹੈ।ਇਸ ਨਾਲ ਪੰਜਾਬੀ ਸਮਾਜ ਵਿੱਚ ਜਮਾਤੀ ਪਾੜਾ ਹੋਰ ਵੀ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।ਪੰਜਾਬੀ ਸੱਭਿਆਚਾਰ ਤੇ ਇਸ ਦੇ ਸੰਸਥਾਵੀ ਸਰੂਪ ਵਿੱਚ ਪ੍ਰਤਿਮਾਨਕ,ਬੌਧਾਤਮਿਕ ਤੇ ਪਦਾਰਥਕ ਕਿਸਮ ਦੀਆਂ ਆਧਾਰਮੂਲਕ/ਉਸਾਰਮੂਲਕ ਤਬਦੀਲੀਆਂ ਆਈਆਂ ਹਨ।ਆਜ਼ਾਦੀ ਉਪਰੰਤ ਇਹ ਵਿਕਾਸ ਪ੍ਰਕਿਰਿਆ ਹੋਰ ਵਧੇਰੇ ਤੇਜ ਹੋਈ ਹੈ।ਵਿਸ਼ਵ ਪੱਧਰ ਤੇ ਬਣੀਆਂ ਨਵੀਂਆਂ ਆਰਥਿਕ ਨੀਤੀਆਂ ਨੇ ਬਲਦੀ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਹੈ।ਮੰਡੀ ਦੇ ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਦਾ ਹਰ ਇੱਕ ਅੰਗ ਮੰਡੀ ਦੀ ਵਸਤ ਬਣ ਗਿਆ ਹੈ।ਇਹ ਪੂੰਜੀਵਾਦੀ ਮੰਡੀ ਤਹਿ ਕਰਦੀ ਹੈ ਕਿ ਕਿਹੜਾ ਹਿੱਸਾ ਕਿਵੇਂ ਤੇ ਕਿਸਨੂੰ ਵੇਚਣਾ ਹੈ।ਮੁਨਾਫਾ ਆਧਾਰਤ ਸਾਂਸਕ੍ਰਿਤਕ ਚੇਤਨਾ ਨੇ ਮਨੁੱਖ ਤੇ ਮਨੁੱਖੀ ਸਮਾਜ ਨੂੰ ਮੰਡੀ ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਅੱਜ ਸਮੁੱਚੀਆਂ ਗਿਆਨਮੂਲਕ ਸੰਸਥਾਵਾਂ ਤੇ ਸੰਚਾਰ ਸਾਧਨਾਂ ਦਾ ਸਰੂਪ ਪੂੰਜੀਵਾਦੀ ਸੁਭਾਅ ਵਾਲਾ ਬਣ ਗਿਆ ਹੈ।ਪੰਜਾਬੀ ਸਮਾਜ ਤੇ ਇਸ ਦੇ ਸੱਭਿਆਚਾਰਕ ਵਰਤਾਰੇ ਨੂੰ ਗਤੀਮਾਨ ਕਰਨ ਵਿੱਚ ਮੀਡੀਆ ਨੇ ਆਪਣੀ ਪ੍ਰਭਾਵਸ਼ਾਲੀ ਤੇ ਫੈਸਲਾਕੁਨ ਭੂਮਿਕਾ ਨਿਭਾਈ ਹੈ।ਮਨੁੱਖ ਦਾ ਅੱਜ ਸਭ ਤੋਂ ਪਹਿਲਾ ਵਾਹ ਅਜੋਕੀ ਸੰਚਾਰ ਤਕਨਾਲੋਜੀ ਨਾਲ ਪੈ ਰਿਹਾ ਹੈ ।ਇਸ ਦਾ ਇੱਕ ਵੱਡਾ ਹਿੱਸਾ ਇਲੈਕਟ੍ਰਾਨਿਕ ਮੀਡੀਆ ਹੈ।ਇਸ ਇਲੈਕਟ੍ਰਾਨਿਕ ਮੀਡੀਏ ਵਿੱਚ ਸ਼ਾਮਲ ਵੱਖ-ਵੱਖ ਕਿਸਮ ਦੇ ਟੀ.ਵੀ.ਚੈਨਲਾਂ ਤੇ ਇੰਟਰਨੈੱਟ ਨੇ ਮਨੁੱਖੀ ਮਾਨਸਿਕਤਾ ਉੱਪਰ ਆਪਣਾ ਚੌਤਰਫ਼ਾ ਹੱਲਾ ਬੋਲਿਆ ਹੋਇਆ ਹੈ।