Headlines News :
Home » » ਆਉ ਪਾਣੀ ਦੀ ਸਾਂਭ ਸੰਭਾਲ ਤੇ ਬੂੰਦ-ਬੂੰਦ ਬਚਾਉਣ ਦਾ ਅਹਿਦ ਕਰੀਏ - ਧਰਮਿੰਦਰ ਸਿੰਘ ਵੜ੍ਹੈਚ

ਆਉ ਪਾਣੀ ਦੀ ਸਾਂਭ ਸੰਭਾਲ ਤੇ ਬੂੰਦ-ਬੂੰਦ ਬਚਾਉਣ ਦਾ ਅਹਿਦ ਕਰੀਏ - ਧਰਮਿੰਦਰ ਸਿੰਘ ਵੜ੍ਹੈਚ

Written By Unknown on Sunday 17 March 2013 | 00:52


ਬੇਸ਼ੱਕ ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਹੈ, ਪਰ ਇਸ ਦਾ 95% ਪਾਣੀ ਵਰਤੋਂ ਯੋਗ ਨਹੀ ਹੈ।ਸਾਡੇ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ, ਸਰੀਰ ਦੇ ਅੱਸੀ ਫੀਸਦੀ ਭਾਗ ਵਿੱਚ ਪਾਣੀ ਹੈ। ਅਸੀ ਕਿਸੇ ਖਾਧ ਪਦਾਰਥਾਂ ਤੋ ਬਗੈਰ ਤਾਂ ਕੁਝ ਦਿਨ ਜਿੰਦਾ ਰਹਿ ਸਕਦੇ ਹਾਂ, ਪਰ ਪਾਣੀ ਤੋਂ ਬਗੈਰ ਜੀਵਤ ਰਹਿਣਾ ਮੁਸ਼ਿਕਲ ਹੀ ਨਹੀ ,ਨਾ ਮੁਮਕਿਨ ਹੈ। ਗੁਰਬਾਣੀ ਵਿੱਚ ਵੀ ਲਿੱਖਿਆਂ ਹੈ ਕਿ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।। ਮਨੁੱਖ, ਬਨਸਪਤੀ, ਜੀਵ-ਜੰਤੂ, ਪਸ਼ੂ-ਪੰਛੀ ਆਦਿ ਲਈ ਪਾਣੀ ਦੀ ਬਹੁਤ ਅਹਿਮੀਅਤ ਹੈ।ਪਾਣੀ ਖੁੂਨ ਨੂੰ ਸਾਫ, ਭੋਜਨ ਨੂੰ ਪਚਾਉਣ ਵਿੱਚ ਮਦਦ ਅਤੇ ਵਾਧੂ ਪਦਾਰਥਾਂ ਨੂੰ ਸਰੀਰ ਵਿੱਚੋਂ ਵੱਖ-ਵੱਖ ਰੂਪਾਂ ਵਿੱਚ (ਪਸੀਨਾ-ਪੇਸ਼ਾਬ) ਆਦਿ ਰਾਹੀ ਬਾਹਰ ਕੱਢਦਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਵਿਗਿਆਨਿਕ ਤਰੀਕਿਆਂ ਨਾਲ ਪਾਣੀ ਦੀ ਵਰਤੋਂ ਕਰਕੇ ਕਈ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਹੈ। ਇਸ ਹਿੱਸੇ ਦਾ 95 ਫੀਸਦੀ ਪਾਣੀ ਲੂਣਾਂ ਹੈ, ਸਮੁੰਦਰੀ ਹੈ ਜੋ ਵਰਤੋਂ ਯੋਗ ਨਹੀ ਹੈ।