ਪੂਰਾ ਮੀਡੀਆ ਵਪਾਰਕ ਤੇ ਕਾਰਪੋਰੇਟ ਘਰਾਣਿਆਂ ਦੀ ਜਕੜ ਵਿੱਚ ਹੈ।ਅਪਣੀ ਮੁਨਾਫਾ-ਮਨੋਰਥ ਸਿੱਧੀ ਲਈ ਪੂਰਾ ਮੀਡੀਆ ਪੱਬਾਂ-ਭਾਰ ਹੈ।ਮਨੋਰੰਜਨ ਦਾ ਮੁਕੰਮਲ ਬੰਦੋਬਸਤ ਇਹਨਾਂ ਘਰਾਣਿਆਂ ਕੋਲ ਮੌਜੂਦ ਹੈ।ਮਨੋਰੰਜਨ ਦੀ ਵੀ ਆਪਣੀ ਵਿਸ਼ੇਸ਼ ਵਿਚਾਰਧਾਰਾ ਹੁੰਦੀ ਹੈ।ਮਨੋਰੰਜਨ ਕੌਣ ਕਰ ਰਿਹਾ ਹੈ ਤੇ ਕਿਸ ਦਾ ਕਰ ਰਿਹਾ ਹੈ ਇਹ ਇੱਕ ਤਹਿਸ਼ੁਦਾ ਪ੍ਰੋਗਰਾਮ ਹੈ।ਅੱਜ ਇਹਨਾਂ ਚੈਨਲਾਂ ਰਾਹੀਂ ਮਨੋਰੰਜਨ ਦੇ ਨਾਂ ਤੇ ਜੋ ਕੁੱਝ ਪਰੋਸਿਆ ਜਾ ਰਿਹਾ ਹੈ ਉਸ ਦਾ ਲੋਕਾਈ ਦੇ ਦੁੱਖਾਂ ਨਾਲ ਕਿਤੇ ਦੂਰ ਦਾ ਵੀ ਰਿਸ਼ਤਾ ਨਜ਼ਰ ਨਹੀਂ ਆਉਂਦਾ।ਜਾਤੀ ਤੇ ਜਮਾਤੀ ਤੌਰ ਤੇ ਸ਼ੋਸ਼ਿਤ ਵਰਗ ਦੇ ਜੀਵਨ ਦਾ ਇੱਕ ਕਿਣਕਾ ਵੀ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਨਹੀਂ ਬਣ ਸਕਿਆ।ਪੰਜਾਬ ਦੀਆਂ ਖਾਸ ਤੌਰ ਤੇ ਦਲਿਤ ਪੇਂਡੂ ਸੁਆਣੀਆਂ ਕਿਸ ਕਿਸਮ ਦਾ ਬਦਤਰ ਜੀਵਨ ਜਿਉਂ ਰਹੀਆਂ ਹਨ ਉਹਨਾਂ ਦੇ ਨਕਸ਼ ਕਿਤੇ ਵੀ ਨਜ਼ਰੀਂ ਨਹੀਂ ਪੈਂਦੇ।ਪੰਜਾਬ ਵਿੱਚ ਮਿਹਨਤਕਸ਼ ਲੋਕਾਂ ਦੀ ਬਾਦਸਤੂਰ ਹੋ ਰਹੀ ਲੁੱਟ ਸੰਬੰਧੀ ਸਭ ਚੈਨਲਾਂ ਨੇ ਚੁੱਪ ਧਾਰ ਰੱਖੀ ਹੈ।ਧਰਮ ਦੇ ਨਾਂ ਤੇ ਜੋ ਪ੍ਰਵਚਨਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਉਸ ਰਾਹੀਂ ਮਨੁੱਖ ਦੀ ਚੌਤਰਫੀ ਲੁੱਟ ਹੋਰ ਸੁਖਾਲੀ ਹੋ ਗਈ ਹੈ।ਬਾਬੇ,ਵੈਦ,ਨੀਮ-ਹਕੀਮ ,ਯੋਗੀ,ਜੰਗਮ ਤੇ ਨਜ਼ੂਮੀਆਂ ਦਾ ਚੰਗਾ ਕਾਰੋਬਾਰ ਵਧ ਫੁੱਲ ਰਿਹਾ ਹੈ।ਹਰ ਰੋਜ਼ ਉਹਨਾਂ ਦੁਆਰਾ ਕਰੋੜਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।ਆਸਥਾ ਦੇ ਨਾਂ ਤੇ ਲੋਕਾਂ ਦੀ ਅੰਨ੍ਹੀ ਤੇ ਬੇਕਿਰਕ ਲੁੱਟ ਦਾ ਸਿਲਸਿਲਾ ਜਾਰੀ ਹੈ।ਇਸ ਸਮੁੱਚੇ ਲੋਕਵਿਰੋਧੀ ਪੈਂਤੜੇ ਨੁੰ 'ਸਭ ਹੱਛਾ' ਤੇ 'ਸਭ ਪਰਵਾਨ' ਕਹਿ ਕੇ ਸਵੀਕਾਰ ਕੀਤਾ ਜਾ ਰਿਹਾ ਹੈ।ਪੰਜਾਬੀ ਮਾਨਸਿਕਤਾ ਅੱਜ ਗਹਿਰੇ ਸਦਮੇ ਵਿੱਚ ਹੈ।ਉਸ ਕੋਲ ਆਪਣੀਆਂ ਸਮੱਸਿਆਵਾਂ ਦੀ ਹੱਲਮੂਲਕ ਚੇਤਨਾ ਨਜ਼ਰ ਨਹੀਂ ਆ ਰਹੀ ਜਦੋਂਕਿ ਇਸ ਪੂੰਜੀਵਾਦੀ ਵਿਵਸਥਾ ਕੋਲ ਇੱਕ ਪੂਰਾ ਲੋਟੂ ਨੈਟਵਰਕ ਤੇ ਤਹਿਸ਼ੁਦਾ ਪ੍ਰੋਗਰਾਮ ਹੈ।ਇਸ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਪੰਜਾਬੀਆਂ ਨੂੰ ਉਹਨਾਂ ਦੇ ਸੰਸੇ-ਫਿਕਰਾਂ ਨਾਲੋਂ ਤੋੜ ਕੇ ਸੀਰੀਅਲਾਂ ਦੇ ਕਾਲਪਨਿਕ ਤੇ ਮਸਨੂਈ ਬਿਰਤਾਂਤ ਵਿੱਚ ਉਲਝਾਅ ਦਿੱਤਾ ਗਿਆ ਹੈ।ਘਰੇਲੂ ਗ੍ਰਹਿਣੀਆਂ ਲਈ ਅਜਿਹੇ ਸੀਰੀਅਲ ਪੇਸ਼ ਕੀਤੇ ਜਾ ਰਹੇ ਹਨ ਜਿੰੰਨਾ ਵਿਚਲੇ ਜੀਵਨ ਦਾ ਉਹਨਾਂ ਦੇ ਜੀਵਨ ਨਾਲ ਇੱਕ ਰੱਤੀ ਦਾ ਮੇਲ ਨਹੀਂ ਹੈ।ਇਹਨਾਂ ਸੀਰੀਅਲਾਂ ਵਿੱਚ ਮੱਧਵਰਗ ਹੁਣ ਉੱਕਾ ਗਾਇਬ ਹੈ ਜਦੋਂਕਿ ਦਲਿਤ/ਮਜ਼ਦੂਰ ਵਰਗ ਤਾਂ ਪਹਿਲਾਂ ਹੀ ਸ਼ਾਮਲ ਨਹੀਂ ਸੀ।ਇਹਨਾਂ ਸੀਰੀਅਲਾਂ ਵਿੱਚ ਹੁਣ ਈਲੀਟ ਜਮਾਤ ਦੀ ਤੂਤੀ ਬੋਲਦੀ ਹੈ।ਇਸ ਈਲੀਟ ਜਮਾਤ ਦੇ ਘਰੇਲੂ ਮਸਲਿਆਂ ਕਹਾਣੀ ਨੂੰ ਅੰਜ਼ਾਮ ਦੇਣਾ ਇਹਨਾਂ ਸੀਰੀਅਲਾਂ ਦਾ ਇੱਕਨੁਕਾਤੀ ਪ੍ਰੋਗਰਾਮ ਹੈ।ਇਸ ਈਲੀਟ ਜਮਾਤ ਦੇ ਚੱਜਾਂ-ਕੁਚੱਜਾਂ ਦਾ ਪ੍ਰਤੱਖ ਅਸਰ ਸਾਡੇ ਪੂਰੇ ਸਮਾਜ ਉੱਪਰ(ਖ਼ਾਸ ਕਰਕੇ ਨੌਜਵਾਨ ਵਰਗ) ਉੱਪਰ ਵੀ ਪੈ ਰਿਹਾ ਹੈ।ਅਜੋਕਾ ਨੌਜਵਾਨ ਵਰਗ,ਜਿਸ ਨੂੰ ਅੱਜ ਸਿਹਤਮੰਦ ਗਿਆਨ,ਵਿਵੇਕ ਤੇ ਰੁਜ਼ਗਾਰ ਦੀ ਲੋੜ ਹੈ ਉਸਨੂੰ ਇਹਨਾਂ ਮਸਨੂਈ ਕਿਸਮ ਦੇ ਫਿਕਰਾਂ ਵਿੱਚ ਡੁਬੋ ਦਿੱਤਾ ਗਿਆ ਹੈ।ਸਕੂਲੀ ਬੱਚੇ-ਬੱਚੀਆਂ ਤੇ ਇਸ ਦਾ ਪ੍ਰਭਾਵ ਬਹੁਤ ਤਿੱਖਾ ਤੇ ਤੇਜ ਹੈ।