ਬਾਕੀ ਬਚੇ ਤਿੰਨ ਫੀਸਦੀ ਪਾਣੀ ਦੇ ਵੱਖ-ਵੱਖ ਸ੍ਰੋਤ ਹਨ ਜਿਵੇਂ ਝੀਲਾਂ, ਦਰਿਆ, ਬਰਫਾਨੀ ਇਲਾਕੇ ਅਤੇ ਧਰਤੀ ਦੇ ਹੇਠਾਂ ਹੈ। ਕੁਝ ਫੀਸਦੀ ਖਾਧ ਪਦਾਰਥਾਂ ਦੇ ਰੂਪ ਵਿੱਚ ਵੀ ਪਾਣੀ ਸਾਡੇ ਸਰੀਰ ਵਿੱਚ ਪਹੁੰਚਦਾ ਹੈ। ਜਿਵੇਂ ਫਲ ਅਤੇ ਸਬਜੀਆਂ ਆਦਿ ਹਨ।ਇੰਨ੍ਹਾਂ ਵਿੱਚ 75 ਫੀਸਦੀ ਪਾਣੀ ਹੁੰਦਾ ਹੈ। ਇਹ ਬਚਿਆ ਤਿੰਨ ਫੀਸਦੀ ਪਾਣੀ ਮਨੁੱਖੀ ਜਿੰਦਗੀ ਲਈ ਬਹੁਤ ਥੋੜ੍ਹਾ ਹੈ।ਜਿਸਦੀ ਅਸੀ ਅੰਨੇਵਾਹ ਵਰਤੋਂ ਕਰਕੇ ਤਬਾਹੀ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੇ ਹਾਂ।ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਦੇਸ਼ ਪਾਣੀ ਲਈ ਜੰਗਾਂ ਵੀ ਕਰ ਸਕਦੇ ਹਨ।
21 ਮਾਰਚ ਦਾ ਦਿਨ ਅਸੀ ' ਵਿਸ਼ਵ ਪਾਣੀ ਦਿਵਸ' ਦੇ ਨਾਂ ਨਾਲ ਮਨਾਉਦੇ ਹਾਂ। ਇਸ ਦਿਨ ਅਸੀ ਪੂਰੇ ਵਿਸ਼ਵ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਪਾਣੀ ਦੀ ਦੁਰਗਤੀ ਅਤੇ ਬੇਹੁਰਮਤੀ ਹੋ ਰਹੀ ਹੈ, ਆਉਣ ਵਾਲੇ ਕੁਝ ਕੁ ਸਾਲਾਂ ਵਿੱਚ ਹੀ ਸਾਨੂੰ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਵਰਤਣ ਯੋਗ ਤਿੰਨ ਫੀਸਦੀ ਪਾਣੀ ਵੀ ਅਸੀ ਪੂਰੇ ਜ਼ੋਰ-ਸ਼ੋਰ ਨਾਲ ਤਬਾਹ ਕਰ ਰਹੇ ਹਾਂ। ਤਿੰਨ ਫੀਸਦੀ ਪਾਣੀ ਵਿੱਚੋਂ70 ਫੀਸਦੀ ਪਾਣੀ ਖੇਤੀ ਲਈ, 8 ਫੀਸਦੀ ਪਾਣੀ ਘਰੇਲੂ ਵਰਤੋਂ ਲਈ ਅਤੇ 22 ਫੀਸਦੀ ਪਾਣੀ ਦੀ ਵਰਤੋਂ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ।ਜੇ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਤਾਂ ਦਰਿਆਵਾਂ, ਝੀਲਾਂ, ਨਹਿਰਾਂ ਨੂੰ ਅਸੀ ਪੂੁਰੇ ਸ਼ਹਿਰਾਂ ਅਤੇ ਕਸਬਿਆਂ ਦੀ ਗੰਦਗੀ ਪਾ ਕੇ ਰੱਜ ਕੇ ਦੂਸ਼ਿਤ ਕਰ ਦਿੱਤਾ ਹੈ। ਮੁਨਾਫੇਖੋਰਾਂ ਨੇ ਲਾਲਚ ਵੱਸ ਇਸ ਵਿੱਚ ਜ਼ਹਿਰਾਂ ਘੋਲ ਦਿੱਤੀਆਂ ਹਨ। ਜਿਸ ਪੰਜਾਬ ਦੇ ਪਾਣੀ ਨੂੰ ਅੰਮ੍ਰਿਤ ਕਿਹਾ ਜਾਦਾ ਸੀ ਅੱਜ ਜ਼ਹਿਰ ਬਣ ਗਿਆ ਹੈ। ਲੋਕ ਪੀ ਕੇ ਕੈਂਸਰ ਤੇ ਕਈ ਹੋਰ ਨਾਮੁਰਾਦ ਬੀਮਾਰੀਆਂ ਨਾਲ ਮਰ ਰਹੇ ਹਨ। ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋਣੋ ਨਹੀ ਬੱਚ ਸਕਿਆਂ।ਕਾਰਖਾਨੇਦਾਰਾਂ ਅਤੇ ਉਦਯੋਗਿਕ ਵਰਗ ਨੇ ਲਾਲਚ ਵੱਸ ਹੋ ਕੇ ਸਿਰਫ ਪੈਸਿਆਂ ਦੀ ਖਾਤਰ ਆਪਣੀਆਂ ਫੈਕਟਰੀਆਂ ਅੰਦਰ ਡੂੰਘੇ-ਡੂੰਘੇ ਬੋਰ ਕਰਵਾ ਕੇ ਜ਼ਹਿਰੀਲਾ ਪਾਣੀ ਬੋਰਾਂ ਰਾਹੀ ਧਰਤੀ ਹੇਠਾਂ ਭੇਜ ਰਹੇ ਹਨ।
ਸਾਡੇ ਦੇਸ਼ ਵਿੱਚ ਖੇਤੀ ਲਈ ਸਭ ਤੋਂ ਵੱਧ ਪਾਣੀ ਵਰਤਿਆ ਜਾਂਦਾ ਹੈ, ਖਾਸ ਕਰ ਝੋਨੇ ਦੀ ਫਸਲ ਲਈ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ। ਜਿਸ ਨਾਲ ਪਾਣੀ ਦਾ ਪੱਧਰ ਹਰ ਸਾਲ ਘਟਣਾ ਸ਼ੁਰੂ ਹੋਇਆਂ ਸੀ ਤੇ ਜਦੋਂ ਦਾ ਸਰਕਾਰ ਨੇ 10 ਜੂਨ ਤੋਂ ਬਾਅਦ ਝੋਨਾਂ ਲਾਉਣ ਦੀ ਗਲ ਕਹੀ ਹੈ ਉਦੋ ਤੋਂ ਪਾਣੀ ਦਾ ਪੱਧਰ ਹਰ ਸਾਲ ਘਟਣਾ ਘੱਟ ਹੋਇਆ ਹੈ। ਕਿਸਾਨ ਵੀਰ ਸੋਚ ਬਦਲਣ ਤੇ ਨਦੀਨਨਾਸ਼ਕ ਦਵਾਈਆਂ ਤੋਂ ਕਿਨਾਰਾ ਕਰਨ, ਇਹ ਜ਼ਹਿਰ ਦਾ ਜਦੋ ਫਸਲਾਂ ਤੇ ਛਿੜਕਾਅ ਕੀਤਾ ਜਾਂਦਾ ਹੈ ਤਾਂ ਇਹ ਦੁਸ਼ਮਣ ਕੀੜਿਆਂ ਦੇ ਨਾਲ-ਨਾਲ ਮਿੱਤਰ ਕੀੜਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲੈਂਦਾ ਹੈ ਤੇ ਇਹਨਾਂ ਵਿੱਚੋਂ ਵੀ ਛਿੜਕਾਅ ਕੀਤੀਆਂ ਜ਼ਹਿਰਾਂ ਦਾ ਅਸਰ ਕੀੜਿਆਂ ਤੇ ਇੱਕ ਪ੍ਰਤੀਸ਼ਤ ਪੈਂਦਾ ਹੈ ਤੇ ਬਾਕੀ 99 ਪ੍ਰਤੀਸ਼ਤ ਫਸਲਾਂ ਤੇ ਪੈਦਾ ਹੈ ਜੋ ਧਰਤੀ ਜਾਂ ਧਰਤੀ ਹੇਠਲੇ ਪਾਣੀ ਵਿੱਚ ਜਜਬ ਹੋ ਜਾਂਦਾ ਹੈ ਤੇ ਹਵਾ ਵਿੱਚ ਵੀ ਫੈਲ ਜਾਂਦਾ ਹੈ ਤੇ ਹਵਾ ਰਾਹੀ ਇਹ ਸਾਡੇ ਅੰਦਰ ਚਲਾ ਜਾਂਦਾ ਹੈ।