ਅੱਜ ਬਹੁਤੇ ਬੱਚੇ-ਬੱਚੀਆਂ ਸਕੂਲ ਦਾ ਆ ਕੇ ਕਿਸੇ ਪਾਠ-ਪੁਸਤਕ ਦੇ ਸਬਕ ਦੀ ਬਜਾਇ ਸੀਰੀਅਲ ਦੀ ਗੱਲ ਕਰਨੀ ਵਧੇਰੇ ਮੁਨਾਸਿਬ ਸਮਝਦੇ ਹਨ।ਇਸ ਦਾ ਕਾਰਨ ਸਿੱਖਿਆ ਸੰਸਥਾਵਾਂ ਦੀ ਗੈਰ-ਜ਼ਿੰਮੇਵਾਰਾਨਾ ਤਬੀਅਤ ਨਹੀਂ ਸਗੋਂ  ਇਹ ਪੂੰਜੀਵਾਦੀ ਮੀਡੀਆ ਹੈ।ਉੱਤਰ-ਆਧੁਨਿਕਤਾ ਦੇ ਇਸ ਵਿਖੰਡਨੀ ਦੌਰ ਵਿੱਚ ਮੰਡੀ ਨੇ ਇਹਨਾਂ ਸੰਚਾਰ ਸਾਧਨਾਂ ਨੂੰ ਹਰ ਘਰ ਦੇ ਬੂਹਿਓਂ ਅੰਦਰ ਕਰ ਦਿੱਤਾ ਹੈ।ਮਨੁੱਖ ਦੇ ਫਿਕਰਾਂ-ਸੰਸਿਆਂ ਦਾ ਕੋਈ ਉਪਚਾਰ ਇਸ ਕੋਲ ਮੌਜੂਦ ਨਹੀਂ।ਸਾਰੇ ਦਾ ਸਾਰਾ ਨਿੱਜੀ ਇਲੈਕਟ੍ਰਾਨਿਕ ਮੀਡੀਆ ਪੂੰਜੀਪਤੀਆਂ ਦੇ ਹੱਥ ਦੀ ਕਠਪੁਤਲੀ ਹੈ।ਇਸ ਖਪਤ ਸੱਭਿਆਚਾਰ ਦੇ ਦੌਰ ਵਿੱਚ ਮਨੁੱਖ ਦੀ ਮਨੋ-ਬਿਰਤੀ ਨੂੰ ਖਪਤਵਾਦੀ ਬਣਾਇਆ ਜਾ ਰਿਹਾ ਹੈ।ਵਿਸ਼ੇਸ਼ ਬਰਾਂਡ ਅੰਬੈਸਡਰਾਂ ਰਾਹੀਂ ਲੋਕਾਂ ਨੂੰ ਬਰਾਂਡਡ ਵਸਤੂਆਂ ਦੀ ਜੋਕ ਚੰਮੇੜ ਦਿੱਤੀ ਗਈ ਹੈ।ਇਸ ਦਾ ਸਭ ਤੋਂ ਵੱਧ ਅਸਰ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਨੇ ਕਬੂਲਿਆ ਹੈ।ਇਹਨਾਂ ਬਰਾਂਡਡ ਵਸਤੂਆਂ ਦੀ ਵਿਕਰੀ ਰਾਹੀਂ ਸਾਡੀ ਪੂੰਜੀ ਦਾ ਇੱਕ ਵੱਡਾ ਹਿੱਸਾ ਇਹ ਕੰਪਨੀਆਂ ਲੁੱਟ ਰਹੀਆਂ ਹਨ।ਪੰਜਾਬੀਆਂ ਦੇ ਲੋਕਧਾਰਾਈ ਅਵਚੇਤਨ ਨੂੰ ਸਮਝਦਿਆਂ ਇਹਨਾਂ ਨੇ ਅਜਿਹੇ ਯੰਤਰਾਂ ਦਾ ਨਿਰਮਾਣ ਕਰ ਲਿਆ ਜਿਹੜੇ ਹੁਣ ਉਹਨਾਂ ਨੂੰ ਨਜ਼ਰ ਲੱਗਣ ਤੋਂ ਰੱਖਿਆ ਕਰਨਗੇ ਤੇ ਧਨ ਸ਼ਕਤੀ ਵਿੱਚ ਵਾਧਾ ਕਰਨਗੇ।ਛੋਟੇ ਕੱਦ ਵਾਲਿਆਂ ਨੂੰ ਰਾਤੋ-ਰਾਤ ਵੱਡਾ ਕਰਨ,ਬੁੱਢੇ ਤੋਂ ਜਵਾਨ ਹੋਣ ਤੇ ਕਾਲਿਆਂ ਨੂੰ ਗੋਰੇ ਕਰਨ ਦਾ ਹਰ ਕਿਸਮ ਦਾ ਲੋਟੂ ਫਾਰਮੂਲਾ ਇਹਨਾਂ ਚੈਨਲਾਂ ਕੋਲ ਮੌਜੂਦ ਹੈ।ਸਾਡੇ ਪੰਜਾਬੀ ਅੱਜ ਇਸ ਲੋਟੂ ਤੇ ਲੁਭਾaਣੇ ਨੈਟਵਰਕ ਵਿੱਚ ਇਸ ਕਦਰ ਉਲਝ ਚੁੱਕੇ ਹਨ ਕਿ ਉਹਨਾਂ ਕੋਲ ਆਪਣੀਆਂ ਸਮੱਸਿਆ ਦਾ ਇੱਕ ਮਾਤਰ ਹੱਲ ਇਹ ਪ੍ਰਚਾਰਤ ਵਸਤਾਂ ਦੀ ਖਰੀਦੋ-ਫਰੋਖਤ ਹੀ ਰਹਿ ਗਈ ਹੈ।ਇਸ ਮੀਡੀਆ ਦਾ ਅਸਰ ਨਵੀਂ ਬਾਲ ਪਨੀਰੀ ਉੱਪਰ ਬਹੁਤ ਹੀ ਉੱਗਰ ਤਰੀਕੇ ਨਾਲ ਪੈ ਰਿਹਾ ਹੈ।ਕਾਰਟੂਨ ਸੀਰੀਅਲਾਂ ਤੇ ਮਾਰ-ਧਾੜ ਵਾਲੀਆਂ ਫਿਲਮਾਂ ਦੇਖ ਕੇ ਬੱਚੇ ਜਿਸ ਕਿਸਮ ਦੇ ਵਿਵਹਾਰ ਦੇ ਮਾਲਕ ਬਣ ਰਹੇ ਹਨ ਉਹਨਾਂ ਨਾਲ ਇਹਨਾਂ ਬੱਚਿਆਂ ਦਾ ਸੁਭਾਅ ਵਧੇਰੇ ਹਿੰਸਕ,ਹੋਛਾ ਤੇ ਖਰੂਦੀ ਬਣਦਾ ਜਾ ਰਿਹਾ ਹੈ।ਬੱਚੇ ਅੱਜ ਪੂਰੀ ਤਰ੍ਹਾਂ ਨੈਤਿਕ ਸਿੱਖਿਆ ਤੇ ਗਿਆਨ ਤੋਂ ਮੁਕਤ ਕਰ ਦਿੱਤੇ ਗਏ ਹਨ।ਬੇਸਮਝ ਮਾਪੇ ਅਕਸਰ ਬੱਚੇ ਦੇ ਇਸ ਵਤੀਰੇ ਦਾ ਸ਼ਿਕਾਇਤੀ ਨਜ਼ਲਾ ਅਧਿਆਪਕ ਉੱਪਰ ਝਾੜਦੇ ਹਨ ਜਦੋਂਕਿ ਅਸਲ ਸਮੱਸਿਆ ਉਹਨਾਂ ਦੇ ਵੀ ਸਮਝ ਨਹੀਂ ਪੈਂਦੀ।ਸਾਡੇ ਬੱਚਿਆਂ ਦੇ ਹੱਥਾਂ ਵਿੱਚ ਅੱਜ ਉਸਾਰੂ ਬਾਲ-ਸਾਹਿਤ ਦੀ ਥਾਂ ਅੱਜ ਕਾਰਟੂਨ ਤੇ ਕੌਮਿਕ ਸੀਰੀਅਲ ਹਨ।ਉਹਨਾਂ ਦੇ ਮਨਾਂ ਵਿੱਚ ਸਾਡੇ ਕੌਮੀ ਨਾਇਕਾਂ ਦੀ ਬਜਾਇ ਸੁਪਰਮੈਨ ਦੇ ਕਰੈਕਟਰ ਨੇ ਆਪਣੀ ਥਾਂ ਸੁਰੱਖਿਅਤ ਕਰ ਲਈ ਹੈ।ਬੱਚਿਆਂ ਉੱਪਰ ਇਹਨਾਂ ਸੀਰੀਅਲਾਂ ਦਾ ਇੰਨਾ ਵਿਆਪਕ ਅਸਰ ਹੈ ਕਿ ਪਿਛਲੇ ਸਮੇਂ ਸ਼ਕਤੀਮਾਨ ਦੀ ਨਕਲ ਕਰਦੇ ਬਹੁਤੇ ਬੱਚਿਆਂ ਨੇ ਆਪਣੇ ਅੰਗ-ਪੈਰ ਤੱਕ ਤੁੜਵਾ ਲਏ।ਮੀਡੀਆ ਦਾ ਇਹ ਅਸਰ ਅੱਜ ਸਮੁੱਚੇ ਵਰਗ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ।ਸਮਾਜਿਕ ਤੇ ਆਰਥਿਕ  ਪੱਧਰ ਤੇ ਨਰਕ ਦੀ ਜ਼ਿੰਦਗੀ ਭੋਗ ਰਹੇ ਲੋਕਾਂ ਦੀ ਕਿਸੇ ਤਕਲੀਫ਼ ਤੇ ਦੁੱਖ-ਦਰਦ ਦੀ ਬਿਆਨੀ ਕਿਸੇ ਵੀ ਟੀ.ਵੀ. ਸੀਰੀਅਲ,ਫ਼ਿਲਮ ਜਾਂ ਫ਼ਿਰ ਬ੍ਰੇਕਿੰਗ ਨਿਊਜ਼ ਦਾ ਹਿੱਸਾ ਨਹੀਂ ਬਣਦੀ।ਇਸ ਖਪਤਵਾਦੀ ਦੌਰ ਵਿੱਚ ਮਿਊਜ਼ਿਕ ਮੰਡੀ ਦੀ ਪੂਰੀ ਚਾਂਦੀ ਹੈ।