ਇਸ ਨਾਲ ਵੀ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਬੜੀ ਤੇਜੀ ਨਾਲ ਆਪਣੇ ਪੈਰ ਪਸਾਰ ਰਹੀ ਹੈ।ਇਸ ਵਿਸ਼ੇ ਤੇ ਸੋਚਣ ਦੀ ਬੇਹੱਦ ਜਰੂਰਤ ਹੈ।ਕਿਸਾਨਾਂ ਨੂੰ ਕਿਸਾਨ ਮੇਲਿਆਂ, ਯੁਨੀਵਰਸਿਟੀਆ ਰਾਹੀ, ਮੀਡੀਆ ਰਾਹੀ 'ਪਾਣੀ ਦੀ ਬੱਚਤ' ਦੇ ਫਾਰਮੂਲੇ ਦੱਸਣੇ ਚਾਹੀਦੇ ਹਨ। ਟੈਸੀਉਮੀਟਰ ਰਾਹੀ ਖੇਤਾਂ ਦੀ ਸਿੰਚਾਈ ਹੋਣੀ ਚਾਹੀਦੀ ਹੈ ।ਖੇਤਾਂ ਵਿੱਚ ਪੱਕੇ ਖਾਲ ਜਾਂ ਪਾਈਪਾਂ ਦੀ ਹੀ ਵਰਤੋਂ ਹੋਣੀ ਚਾਹੀਦੀ ਹੈ।
ਹਰੇਕ ਇੰਨਸਾਨ ਨੂੰ ਹੀ ਪਾਣੀ ਬਚਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਅਸੀ ਘਰ ਵਿੱਚ ਕਈ ਤਰੀਕਿਆਂ ਨਾਲ ਪਾਣੀ ਦੀ ਬੱਚਤ ਕਰ ਸਕਦੇ ਹਾਂ, ਹਰੇਕ ਮਰਦ, ਔਰਤ, ਬੱਚਾ, ਬੁੱਢਾ ਘਰਾਂ ਵਿੱਚ ਸਵੇਰੇ  ਤੋਂ ਲੈ ਕੇ, ਨਹਾਉਣ, ਗੱਡੀਆਂ ਧੋਣ, ਕੱਪੜੇ ਧੋਣ, ਵਿਹੜੇ ਧੋਣ, ਭਾਂਡੇ ਧੋਣ ਤੇ ਮਸ਼ੀਨਰੀ ਧੋਣ ਤੇ ਹਜ਼ਾਰਾਂ ਲੀਟਰ ਪਾਣੀ ਬਰਬਾਦ ਕਰ ਦਿੰਦੇ ਹਾਂ, ਜੋ ਕਿ ਵੱਖ-ਵੱਖ ਤਰੀਕਿਆਂ ਨਾਲ ਬਚਾਇਆਂ ਜਾ ਸਕਦਾ ਹੈ।ਜਿਵੇਂ ਪਾਣੀ ਸਿਰਫ ਤੇ ਸਿਰਫ ਲੋੜ ਵੇਲੇ ਹੀ ਚਲਾਇਆ ਜਾਵੇ ਨਾ ਕਿ ਟੂਟੀ ਫੁੱਲ ਛੱਡ ਕੇ ਪਾਣੀ ਦੀ ਅੰਨ੍ਹੇਵਾਹ ਦੁਰਗਤੀ ਹੋਣ ਦੇਣੀ ਚਾਹੀਦੀ ਹੈ।ਘਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਭਰਨ ਵੇਲੇ ਕੋਲ ਖੜ੍ਹ ਕੇ ਭਰਨੀਆਂ ਚਾਹੀਦੀਆਂ ਹਨ ਕਿ ਟੈਂਕੀ ਭਰਨ ਤੇ ਮੋਟਰ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਸਰਕਾਰੀ ਟੂਟੀਆਂ ਸਿਰਫ ਲੋੜ ਵੇਲੇ ਹੀ ਚਲਾਉ। ਸੈਂਸਰ ਟੈਪ ਦਾ ਵੱਧ ਤੋਂ ਵੱਧ ਉਪਯੋਗ ਕਰੋ। ਕੱਪੜੇ ਧੋਣ ਵਾਲੇ ਪਾਣੀ ਨਾਲ ਗੱਡੀਆਂ(ਕਾਰ ਜਾਂ ਮੋਟਰਸਾਈਕਲ) ਘਰ ਦੇ ਬਗੀਚੇ ਵਿੱਚ ਧੋਣੀਆਂ ਚਾਹੀਦੀਆਂ ਹਨ ਤਾਂ ਜੋ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਸਕਣ। ਗੱਡੀ ਵੀ ਧੋਤੀ ਜਾਏ ਤੇ ਬਗੀਚੇ ਨੂੰ ਵੀ ਪਾਣੀ ਦੀ ਪੂਰਤੀ ਹੋ ਸਕੇ।ਇਸ ਪਾਣੀ ਨਾਲ ਘਰ ਦੇ ਵਿਹੜੇ ਆਦਿ ਨੂੰ ਵੀ ਧੋਤਾ ਜਾ ਸਕਦਾ ਹੈ।  ਉਦਯੋਗਿਕ ਵਰਗ ਨੂੰ ਵੀ ਮੁਨਾਫੇ ਦੇ ਲਾਲਚ ਨੂੰ ਤਿਆਗ ਕੇ ਇਸ ਕੁਦਰਤੀ ਅਣਮੁੱਲੀ ਦਾਤ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਡੂੰਘੇ ਬੋਰਾਂ ਦੀ ਜਗ੍ਹਾਂ ਟਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਨੂੰ ਸਾਫ ਕਰਕੇ ਬਾਰ-ਬਾਰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਜਿਸ ਨਾਲ ਅਸੀ ਕਈ ਹਜ਼ਾਰਾਂ-ਲੱਖਾਂ ਲੀਟਰ ਪਾਣੀ ਦੀ ਬੱਚਤ ਕਰ ਸਕਦੇ ਹਾਂ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਇਸ ਮੁੱਦੇ ਤੇ ਸਖਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅਣਮੁੱਲੀ ਦਾਤ ਦਾ ਸ਼ੁੱਧ ਤੇ ਸਵੱਛ ਤੋਹਫਾ ਦਿੱਤਾ ਜਾ ਸਕੇ।ਬੋਤਲਾਂ ਵਿੱਚ ਪੈਕ ਮਹਿੰਗੇ ਭਾਅ ਦਾ ਪਾਣੀ ਨਾ ਖ੍ਰੀਦਣਾ ਪਵੇ। 
ਧਰਮਿੰਦਰ ਸਿੰਘ ਵੜ੍ਹੈਚ(ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨਤਾਰਨ ਰੋਡ, ਅੰਮ੍ਰਿਤਸਰ-143022.
ਮੋਬਾ:97817-51690
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template