ਬੇਤੁਕੇ,ਬੇਹੂਦਾ,ਬੇਹਯਾ ਤੇ ਬੇਮਕਸਦ ਮਿਊਜ਼ਿਕ ਦੀ ਲੋਰ ਵਿੱਚ ਕੀ ਛੋਟਾ ਕੀ ਵੱਡਾ ਸਭ ਨੂੰ ਮਸਤੀ ਦੇ ਰੰਗ ਵਿੱਚ ਬੰਨ੍ਹਿਆ ਜਾ ਰਿਹਾ ਹੈ।ਇਸ ਮਿਊਜ਼ਿਕ ਮੰਡੀ ਨੇ ਨਾਰੀ ਦੇ ਜਿਸਮ ਨੂੰ ਇੱਕ ਜਿਣਸ ਦੇ ਰੂਪ ਵਿੱਚ ਉਭਾਰਿਆ ਹੈ।ਗ਼ਰੀਬ ਤੇ ਮਜ਼ਬੂਰ ਘਰਾਂ ਦੀਆਂ ਅੱਲ੍ਹੜ ਕੁੜੀਆਂ ਦੇ ਅੰਗਿਕ ਹੁਲਾਰਿਆਂ ਨੂੰ ਮੰਡੀ ਦਾ ਮਾਲ ਬਣਾ ਕੇ ਵੇਚਿਆ ਜਾ ਰਿਹਾ ਹੈ।ਪੰਜਾਬ ਵਿੱਚ ਆਰਕੈਸਟਰਾ ਦੀ ਆੜ ਹੇਠ ਪੰਜਾਬ ਅਤੇ ਹੋਰਨਾਂ ਗੁਆਂਢੀ ਸੂਬਿਆਂ ਤੋਂ ਇਹਨਾਂ ਅੱਲੜ੍ਹ ਤੇ ਮਜ਼ਬੂਰ ਕੁੜੀਆਂ ਦੀ ਖਰੀਦੋ-ਫਰੋਖਤ ਕਰਕੇ ਜੋ ਕੰਮ ਕਰਵਾਏ ਜਾਂਦੇ ਹਨ ਉਹਨਾਂ ਤੋਂ ਪੰਜਾਬ ਦੇ ਲੋਕ ਭਲੀ ਪ੍ਰਕਾਰ ਵਾਕਫ ਹਨ।ਟੀ.ਵੀ. ਚੈਨਲਾਂ ਤੇ ਜੋ ਮਿਊਜਿਕ ਦੀ ਲੋਰ ਵਿੱਚ ਬੇਮਕਸਦ ਲਲਕਾਰੇ ਮਾਰਦੀ ਤੇ ਬਾਘੀਆਂ ਪਾਉਂਦੀ ਜਵਾਨੀ ਦੇ ਜਲਵੇ ਬਿਖੇਰੇ ਜਾ ਰਹੇ ਹਨ ਉਹਨਾਂ ਦਾ ਜ਼ਮੀਨੀ ਹਕੀਕਤ ਨਾਲ ਦੂਰ ਵੀ ਵਾਸਤਾ ਨਹੀਂ।ਅੰਕੜੇ ਦਸਦੇ ਹਨ ਕਿ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਨਸ਼ੇ ਕਰਨ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ।ਨਸ਼ਿਆਂ ਦਾ ਪੂਰਾ ਕਾਰੋਬਾਰ ਪ੍ਰਫੂੱਲਤ ਕੀਤਾ ਜਾ ਰਿਹਾ ਹੈ।ਇਸ ਨੂੰ ਹੋਰ ਹਵਾ ਦੇਣ ਵਿੱਚ ਸਾਡੇ ਗਾਇਕਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ।ਪੰਜਾਬ ਦੇ ਲੋਕਾਂ ਉੱਪਰ ਪਿਛਲੇ ਸਮੇਂ ਤੋਂ ਇਸ ਖਪਤ ਸੱਭਿਆਚਾਰ ਨੇ ਆਪਣਾ ਹੱਲਾ ਇਸ ਕਦਰ ਤੇਜ ਕਰ ਦਿੱਤਾ ਹੈ ਕਿ ਪੰਜਾਬੀ ਸੁਭਾਅ ਵਿੱਚੋਂ ਸਹਿਣਸ਼ੀਲਤਾ,ਸਹਿਜਤਾ ਤੇ ਸੰਜਮਤਾ ਕਿਧਰੇ ਉੱਡ-ਪੁੱਡ ਗਈ ਹੈ।ਇਸ ਦੀ ਥਾਂ ਨਿੱਜਵਾਦੀ ਤੇ ਸਵੈ-ਕੇਂਦਰਿਤ ਬਿਰਤੀ ਦਾ ਰੰਗ ਹੋਰ ਗੂੜ੍ਹਾ ਹੋ ਗਿਆ ਹੈ।ਇਸ ਦਾ ਸਭ ਤੋਂ ਵਧੇਰੇ ਅਸਰ ਸਾਡੇ ਪਰਿਵਾਰਕ ਰਿਸ਼ਤਿਆਂ ਉੱਪਰ ਪਿਆ ਹੈ।ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ।ਖੋਹ-ਖਿੰਝ ਤੇ ਕਤਲੋ-ਗਾਰਤ ਦੀਆਂ ਘਟਨਾਵਾਂ ਆਮ ਗੱਲ ਹੋ ਗਈ ਹੈ।ਰਿਸ਼ਤਿਆਂ ਵਿੱਚ ਤਿੜਕਾਅ ਤੇ ਤਲਾਕਾਂ ਦੀ ਦਰ ਕਿਤੇ ਵਧ ਗਈ ਹੈ।ਅਜਿਹੀਆਂ ਘਟਨਾਵਾਂ ਨੂੰ ਇਹ ਨਿਊਜ਼ ਚੈਨਲ ਕਿਵੇਂ ਤਲਿਸਮੀ ਰੰਗ ਵਿੱਚ ਰੰਗ ਕੇ ਜਿਸ ਸਨਸਨੀ ਤਰੀਕੇ ਨਾਲ ਪੇਸ਼ ਕਰਦੇ ਹਨ ਇਸ ਦਾ ਨਜ਼ਾਰਾ ਕਿਸੇ ਵੀ ਨਿਊਜ਼ ਚੈਨਲ ਦੀ ਸਵਿੱਚ ਆਨ ਕਰਕੇ ਦੇਖਿਆ ਜਾ ਸਕਦਾ ਹੈ।ਮੀਡੀਆ ਜਿਸ ਤਰੀਕੇ ਨਾਲ ਨਸ਼ਿਆ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਦਾ ਹੈ ਉਸ ਦਾ ਗਹਿਰਾ ਅਸਰ ਸਾਡੀ ਨੰੌਜਵਾਨ ਪੀੜ੍ਹੀ ਉੱਪਰ ਬਹੁਤ ਹੀ ਗਹਿਰਾ ਹੈ।ਵਿਗੜੇ ਘਰਾਂ ਦੇ ਤਿਗੜੇ ਅਮੀਰਜਾਦਿਆਂ ਦੀਆਂ ਨਸ਼ੀਲੀਆਂ ਹਰਕਤਾਂ ਸਾਡੇ ਨੌਜਵਾਨਾਂ ਨੂੰ ਕੋਈ ਚੰਗਾ ਸੁਨੇਹਾ ਨਹੀਂ ਦਿੰਦੀਆਂ।ਟੀ.ਵੀ.ਚੈਨਲਾਂ ਉੱਪਰ ਅਜਿਹੇ ਸੀਰੀਅਲ ਦਿਖਾਏ ਜਾ ਰਹੇ ਹਨ ਕਿ ਲੜਕੇ ਲੜਕੀਆਂ ਨੂੰ ਕਿਵੇਂ ਪ੍ਰਭਾਵਿਤ ਕਰਨ ਭਾਵ ਉਹਨਾਂ ਨੂੰ ਕਿਵੇਂ ਪਟਾਇਆ ਜਾਵੇ।ਸਾਡੇ ਸਮਾਜ ਵਿੱਚ ਇਸ ਨੌਜਵਾਨ ਪੀੜ੍ਹੀ ਨੂੰ ਅਜਿਹੀਆਂ ਦਕੀਆਨੂਸੀ ਤਰਜੀਹਾਂ ਨਿਰਸੰਦੇਹ ਖੂਹ-ਖਾਤੇ ਵਿੱਚ ਧੱਕਾ ਦੇਣ ਵਾਲੀਆਂ ਹੀ ਹਨ।ਕਿਸੇ ਸਿਹਤਮੰਦ ਵਿਚਾਰ ਦਾ ਕਿਤੇ ਕਿਣਕਾ ਵੀ ਨਜ਼ਰ ਨਹੀਂ ਆਉਂਦਾ।ਅੱਜ ਸਭ ਤੋਂ ਭਿਅੰਕਰ ਤੇ ਤਰਸਯੋਗ ਹਾਲਤ ਸਾਡੀ ਦਲਿਤ ਤੇ ਮਜ਼ਦੂਰ ਜਮਾਤ ਦੀ ਹੈ।ਪੰਜਾਬ ਦਾ ਨੌਜਵਾਨ ਅੱਜ ਬੇਰੁਜ਼ਗਾਰੀ ਦੇ ਆਲਮ ਵਿੱਚ ਹੈ।ਦੇਸ਼ ਵਿੱਚ ਭ੍ਰਿਸ਼ਟਾਚਾਰ ਨੇ ਆਪਣੇ ਸਭ ਪਿਛਲੇ ਰਿਕਾਰਡ ਤੋੜ ਦਿੱਤੇ ਹਨ।ਲਗਾਤਾਰ ਵਧਦੀ ਮਹਿੰਗਾਈ ਨੇ ਲੋਕਾਂ ਨੂੰ ਰੋਟੀ ਤੋਂ ਆਤੁਰ ਕਰ ਦਿਤਾ ਹੈ ।ਲੋਕ ਕਪੋਸ਼ਣ ਦਾ ਸ਼ਿਕਾਰ ਹਨ।ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੁਣ ਉਹਨਾਂ ਦੇ ਵੱਸ ਦਾ ਰੋਗ ਨਹੀਂ ਰਿਹਾ।ਸਾਡੇ ਬਹੁ ਗਿਣਤੀ ਲੋਕ ਅੱਜ ਸਿਹਤ-ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱੱੱੱਖਣੇ ਕੀਤੇ ਜਾ ਰਹੇ ਹਨ।ਲੋਕਾਂ ਕੋਲ ਆਪਣੇ ਮਸਲਿਆਂ ਦੇ ਹੱਲ ਦਾ ਵੀ ਕੋਈ ਵਿਕਲਪ ਮੌਜੂਦ ਨਹੀਂ ਹੈ।ਮੀਡੀਆ ਤੇ ਮੰਡੀ ਦੀ ਜੁਗਲਬੰਦੀ ਨੇ ਆਮ ਲੋਕਾਈ ਨੂੰ ਬੌਂਦਲਾਅ ਦਿੱਤਾ ਹੈ।ਇਸ ਦਾ ਇੱਕ ਮਾਤਰ ਹੱਲ ਅੱਜ ਸਮੂਹ ਪੰਜਾਬੀਆਂ ਦੀ ਵਿਚਾਰਧਾਰਕ ਪਕਿਆਈ ਉੱਪਰ ਹੀ ਨਿਰਭਰ ਕਰਦਾ ਹੈ।ਇੱਕ ਪੂਰੀ ਦੀ ਪੁਰੀ ਲਾਮਬੰਦੀ ਤੇ ਲੋਕ ਵਿਕਲਪਕ ਮੀਡੀਆ ਮੁਹਿੰਮ ਦਾ ਆਗਾਜ਼ ਕਰਨ ਦੀ ਫੌਰੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੇ ਮੌਜੂਦਾ ਸੱਭਿਆਚਾਰਕ ਸਰੂਪ ਤੇ ਸੰਕਟ ਤੋਂ ਮੁਕਤੀ ਹਾਸਲ ਕਰਕੇ ਇੱਕ ਲੋਕਪੱਖੀ ਸੱਭਿਅਚਾਰ ਦੀ ਉਸਾਰੀ ਕੀਤੀ ਜਾ ਸਕੇ।

                                                         ਅਮਰਿੰਦਰ ਸਿੰਘ
                                                                ਪੰਜਾਬੀ ਲੈਕਚਰਾਰ
                                                         ਪਿੰਡ ਤੇ ਡਾਕ:ਭਾਈ ਰੂਪਾ
                                                         ਜ਼ਿਲ੍ਹਾ:ਬਠਿੰਡਾ
                                                         ਮੋਬਾਇਲ:9463004858
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template